ਖਨੌਰੀ ਸਰਹੱਦ ਉਤੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨ ਗੁਰਮੀਤ ਸਿੰਘ ਲਈ ਸਰਕਾਰੀ ਜਾਬਰ ਨੀਤੀਆ ਜਿੰਮੇਵਾਰ : ਮਾਨ
ਫ਼ਤਹਿਗੜ੍ਹ ਸਾਹਿਬ, 26 ਸਤੰਬਰ ( ) “ਇਕ ਪਾਸੇ ਸਮੁੱਚੇ ਮੁਲਕ ਦੇ ਜਿੰਮੀਦਾਰ ਆਪਣੀਆ ਪੈਦਾਵਾਰ, ਹੋਰ ਹਕੂਮਤੀ ਸਹੂਲਤਾਂ ਦੀ ਪੂਰਤੀ ਲਈ ਅਤੇ ਆਪਣੀ ਪੈਦਾਵਾਰ ਦੀਆਂ ਸਹੀ ਕੀਮਤਾਂ ਪ੍ਰਾਪਤ ਕਰਨ ਲਈ ਮਜਬੂਰਨ ਸਰਹੱਦਾਂ ਉਤੇ ਗਰਮੀ-ਸਰਦੀ ਦੇ ਮੌਸਮ ਵਿਚ ਸੰਘਰਸ ਕਰ ਰਹੇ ਹਨ । ਦੂਸਰੇ ਪਾਸੇ ਮੌਜੂਦਾ ਸੈਟਰ ਦੀ ਬੀਜੇਪੀ-ਆਰ.ਐਸ.ਐਸ. ਨਾਲ ਸੰਬੰਧਤ ਹੁਕਮਰਾਨ, ਉਨ੍ਹਾਂ ਦੇ ਐਮ.ਪੀ ਆਗੂ ਹਕੂਮਤੀ ਸਹਿ ਉਤੇ ਇਨ੍ਹਾਂ ਮਿਹਨਤਕਸ ਜਿੰਮੀਦਾਰ ਮਜਦੂਰ ਵਰਗ ਵਿਰੁੱਧ ਨਫਰਤ ਭਰੀਆ ਅਤੇ ਭੜਕਾਊ ਬਿਆਨਬਾਜੀ ਕਰਕੇ ਬਲਦੀ ਉਤੇ ਤੇਲ ਪਾਉਣ ਦੀ ਬਜਰ ਗੁਸਤਾਖੀ ਕਰ ਰਹੀਆ ਹਨ । ਜਿਸਦੀ ਬਦੌਲਤ ਇਸ ਸੰਘਰਸ ਦੌਰਾਨ ਬੀਤੇ ਦਿਨੀ ਖਨੌਰੀ ਬਾਰਡਰ ਉਤੇ ਲੰਮੇ ਸਮੇ ਤੋ ਗੁਰਮੀਤ ਸਿੰਘ ਨਾਮ ਦਾ ਕਿਸਾਨ ਜੋ ਬਿਜਲੀ ਦੇ ਕੰਮ ਬਾਰੇ ਚੌਖੀ ਜਾਣਕਾਰੀ ਰੱਖਦਾ ਸੀ ਅਤੇ ਲੰਮੇ ਸਮੇ ਤੋ ਉਸ ਸਰਹੱਦ ਤੇ ਚੱਲ ਰਹੇ ਮੋਰਚੇ ਵਿਚ ਸੇਵਾ ਕਰ ਰਿਹਾ ਸੀ, ਉਸਦੇ ਚੱਲੇ ਜਾਣ ਉਤੇ ਕਿਸਾਨ ਵਰਗ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਜੋ ਵੱਡਾ ਘਾਟਾ ਪਿਆ ਹੈ, ਉਹ ਸਰਕਾਰੀ ਜ਼ਬਰ ਅਤੇ ਵਿਤਕਰਿਆ ਪ੍ਰਤੱਖ ਮੂੰਹ ਬੋਲਦੀ ਮਿਸਾਲ ਹੈ ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸਦੇ ਪਰਿਵਾਰ, ਮੈਬਰਾਂ, ਦੋਸਤਾਂ, ਮਿੱਤਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਉਸ ਸ਼ਹੀਦ ਹੋਏ ਕਿਸਾਨ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕੀਤੀ ਜਾਂਦੀ ਹੈ, ਉਥੇ ਪਰਿਵਾਰਿਕ ਮੈਬਰਾਂ ਤੇ ਸਭਨਾਂ ਨੂੰ ਭਾਣੇ ਵਿਚ ਵਿਚਰਣ ਲਈ ਅਰਜੋਈ ਵੀ ਕੀਤੀ ਜਾਂਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਗੁਰਮੀਤ ਸਿੰਘ ਕਿਸਾਨ ਦੇ ਚਲੇ ਜਾਣ ਉਤੇ ਦੋਵਾਂ ਸਰਕਾਰਾਂ ਦੀਆਂ ਦਿਸ਼ਾਹੀਣ ਜਿੰਮੀਦਾਰਾਂ ਪ੍ਰਤੀ ਅਪਣਾਈਆ ਨੀਤੀਆ ਨੂੰ ਦੋਸ਼ੀ ਠਹਿਰਾਉਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿੰਮੀਦਾਰ ਅਤੇ ਖੇਤ ਮਜਦੂਰ ਵਰਗ ਨੂੰ ਇਹ ਕੋਈ ਸੌਕ ਨਹੀ ਕਿ ਉਹ ਆਪਣੇ ਘਰ ਬੱਚਿਆਂ ਤੋ ਬਾਹਰ ਰਹਿਕੇ ਸਿਰੇ ਦੀ ਗਰਮੀ-ਸਰਦੀ ਅਤੇ ਮੌਸਮ ਤਬਦੀਲੀ ਵਿਚ ਸੜਕਾਂ ਉਤੇ ਧਰਨੇ ਦੇਣ । ਇਹ ਤਾਂ ਸਰਕਾਰ ਵੱਲੋ ਜਿੰਮੀਦਾਰਾਂ ਨਾਲ ਲੰਮੇ ਸਮੇ ਤੋ ਕੀਤੀਆ ਜਾਂਦੀਆ ਆ ਰਹੀਆ ਬੇਇਨਸਾਫ਼ੀਆਂ ਦੀ ਬਦੌਲਤ ਮਜਬੂਰਨ ਇਹ ਧਰਨੇ ਰੈਲੀਆ ਕਰਨੀਆ ਪੈ ਰਹੀਆ ਹਨ । ਜਦੋਕਿ ਐਮ.ਐਸ.ਪੀ, ਸਹੀ ਕੀਮਤ ਤੇ ਖਾਦਾਂ, ਦਵਾਈਆ, ਫਸਲਾਂ ਦੀ ਸਿੰਚਾਈ ਲਈ ਪਾਣੀ ਅਤੇ ਆਪਣੇ ਉਤਪਾਦਾਂ ਦੀ ਸਹੀ ਕੀਮਤ ਤੇ ਖਰੀਦ ਵੇਚ ਤਾਂ ਉਨ੍ਹਾਂ ਦੇ ਵਿਧਾਨਿਕ ਤੇ ਸਮਾਜਿਕ ਅਧਿਕਾਰ ਹਨ। ਜਿਨ੍ਹਾਂ ਨੂੰ ਨਿਰੰਤਰ ਕੁਚਲਿਆ ਜਾਂਦਾ ਆ ਰਿਹਾ ਹੈ । ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੈ ਕਿ ਬੀਬੀ ਕੰਗਣਾ ਰਣੌਤ ਵਰਗੀ ਅਤੇ ਸ੍ਰੀ ਮਨੋਹਰ ਲਾਲ ਖੱਟਰ ਵਰਗੇ ਬੀਜੇਪੀ ਆਗੂ ਪੰਜਾਬੀਆਂ, ਸਿੱਖ ਕੌਮ ਅਤੇ ਕਿਸਾਨ ਵਰਗ ਦੀਆਂ ਅੰਤਰੀਭ ਭਾਵਨਾਵਾ ਨੂੰ ਅਪਮਾਨਜਨਕ ਸ਼ਬਦਾਂ ਰਾਹੀ ਅਖਬਾਰੀ ਹਮਲੇ ਕਰਕੇ ਉਨ੍ਹਾਂ ਦੀਆਂ ਜਾਇਜ ਮੰਗਾਂ ਨੂੰ ਪੂਰਨ ਕਰਨ ਦੀ ਬਜਾਇ ਭੜਕਾਊ ਕਾਰਵਾਈਆ ਕਰਨ ਤੇ ਲੱਗੇ ਹੋਏ ਹਨ । ਸੈਟਰ ਦੀ ਬੀਜੇਪੀ-ਆਰ.ਐਸ.ਐਸ ਸਰਕਾਰ ਦੇ ਵਜੀਰ ਏ ਆਜਮ, ਗ੍ਰਹਿ ਵਜੀਰ ਅਤੇ ਬੀਜੇਪੀ ਪਾਰਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਜਨਤਕ ਤੌਰ ਤੇ ਬੀਬੀ ਕੰਗਣਾ ਰਣੌਤ ਜਾਂ ਮਨੋਹਰ ਲਾਲ ਖੱਟਰ ਵਰਗੇ ਅਪਮਾਨਜਨਕ ਬਿਆਨਬਾਜੀ ਕਰਨ ਵਾਲਿਆ ਦੀ ਵਿਰੋਧਤਾ ਤਾਂ ਕਰਦੇ ਹਨ, ਪਰ ਉਨ੍ਹਾਂ ਵਿਰੁੱਧ ਪਾਰਟੀ ਅਨੁਸਾਸਨੀ ਅਮਲ ਨਾ ਕਰਕੇ ਅਸਲੀਅਤ ਵਿਚ ਖੁਦ ਹੀ ਹੁਕਮਰਾਨ ਨਫਰਤ ਭਰਿਆ ਮਾਹੌਲ ਪੈਦਾ ਕਰ ਰਹੇ ਹਨ । ਜਿਸ ਨਾਲ ਇਸ ਮੁਲਕ ਦੇ ਹਾਲਾਤ ਵਿਸਫੋਟਕ ਬਣਨ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਜੇਕਰ ਵਾਅਕਿਆ ਹੀ ਹੁਕਮਰਾਨ ਤੇ ਬੀਜੇਪੀ ਆਗੂ ਜਿੰਮੀਦਾਰ ਤੇ ਖੇਤ ਮਜਦੂਰਾਂ ਦੇ ਜਾਇਜ ਮਸਲਿਆ ਨੂੰ ਹੱਲ ਕਰਨ ਲਈ ਸੁਹਿਰਦ ਹਨ, ਫਿਰ ਉਹ ਤੁਰੰਤ ਜਿੰਮੀਦਾਰਾਂ, ਪੰਜਾਬੀਆਂ ਅਤੇ ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਵਾਲੇ ਬੀਬੀ ਕੰਗਣਾ ਰਣੌਤ ਅਤੇ ਮਨੋਹਰ ਲਾਲ ਖੱਟਰ ਵਰਗਿਆ ਨੂੰ ਪਾਰਟੀ ਵਿਚੋ ਬਰਤਰਫ ਕਰਨ ਦੀ ਅਨੁਸਾਸਨੀ ਜਿੰਮੇਵਾਰੀ ਕਿਉਂ ਨਹੀ ਨਿਭਾਉਦੇ ?