ਹਿੰਦੂਤਵ ਹੁਕਮਰਾਨ ਪੰਜਾਬੀਆਂ, ਪੰਜਾਬ ਅਤੇ ਸਿੱਖ ਕੌਮ ਨੂੰ ਖਤਮ ਕਰਨ ਦੀ ਮੰਦਭਾਵਨਾ ਅਧੀਨ ਸਾਜਸੀ ਸ਼ਰਾਰਤਾਂ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 05 ਨਵੰਬਰ ( ) “ਕਿਉਂਕਿ ਸਿੱਖ ਕੌਮ ਆਪਣੇ ਮਨੁੱਖਤਾ ਪੱਖੀ ਧਰਮੀ ਇਨਸਾਨੀਅਤ ਪੱਖੀ ਕਦਰਾਂ ਕੀਮਤਾਂ ਦੀ ਬਦੌਲਤ ਕੇਵਲ ਪੰਜਾਬ, ਇੰਡੀਆ ਵਿਚ ਹੀ ਸਨਮਾਨੀ ਤੇ ਸਤਿਕਾਰੀ ਨਹੀ ਜਾਂਦੀ, ਬਲਕਿ ਇਨ੍ਹਾਂ ਇਨਸਾਨੀ ਪੱਖੀ ਗੁਣਾਂ ਦੀ ਬਦੌਲਤ ਸਮੁੱਚੇ ਸੰਸਾਰ ਦੇ ਮੁਲਕਾਂ ਦੇ ਨਿਵਾਸੀਆਂ ਤੇ ਹੁਕਮਰਾਨਾਂ ਵਿਚ ਸਤਿਕਾਰੀ ਜਾਂਦੀ ਹੈ । ਇਹੀ ਵਜਹ ਹੈ ਕਿ ਇੰਡੀਅਨ ਮੁਤੱਸਵੀ ਹੁਕਮਰਾਨ ਸਿੱਖ ਕੌਮ ਦੀ ਸੰਸਾਰ ਪੱਧਰ ਤੇ ਵੱਧਦੀ ਹਰਮਨ ਪਿਆਰਤਾ ਅਤੇ ਇਨਸਾਨੀਅਤ ਗੁਣਾਂ ਨੂੰ ਨਾ ਸਹਾਰਦੇ ਹੋਏ ਨਫਰਤੀ ਭਾਵਨਾ ਅਧੀਨ ਪੰਜਾਬੀਆਂ, ਸਿੱਖ ਕੌਮ ਅਤੇ ਪੰਜਾਬ ਸੂਬੇ ਨੂੰ ਹਰ ਖੇਤਰ ਵਿਚ ਨੁਕਸਾਨ ਪਹੁੰਚਾਕੇ ਖਤਮ ਕਰਨ ਦੀ ਮੰਦਭਾਵਨਾ ਰੱਖਦੀ ਹੈ । ਜਿਸ ਕਾਰਨ ਜਾਣਬੁੱਝ ਕੇ ਪੰਜਾਬ ਸੂਬੇ ਦੇ ਕਿਸਾਨਾਂ ਨੂੰ ਜੋ ਆਪਣੀ ਕਣਕ ਦੀ ਫਸਲ ਦੀ ਬਿਜਾਈ ਲਈ ਲੋੜੀਦੀ ਮਾਤਰਾ ਵਿਚ ਡੀ.ਏ.ਪੀ ਖਾਂਦ ਤੇ ਯੂਰੀਆ ਖਾਦ ਦੀ ਸਪਲਾਈ ਨਹੀ ਕਰ ਰਹੀ । ਇਸ ਨੂੰ ਜਾਣਬੁੱਝ ਕੇ ਰੋਕ ਕੇ ਰੱਖਿਆ ਹੋਇਆ ਹੈ । ਜੋ ਪੰਜਾਬੀਆਂ, ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਹੋਰ ਵੀ ਵੱਡਾ ਵਿਤਕਰਾ ਤੇ ਬੇਇਨਸਾਫੀ ਹੈ । ਜੋ ਬਿਲਕੁਲ ਵੀ ਬਰਦਾਸਤ ਕਰਨ ਯੋਗ ਨਹੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ-ਸ਼ਾਹ ਦੀ ਬੀਜੇਪੀ-ਆਰ.ਐਸ.ਐਸ. ਹਕੂਮਤ ਵੱਲੋ ਡੀ.ਏ.ਪੀ ਤੇ ਯੂਰੀਆ ਖਾਂਦ ਦੀ ਪੰਜਾਬ ਸੂਬੇ ਨੂੰ ਲੋੜੀਦੀ ਸਪਲਾਈ ਨਾ ਦੇਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਮੋਦੀ ਸਰਕਾਰ ਦੀ ਪੰਜਾਬ ਪ੍ਰਤੀ ਮੰਦਭਾਵਨਾ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੀ ਵੱਡੀ ਬੇਇਨਸਾਫੀ ਵਾਲੇ ਅਮਲ ਹਨ ਕਿ ਜਦੋ ਪੰਜਾਬ ਸੂਬੇ ਨੇ ਝੋਨੇ ਦੀ ਫਸਲ ਦਾ ਰਿਕਾਰਡ ਤੋੜ ਪੈਦਾ ਕੀਤੀ ਹੈ ਅਤੇ ਇਹ ਫਸਲ ਮੰਡੀਆਂ ਵਿਚ ਆ ਚੁੱਕੀ ਹੈ ਤਾਂ ਪੰਜਾਬ ਦੀ ਆਮ ਆਦਮੀ ਸਰਕਾਰ ਤੇ ਸੈਟਰ ਦੀ ਬੀਜੇਪੀ ਸਰਕਾਰ ਵੱਲੋ ਨਾ ਤਾਂ ਝੋਨੇ ਦੀ ਫਸਲ ਦੀ ਕੌਮਾਂਤਰੀ ਪੱਧਰ ਦੀਆਂ ਕੀਮਤਾਂ ਮੁਤਾਬਿਕ ਉਸਦਾ ਭੁਗਤਾਨ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਸਹੀ ਸਮੇ ਤੇ ਇਸ ਫਸਲ ਦੀ ਚੁਕਾਈ ਕੀਤੀ ਜਾ ਰਹੀ ਹੈ । ਜਿਸ ਤੋਂ ਪੰਜਾਬ ਦੇ ਕਿਸਾਨਾਂ ਪ੍ਰਤੀ ਸੈਟਰ ਤੇ ਆਮ ਆਦਮੀ ਪਾਰਟੀ ਦੀ ਨੀਤੀ ਪ੍ਰਤੱਖ ਤੌਰ ਤੇ ਜਾਹਰ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਝੋਨੇ ਦੀ ਫਸਲ ਦੀ ਬਹੁਤ ਘੱਟ ਕੀਮਤ ਦਿੱਤੀ ਜਾ ਰਹੀ ਹੈ । ਜਦੋਕਿ ਗੁਆਢੀ ਮੁਲਕ ਪਾਕਿਸਤਾਨ ਵਿਚ ਝੋਨੇ ਦੀ ਫਸਲ ਦੀ ਪ੍ਰਤੀ ਕੁਇੰਟਲ 8174 ਰੁਪਏ ਹੈ । ਉਨ੍ਹਾਂ ਕਿਹਾ ਕਿ ਸੈਟਰ ਸਰਕਾਰ ਦੀ ਇਹ ਵੱਡੀ ਮੰਦਭਾਵਨਾ ਹੀ ਹੈ ਕਿ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਜਾਣਬੁੱਝ ਕੇ ਨਹੀ ਖੋਲਿਆ ਜਾ ਰਿਹਾ ਤਾਂ ਕਿ ਪੰਜਾਬ ਦਾ ਕਿਸਾਨ ਮਜਦੂਰ ਮਾਲੀ ਤੌਰ ਤੇ ਮਜਬੂਤ ਨਾ ਹੋ ਸਕੇ । ਉਨ੍ਹਾਂ ਕਿਹਾ ਕਿ ਜੇਕਰ ਇਹ ਸਰਹੱਦਾਂ ਇਮਾਨਦਾਰੀ ਨਾਲ ਕਿਸਾਨੀ ਫਸਲਾਂ, ਸਬਜੀਆ ਅਤੇ ਛੋਟੇ ਵਪਾਰੀਆ ਦੇ ਪੈਦਾ ਕੀਤੇ ਜਾਣ ਵਾਲੇ ਉਤਪਾਦਾਂ ਦੀ ਵਿਕਰੀ ਲਈ ਖੋਲ੍ਹ ਦਿੱਤੇ ਜਾਣ ਤਾਂ ਇਸ ਨਾਲ ਕੇਵਲ ਕਿਸਾਨ ਤੇ ਮਜਦੂਰ ਵਰਗ ਹੀ ਮਾਲੀ ਤੌਰ ਤੇ ਮਜਬੂਤ ਨਹੀ ਹੋਵੇਗਾ ਬਲਕਿ ਇਸ ਨਾਲ ਟਰਾਸਪੋਰਟ ਕਿੱਤੇ ਨਾਲ ਸੰਬੰਧਤ ਹਜਾਰਾਂ ਹੀ ਟਰਾਸਪੋਰਟਰ ਅਤੇ ਲੱਖਾਂ ਦੀ ਗਿਣਤੀ ਵਿਚ ਇਨ੍ਹਾਂ ਟਰਾਸਪੋਰਟਰਾਂ ਨਾਲ ਕੰਮ ਕਰਨ ਵਾਲੀ ਲੇਬਰ ਤੇ ਹੋਰ ਕਲਰਕੀ ਸਟਾਫ ਨੂੰ ਵੱਡਾ ਰੁਜਗਾਰ ਵੀ ਮਿਲੇਗਾ ।
ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਤੇ ਵਿਤਕਰੇ ਵਾਲੀ ਕਾਰਵਾਈ ਹੈ ਕਿ ਜਿਸ ਚੀਨ ਮੁਲਕ ਨੇ 1962 ਵਿਚ ਇੰਡੀਆ ਦਾ 39000 ਸਕੇਅਰ ਵਰਗ ਕਿਲੋਮੀਟਰ ਇਲਾਕਾ ਲੰਮੇ ਸਮੇ ਤੋ ਕਬਜਾ ਕੀਤਾ ਹੋਇਆ ਹੈ, ਫਿਰ 2020 ਅਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਇਲਾਕਾ ਫਿਰ ਕਬਜਾ ਕਰ ਲਿਆ ਹੈ, ਉਸ ਨਾਲ ਤਾਂ ਇੰਡੀਆ ਹਰ ਵਸਤੂਆਂ ਤੇ ਪੈਦਾਵਾਰ ਦਾ ਖੁੱਲ੍ਹਾ ਵਪਾਰ ਕਰ ਰਿਹਾ ਹੈ । ਜਦੋਕਿ ਪੰਜਾਬ ਦੀ ਰੀੜ੍ਹ ਦੀ ਹੱਡੀ ਕਿਸਾਨੀ ਵਰਗ ਜੇ ਮਜਬੂਤ ਹੋਵੇਗਾ ਤਾਂ ਪੰਜਾਬ ਦੀ ਆਰਥਿਕਤਾ ਪ੍ਰਫੁੱਲਿਤ ਹੋਵੇਗੀ ਅਤੇ ਇਥੋ ਦਾ ਵਪਾਰੀ, ਟਰਾਸਪੋਰਟਰ, ਮਜਦੂਰ, ਦੁਕਾਨਦਾਰ ਆਦਿ ਸਭ ਮਾਲੀ ਤੌਰ ਤੇ ਤਕੜੇ ਹੋਣਗੇ । ਫਿਰ ਇਨ੍ਹਾਂ ਦੋਵਾਂ ਮੁਲਕਾਂ ਵਿਚ ਪੰਜਾਬੀ ਅਤੇ ਸਿੱਖ ਵੱਸਦੇ ਹਨ । ਇਹੀ ਵਜਹ ਹੈ ਕਿ ਹੁਕਮਰਾਨ ਦੋਵਾਂ ਪੰਜਾਬਾਂ ਦੇ ਨਿਵਾਸੀਆ ਦੇ ਜੀਵਨ ਪੱਧਰ ਨੂੰ ਬਿਹਤਰ ਨਹੀ ਬਣਨ ਦੇਣਾ ਚਾਹੁੰਦੇ ਜੋ ਕਿ ਸੌੜੀ ਮਨੁੱਖਤਾ ਵਿਰੋਧੀ ਸੋਚ ਹੈ । ਉਨ੍ਹਾਂ ਮੰਗ ਕੀਤੀ ਕਿ ਤੁਰੰਤ ਸਰਹੱਦਾਂ ਨੂੰ ਖੋਲਕੇ ਖੇਤੀ ਜਿਨਸਾ ਤੇ ਵਪਾਰੀਆ ਦੀਆਂ ਵਸਤਾਂ ਦਾ ਖੁੱਲ੍ਹਾ ਅਦਾਨ-ਪ੍ਰਦਾਨ ਕੀਤਾ ਜਾਵੇ । ਪੰਜਾਬੀ, ਪੰਜਾਬ ਸੂਬਾ ਤੇ ਸਿੱਖ ਕੌਮ ਆਪਣੇ ਸਾਧਨਾਂ ਰਾਹੀ ਪ੍ਰਫੁੱਲਿਤ ਹੋ ਸਕੇ ।