ਹਿੰਦੂਤਵ ਹੁਕਮਰਾਨਾਂ ਵੱਲੋਂ ਸਾਨੂੰ ਧਾਰਮਿਕ, ਸਮਾਜਿਕ ਅਤੇ ਇਖਲਾਕੀ ਤੌਰ ਤੇ ਮਾਰੀਆ ਗਈਆ ਸੱਟਾਂ ਅੱਜ ਵੀ ਰੜਕ ਰਹੀਆ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ ( ) “ਬੰਗਲਾਦੇਸ਼ ਵਿਚ ਇਕ ਕਾਲੀ ਮਾਤਾ ਦੇ ਮੰਦਰ ਵਿਚ ਮਾਤਾ ਨੂੰ ਪਹਿਨਾਇਆ ਹੋਇਆ ਮੁਕਟ ਚੋਰੀ ਹੋਇਆ ਹੈ, ਜੋ ਅਫਸੋਸਨਾਕ ਹੈ । ਇਸ ਵਿਸੇ ਤੇ ਇੰਡੀਆਂ ਦੀ ਹਕੂਮਤ ਨੇ, ਵਿਦੇਸ਼ ਵਿਜਾਰਤ ਨੇ ਅਤੇ ਬੰਗਲਾਦੇਸ ਵਿਚ ਤਾਇਨਾਤ ਇੰਡੀਆ ਦੇ ਹਾਈਕਮਿਸਨਰ ਵੱਲੋ ਇਸ ਦੁੱਖ ਨੂੰ ਮਹਿਸੂਸ ਕਰਦੇ ਹੋਏ ਵੱਡੇ ਬਿਆਨ ਦੇਣੇ ਪਏ ਹਨ । ਇਸ ਤੋ ਪ੍ਰਤੱਖ ਹੈ ਕਿ ਹਿੰਦੂਤਵ ਹੁਕਮਰਾਨਾਂ ਨੂੰ ਬੰਗਲਾਦੇਸ ਦੇ ਇਕ ਮੰਦਰ ਵਿਚ ਹੋਈ ਇਸ ਦੁੱਖਦਾਇਕ ਘਟਨਾ ਤੇ ਗਹਿਰੀ ਸੱਟ ਵੱਜੀ ਹੈ ਅਤੇ ਇਨ੍ਹਾਂ ਦੇ ਮਨ-ਆਤਮਾ ਤੜਫ ਉੱਠੇ ਹਨ। ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਇਨ੍ਹਾਂ ਹੁਕਮਰਾਨਾਂ ਵੱਲੋ 1992 ਵਿਚ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਢਾਹੀ ਗਈ, ਫਿਰ ਇਨ੍ਹਾਂ ਵੱਲੋਂ 2019 ਵਿਚ ਮੰਦਰ ਦੇ ਹੱਕ ਵਿਚ ਫੈਸਲਾ ਦਿੰਦੇ ਹੋਏ ਰਾਮ ਮੰਦਰ ਬਣਾਇਆ ਗਿਆ । ਹੁਣ ਜਦੋਂ ਬੰਗਲਾਦੇਸ ਦੀ ਘਟਨਾ ਨਾਲ ਇਨ੍ਹਾਂ ਦੇ ਮਨ-ਆਤਮਾ ਨੂੰ ਡੂੰਘੀ ਸੱਟ ਲੱਗੀ ਹੈ ਤਾਂ ਇਸ ਮੌਕੇ ਤੇ ਇਹ ਸਮਝ ਸਕਦੇ ਹਨ ਕਿ 1984 ਵਿਚ ਜੋ ਬਲਿਊ ਸਟਾਰ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਦੌਰਾਨ ਨਿਹੱਥੇ ਸਰਧਾਲੂਆਂ ਦਾ ਵੱਡੀ ਗਿਣਤੀ ਵਿਚ ਕਤਲੇਆਮ ਕੀਤਾ ਗਿਆ । ਸਾਡੇ ਤੋਸਾਖਾਨਾ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚੋ ਸਾਡੀਆ ਇਤਿਹਾਸਿਕ ਦੁਰਲੱਭ ਵਸਤਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥਲਿਖਤ ਪੁਰਾਤਨ ਸਰੂਪ ਅਤੇ ਹੋਰ ਮਹੱਤਵਪੂਰਨ ਦਸਤਾਵੇਜ ਉਠਾਕੇ ਲੈ ਗਏ । ਜਿਸ ਨੂੰ ਬੀਤਿਆ ਅੱਜ 40 ਸਾਲ ਦਾ ਸਮਾਂ ਹੋ ਗਿਆ ਹੈ । ਅਸੀ ਵੀ ਉਸ ਕੌਮੀ ਭਾਵਨਾਵਾ ਨੂੰ ਤੇ ਆਤਮਾਵਾ ਨੂੰ ਪਹੁੰਚੀ ਡੂੰਘੀ ਸੱਟ ਨੂੰ ਬਿਲਕੁਲ ਨਹੀ ਭੁੱਲੇ ਅਤੇ ਸਾਨੂੰ ਉਹ ਸਭ ਕੁਝ ਬਹੁਤ ਬੁਰੀ ਤਰ੍ਹਾਂ ਅੱਜ ਵੀ ਰੜਕ ਰਿਹਾ ਹੈ । ਜਿਸਦਾ ਦੁਨਿਆਵੀ ਹਿਸਾਬ-ਕਿਤਾਬ ਹੁਕਮਰਾਨਾਂ ਨੂੰ ਅਵੱਸ ਦੇਣਾ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੰਗਲਾਦੇਸ ਵਿਚ ਇਕ ਮੰਦਰ ਦੀ ਮੂਰਤੀ ਦਾ ਮੁਕਟ ਚੋਰੀ ਹੋਣ ਤੇ ਹਿੰਦੂਤਵ ਹੁਕਮਰਾਨਾਂ ਨੂੰ ਅੱਜ ਲੱਗੀ ਡੂੰਘੀ ਠੇਸ ਉਤੇ 1984 ਦੇ ਬਲਿਊ ਸਟਾਰ ਦੇ ਹਮਲੇ ਦੌਰਾਨ, 1992 ਵਿਚ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਨ ਅਤੇ ਫਿਰ ਜਬਰੀ ਉਸ ਸਥਾਂਨ ਤੇ ਮੰਦਰ ਬਣਾਉਣ ਦੀ ਬਦੌਲਤ ਸਿੱਖ ਕੌਮ ਅਤੇ ਮੁਸਲਿਮ ਕੌਮ ਦੀਆਂ ਉਸੇ ਤਰ੍ਹਾਂ ਭਾਵਨਾਵਾ ਨੂੰ ਠੇਸ ਪਹੁੰਚਣ ਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਕਿਵੇ ਧਾਰਮਿਕ ਸੱਟ ਵੱਜਣ ਤੇ ਇਨ੍ਹਾਂ ਦੇ ਦਿਲ-ਆਤਮਾ ਦੁੱਖੀ ਹਨ । ਉਸੇ ਤਰ੍ਹਾਂ 1984 ਅਤੇ 1992 ਵਿਚ ਮੁਸਲਿਮ ਤੇ ਸਿੱਖ ਧਰਮ ਨਾਲ ਸੰਬੰਧਤ ਨਿਵਾਸੀਆਂ ਨੂੰ ਇਨ੍ਹਾਂ ਨੇ ਡੂੰਘੀ ਠੇਸ ਪਹੁੰਚਾਈ ਸੀ । ਉਸੇ ਦਰਦ ਦੀ ਚੀਸ ਅੱਜ ਇਨ੍ਹਾਂ ਹਿੰਦੂਤਵੀਆ ਦੇ ਮਨ ਵਿਚ ਉੱਠੀ ਹੈ । ਹੁਣ ਜਰੂਰ ਇਨ੍ਹਾਂ ਨੂੰ ਮਹਿਸੂਸ ਹੋਇਆ ਹੋਵੇਗਾ ਕਿ ਦੂਸਰੇ ਧਰਮਾਂ ਦੀ ਜੋ ਇੱਜਤ ਨਹੀ ਕਰਦੇ । ਜੇਕਰ 1984 ਤੇ 1992 ਵਿਚ ਦੂਸਰੇ ਧਰਮਾਂ ਦਾ ਅਪਮਾਨ ਕਰਦੇ ਹੋਏ ਅਤੇ ਨੁਕਸਾਨ ਕਰਦੇ ਹੋਏ ਇਨ੍ਹਾਂ ਨੂੰ ਕੋਈ ਸ਼ਰਮ ਹਿਯਾ ਨਹੀ ਆਈ ਤਾਂ ਅੱਜ ਬੰਗਲਾਦੇਸ ਵਿਚ ਇਕ ਕਾਲੀ ਮਾਤਾ ਦੇ ਮੰਦਰ ਵਿਚ ਚੋਰੀ ਹੋਏ ਮੁਕਟ ਦੀ ਘਟਨਾ ਉਤੇ ਹੁਣ ਐਨਾ ਚੀਕ ਚਿਹਾੜਾ ਕਿਉਂ ਪਾਇਆ ਜਾ ਰਿਹਾ ਹੈ ?
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਅਤੇ ਸਿੱਖ ਧਰਮ ਦੇ ਇਨਸਾਨੀ ਤੇ ਮਨੁੱਖਤਾ ਪੱਖੀ ਉੱਦਮਾਂ ਪ੍ਰਤੀ ਸਤਿਕਾਰ ਵੀ ਹੋਣਾ ਚਾਹੀਦਾ ਹੈ ਕਿ ਪੁਰਾਤਨ ਸਮੇ ਵਿਚ ਮੁਹੰਮਦ ਗੌਰੀ, ਮੁਹੰਮਦ ਗਜਨੀ, ਨਾਦਰਸਾਹ, ਜਕਰੀਆ ਖਾਂ, ਅਹਿਮਦ ਸਾਹ ਅਬਦਾਲੀ ਦੇ ਮੰਦਰਾਂ ਅਤੇ ਹਿੰਦੂ ਪਰਿਵਾਰਾਂ ਉਤੇ ਹੋਣ ਵਾਲੇ ਹਮਲਿਆ ਨੂੰ ਸਥਾਈ ਤੌਰ ਤੇ ਰੋਕਣ ਵਾਲੇ ਸਿੱਖ ਹੀ ਸਨ । 1762 ਵਿਚ ਜਦੋਂ ਨਾਦਰਸਾਹ ਨੇ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰ ਦਿੱਤਾ ਸੀ, ਤਾਂ ਉਸ ਸਮੇ ਉਸਦੀ ਗੱਲ੍ਹ ਤੇ ਲੱਗੀ ਸੱਟ ਕਾਰਨ ਕੈਸਰ ਬਣ ਗਿਆ ਸੀ, ਉਹ ਨਾ ਬੋਲ ਸਕਦਾ ਸੀ, ਨਾ ਖਾਂ ਸਕਦਾ ਸੀ, ਨਾ ਉੱਠ ਸਕਦਾ ਤੇ ਨਾ ਬੈਠ ਸਕਦਾ ਸੀ ਅਤੇ ਉਹ ਤੜਫ-ਤੜਫ ਕੇ ਮਰਿਆ ਸੀ । ਇਸ ਲਈ ਹਿੰਦੂਤਵ ਹੁਕਮਰਾਨ ਸਾਡੇ ਇਤਿਹਾਸ ਤੇ ਨਜਰ ਮਾਰਦੇ ਹੋਏ ਅਜਿਹਾ ਕੋਈ ਅਮਲ ਨਾ ਕਰਨ ਜਿਸ ਨਾਲ ਸਾਨੂੰ ਆਪਣੀਆ ਪੁਰਾਤਨ ਰਵਾਇਤਾ ਨੂੰ ਫਿਰ ਉਜਾਗਰ ਕਰਨ ਲਈ ਮਜਬੂਰ ਹੋਣਾ ਪਵੇ । ਜਿਵੇ ਨਾਦਰਸਾਹ ਨੇ ਦਿੱਲੀ ਲੁੱਟੀ ਤੇ ਕਤਲੇਆਮ ਕੀਤਾ, ਉਸੇ ਤਰ੍ਹਾਂ ਰਾਜੀਵ ਗਾਂਧੀ ਨੇ 1984 ਵਿਚ ਸਿੱਖਾਂ ਦਾ ਕਤਲੇਆਮ ਕੀਤਾ, ਬੇਸੱਕ ਉਸ ਸਮੇ ਅਕਾਲੀ ਸਰਕਾਰਾਂ ਵੀ ਰਹੀਆ, ਸਿੱਖ ਕੌਮ ਦੀ ਸੰਸਥਾਂ ਐਸ.ਜੀ.ਪੀ.ਸੀ ਹੈ, ਪਰ ਅਜੇ ਤੱਕ ਉਸ ਸਮੇ ਹੋਏ ਕਤਲੇਆਮ, ਬੇਘਰਾਂ ਦਾ ਮੁੜ ਵਸੇਬਾ ਨਹੀ ਹੋਇਆ ਅਤੇ ਨਾ ਹੀ ਧਰਮੀ ਫੌਜੀਆਂ ਨੂੰ ਫਿਰ ਤੋ ਸਥਾਪਿਤ ਕਰਨ ਲਈ ਕੋਈ ਸਰਕਾਰਾਂ ਵੱਲੋ ਅਮਲ ਹੋਇਆ ।
