ਵਿਰਸਾ ਸਿੰਘ ਵਲਟੋਹਾ ਵੱਲੋ ਜਥੇਦਾਰ ਸਾਹਿਬਾਨ ਦੇ ਪਰਿਵਾਰ ਸੰਬੰਧੀ ਜਨਤਕ ਬਿਆਨਬਾਜੀ ਕਰਨਾ ਅਤਿ ਅਫਸੋਸਨਾਕ : ਮਾਨ
ਫ਼ਤਹਿਗੜ੍ਹ ਸਾਹਿਬ, 17 ਅਕਤੂਬਰ ( ) “ਇਕ ਪਾਸੇ ਆਪਣੇ ਆਪ ਨੂੰ ਅਕਾਲੀ ਕਹਾਉਣ ਵਾਲੇ ਇਹ ਆਗੂ ਨਿਰੰਤਰ ਇਹ ਬਿਆਨਬਾਜੀ ਕਰਦੇ ਹਨ ਕਿ ਅਸੀ ਸਿੱਖ ਕੌਮ ਦੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ । ਦੂਸਰੇ ਪਾਸੇ ਜਦੋ ਸਾਡੀ ਸਿਰਮੌਰ ਸੰਸਥਾਂ ਮੀਰੀ-ਪੀਰੀ ਦੇ ਸਿਧਾਤ ਅਨੁਸਾਰ ਕਿਸੇ ਦੋਸ਼ੀ ਸਿੱਖ ਅਕਾਲੀ ਆਗੂ ਵਿਰੁੱਧ ਸਿਧਾਤਾਂ ਅਨੁਸਾਰ ਅਮਲ ਕਰਦੀ ਹੈ, ਤਾਂ ਹਕੂਮਤ ਵਿਚ ਲੰਮਾਂ ਸਮਾਂ ਰਹਿਣ ਵਾਲੇ ਇਹ ਅਕਾਲੀ ਉਸ ਮਹਾਨ ਸੰਸਥਾਂ ਦੇ ਹੁਕਮਾਂ ਨੂੰ ਹੀ ਕੇਵਲ ਚੁਣੋਤੀ ਦੇਣ ਦੇ ਦੁੱਖਦਾਇਕ ਅਮਲ ਨਹੀ ਕਰਦੇ, ਬਲਕਿ ਉਨ੍ਹਾਂ ਮਹਾਨ ਤਖਤਾਂ ਤੇ ਬਿਰਾਜਮਾਨ ਜਥੇਦਾਰ ਸਾਹਿਬਾਨ ਨੂੰ ਆਪਣੀ ਸੋਚ ਅਨੁਸਾਰ ਅਮਲ ਕਰਵਾਉਣ ਲਈ ਉਨ੍ਹਾਂ ਦੇ ਨਿੱਜੀ ਪਰਿਵਾਰਿਕ ਹਮਲੇ ਕਰਕੇ ਸਰਮਨਾਕ ਕਾਰਵਾਈਆ ਕਰਨ ਤੋ ਵੀ ਗੁਰੇਜ ਨਹੀ ਕਰਦੇ ਅਤੇ ਖੁਦ ਹੀ ਆਪਣੇ ਮਹਾਨ ਤਖਤ ਦੇ ਸਤਿਕਾਰ ਮਾਣ ਨੂੰ ਠੇਸ ਪਹੁੰਚਾਉਣ ਦੇ ਕੌਮੀ ਦੋਸੀ ਬਣਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋ ਸ. ਸੁਖਬੀਰ ਸਿੰਘ ਬਾਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਕੇਸ ਦੀ ਸੁਣਵਾਈ ਸੰਬੰਧੀ ਜਥੇਦਾਰ ਸਾਹਿਬਾਨ ਉਤੇ ਸਿਆਸੀ ਦਬਾਅ ਪਾਉਣ ਅਤੇ ਉਨ੍ਹਾਂ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਹਿੱਤ ਪਰਿਵਾਰਿਕ ਹਮਲੇ ਕਰਨ ਦੀਆਂ ਕਾਰਵਾਈਆ ਨੂੰ ਗੈਰ ਸਿਧਾਤਿਕ, ਦਿਸ਼ਾਹੀਣ ਅਤੇ ਸਰਮਨਾਕ ਕਰਾਰ ਦਿੰਦੇ ਹੋਏ ਅਜਿਹੇ ਪੰਥਕ ਦੋਸ਼ੀਆਂ ਵਿਰੁੱਧ ਅਮਲੀ ਰੂਪ ਵਿਚ ਕਾਰਵਾਈ ਹੋਣ ਨੂੰ ਸਹੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੀ ਬਿਆਨਬਾਜੀ ਕਰਦੇ ਹੋਏ ਇਹ ਹਊਮੈ ਵਿਚ ਗ੍ਰਸਤ ਆਗੂ ਇਹ ਵੀ ਭੁੱਲ ਜਾਂਦੇ ਹਨ ਕਿ ਖਾਲਸਾ ਪੰਥ ਵਿਚ ਵਿਚਰਣ ਵਾਲੇ ਗੁਰਸਿੱਖਾਂ ਨੂੰ ਗੁਰੂ ਸਾਹਿਬਾਨ ਵੱਲੋ ਇਹ ਹੁਕਮ ਹੈ ਕਿ ਜਿਥੇ ਕਿਸੇ ਵੀ ਧੀ-ਭੈਣ ਅਬਲਾ ਦੀ ਇੱਜਤ, ਸਤਿਕਾਰ ਦਾ ਮਾਮਲਾ ਆ ਜਾਵੇ, ਉਥੇ ਬਿਨ੍ਹਾਂ ਕਿਸੇ ਭੇਦਭਾਵ ਤੋ ਗੁਰਸਿੱਖ ਉਸ ਹਰ ਧੀ-ਭੈਣ ਦੀ ਦ੍ਰਿੜਤਾ ਨਾਲ ਰੱਖਿਆ ਹੀ ਨਹੀ ਕਰਦਾ, ਬਲਕਿ ਆਪਣੇ ਆਪ ਨੂੰ ਉਸਦੀ ਇੱਜਤ ਦਾ ਸਾਂਝਾ ਮੰਨਕੇ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ ਆਪਣੀ ਅਹੁਤੀ ਦੇਣ ਤੋ ਵੀ ਪਿੱਛੇ ਨਹੀ ਹੱਟਦਾ । ਜਦੋਕਿ ਬੀਤੇ ਸਮੇ ਵਿਚ ਜਦੋ ਅਹਿਮਦ ਸਾਹ ਅਬਦਾਲੀ ਦੇ ਹਮਲਿਆ ਸਮੇ ਹਿੰਦੂ ਧੀਆਂ ਭੈਣਾਂ ਨੂੰ ਜਾਬਰ ਜ਼ਬਰੀ ਚੁੱਕ ਕੇ ਲੈ ਜਾਂਦੇ ਸੀ, ਤਾਂ ਇਹ ਗੁਰੂ ਦੇ ਸਿੰਘ ਹੀ ਸਨ ਜੋ ਉਨ੍ਹਾਂ ਨੂੰ ਜਾਬਰਾਂ ਕੋਲੋ ਬਾਇੱਜਤ ਛੁਡਵਾਕੇ ਬਾਇੱਜਤ ਰੂਪ ਵਿਚ ਉਨ੍ਹਾਂ ਦੇ ਘਰੋ ਘਰੀ ਪਹੁੰਚਾਕੇ ਫਖਰ ਮਹਿਸੂਸ ਕਰਦੇ ਸਨ । ਇਹ ਸਾਡੀ ਸਿੱਖ ਕੌਮ ਦਾ ਇਤਿਹਾਸਿਕ ਅਤੇ ਯਾਦ ਰੱਖਣ ਯੋਗ ਕਿਰਦਾਰ ਦੀ ਉਦਾਹਰਣ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਜਦੋ ਅਸੀ ਦੂਸਰੀਆਂ ਕੌਮਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਦੇ ਸਾਂਝੇ ਹਾਂ ਤਾਂ ਉਸ ਸਮੇ ਸ. ਵਿਰਸਾ ਸਿੰਘ ਵਲਟੋਹਾ ਵਰਗੇ ਆਗੂ ਆਪਣੀ ਕੌਮ ਦੇ ਤਖਤ ਦੇ ਜਥੇਦਾਰ ਸਾਹਿਬਾਨ ਉਤੇ ਅਜਿਹੇ ਸਰਮਨਾਕ ਪਰਿਵਾਰਿਕ ਹਮਲੇ ਕਰਕੇ ਸਿੱਖ ਕੌਮ ਦੀ ਕੀ ਤਸਵੀਰ ਪੇਸ ਕਰਨਾ ਚਾਹੁੰਦੇ ਹਨ ?
ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਜਾਣਕਾਰੀ ਹੈ ਕਿ ਬੀਤੇ ਸਮੇ ਵਿਚ ਵੀ ਅਤੇ ਅੱਜ ਵੀ ਪੰਥ ਵਿਰੋਧੀ ਸ਼ਕਤੀਆਂ ਖਾਲਸਾ ਪੰਥ ਵਿਚ ਭਰਾਮਾਰੂ ਜੰਗ ਕਰਵਾਕੇ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਕਰਨ ਦੀ ਤਾਕ ਵਿਚ ਰਹਿੰਦੀਆ ਹਨ ਅਤੇ ਅਜਿਹਾ ਕਰਦੇ ਹੋਏ ਉਹ ਖਾਲਸਾ ਪੰਥ ਵਿਚ ਵਿਚਰ ਰਹੇ ਕੁਝ ਗੈਰ ਇਨਸਾਨੀਅਤ, ਗੈਰ ਸਿਧਾਤਿਕ ਸੋਚ ਵਾਲਿਆ ਨੂੰ ਮੋਹਰਾ ਬਣਾਕੇ ਹਮੇਸ਼ਾਂ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਲਈ ਤੱਤਪਰ ਰਹਿੰਦੀਆ ਹਨ । ਬੀਤੇ ਸਮੇ ਵਿਚ ਅਜਿਹੇ ਲੋਕਾਂ ਨੇ ਖਾਲਸਾ ਪੰਥ ਦੀ ਆਜਾਦੀ ਦੀ ਲਹਿਰ ਨੂੰ ਅਤੇ ਕੌਮਾਂਤਰੀ ਸਿੱਖੀ ਸੋਚ ਨੂੰ ਬਹੁਤ ਵੱਡਾ ਨੁਕਸਾਨ ਕੀਤਾ ਹੈ । ਹੁਣ ਵੀ ਜੋ ਗੁਰਪ੍ਰੀਤ ਸਿੰਘ ਹਰੀਨੌ ਦਾ ਕਤਲ ਹੋਇਆ ਹੈ, ਉਹ ਵੀ ਬਹਤੁ ਅਫਸੋਸਨਾਕ ਅਤੇ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਵਾਲੀਆ ਦੁੱਖਦਾਇਕ ਕਾਰਵਾਈਆ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਗੰਭੀਰ ਮੁੱਦਿਆ ਉਤੇ ਕਿਸੇ ਵੀ ਸ਼ਕਤੀ ਨੂੰ ਸਿੱਖ ਕੌਮ ਵਿਚ ਭਰਾਮਾਰੂ ਜੰਗ ਕਰਨ ਦੇ ਅਮਲ ਦੀ ਇਜਾਜਤ ਨਹੀ ਦੇਵੇਗਾ ਅਤੇ ਨਾ ਹੀ ਅਸੀ ਅਜਿਹਾ ਹੋਣ ਦੇਵਾਂਗੇ । ਕਿਉਂਕਿ ਖਾਲਸਾ ਪੰਥ ਅਜੋਕੇ ਸਮੇ ਵਿਚ ਕਈ ਸੰਜੀਦਾ ਮੁੱਦਿਆ ਉਤੇ ਕਈ ਖੇਤਰਾਂ ਵਿਚ ਸੰਘਰਸ ਕਰਦਾ ਹੋਇਆ ਆਪਣੀ ਆਜਾਦੀ ਦੇ ਮਿਸਨ ਵੱਲ ਵੱਧ ਰਿਹਾ ਹੈ । ਜਿਸ ਮਿਸਨ ਨੂੰ ਨੁਕਸਾਨ ਪਹੁੰਚਾਉਣ ਹਿੱਤ ਹਿੰਦੂਤਵ ਹੁਕਮਰਾਨ, ਖੂਫੀਆ ਏਜੰਸੀਆ ਵੱਡੇ ਪੱਧਰ ਤੇ ਅਮਲ ਕਰ ਰਹੀਆ ਹਨ । ਜਿਸ ਅਧੀਨ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਜਾਲਮ ਕਾਤਲ ਜੁੰਡਲੀ ਵੱਲੋ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ ਹੈ । ਇਨ੍ਹਾਂ ਕਤਲਾਂ ਵਿਚ ਅਮਰੀਕਾ ਤੇ ਕੈਨੇਡਾ ਵੱਲੋ ਹਿੰਦੂਤਵ ਹੁਕਮਰਾਨਾਂ ਦੇ ਕਾਤਲ ਚੇਹਰਿਆ ਦੇ ਜਿਥੇ ਸੰਮਨ ਜਾਰੀ ਕੀਤੇ ਗਏ ਹਨ, ਉਥੇ ਇਸ ਕਤਲ ਦੀ ਸਾਜਿਸ ਵਿਚ ਸਾਮਿਲ ਨਿਖਿਲ ਗੁਪਤਾ, ਅਜੀਤ ਡੋਵਾਲ ਸੁਰੱਖਿਆ ਸਲਾਹਕਾਰ ਅਤੇ ਹੋਰ ਕਈ ਪੁਲਿਸ ਅਫਸਰਾਂ ਨੂੰ ਦੋਵਾਂ ਮੁਲਕਾਂ ਵੱਲੋ ਤਫਤੀਸ ਵਿਚ ਸਾਮਿਲ ਕਰਨ ਲਈ ਹੁਕਮ ਹੋ ਚੁੱਕੇ ਹਨ । ਜਿਸ ਨਾਲ ਕੌਮਾਂਤਰੀ ਪੱਧਰ ਤੇ ਇਹ ਪ੍ਰਤੱਖ ਹੋ ਚੁੱਕਿਆ ਹੈ ਕਿ ਉਪਰੋਕਤ ਸਿੱਖ ਨੌਜਵਾਨੀ ਜੋ ਬਾਹਰਲੇ ਮੁਲਕਾਂ ਵਿਚ ਜਾਂ ਇੰਡੀਆ ਵਿਚ ਸਿੱਖ ਕੌਮ ਦੀ ਆਜਾਦੀ ਦੀ ਗੱਲ ਕਰ ਰਹੀ ਹੈ, ਉਸ ਨੂੰ ਮਰਵਾਉਣ ਵਾਲੇ ਇਹ ਹਿੰਦੂਤਵ ਹੁਕਮਰਾਨ ਹਨ । ਜਦੋ ਸਿੱਖ ਕੌਮ ਆਪਣੇ ਕਾਤਲਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਕੌਮਾਂਤਰੀ ਅਦਾਲਤਾਂ ਵਿਚ ਸਜਾ ਦਿਵਾਉਣ ਵੱਲ ਵੱਧ ਰਹੀ ਹੈ ਅਤੇ ਆਪਣੀ ਕੌਮੀ ਆਜਾਦੀ ਦੇ ਮਿਸਨ ਦੀ ਪ੍ਰਾਪਤੀ ਲਈ ਦੂਸਰੇ ਮੁਲਕਾਂ ਨੂੰ ਆਪਣੇ ਆਜਾਦੀ ਦੇ ਮਿਸਨ ਦੇ ਹੱਕ ਵਿਚ ਲੋਕ ਰਾਏ ਕਾਇਮ ਕਰ ਰਹੀ ਹੈ, ਤਾਂ ਉਸ ਸਮੇ ਖਾਲਸਾ ਪੰਥ ਵਿਚ ਵਿਚਰਣ ਵਾਲੇ ਕਿਸੇ ਵੀ ਆਗੂ ਜਾਂ ਸਿੱਖ ਵੱਲੋ ਜੇਕਰ ਭਰਾਮਾਰੂ ਜੰਗ ਵਾਲੀਆ ਗੱਲਾਂ ਕੀਤੀਆ ਜਾ ਰਹੀਆ ਹਨ ਤਾਂ ਇਹ ਬਿਲਕੁਲ ਵੀ ਬਰਦਾਸਤਯੋਗ ਨਹੀ ਅਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਸੰਸਥਾਂ ਅਤੇ ਉਨ੍ਹਾਂ ਤੇ ਬਿਰਾਜਮਾਨ ਜਥੇਦਾਰ ਸਾਹਿਬਾਨ ਦਾ ਕਿਸੇ ਤਰ੍ਹਾਂ ਦਾ ਅਪਮਾਨ ਦੇ ਅਮਲ ਨੂੰ ਖਾਲਸਾ ਪੰਥ ਵੱਲੋ ਕਤਈ ਬਰਦਾਸਤ ਨਹੀ ਕਰਨਾ ਚਾਹੀਦਾ । ਅਜਿਹੀਆ ਸਕਤੀਆਂ ਜੋ ਅੱਜ ਬੀਜੇਪੀ-ਆਰ.ਐਸ.ਐਸ ਦੀ ਗੱਲ ਕਰਕੇ ਭਰਾਮਾਰੂ ਜੰਗ ਵੱਲ ਵੱਧਣਾ ਚਾਹੁੰਦੀਆਂ ਹਨ ਉਹ ਖੁਦ ਤਾਂ ਬੀਤੇ ਸਮੇ ਵਿਚ ਬੀਜੇਪੀ-ਆਰ.ਐਸ.ਐਸ ਨਾਲ ਨੌ ਮਾਸ ਦੇ ਰਿਸਤੇ ਵਿਚ ਰਹੇ ਹਨ । ਉਨ੍ਹਾਂ ਨੂੰ ਕੋਈ ਹੱਕ ਨਹੀ ਕਿ ਉਹ ਅਜਿਹਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਖਾਲਸਾ ਪੰਥ ਦੀ ਸਕਤੀ ਨੂੰ ਵੰਡਣ ਅਤੇ ਖਾਲਸਾ ਪੰਥ ਵਿਰੋਧੀ ਸਕਤੀਆ ਦੇ ਮੰਦਭਾਵਨਾ ਭਰੇ ਮਿਸਨ ਨੂੰ ਨੇਪਰੇ ਚਾੜਨ ।