ਸ੍ਰੀ ਮੋਦੀ ਯੂਕਰੇਨ ਵਿਚ ਤਾਂ ਅਮਨ ਸ਼ਾਂਤੀ ਦੀ ਗੱਲ ਕਰ ਰਹੇ ਹਨ, ਲੇਕਿਨ ਇੰਡੀਆ ਅਤੇ ਬਾਹਰਲੇ ਮੁਲਕਾਂ ਵਿਚ ਸਿੱਖਾਂ ਨੂੰ ਸਾਜਸੀ ਢੰਗਾਂ ਰਾਹੀ ਕਤਲੇਆਮ ਕਰਵਾਕੇ ਸ਼ਾਂਤੀ ਭੰਗ ਕਿਉਂ ਕਰ ਰਹੇ ਹਨ ? ਮਾਨ
ਫ਼ਤਹਿਗੜ੍ਹ ਸਾਹਿਬ, 28 ਅਕਤੂਬਰ ( ) “ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਯੂਕਰੇਨ-ਰੂਸ ਦੀ ਚੱਲ ਰਹੀ ਜੰਗ ਦੌਰਾਨ ਤਾਂ ਅਮਨ ਚੈਨ ਨੂੰ ਕਾਇਮ ਕਰਨ ਦੀ ਗੱਲ ਕਰ ਰਹੇ ਹਨ ਜੋ ਕਿ ਚੰਗੀ ਗੱਲ ਹੈ । ਪਰ ਅਸੀ ਸ੍ਰੀ ਮੋਦੀ ਤੋ ਪੁੱਛਣਾ ਚਾਹਵਾਂਗੇ ਕਿ ਕੌਮਾਂਤਰੀ ਪੱਧਰ ਤੇ ਆਪਣੇ ਆਪ ਨੂੰ ਅਮਨ ਚੈਨ ਦਾ ਮਸੀਹਾ ਸਾਬਤ ਕਰਨ ਲਈ ਰੂਸ-ਯੂਕਰੇਨ ਦੇ ਦੌਰੇ ਕਰਕੇ ਉਥੇ ਹੋ ਰਹੇ ਮਨੁੱਖਤਾ ਦੇ ਘਾਣ ਨੂੰ ਬੰਦ ਕਰਨ ਲਈ ਅਮਲ ਕਰਦੇ ਹੋਏ ਆਪਣੇ ਆਪ ਨੂੰ ਅਮਨ ਦਾ ਮਸੀਹਾ ਅਖਵਾਉਣ ਦਾ ਪ੍ਰਚਾਰ ਕਰ ਰਹੇ ਹਨ । ਪਰ ਦੂਸਰੇ ਪਾਸੇ ਆਪਣੇ ਹੀ ਇੰਡੀਆ ਦੇ ਘੱਟ ਗਿਣਤੀ ਕੌਮ ਨਾਲ ਸੰਬੰਧਤ ਸਿੱਖ ਕੌਮ ਨੂੰ ਜੋ ਬਾਹਰਲੇ ਮੁਲਕਾਂ ਅਤੇ ਇੰਡੀਆ ਵਿਚ ਜਮਹੂਰੀਅਤ ਲੀਹਾਂ ਉਤੇ ਆਪਣੀ ਆਜਾਦੀ ਦੀ ਮੰਗ ਕਰ ਰਹੇ ਹਨ, ਉਨ੍ਹਾਂ ਨੂੰ ਸ੍ਰੀ ਮੋਦੀ ਆਪਣੀਆ ਖੂਫੀਆ ਏਜੰਸੀਆ ਆਈ.ਬੀ, ਰਾਅ, ਐਨ.ਆਈ.ਏ. ਤੇ ਹੋਰ ਏਜੰਟਾਂ ਰਾਹੀ ਸਾਜਸੀ ਢੰਗਾਂ ਰਾਹੀ ਸਿੱਖ ਕੌਮ ਦਾ ਖੂਨ ਵਹਾਅ ਰਹੇ ਹਨ । ਕੀ ਉਹ ਘੱਟ ਗਿਣਤੀ ਸਿੱਖ ਕੌਮ ਨਾਲ ਅਜਿਹਾ ਅਮਲ ਕਰਕੇ ਇੰਡੀਆਂ ਵਿਚ ਕਿਹੜੇ ਅਮਨ ਚੈਨ ਨੂੰ ਕਾਇਮ ਕਰਨ ਦੀ ਗੱਲ ਕਰ ਰਹੇ ਹਨ ? ਇਸ ਗੱਲ ਤੇ ਐਨਾ ਕਿਹਾ ਜਾ ਸਕਦਾ ਹੈ ਕਿ ਜਾਬਰ ਮੋਦੀ ਹਕੂਮਤ ਦੇ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹਨ ਅਤੇ ਖਾਂਣ ਵਾਲੇ ਹੋਰ ਹਨ । ਇਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਮੋਦੀ ਹਕੂਮਤ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਕਰਨ ਦੇ ਹੱਕ ਵਿਚ ਨਹੀ ਬਲਕਿ ਨਾਜੀ ਜਰਮਨਾਂ ਦੀ ਤਰ੍ਹਾਂ ਸਿੱਖਾਂ ਦੇ ਖੂਨ ਨਾਲ ਹੋਲੀ ਖੇਡਣ ਉਤੇ ਦੁੱਖਦਾਇਕ ਅਮਲ ਕਰਦੀ ਨਜਰ ਆ ਰਹੀ ਹੈ । ਜੋ ਕਿ ਮੋਦੀ ਹਕੂਮਤ ਦਾ ਨਿੰਦਣਯੋਗ ਕਰੂਪ ਚੇਹਰੇ ਦੀ ਅਸੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਇੰਡੀਆ ਦੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਦੇ ਦੋਹਰੇ ਚੇਹਰੇ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਮੋਦੀ ਹਕੂਮਤ ਨੂੰ ਸਿੱਖ ਕੌਮ ਦੇ ਕੀਤੇ ਜਾ ਰਹੇ ਕਤਲੇਆਮ ਦਾ ਪ੍ਰਤੱਖ ਰੂਪ ਵਿਚ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਜਰਮਨ ਚਾਂਸਲਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇੰਡੀਆਂ ਦੀ ਮੋਦੀ ਹਕੂਮਤ ਜਰਮਨ ਵਿਚ ਰਹਿਣ ਵਾਲੇ ਅਮਨ ਪਸ਼ੰਦ ਸਿੱਖਾਂ ਲਈ ਆਪਣੀਆ ਏਜੰਸੀਆ ਰਾਹੀ ਤੇ ਆਪਣੇ ਡਿਪਲੋਮੈਟਸ ਰਾਹੀ ਕੇਵਲ ਵੱਡੇ ਭੰਬਲਭੂਸੇ ਹੀ ਖੜ੍ਹੇ ਨਹੀ ਕਰ ਰਹੀ, ਬਲਕਿ ਉਨ੍ਹਾਂ ਨੂੰ ਨਿਸ਼ਾਨਾਂ ਬਣਾਉਣ ਲਈ ਸਾਜਸੀ ਢੰਗ ਨਾਲ ਨਫਰਤ ਭਰੀ ਯੋਜਨਾ ਤੇ ਕੰਮ ਕਰ ਰਹੀ ਹੈ । ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਜਰਮਨ ਵਿਚ ਇੰਡੀਅਨ ਡਿਪਲੋਮੈਟਸ ਤੇ ਹੋਰ ਇੰਡੀਅਨ ਏਜੰਸੀਆ ਦੇ ਅਫਸਰ ਜੋ ਉਥੇ ਵਿਚਰ ਰਹੇ ਹਨ, ਨਿਰਪੱਖਤਾ ਨਾਲ ਉਨ੍ਹਾਂ ਦੀਆਂ ਸਿੱਖ ਵਿਰੋਧੀ ਅਤੇ ਮਨੁੱਖਤਾ ਵਿਰੋਧੀ ਕਾਰਵਾਈਆ ਦੀ ਘੋਖ ਕਰਨ ਅਤੇ ਜਰਮਨ ਵਿਚ ਵੱਸਣ ਵਾਲੇ ਅਮਨ ਪਸੰਦ ਸਿੱਖਾਂ ਦੇ ਕਿਸੇ ਤਰ੍ਹਾਂ ਦਾ ਸਰੀਰਕ ਨੁਕਸਾਨ ਹੋਣ ਤੋ ਬਚਾਉਣ ਲਈ ਹਕੂਮਤੀ ਪੱਧਰ ਤੇ ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਅਤੇ ਜੋ ਵੀ ਇੰਡੀਅਨ ਅਫਸਰ ਜਾਂ ਏਜੰਸੀਆ ਦੇ ਬੰਦੇ ਅਜਿਹੇ ਮੰਦਭਾਗੇ ਅਮਲਾਂ ਵਿਚ ਲੱਗੇ ਹੋਏ ਹਨ, ਉਨ੍ਹਾਂ ਨੂੰ ਜਰਮਨ ਵਿਚੋਂ ਦੇਸ ਨਿਕਾਲੇ ਦੇ ਹੁਕਮ ਜਾਰੀ ਕਰਨ । ਉਨ੍ਹਾਂ ਕੌਮਾਂਤਰੀ ਅਦਾਲਤਾਂ, ਮਨੁੱਖੀ ਅਧਿਕਾਰ ਸੰਗਠਨਾਂ, ਇੰਟਰਨੈਸ਼ਨਲ ਕਰੀਮੀਨਲ ਕੋਰਟ ਐਟ ਦੀ ਹੇਗ ਤੋ ਇਹ ਗੰਭੀਰਤਾ ਪੂਰਵਕ ਮੰਗ ਕੀਤੀ ਕਿ ਜਿਸ ਮੋਦੀ ਹਕੂਮਤ ਨੇ ਕੈਨੇਡਾ, ਬਰਤਾਨੀਆ, ਪਾਕਿਸਤਾਨ, ਇੰਡੀਆ ਵਿਚ ਆਜਾਦੀ ਚਾਹੁੰਣ ਵਾਲੇ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਹੈ ਅਤੇ ਅਮਰੀਕਾ ਵਿਚ ਸ. ਪੰਨੂ ਨੂੰ ਕਤਲ ਕਰਨ ਦੀ ਸਾਜਿਸ ਬਣਾਈ ਸੀ, ਉਨ੍ਹਾਂ ਸਭ ਉਪਰੋਕਤ ਮੋਦੀ ਸਮੇਤ ਸਭ ਕੈਬਨਿਟ ਦੇ ਵਜੀਰਾਂ ਅਤੇ ਅਫਸਰਾਂ ਨੂੰ ਟੋਕੀਓ ਟਰਾਈਲ ਤੇ ਨਿਊਰਮਬਰਗ ਟਰਾਈਲ ਦੀ ਤਰ੍ਹਾਂ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਵੱਸ ਸਜ਼ਾ ਦਿਵਾਈ ਜਾਵੇ ।