ਉਨ੍ਹਾਂ ਕਿਹਾ ਕਿ ਜੋ ਹਿੰਦੂਤਵ ਹੁਕਮਰਾਨਾਂ ਨੇ ਆਜਾਦੀ ਚਾਹੁੰਣ ਵਾਲੇ ਬਾਹਰਲੇ ਮੁਲਕਾਂ ਵਿਚ ਅਤੇ ਇਥੇ ਸਿੱਖਾਂ ਨੂੰ ਮਾਰਨ ਦੀ ਪਾਲਸੀ ਬਣਾਈ ਹੈ ਜਿਸ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ । ਇਹ ਕਤਲੇਆਮ ਕਰਨ ਵਾਲਿਆ ਵਿਚ ਵਜੀਰ ਏ ਆਜਮ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਿੱਧੇ ਤੌਰ ਤੇ ਜਿੰਮੇਵਾਰ ਹਨ । ਬੀਤੇ ਸਮੇ ਦੇ ਕਤਲੇਆਮ ਅਤੇ ਅਜੋਕੇ ਕਤਲੇਆਮ, ਸਾਨੂੰ ਉਸ ਸਮੇ ਤੱਕ ਰੜਕਦੇ ਅਤੇ ਚੀਸ ਕਰਦੇ ਰਹਿਣਗੇ ਜਦੋ ਤੱਕ ਅਸੀ ਆਪਣੀ ਕੌਮ ਦੇ ਕਾਤਲਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਨਹੀ ਦਿਵਾ ਦਿੰਦੇ ਜਾਂ ਫਿਰ ਆਪਣੀ ਕੌਮੀ ਆਜਾਦੀ ਦੀ ਮੰਜਿਲ ਨੂੰ ਪ੍ਰਾਪਤ ਕਰਕੇ ਆਪਣਾ ਆਜਾਦ ਮੁਲਕ ਕਾਇਮ ਨਹੀ ਕਰ ਲੈਦੇ ।
ਉਨ੍ਹਾਂ ਇਕ ਹੋਰ ਵੱਖਰੇ ਵਿਚਾਰ ਨੂੰ ਪ੍ਰਗਟਾਉਦੇ ਹੋਏ ਕਿਹਾ ਕਿ ਅਸੀਂ 1819 ਵਿਚ ਕਸਮੀਰ ਨੂੰ ਅਫਗਾਨੀਸਤਾਨ ਦੇ ਸੂਬੇ ਤੋ ਫ਼ਤਹਿ ਕੀਤਾ ਸੀ । ਉਸ ਸਮੇ ਅਫਗਾਨੀਸਤਾਨ ਦਾ ਬਾਦਸ਼ਾਹ ਸਾਹ ਸੂਜਾ ਸੀ । ਜਿਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਬਤੌਰ ਤੋਹਫੇ ਦੇ ਰੂਪ ਵਿਚ ਕੋਹਿਨੂਰ ਹੀਰਾ ਵੀ ਭੇਟ ਕੀਤਾ ਸੀ । ਦੁੱਖ ਅਤੇ ਅਫਸੋਸ ਹੈ ਕਿ ਨਾ ਤਾਂ ਪਾਕਿਸਤਾਨ ਅਧੀਨ ਕਸਮੀਰ ਵਿਚ ਤੇ ਨਾ ਹੀ ਇੰਡੀਆ ਅਧੀਨ ਕਸਮੀਰ ਵਿਚ ਹੋਈਆ ਚੋਣਾਂ ਵਿਚ ਕਿਸੇ ਵੀ ਪਾਰਟੀ ਨੇ ਸਿੱਖ ਨੁਮਾਇੰਦੇ ਨੂੰ ਖੜ੍ਹਾ ਨਹੀ ਕੀਤਾ । ਜਦੋਕਿ ਇਹ ਖਿੱਤਾ ਸਾਡੇ ਲਾਹੌਰ ਖਾਲਸਾ ਰਾਜ ਦਰਬਾਰ ਦਾ ਅੰਗ ਹੈ ਅਤੇ ਇਸ ਉਤੇ ਅੱਜ ਵੀ ਸਿੱਖ ਕੌਮ ਦਾ ਕਾਨੂੰਨੀ, ਸਮਾਜਿਕ ਤੇ ਇਖਲਾਕੀ ਹੱਕ ਹੈ ।