ਪੁਲਿਸ ਦੀ ਮੁਸਤੈਦੀ ਦੇ ਬਾਵਜੂਦ ਜਦੋਂ ਨਸ਼ੀਲੀਆਂ ਵਸਤਾਂ ਦਾ ਵਪਾਰ ਹੋ ਰਿਹਾ ਹੈ, ਤਾਂ ਪ੍ਰਤੱਖ ਹੈ ਕਿ ਵੱਡੇ ਮਗਰਮੱਛਾ ਨੂੰ ਹੱਥ ਨਹੀ ਪਾਇਆ ਜਾ ਰਿਹਾ : ਮਾਨ
ਫ਼ਤਹਿਗੜ੍ਹ ਸਾਹਿਬ, 02 ਅਕਤੂਬਰ ( ) “ਬੀਤੇ ਲੰਮੇ ਸਮੇ ਤੋਂ ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਬਹੁਤ ਹੀ ਵਿਸਾਲ ਪੱਧਰ ਤੇ ਚੱਲਦਾ ਆ ਰਿਹਾ ਹੈ । ਜਿਸ ਨਾਲ ਪੜ੍ਹੀ ਲਿਖੀ ਬੇਰੁਜਗਾਰ ਨੌਜਵਾਨੀ ਵੀ ਬਹੁਤ ਵੱਡੇ ਰੂਪ ਵਿਚ ਨਾਂਹਵਾਚਕ ਤੌਰ ਤੇ ਪ੍ਰਭਾਵਿਤ ਹੋ ਰਹੀ ਹੈ । ਜਦੋਕਿ ਪੁਲਿਸ ਤੇ ਹੋਰ ਫੋਰਸਾਂ ਵੱਲੋਂ ਇਨ੍ਹਾਂ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਨੂੰ ਰੋਕਣ ਲਈ ਯਤਨ ਵੀ ਹੋ ਰਹੇ ਹੋਣਗੇ, ਪਰ ਇਸਦੇ ਬਾਵਜੂਦ ਵੀ ਜੇਕਰ ਇਹ ਧੰਦਾ ਰੋਕਣ ਦਾ ਨਾਮ ਨਹੀ ਲੈ ਰਿਹਾ ਤਾਂ ਸਪੱਸਟ ਹੈ ਕਿ ਇਸ ਕਾਰੋਬਾਰ ਵਿਚ ਸਾਮਿਲ ਵੱਡੇ-ਵੱਡੇ ਸਮੱਗਲਰਾਂ ਨੂੰ ਹੱਥ ਨਹੀ ਪਾਇਆ ਜਾ ਰਿਹਾ । ਕਿਉਂਕਿ ਉਹ ਹਕੂਮਤ ਪਾਰਟੀ ਵਿਚ ਸਿਆਸਤਦਾਨਾਂ ਅਤੇ ਪੁਲਿਸ ਅਫਸਰਸਾਹੀ ਵਿਚ ਆਪਣਾ ਪ੍ਰਭਾਵ ਰੱਖਦੇ ਹਨ ਅਤੇ ਵੱਡੀਆਂ ਰਿਸਵਤਾਂ ਦਿੰਦੇ ਹਨ । ਜੇਕਰ ਸਰਕਾਰ ਅਤੇ ਪੁਲਿਸ ਇਸ ਧੰਦੇ ਦੀ ਰੋਕਥਾਮ ਲਈ ਸਹੀ ਦਿਸ਼ਾ ਵੱਲ ਅਮਲ ਨਹੀ ਕਰਨਗੇ, ਤਾਂ ਆਉਣ ਵਾਲੇ ਸਮੇ ਵਿਚ ਪੰਜਾਬ ਦੀ ਨੌਜਵਾਨੀ ਅਤੇ ਪੰਜਾਬੀਆਂ ਨੂੰ ਇਖਲਾਕੀ, ਸਮਾਜਿਕ ਅਤੇ ਬੌਧਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਪਹੁੰਚਾਉਣ ਦੀ ਵਜਹ ਬਣਨਗੇ । ਇਸ ਲਈ ਜਰੂਰੀ ਹੈ ਕਿ ਇਸ ਗੰਭੀਰ ਵਿਸੇ ਉਤੇ ਕਿਸੇ ਤਰ੍ਹਾਂ ਦੇ ਸਿਆਸੀ ਪ੍ਰਭਾਵ ਨੂੰ ਨਾ ਪ੍ਰਵਾਨ ਕਰਦੇ ਹੋਏ ਪੁਲਿਸ ਅਫਸਰਾਨ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਕਰਨ ਵਾਲਿਆ ਵਿਰੁੱਧ ਅਮਲੀ ਕਾਰਵਾਈ ਕਰਨ ਦੀ ਜਿੰਮੇਵਾਰੀ ਨਿਭਾਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ ਵਿਚ ਨਸ਼ੀਲੀਆਂ ਵਸਤਾਂ ਦੀ ਖਰੀਦੋ ਫਰੋਖਤ ਦੇ ਵੱਧਦੇ ਜਾ ਰਹੇ ਰੁਝਾਨ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਅਤੇ ਇਸ ਲਈ ਸਿਆਸਤਦਾਨਾਂ ਅਤੇ ਰਿਸਵਤਖੋਰ ਪੁਲਿਸ ਅਧਿਕਾਰੀਆਂ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਇਸ ਦਿਸ਼ਾ ਵੱਲ ਸਖ਼ਤੀ ਨਾਲ ਅਮਲ ਕਰਨ ਦੀ ਸਰਕਾਰ ਨੂੰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਐਸ.ਟੀ.ਐਫ, ਏ.ਡੀ.ਟੀ.ਐਫ ਵਰਗੀਆਂ ਫੋਰਸਾਂ ਦੇ ਤਾਇਨਾਤੀ ਦੇ ਬਾਵਜੂਦ ਜੇਕਰ ਵੱਡੇ ਸਮੱਗਲਰਾਂ ਨੂੰ ਗ੍ਰਿਫਤਾਰ ਨਹੀ ਕੀਤਾ ਜਾ ਰਿਹਾ, ਬੁਰੇ ਨੂੰ ਮਾਰਨ ਦੀ ਥਾਂ ਤੇ ਬੁਰੇ ਪੈਦਾ ਕਰਨ ਵਾਲੀ ਮਾਂ ਤੱਕ ਪਹੁੰਚ ਨਹੀ ਕੀਤੀ ਜਾ ਰਹੀ, ਤਾਂ ਇਸ ਤੋ ਪ੍ਰਤੱਖ ਹੈ ਕਿ ਇਸ ਕਾਰੋਬਾਰ ਦੀਆਂ ਜੜ੍ਹਾਂ ਕਿਥੋ ਤੱਕ ਫੈਲੀਆ ਹੋਈਆ ਹਨ । ਸ. ਮਾਨ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਇਸ ਸਰਕਾਰ ਤੋ ਪਹਿਲੇ ਰਹਿਣ ਵਾਲੀਆ ਸਰਕਾਰਾਂ ਨੇ ਵੀ ਨਸ਼ੀਲੀਆਂ ਵਸਤਾਂ ਦੇ ਧੰਦੇ ਨੂੰ ਜੜ੍ਹੋ ਖਤਮ ਕਰਨ ਦੇ ਐਲਾਨ, ਦਾਅਵੇ ਕੀਤੇ ਸਨ । ਪਰ ਨਾ ਤਾਂ ਪਹਿਲੀਆਂ ਸਰਕਾਰਾਂ ਅਤੇ ਨਾ ਹੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਇਸ ਦਿਸ਼ਾ ਵੱਲ ਮਜਬੂਤੀ ਨਾਲ ਕਦਮ ਉਠਾ ਸਕੀ ਹੈ । ਜਿਸ ਕਾਰਨ ਸਾਡੇ ਸੂਬੇ ਦੇ ਮਹਾਨ ਵਿਰਸੇ-ਵਿਰਾਸਤ ਅਤੇ ਇਖਲਾਕੀ ਸੋਚ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ । ਇਸਦੀ ਰੋਕਥਾਮ ਲਈ ਜੇਕਰ ਵਾਅਕਿਆ ਹੀ ਪੰਜਾਬ ਦੀ ਮੌਜੂਦਾ ਸਰਕਾਰ ਸੁਹਿਰਦ ਹੈ ਤਾਂ ਉਸ ਨੂੰ ਦ੍ਰਿੜ ਇਰਾਦੇ ਨਾਲ ਵੱਡੇ ਵੱਡੇ ਸਮੱਗਲਰਾਂ ਨੂੰ ਹੱਥ ਪਾਉਣਾ ਪਵੇਗਾ, ਜਿਨ੍ਹਾਂ ਦੀ ਵੱਡੇ ਸਿਆਸਤਦਾਨ ਅਤੇ ਪੁਲਿਸ ਅਧਿਕਾਰੀ ਸਰਪ੍ਰਸਤੀ ਕਰ ਰਹੇ ਹਨ । ਇਸ ਪੰਜਾਬ ਵਿਰੋਧੀ ਚੇਨ ਨੂੰ ਤੋੜਨਾ ਪਵੇਗਾ ਅਤੇ ਪੰਜਾਬ ਦੀ ਨੁਹਾਰ ਬਦਲਣ ਲਈ ਸਖਤ ਹੋਣਾ ਪਵੇਗਾ ।