ਸਿੱਖ ਬੁੱਧੀਜੀਵੀਆਂ ‘ਤੇ ਅਧਾਰਿਤ ਕੌਮਾਂਤਰੀ ਪੱਧਰ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਸਲਾਹਕਾਰ ਕਮੇਟੀ ਗੰਠਿਤ ਹੋਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 06 ਨਵੰਬਰ ( ) “ਅੱਜ ਜਦੋਂ ਖਾਲਸਾ ਪੰਥ ਨਾਲ ਇੰਡੀਅਨ ਮੁਤੱਸਵੀ ਹੁਕਮਰਾਨ ਨਫਰਤ ਭਰੀ ਮੰਦਭਾਵਨਾ ਅਧੀਨ ਨਿਰਦੋਸ਼ਾਂ ਦੀ ‘ਟਾਰਗੇਟ ਕੀਲਿੰਗ’ ਕਰ ਰਹੇ ਹਨ, ਹਰ ਖੇਤਰ ਵਿਚ ਬੇਇਨਸਾਫੀਆਂ ਤੇ ਵਿਤਕਰੇ ਕਰਦੇ ਆ ਰਹੇ ਹਨ । ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਉਤੇ ਬਦਨਾਮ ਕਰਨ ਲਈ ਸਾਜਿਸਾਂ ਰਚਦੇ ਹੋਏ ਸਿੱਖ ਕੌਮ ਵਿਚ ਭਰਾਮਾਰੂ ਜੰਗ ਕਰਵਾਉਣ ਲਈ ਅਮਲ ਕਰਦੇ ਨਜਰ ਆ ਰਹੇ ਹਨ । ਸਾਡੀਆ ਸਿੱਖੀ ਮਹਾਨ ਸੰਸਥਾਵਾਂ ਦੇ ਵੱਡੇ ਮਾਣ ਸਨਮਾਨ ਅਤੇ ਹਰਮਨ ਪਿਆਰਤਾ ਨੂੰ ਜਾਣਬੁੱਝ ਕੇ ਠੇਸ ਪਹੁੰਚਾਉਣ ਹਿੱਤ ਹਕੂਮਤੀ ਗੁੰਦਾ ਗੁੰਦੀਆ ਜਾ ਰਹੀਆ ਹਨ । ਹਿੰਦੂ-ਸਿੱਖਾਂ, ਹਿੰਦੂ-ਮੁਸਲਮਾਨਾਂ ਵਿਚ ਕੌਮੀਅਤ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਤੇ ਹਕੂਮਤੀ ਸਵਾਰਥਾਂ ਦੀ ਪੂਰਤੀ ਕਰਨ ਦੀ ਤਾਕ ਵਿਚ ਹਨ । ਤਾਂ ਇਸ ਸੰਜ਼ੀਦਾ ਸਮੇ ਵਿਚ ਜਿਥੇ ਮੀਰੀ ਪੀਰੀ ਦੇ ਮਹਾਨ ਸਿਧਾਂਤ ਦੀ ਅਗਵਾਈ ਕਰਨ ਵਾਲੇ ਸਿੱਖ ਕੌਮ ਦੇ ਸਰਬਉੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਪੁਰਾਤਨ ਸਿੱਖੀ ਮਿਸਲਾਂ ਦੀ ਤਰ੍ਹਾਂ ਸਮੂਹਿਕ ਇਕੱਠ ਕਰਨ, ਨੁਮਾਇੰਦਾ ਇਕੱਠ ਕਰਕੇ ਔਖੇ ਸਮੇ ਵਿਚ ਸਿੱਖ ਕੌਮ ਦੀ ਸਮੂਹਿਕ ਰਾਏ ਪੈਦਾ ਕਰਕੇ ਸਰਬਸੰਮਤੀ ਨਾਲ ਫੈਸਲੇ ਕਰਨ ਦੇ ਮਿਸਨ ਨੂੰ ਲੈਕੇ ਕੌਮਾਂਤਰੀ ਪੱਧਰ ਦੇ ਕੌਮ ਦਾ ਡੂੰਘਾਂ ਦਰਦ ਤੇ ਦੂਰ ਅੰਦੇਸੀ ਰੱਖਣ ਵਾਲੇ ਬੁੱਧੀਜੀਵੀਆਂ ਅਤੇ ਪੰਥ ਦਰਦੀਆਂ ਦੇ ਬਿਨ੍ਹਾਂ ਤੇ 101 ਜਾਂ 151 ਮੈਬਰੀ ਸ੍ਰੀ ਅਕਾਲ ਤਖਤ ਸਾਹਿਬ ਸਲਾਹਕਾਰ ਕਮੇਟੀ ਕਾਇਮ ਕਰਨ ਲਈ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਪੰਥਦਰਦੀਆਂ ਨੂੰ ਸਮੂਹਿਕ ਤੌਰ ਤੇ ਇਸ ਦਿਸ਼ਾ ਵੱਲ ਅਮਲੀ ਰੂਪ ਵਿਚ ਹੰਭਲਾ ਮਾਰਨਾ ਪਵੇਗਾ । ਜਿਸ ਨਾਲ ਸਿੱਖ ਕੌਮ ਨੂੰ ਦਰਪੇਸ ਆ ਰਹੀਆ ਮੁਸਕਿਲਾਂ, ਮਸਲਿਆ, ਵਿਵਾਦਾਂ ਦਾ ਇਸ ਕਮੇਟੀ ਦੀ ਸਮੂਹਿਕ ਰਾਏ ਰਾਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਗਲੇ ਕੌਮ ਪੱਖੀ ਫੈਸਲੇ ਕਰਨ ਦੇ ਸਮਰੱਥ ਹੋ ਸਕਣਗੇ, ਉਥੇ ਮੀਰੀ ਪੀਰੀ ਦੇ ਪੱਖ ਦੀ ਕੌਮਾਂਤਰੀ ਪੱਧਰ ਤੇ ਮਹਾਨਤਾ ਤੇ ਮਹੱਤਵ ਵਿਚ ਵੀ ਢੇਰ ਸਾਰਾ ਵਾਧਾ ਹੋਵੇਗਾ ਅਤੇ ਕੌਮ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਹੋ ਸਕੇਗੀ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖਾਲਸਾ ਪੰਥ ਵਿਚ ਅਜੋਕੇ ਸਮੇ ਵਿਚ ਪੈਦਾ ਹੋਈ ਚਿੰਤਾਜਨਕ ਸਥਿਤੀ ਅਤੇ ਭੰਬਲਭੂਸਿਆ ਦੀ ਸਥਿਤੀ ਵਿਚੋ ਕੌਮ ਨੂੰ ਕੱਢਣ ਹਿੱਤ ਤੇ ਦਰਪੇਸ ਆ ਰਹੇ ਮਸਲਿਆ ਦਾ ਸਮੂਹਿਕ ਢੰਗ ਨਾਲ ਹੱਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਅਜੋਕੇ ਸਮੇ ਵਿਚ ਸਮੁੱਚੇ ਖ਼ਾਲਸਾ ਪੰਥ ਦਾ ‘ਸਰਬੱਤ ਖਾਲਸਾ’ ਬੁਲਾਕੇ ਬਾਹਰਲੇ ਮੁਲਕਾਂ ਤੇ ਇਥੋ ਦੇ ਸਿੱਖਾਂ ਨੂੰ ਐਨੀ ਵੱਡੀ ਗਿਣਤੀ ਵਿਚ ਇਕੱਠਾ ਕਰਨਾ ਅਸੰਭਵ ਹੈ, ਤਾਂ ਜੋ ਇਹ ਖਾਲਸਾ ਪੰਥ ਦੀ ਮੀਰੀ ਪੀਰੀ ਦੀ ਸੋਚ, ਨਿਯਮਾਂ, ਅਸੂਲਾਂ ਦੀ ਭਰਪੂਰ ਜਾਣਕਾਰੀ ਰੱਖਣ ਵਾਲੇ ਕੌਮਾਂਤਰੀ ਪੱਧਰ ਦੇ ਬੁੱਧੀਜੀਵੀਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਸਲਾਹਕਾਰ ਕਮੇਟੀ ਗੰਠਿਤ ਕਰ ਦਿੱਤੀ ਜਾਵੇ ਤਾਂ ਉਹ ਕੌਮਾਂਤਰੀ ਪੱਧਰ ਦੇ ਨੁਮਾਇੰਦਾ ਸਿੱਖਾਂ ਦਾ ਇਕ ਇਕੱਠ ਸਰਬੱਤ ਖਾਲਸਾ ਦੀ ਸੋਚ ਨੂੰ ਵੀ ਮਜਬੂਤੀ ਨਾਲ ਉਜਾਗਰ ਕਰਨ ਅਤੇ ਸਮੂਹਿਕ ਤੌਰ ਤੇ ਸਰਬਸੰਮਤੀ ਨਾਲ ਹੋਣ ਵਾਲੇ ਕੌਮੀ ਫੈਸਲਿਆ ਨੂੰ ਲਾਗੂ ਕਰਨ ਵਿਚ ਵੱਡਾ ਸਹਾਈ ਸਾਬਤ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਜਦੋ ਵੀ ਗੰਭੀਰ ਮਸਲਿਆ ਅਤੇ ਮੁੱਦਿਆ ਉਤੇ ਸਿੱਖ ਕੌਮ ਸਾਹਮਣੇ ਕੋਈ ਪ੍ਰਸ਼ਨ ਆਵੇ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਉਪਰੋਕਤ ਨੁਮਾਇੰਦਾ ਸਲਾਹਕਾਰ ਕਮੇਟੀ ਉਨ੍ਹਾਂ ਮਸਲਿਆ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸਨੀ ਵਿਚ ਸਲਾਹ ਮਸਵਰਾਂ ਤੇ ਵਿਚਾਰਾਂ ਕਰਦੀ ਹੋਈ ਆਪਣੀ ਰਾਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੰਦੇ ਹੋਏ ਫੈਸਲਾਕੁੰਨ ਨਤੀਜੇ ਕੱਢਣ ਵਿਚ ਵੀ ਸਫਲ ਹੋਵੇਗੀ । ਦੂਸਰਾ ਭਾਵੇ ਐਸ.ਜੀ.ਪੀ.ਸੀ ਦੀ ਸੰਸਥਾਂ ਤੇ ਉਨ੍ਹਾਂ ਦੇ ਮੈਬਰਾਂ ਦੀ ਚੋਣ ਇੰਡੀਅਨ ਵਿਧਾਨ ਦੇ ਗੁਰਦੁਆਰਾ ਐਕਟ ਅਧੀਨ ਹੁੰਦੀ ਹੈ, ਪਰ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆਂ ਅਤੇ ਸੇਵਾਮੁਕਤੀਆਂ ਜੋ ਗੁਰਦੁਆਰਾ ਐਕਟ ਅਨੁਸਾਰ ਐਸ.ਜੀ.ਪੀ.ਸੀ ਦੀ ਅਗਜੈਕਟਿਵ ਦੇ ਅਧਿਕਾਰ ਹੇਠ ਆਉਦੀਆ ਹਨ । ਜਿਸਦੀ ਬਦੌਲਤ ਅਕਸਰ ਹੀ ਲੰਮੇ ਸਮੇ ਤੋ ਇਨ੍ਹਾਂ ਹੋਣ ਵਾਲੀਆ ਨਿਯੁਕਤੀਆ ਅਤੇ ਸੇਵਾਮੁਕਤੀਆ ਦੇ ਪ੍ਰਭਾਵ ਤੇ ਡਰ ਅਧੀਨ ਜਥੇਦਾਰ ਸਾਹਿਬਾਨ ਦੇ ਅਹਿਮ ਅਹੁਦਿਆ ਦੀ ਦੁਰਵਰਤੋ ਹੁੰਦੀ ਆ ਰਹੀ ਹੈ । ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਸਨਮਾਨ ਅਤੇ ਰੁਤਬੇ ਨੂੰ ਠੇਸ ਪਹੁੰਚਦੀ ਆ ਰਹੀ ਹੈ । ਇਸ ਸ੍ਰੀ ਅਕਾਲ ਤਖਤ ਸਾਹਿਬ ਸਲਾਹਕਾਰ ਕਮੇਟੀ ਨੂੰ ਖਾਲਸਾ ਪੰਥ ਆਪਣੇ ਕੌਮੀ ਪੱਧਰ ਤੇ ਅਜਿਹਾ ਅਧਿਕਾਰ ਤੇ ਹੱਕ ਇਖਲਾਕੀ, ਧਾਰਮਿਕ ਤੇ ਸਿਧਾਤਿਕ ਤੌਰ ਤੇ ਪ੍ਰਦਾਨ ਕਰੇ ਕਿ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆ ਤੇ ਸੇਵਾਮੁਕਤੀਆ ਦਾ ਅਧਿਕਾਰ ਬੇਸੱਕ ਕਾਨੂੰਨੀ ਤੌਰ ਤੇ ਐਸ.ਜੀ.ਪੀ.ਸੀ ਦੀ ਅਗਜੈਕਟਿਵ ਨੂੰ ਹੀ ਹੋਵੇ ਪਰ ਇਹ ਅਗਜੈਕਟਿਵ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਸਲਾਹਕਾਰ ਬੋਰਡ ਵੱਲੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਸਮੂਹਿਕ ਰਾਏ ਅਨੁਸਾਰ ਹੀ ਇਹ ਨਿਯੁਕਤੀਆ ਤੇ ਸੇਵਾਮੁਕਤੀਆ ਕਰਨ ਦਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਆਉਣ ਵਾਲੇ ਸਮੇ ਵਿਚ ਕੋਈ ਵੀ ਸਿਆਸਤਦਾਨ ਜਾਂ ਕਿਸੇ ਹੁਕਮਰਾਨ ਦੇ ਪ੍ਰਭਾਵ ਹੇਠ ਆ ਕੇ ਅਗਜੈਕਟਿਵ ਕਮੇਟੀ ਵੱਲੋ ਸਵਾਰਥੀ ਹਿੱਤਾ ਲਈ ਅਜਿਹੇ ਕੀਤੇ ਜਾਣ ਵਾਲੇ ਕੌਮ ਵਿਰੋਧੀ ਫੈਸਲਿਆ ਤੋ ਵੀ ਨਿਜਾਤ ਮਿਲ ਸਕੇਗੀ ਅਤੇ ਜਥੇਦਾਰ ਸਾਹਿਬਾਨ ਆਜਾਦਆਨਾ ਕੌਮੀ ਰਵਾਇਤਾ ਤੇ ਲੀਹਾਂ ਅਨੁਸਾਰ ਕੌਮ ਪੱਖੀ ਫੈਸਲੇ ਕਰਨ ਦੇ ਸਮਰੱਥ ਹੋ ਸਕਣਗੇ ਤੇ ਸਾਡੇ ਸਰਬਉੱਚ ਅਸਥਾਂਨ ਜਿਸ ਨੂੰ ਸਿੱਖ ਕੌਮ ਉਸ ਅਕਾਲ ਪੁਰਖ ਦੀ ਅਦਾਲਤ ਮੰਨਦੀ ਹੈ, ਉਸਦੇ ਉਸ ਵੱਡੇ ਅਧਿਆਤਮਿਕ ਰੁਤਬੇ ਨੂੰ ਕਾਇਮ ਰੱਖਣ ਵਿਚ ਜਿਥੇ ਮਦਦ ਮਿਲੇਗੀ, ਉਥੇ ਇਸ ਤਖਤ ਤੋ ਹੋਣ ਵਾਲੇ ਫੈਸਲਿਆ ਤੋ ਕਿਸੇ ਵੀ ਸਿੱਖ ਨੂੰ ਕਤਈ ਵੀ ਕਦੀ ਕਿੰਤੂ ਪ੍ਰੰਤੂ ਨਹੀ ਹੋ ਸਕੇਗਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਸਮੁੱਚੀ ਸਿੱਖ ਕੌਮ ਤੇ ਸਮੁੱਚੀ ਸਿੱਖ ਲੀਡਰਸਿਪ ਨੂੰ ਇਕੱਤਰ ਕਰਨ ਵਿਚ ਮਦਦ ਮਿਲੇਗੀ ।