ਸਿੱਖ ਭਾਵੇ ਕਿਸੇ ਵੀ ਸੰਗਠਨ, ਪਾਰਟੀ, ਸੰਸਥਾਂ ਵਿਚ ਕਿਉਂ ਨਾ ਬੈਠਾ ਹੋਵੇ, ਸਿੱਖੀ ਮੁੱਦੇ ਉਤੇ ਸਿੱਖਾਂ ਨੂੰ 12 ਮਿਸਲਾਂ ਦੀ ਤਰ੍ਹਾਂ ਸਮੇਂ ਨਾਲ ਇਕੱਤਰ ਹੋਣਾ ਚਾਹੀਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 23 ਸਤੰਬਰ ( ) “ਇਹ ਸਮੁੱਚੀ ਦੁਨੀਆਂ, ਮੁਲਕਾਂ, ਪਾਰਟੀਆਂ, ਸੰਗਠਨਾਂ ਨੂੰ ਮੁਕੰਮਲ ਜਾਣਕਾਰੀ ਹੈ ਕਿ ਮੋਦੀ ਦੀ ਬੀਜੇਪੀ-ਆਰ.ਐਸ.ਐਸ. ਹਕੂਮਤ ਘੱਟ ਗਿਣਤੀ ਸਿੱਖ ਕੌਮ ਉਤੇ ਨਿਰੰਤਰ ਲੰਮੇ ਸਮੇਂ ਤੋਂ ਜਬਰ ਜੁਲਮ ਹੀ ਨਹੀ ਕਰਦੀ ਆ ਰਹੀ ਬਲਕਿ ਇਕ ਜਾਬਰ ਨੀਤੀ ਅਧੀਨ ਆਜ਼ਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਇਹ ਹੁਕਮਰਾਨ ਸਾਜਸੀ ਢੰਗਾਂ ਰਾਹੀ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਕਤਲ ਕਰਵਾਉਣ ਦੀ ਨੀਤੀ ਤੇ ਅਮਲ ਕਰਦੇ ਆ ਰਹੇ ਹਨ, ਜੋ ਇਨਸਾਨੀਅਤ ਅਤੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀਆਂ ਲੀਹਾਂ ਦਾ ਘੋਰ ਉਲੰਘਣ ਹੈ। ਕਿਉਂਕਿ ਇਸ ਵਿਸੇ ਉਤੇ ਅਮਰੀਕਾ ਤੇ ਕੈਨੇਡਾ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਮਾਰਨ ਵਾਲੀ ਮੋਦੀ ਹਕੂਮਤ ਵਿਰੁੱਧ ਕਾਨੂੰਨੀ ਅਮਲ ਹੀ ਸੁਰੂ ਨਹੀ ਕੀਤੀ, ਬਲਕਿ ਸੰਮਨ ਜਾਰੀ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਹ ਹਕੂਮਤ ਸਿੱਖ ਕੌਮ ਦੀ ਕਾਤਲ ਹੈ । ਜਦੋ ਵੀ ਸਿੱਖਾਂ ਉਤੇ ਹੁਕਮਰਾਨ ਅਜਿਹਾ ਜ਼ਬਰ ਕਰਦੇ ਹਨ, ਭਾਵੇ ਸਿੱਖ ਕਿਸੇ ਵੀ ਪਾਰਟੀ, ਸੰਗਠਨ, ਸੰਸਥਾਂ ਦੇ ਕਿੰਨੇ ਵੀ ਉਚੇ ਤੋ ਉੱਚੇ ਅਹੁਦੇ ਉਤੇ ਬੈਠਾ ਹੋਵੇ, ਤਾਂ ਉਸਦਾ ਧਰਮੀ ਤੇ ਇਖਲਾਕੀ ਫਰਜ ਬਣਦਾ ਹੈ ਕਿ ਉਹ ਸਿੱਖ ਕੌਮ ਉਤੇ ਹੋ ਰਹੇ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਵਿਰੁੱਧ, ਸਿੱਖੀ ਸਿਧਾਤਾਂ ਤੇ ਸੋਚ ਦੇ ਵਿਰੁੱਧ ਹੋਣ ਵਾਲੇ ਅਜਿਹੇ ਅਮਲਾਂ ਦਾ ਦ੍ਰਿੜਤਾ ਤੇ ਨਿਰਪੱਖਤਾ ਨਾਲ ਸਮੂਹਿਕ ਤੌਰ ਤੇ ਆਵਾਜ ਬੁਲੰਦ ਕਰਨ, ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਉਸੇ ਤਰ੍ਹਾਂ ਸੰਘਰਸ ਕਰਨ ਜਿਵੇ ਕਿਸੇ ਸਮੇ ਸਿੱਖ ਕੌਮ ਦੀਆਂ 12 ਮਿਸਲਾਂ ਬੇਸੱਕ ਆਪੋ ਆਪਣੇ ਰਾਜ ਭਾਗ ਦੀਆਂ ਹੱਦਾਂ ਨੂੰ ਵਧਾਉਣ ਲਈ ਆਪਸ ਵਿਚ ਲੜਦੀਆ ਸਨ, ਪਰ ਜਦੋ ਕੋਈ ਬਾਹਰੀ ਹਮਲਾ ਹੁੰਦਾ ਸੀ ਤਾਂ ਇਹ 12 ਮਿਸਲਾਂ ਇਕਦਮ ਇਕੱਤਰ ਹੋ ਕੇ ਦੁਸਮਣ ਵਿਰੁੱਧ ਲੜਦੀਆ ਸਨ ਅਤੇ ਫਤਹਿ ਪ੍ਰਾਪਤ ਕਰਦੀਆ ਸਨ । ਇਸੇ ਤਰ੍ਹਾਂ ਵੱਖ-ਵੱਖ ਸੰਗਠਨਾਂ, ਪਾਰਟੀਆਂ ਵਿਚ ਬੈਠੇ ਸਿੱਖਾਂ ਨੂੰ ਸਿੱਖ ਮੁੱਦਿਆ ਉਤੇ ਇਕੱਠੇ ਹੋ ਕੇ ਆਵਾਜ ਉਠਾਉਣੀ ਬਣਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤੀ ਜਨਤਾ ਪਾਰਟੀ-ਆਰ.ਐਸ.ਐਸ ਦੇ ਕੌਮੀ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਜਿਨ੍ਹਾਂ ਨੇ ਸ੍ਰੀ ਰਾਹੁਲ ਗਾਂਧੀ ਵੱਲੋ ਸਿੱਖ ਕੌਮ ਉਤੇ ਹੋ ਰਹੇ ਜ਼ਬਰ ਵਿਰੁੱਧ ਉਠਾਈ ਆਵਾਜ ਦੀ ਗੈਰ ਦਲੀਲ ਢੰਗ ਨਾਲ ਵਿਰੋਧਤਾ ਕੀਤੀ ਹੈ, ਨੂੰ ਸ. ਮਾਨ ਵੱਲੋ ਲਿਖੇ ਗਏ ਇਕ ਪੱਤਰ ਵਿਚ ਪ੍ਰਗਟ ਕੀਤੇ । ਉਨ੍ਹਾਂ ਸ. ਸਿਰਸਾ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਕਿਸੇ ਵੀ ਸਿੱਖ ਨੂੰ ਆਪਣੀ ਸਿਆਸੀ ਪਾਰਟੀ ਦਾ ਇਸ ਢੰਗ ਨਾਲ ਗੁਲਾਮ ਨਹੀ ਬਣਨਾ ਚਾਹੀਦਾ ਜਿਸ ਨਾਲ ਸਿੱਖੀ ਸਿਧਾਤਾਂ, ਸੋਚ ਅਤੇ ਸਿੱਖਾਂ ਦੇ ਗੰਭੀਰ ਮਸਲਿਆ ਉਤੇ ਸੁਹਿਰਦ ਹੋਣ ਦੀ ਬਜਾਏ ਆਪਣੀ ਪਾਰਟੀ ਦੀ ਸਿੱਖ ਵਿਰੋਧੀ ਬੋਲੀ ਬੋਲਣ ਲੱਗ ਪੈਣ । ਉਨ੍ਹਾਂ ਕਿਹਾ ਕਿ ਜਦੋ ਰਾਜਸਥਾਂਨ, ਜਲੰਧਰ, ਚੰਡੀਗੜ੍ਹ, ਦਿੱਲੀ ਆਦਿ ਹੋਰ ਸਥਾਨਾਂ ਉਤੇ ਬੱਚੇ-ਬੱਚੀਆਂ ਦੇ ਹੋਣ ਵਾਲੇ ਇਮਤਿਹਾਨਾਂ ਜਾਂ ਨੌਕਰੀ ਸੰਬੰਧੀ ਪੇਪਰਾਂ ਸਮੇ ਇਮਤਿਹਾਨ ਕੇਦਰਾਂ ਵਿਚ ਸਿੱਖ ਬੱਚੇ-ਬੱਚੀਆਂ ਆਪਣੇ ਕਕਾਰ ਪਹਿਨਕੇ ਜਾਂਦੇ ਸਨ, ਤਾਂ ਉਨ੍ਹਾਂ ਕੋਲੋ ਜ਼ਬਰੀ ਕੜੇ ਤੇ ਕਿਰਪਾਨਾਂ ਲੁਹਾ ਦਿੱਤੀਆ ਜਾਂਦੀਆ ਸਨ ਜਿਸਦੀ ਕਿ ਇੰਡੀਅਨ ਵਿਧਾਨ ਵੀ ਇਜਾਜਤ ਨਹੀ ਦਿੰਦਾ, ਉਸ ਸਮੇ ਸ. ਮਨਜਿੰਦਰ ਸਿੰਘ ਸਿਰਸਾ ਵਰਗੇ ਸਿੱਖਾਂ ਵੱਲੋ ਨਾ ਬੋਲਣਾ ਜਾਂ ਸਿੱਖ ਵਿਰੋਧੀ ਤਾਕਤਾਂ ਦੇ ਹੱਕ ਵਿਚ ਗੱਲ ਕਰਨ ਦੀ ਗੱਲ ਅਤਿ ਮੰਦਭਾਗੀ ਹੈ । ਕਿਉਂਕਿ ਅਸੀਂ ਜਨਮ ਵੀ ਸਿੱਖ ਕੌਮ ਵਿਚ ਲਿਆ ਹੈ ਅਤੇ ਮਰਾਂਗੇ ਵੀ ਸਿੱਖ ਕੌਮ ਵਿਚ ਰਹਿੰਦੇ ਹੋਏ । ਇਸ ਲਈ ਪਹਿਲਾ ਅਸੀ ਸਿੱਖ ਹਾਂ ਬਾਅਦ ਵਿਚ ਪਾਰਟੀਆ ਦੇ ਨੁਮਾਇੰਦੇ । ਜੇਕਰ ਆਪਣੇ ਕੋਲ ਧਰਮ ਅਤੇ ਸੱਚ ਹੀ ਨਾ ਰਿਹਾ ਤਾਂ ਅਸੀਂ ਕਿਸੇ ਰਹਿਣ ਵਾਲੀ ਪਾਰਟੀ, ਸੰਗਠਨ ਜਾਂ ਸੰਸਥਾਂ ਦੇ ਲਈ ਕਦੀ ਵੀ ਕੁਝ ਚੰਗੇਰਾ ਨਹੀ ਕਰ ਸਕਾਂਗੇ । ਬਲਕਿ ਅੱਛੇ ਅਸੂਲਾਂ ਤੇ ਸਿਧਾਤਾਂ ਅਤੇ ਸੱਚ ਤੇ ਪਹਿਰਾ ਦੇਣ ਵਾਲਾ ਇਨਸਾਨ ਹੀ ਕਿਸੇ ਸਮਾਜ, ਪਾਰਟੀ, ਸੰਗਠਨ, ਸੂਬੇ ਜਾਂ ਮੁਲਕ ਲਈ ਹੀ ਕੁਝ ਕਰ ਸਕਦਾ ਹੈ। ਇਸ ਲਈ ਸ. ਸਿਰਸਾ ਵਰਗੇ ਜਾਂ ਸ. ਰਵਨੀਤ ਸਿੰਘ ਬਿੱਟੂ ਵਰਗੇ ਕਿਸੇ ਵੀ ਸਿੱਖ ਨੂੰ ਆਪਣੀ ਪਾਰਟੀ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਕੇ ਸਿੱਖੀ ਸਿਧਾਤਾਂ, ਸੋਚ ਨੂੰ ਤਿਲਾਜਲੀ ਬਿਲਕੁਲ ਨਹੀ ਦੇਣੀ ਚਾਹੀਦੀ । ਜੇਕਰ ਕੋਈ ਅਜਿਹਾ ਕਰੇਗਾ ਤਾਂ ਉਹ ਆਪਣੀ ਕੌਮ ਤੇ ਸਮਾਜ ਵਿਚੋ ਹੀ ਮਨਫੀ ਨਹੀ ਹੋਵੇਗਾ ਬਲਕਿ ਇਖਲਾਕੀ ਤੌਰ ਤੇ ਵੀ ਇਕ ਮ੍ਰਿਤਕ ਦੀ ਤਰ੍ਹਾਂ ਹੀ ਵਿਚਰੇਗਾ । ਇਸ ਲਈ ਸਿਧਾਤਾਂ ਤੇ ਸੋਚ ਨੂੰ ਕਦੀ ਵੀ ਅਲਵਿਦਾ ਨਹੀ ਕਹਿਣੀ ਚਾਹੀਦੀ । ਬਲਕਿ ਸਿਧਾਤਾਂ ਤੇ ਪਹਿਰਾ ਦਿੰਦੇ ਹੋਏ ਆਪੋ ਆਪਣੀ ਪਾਰਟੀ, ਸੰਗਠਨ ਵਿਚ ਕੰਮ ਕਰਨਾ ਚਾਹੀਦਾ ਹੈ । ਅਜਿਹਾ ਉਦਮ ਕਰਕੇ ਹੀ ਉਹ ਆਪਣੇ ਲੋਕਾਂ ਤੇ ਕੌਮ ਵਿਚ ਜਿਊਦਾ ਰਹਿ ਸਕਦੇ ਹਨ ਵਰਨਾ ਨਹੀ ।