ਸ. ਗੁਰਪਤਵੰਤ ਸਿੰਘ ਪੰਨੂ ਨੂੰ ਖ਼ਾਲਿਸਤਾਨ ਸਟੇਟ ਦੀ ‘ਤਾਸੀਰ’ ਦੀ ਬਿਲਕੁਲ ਸਮਝ ਨਹੀ : ਮਾਨ
ਖ਼ਾਲਿਸਤਾਨ ਸਟੇਟ ਦੇ ਸਮੱਰਥਕ ਤੋੜ-ਫੋੜ ਵਿਚ ਬਿਲਕੁਲ ਵਿਸਵਾਸ ਨਹੀ ਰੱਖਦੇ
ਫ਼ਤਹਿਗੜ੍ਹ ਸਾਹਿਬ, 01 ਅਪ੍ਰੈਲ ( ) “ਸਿੱਖ ਫਾਰ ਜਸਟਿਸ ਦੇ ਮੁੱਖੀ ਸ. ਗੁਰਪਤਵੰਤ ਸਿੰਘ ਪੰਨੂ ਬੇਸੱਕ ਅਮਰੀਕਾ ਵਿਚ ਬੈਠਕੇ ਖ਼ਾਲਿਸਤਾਨ ਸਟੇਟ ਨੂੰ ਹੋਦ ਵਿਚ ਲਿਆਉਣ ਸੰਬੰਧੀ ਗੱਲ ਕਰ ਰਹੇ ਹਨ, ਪਰ ਉਨ੍ਹਾਂ ਨੂੰ ਖ਼ਾਲਿਸਤਾਨ ਸਟੇਟ ਦੀ ‘ਤਾਸੀਰ’ ਬਾਰੇ ਕੋਈ ਜਾਣਕਾਰੀ ਨਹੀ ਹੈ । ਕਿਉਂਕਿ ਖ਼ਾਲਿਸਤਾਨ ਸਟੇਟ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਉਸ ਸੋਚ ਤੇ ਅਧਾਰਿਤ ਹੋਵੇਗਾ ਜਿਸ ਵਿਚ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਵਰਗੇ ਸਮਾਜ ਵਿਰੋਧੀ ਵਰਤਾਰੇ ਲਈ ਕੋਈ ਥਾਂ ਨਹੀ ਹੋਵੇਗੀ । ਇਹ ਅਸਲੀਅਤ ਵਿਚ ਗੁਰੂ ਸਾਹਿਬਾਨ ਅਤੇ ਭਗਤ ਰਵੀਦਾਸ ਜੀ ਦੀ ਹਲੀਮੀ ਰਾਜ ਵਾਲੀ ਸੋਚ ਤੇ ਅਧਾਰਿਤ ਹੋਵੇਗਾ । ਜਿਸ ਨਾਲ ਕਿਸੇ ਵੀ ਧਰਮ, ਕੌਮ ਜਾਂ ਫਿਰਕੇ ਆਦਿ ਨਾਲ ਕਿਸੇ ਕਿਸਮ ਦਾ ਵਿਤਕਰਾ ਜਾਂ ਬੇਇਨਸਾਫ਼ੀ ਰਤੀਭਰ ਨਹੀ ਹੋ ਸਕੇਗੀ । ਬਰਾਬਰਤਾ ਦੀ ਸੋਚ ਤੇ ਅਧਾਰਿਤ ਇਹ ਨਿਜਾਮ ਹੋਵੇਗਾ । ਨਾ ਕਿ ਸਮਾਜ ਵਿਚ ਵੰਡੀਆ ਪਾ ਕੇ ਕਿਸੇ ਤਰ੍ਹਾਂ ਦੀ ਸ. ਪੰਨੂ ਦੀ ਤਰ੍ਹਾਂ ਨਫਰਤ ਪੈਦਾ ਕਰਨ ਦੀ ਕਿਸੇ ਨੂੰ ਇਜਾਜਤ ਨਹੀ ਹੋਵੇਗੀ । ਕਿਉਂਕਿ ਗੁਰੂ ਸਾਹਿਬਾਨ ਨੇ ਬਹੁਤ ਪਹਿਲੇ ‘ਇਨ ਗਰੀਬ ਸਿਖਨੁ ਕੋ ਦੇਊ ਪਾਤਸਾਹੀ ਅਤੇ ਨਾ ਕੋ ਵੈਰੀ ਨਾਹਿ ਬੇਗਾਨਾ ਸਗਲ ਸੰਗ ਹਮਕੋ ਬਨਿ ਆਈ’ ਦੇ ਮਹਾਵਾਕ ਅਨੁਸਾਰ ਖ਼ਾਲਸਾ ਪੰਥ ਦੀ ਵਿਸਾਲਤਾ ਭਰੀ ਮਨੁੱਖਤਾ ਪੱਖੀ ਸੋਚ ਨੂੰ ਪ੍ਰਤੱਖ ਕਰ ਦਿੱਤਾ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਫਾਰ ਜਸਟਿਸ ਦੇ ਮੁੱਖੀ ਸ. ਗੁਰਪਤਵੰਤ ਸਿੰਘ ਪੰਨੂ ਵੱਲੋ ਡਾ. ਭੀਮ ਰਾਓ ਅੰਬੇਦਕਰ ਦਾ ਫਿਲੌਰ ਵਿਖੇ ਬੁੱਤ ਦਾ ਅਪਮਾਨ ਕਰਨ ਦੀ ਜਿੰਮੇਵਾਰੀ ਲੈਕੇ ਕੀਤੀ ਗਈ ਖ਼ਾਲਸਾ ਪੰਥ ਵਿਰੋਧੀ ਕਾਰਵਾਈ ਦਾ ਸਖਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੀਆ ਕਿਸੇ ਵੀ ਕੌਮ, ਧਰਮ, ਵਿਸੇਸ ਤੌਰ ਤੇ ਰੰਘਰੇਟਿਆ ਅਤੇ ਦਲਿਤਾਂ ਜਿਨ੍ਹਾਂ ਦਾ ਬੀਤੇ ਸਮੇ ਦੇ ਇਤਿਹਾਸ ਵਿਚ ਬਹੁਤ ਵੱਡਾ ਫਖ਼ਰ ਵਾਲਾ ਯੋਗਦਾਨ ਰਿਹਾ ਹੈ ਅਤੇ ਸਿੱਖੀ ਨੂੰ ਅੱਗੇ ਵਧਾਉਣ ਵਿਚ ਭੂਮਿਕਾ ਨਿਭਾਉਦੇ ਰਹੇ ਹਨ । ਸਮੇ-ਸਮੇ ਤੇ ਸਿੱਖੀ ਨੂੰ ਕਾਇਮ ਰੱਖਣ ਲਈ ਸ਼ਹਾਦਤਾਂ ਵੀ ਦਿੰਦੇ ਰਹੇ ਹਨ ਅਤੇ ਜਿਨ੍ਹਾਂ ਨੂੰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਬਰਾਬਰਤਾ ਵਾਲਾ ਸਨਮਾਨ ਦੇ ਕੇ ਨਿਵਾਜਿਆ ਹੈ, ਉਨ੍ਹਾਂ ਪ੍ਰਤੀ ਜਾਂ ਉਨ੍ਹਾਂ ਦੇ ਆਗੂਆਂ ਪ੍ਰਤੀ ਕਿਸੇ ਤਰ੍ਹਾਂ ਦੀ ਨਫਰਤ ਪੈਦਾ ਕਰਨ ਵਾਲੀ ਕਾਰਵਾਈ ਬਰਦਾਸਤ ਕਰਨ ਯੋਗ ਨਹੀ ਹੈ ਅਤੇ ਨਾ ਹੀ ਕਿਸੇ ਨੂੰ ਅਜਿਹੇ ਖ਼ਾਲਸਾ ਪੰਥ ਵਿਰੋਧੀ ਕਾਰਵਾਈਆ ਕਰਨ ਦੀ ਇਜਾਜਤ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਮਲਿਕ ਭਾਗੋ ਦਾ ਹੰਕਾਰ ਤੋੜਕੇ ਅਤੇ ਭਾਈ ਲਾਲੋ ਵਰਗੇ ਮਿਹਨਤ ਮੁਸੱਕਤ ਕਰਨ ਵਾਲੇ ਗਰੀਬਾਂ ਦੀ ਨੇਕ ਕਮਾਈ ਨੂੰ ਸਹੀ ਕਰਾਰ ਦਿੰਦੇ ਹੋਏ ਸਪੱਸਟ ਕਰ ਦਿੱਤਾ ਸੀ ਕਿ ਖ਼ਾਲਸਾ ਪੰਥ ਅਤੇ ਸਿੱਖ ਕੌਮ ਵਿਚ ਹਊਮੈ ਗ੍ਰਸਤ ਹੋ ਕੇ ਕਿਸੇ ਵੀ ਅਮਲ ਨੂੰ ਪ੍ਰਵਾਨਗੀ ਜਾਂ ਸਹਿਮਤੀ ਨਹੀ ਦਿੱਤੀ ਜਾ ਸਕਦੀ । ਬਲਕਿ ਲਤਾੜੇ, ਮਜਲੂਮਾਂ, ਦਬਲੇ-ਕੁੱਚਲੇ ਬੇਸਹਾਰਿਆ ਤੇ ਯਤੀਮਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਕੇ ਬਰਾਬਰਤਾ ਦਾ ਅਹਿਸਾਸ ਕਰਵਾਉਣਾ ਸਾਡੇ ਕੌਮੀ ਮੁੱਢਲੇ ਫਰਜ ਹੋਣਗੇ । ਫਿਰ ਸ. ਪੰਨੂ ਨੂੰ ਅਜਿਹੀ ਗੈਰ ਸਿਧਾਤਿਕ ਅਣਮਨੁੱਖੀ ਸਿੱਖੀ ਸੋਚ ਤੇ ਵਿਰੁੱਧ ਬਿਆਨਬਾਜੀ ਕਰਕੇ ਖ਼ਾਲਸਾ ਪੰਥ ਦੇ ਉੱਚੇ-ਸੁੱਚੇ ਅਕਸ ਨੂੰ ਢਾਅ ਲਗਾਉਣ ਦੀ ਇਜਾਜਤ ਕਿਸ ਨੇ ਦਿੱਤੀ ਹੈ ? ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਅਤੇ ਖਾਲਿਸਤਾਨੀਆ ਦਾ ਮਕਸਦ ਹਰ ਤਰ੍ਹਾਂ ਦੀਆਂ ਸਮਾਜਿਕ ਕੁਰਾਇਤਾ ਦਾ ਖਾਤਮਾ ਕਰਕੇ ਅਜਿਹੇ ਸਮਾਜ ਤੇ ਸਟੇਟ ਦੀ ਸਿਰਜਣਾ ਕਰਨਾ ਹੈ ਜਿਥੇ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਰਤੀਭਰ ਵੀ ਵਿਤਕਰਾ ਨਾ ਹੋ ਸਕੇ । ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਇਨਸਾਫ ਅਤੇ ਦੋਸ਼ ਰਹਿਤ ਰਾਜ ਭਾਗ ਪ੍ਰਾਪਤ ਹੋ ਸਕੇ । ਸਾਡੇ ਇਸ ਖਾਲਿਸਤਾਨ ਸਟੇਟ ਵਿਚ ਰਹਿਣ ਵਾਲਾ ਹਰ ਵਿਅਕਤੀ ਖਾਲਿਸਤਾਨ ਦਾ ਨਿਵਾਸੀ ਹੋਣ ਤੇ ਫਖਰ ਮਹਿਸੂਸ ਕਰੇਗਾ ।
ਜੋ ਸ. ਪੰਨੂ ਨੇ ਡਾ. ਭੀਮ ਰਾਓ ਅੰਬੇਦਕਰ ਸੰਬੰਧੀ ਸੰਵਿਧਾਨ ਦਾ ਹਵਾਲਾ ਦੇ ਕੇ ਕਿਹਾ ਹੈ ਉਸ ਵਿਚ ਤਾਂ ਉਨ੍ਹਾਂ ਨੇ ਸਿੱਖਾਂ ਵਿਰੁੱਧ ਕੋਈ ਗੱਲ ਅਮਲ ਨਹੀ ਕੀਤਾ । ਬਲਕਿ ਵਿਧਾਨ ਸੰਪੂਰਨ ਹੋਣ ਉਪਰੰਤ ਗਾਂਧੀ, ਨਹਿਰੂ ਨੇ ਜੋ ਆਜਾਦੀ ਮਿਲਣ ਤੋ ਪਹਿਲੇ ਸਿੱਖ ਕੌਮ ਨਾਲ ਖੁੱਲ੍ਹੇ ਪੰਡਾਲ ਵਿਚ ਇਹ ਵਾਅਦਾ ਕੀਤਾ ਸੀ ਕਿ ਆਜਾਦੀ ਮਿਲਣ ਉਪਰੰਤ ਸਿੱਖ ਕੌਮ ਨੂੰ ਉੱਤਰੀ ਭਾਰਤ ਵਿਚ ਇਕ ਅਜਿਹਾ ਖਿੱਤਾ ਦਿੱਤਾ ਜਾਵੇਗਾ ਜਿਥੇ ਸਿੱਖ ਆਪਣੀ ਆਜਾਦੀ ਤੇ ਆਪਣੀਆ ਰਹੁਰੀਤੀਆ ਅਨੁਸਾਰ ਜੀਵਨ ਬਸਰ ਕਰ ਸਕਣਗੇ ਅਤੇ ਆਪਣਾ ਰਾਜ ਭਾਗ ਚਲਾ ਸਕਣਗੇ । ਇਸ ਤੋ ਇਹ ਹਿੰਦੂ ਆਗੂ ਹੀ ਮੁਨਕਰ ਹੋਏ ਹਨ । ਇਨ੍ਹਾਂ ਨੇ ਹੀ ਸਿੱਖ ਕੌਮ ਨਾਲ ਧੋਖਾ ਕੀਤਾ ਹੈ । ਦੂਸਰਾ ਜਿਸ ਇੰਡੀਅਨ ਵਿਧਾਨ ਦੀ ਸ. ਪੰਨੂ ਗੱਲ ਕਰ ਰਹੇ ਹਨ, ਉਸ ਵਿਧਾਨ ਦੀ ਰਚਿਤਾ ਕਮੇਟੀ ਵਿਚ ਜੋ ਸਾਡੇ 2 ਸਿੱਖ ਨੁਮਾਇੰਦੇ ਸ. ਭੁਪਿੰਦਰ ਸਿੰਘ ਮਾਨ ਤੇ ਸ. ਹੁਕਮ ਸਿੰਘ ਸਨ, ਉਨ੍ਹਾਂ ਨੇ ਤਾਂ ਇਸ ਵਿਧਾਨ ਨੂੰ ਪਹਿਲੇ ਹੀ ਦਸਤਖਤ ਨਾ ਕਰਕੇ ਰੱਦ ਕਰ ਦਿੱਤਾ ਸੀ ।
ਜੋ ਸ. ਪੰਨੂ ਨੇ ਦਿਸ਼ਾਹੀਣ ਗਲਤ ਢੰਗ ਨਾਲ ਖ਼ਾਲਿਸਤਾਨ ਸਟੇਟ ਦੀ ਛਬੀ ਨੂੰ ਪੇਸ ਕਰਕੇ ਰੰਘਰੇਟਿਆ, ਦਲਿਤ ਜੋ ਖਾਲਸਾ ਪੰਥ ਦਾ ਅਟੁੱਟ ਹਿੱਸਾ ਹਨ, ਉਨ੍ਹਾਂ ਨੂੰ ਸਮਾਜ ਵਿਚੋ ਵੱਖਰਾ ਕਰਨ ਅਤੇ ਨਫਰਤ ਪੈਦਾ ਕਰਨ ਵਾਲੀ ਸੋਚ ਦਾ ਪ੍ਰਗਟਾਵਾ ਕੀਤਾ ਹੈ । ਉਸ ਨਾਲ ਖ਼ਾਲਸਾ ਪੰਥ, ਸਿੱਖ ਕੌਮ ਅਤੇ ਖਾਲਿਸਤਾਨ ਸਟੇਟ ਦਾ ਕੋਈ ਰਤੀਭਰ ਵੀ ਸੰਬੰਧ ਨਹੀ ਹੈ ਅਤੇ ਨਾ ਹੀ ਕਿਸੇ ਨੂੰ ਖਾਲਸਾ ਪੰਥ ਤੇ ਖਾਲਿਸਤਾਨ ਸਟੇਟ ਸੰਬੰਧੀ ਇਸ ਤਰ੍ਹਾਂ ਹਿੰਦੂਤਵ ਹੁਕਮਰਾਨਾਂ ਦੀਆਂ ਸਾਜਿਸਾਂ ਨੂੰ ਪੂਰਨ ਕਰਨ ਵਾਲੀਆ ਕਾਰਵਾਈਆ ਨੂੰ ਕਰਨ ਦੀ ਇਜਾਜਤ ਦਿੱਤੀ ਜਾਵੇਗੀ । ਕਿਉਂਕਿ ਅਜਿਹੇ ਅਮਲ ਹਿੰਦੂਤਵ ਤਾਕਤਾਂ ਸਿੱਖ ਕੌਮ ਵਿਚ ਵੰਡੀਆ ਪਾ ਕੇ ਨਫਰਤ ਪੈਦਾ ਕਰਨ ਹਿੱਤ ਸਾਜਿਸਾਂ ਰਚਦੀਆ ਹਨ । ਜਿਨ੍ਹਾਂ ਤੋ ਸਮੁੱਚੇ ਖਾਲਸਾ ਪੰਥ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਉਨ੍ਹਾਂ ਦੇ ਇਸਾਰੇ ਤੇ ਕੰਮ ਕਰਨ ਵਾਲੀਆ ਤਾਕਤਾਂ ਨੂੰ ਗੁਰੂ ਸਿਧਾਤਾਂ ਅਨੁਸਾਰ ਭਾਂਜ ਦੇਣ ਦੀ ਜਿੰਮੇਵਾਰੀ ਵੀ ਨਿਭਾਉਣੀ ਪਵੇਗੀ ।