ਰਾਹੁਲ ਗਾਂਧੀ ਵੱਲੋਂ ਸਿੱਖ ਕੌਮ ਉਤੇ ਹੋਏ ਜੁਲਮ ਸੰਬੰਧੀ ਸੱਚ ਨੂੰ ਉਜਾਗਰ ਕਰਨ ਤੇ ਬੀਜੇਪੀ ਅਤੇ ਸ੍ਰੀ ਧਨਖੜ ਅੱਗ ਬਬੂਲਾ ਕਿਉਂ ਹੋ ਰਹੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 13 ਸਤੰਬਰ ( ) “ਜਦੋਂ ਇੰਡੀਆਂ ਦੀ ਮੌਜੂਦਾ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਵੱਲੋਂ, ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਮਾਰਨ ਦੀ ਸਾਜਿਸ ਉਤੇ ਅਮਲ ਕਰਦੇ ਹੋਏ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ, ਜਿਸ ਅਣਮਨੁੱਖੀ ਇੰਡੀਆਂ ਦੀਆਂ ਕਾਰਵਾਈਆ ਉਤੇ ਕੈਨੇਡਾ, ਅਮਰੀਕਾ ਨੇ ਹੀ ਨਹੀ ਬਲਕਿ ਫਾਈਵ ਆਈ ਮੁਲਕਾਂ ਨੇ ਕੌਮਾਂਤਰੀ ਪੱਧਰ ‘ਤੇ ਪੀੜ੍ਹਤ ਸਿੱਖ ਕੌਮ ਦੇ ਹੱਕ ਵਿਚ ਦ੍ਰਿੜਤਾ ਪੂਰਵਕ ਸਟੈਡ ਲਿਆ ਹੈ ਅਤੇ ਪੂਰੇ ਸੰਸਾਰ ਨੂੰ ਸਿੱਖਾਂ ਉਤੇ ਹੋ ਰਹੇ ਹਕੂਮਤੀ ਜ਼ਬਰ ਜੁਲਮ ਬਾਰੇ ਨਸਰ ਕੀਤਾ ਹੈ । ਉਸ ਉਪਰੰਤ ਜੇਕਰ ਕਾਂਗਰਸੀ ਆਗੂ ਸ੍ਰੀ ਰਾਹੁਲ ਗਾਂਧੀ ਨੇ ਅਮਰੀਕਾ ਦੌਰੇ ਦੌਰਾਨ ਸਿੱਖ ਕੌਮ ਉਤੇ ਹੋ ਰਹੇ ਅਣਮਨੁੱਖੀ ਜ਼ਬਰ ਜੁਲਮ ਦੇ ਦੁੱਖ ਨੂੰ ਅੰਤਰ ਆਤਮਾ ਤੋ ਮਹਿਸੂਸ ਕਰਦੇ ਹੋਏ ਮੌਜੂਦਾ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਵਿਰੁੱਧ ਆਵਾਜ ਬੁਲੰਦ ਕੀਤੀ ਹੈ ਤਾਂ ਹੁਣ ਬੀਜੇਪੀ ਦੇ ਕੱਟੜਵਾਦੀ ਆਗੂਆਂ ਅਤੇ ਇੰਡੀਆ ਦੇ ਵਾਈਸ ਪ੍ਰੈਜੀਡੈਟ ਸ੍ਰੀ ਧਨਖੜ ਵੱਲੋ ਇਸ ਸੱਚਾਈ ਦਾ ਸਾਹਮਣਾ ਕਰਨ ਅਤੇ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਇ ਹੁਣ ਕੱਪੜਿਆ ਤੋ ਬਾਹਰ ਕਿਉਂ ਹੋ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਦੇ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੈਸੰਕਰ, ਰਾਜਨਾਥ ਸਿੰਘ, ਅਜੀਤ ਡੋਵਾਲ, ਰਵੀ ਸਿਨ੍ਹਾ ਅਤੇ ਸੰਮਤ ਗੋਇਲ ਦੀ ਜਾਬਰ ਟੋਲੀ ਵੱਲੋ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਮਾਰਨ ਦੀ ਸੱਚਾਈ ਜੋਰ ਸੋਰ ਨਾਲ ਕੌਮਾਂਤਰੀ ਪੱਧਰ ਤੇ ਪ੍ਰਤੱਖ ਹੋਣ ਉਤੇ ਮੋਦੀ ਹਕੂਮਤ ਦੇ ਆਗੂ ਅਤੇ ਸ੍ਰੀ ਧਨਖੜ ਸੱਚਾਈ ਤੋ ਮੂੰਹ ਮੋੜਕੇ, ਗੁੰਮਰਾਹਕੁੰਨ ਝੂਠ ਦੀ ਗੈਰ ਦਲੀਲ ਢੰਗ ਨਾਲ ਪੈਰਵੀ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸਮੁੱਚੀ ਬੀਜੇਪੀ ਹਕੂਮਤ ਦੇ ਉਪਰੋਕਤ ਸਿੱਖ ਕੌਮ ਦੇ ਕਾਤਲ ਵਜੀਰਾਂ, ਅਫਸਰਾਂ ਨੂੰ ਕੌਮਾਂਤਰੀ ਕਟਹਿਰੇ ਵਿਚ ਬਤੌਰ ਕਾਤਲ ਖੜ੍ਹੇ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਕਾਤਲ ਵਜੀਰਾਂ ਅਤੇ ਅਫਸਰਾਨ ਉਤੇ ਤਾਂ ਇਹ ਕਹਾਵਤ ‘ਉਲਟਾ ਚੋਰ ਕੋਤਵਾਲ ਨੂੰ ਡਾਟੇ’ ਸਹੀ ਸਾਬਤ ਹੋ ਰਹੀ ਹੈ । ਜੋ ਸਿੱਖ ਕੌਮ ਉਤੇ ਹੋ ਰਹੇ ਜ਼ਬਰ ਜਿਸ ਨੂੰ ਅੱਜ ਦੁਨੀਆ ਦੇ ਸਮੁੱਚੇ ਵੱਡੇ ਮੁਲਕ ਪ੍ਰਵਾਨ ਵੀ ਕਰ ਚੁੱਕੇ ਹਨ ਅਤੇ ਉਸ ਵਿਰੁੱਧ ਆਵਾਜ ਵੀ ਉਠਾ ਰਹੇ ਹਨ, ਉਸ ਸੱਚ ਤੋ ਇਹ ਜਨਤਕ ਤੌਰ ਤੇ ਇਨਕਾਰ ਕਰਕੇ ਆਪਣੇ ਦੋਸ਼ਾਂ ਤੋ ਕਤਈ ਨਹੀ ਬਚ ਸਕਣਗੇ । ਆਖਿਰ ਨੂੰ ਕੌਮਾਂਤਰੀ ਅਦਾਲਤ ਇੰਟਰਨੈਸ਼ਨਲ ਕਰੀਮੀਨਲ ਕੋਰਟ ਆਫ ਹੇਂਗ ਵਿਚ ਅਵੱਸ ਸਜਾ ਦੇ ਭਾਗੀ ਬਣਨਗੇ । ਕਿਉਂਕਿ ਇਨ੍ਹਾਂ ਹੁਕਮਰਾਨਾਂ ਨੇ ਬੀਤੇ ਸਮੇ ਵਿਚ ਵੀ ਸਿੱਖ ਕੌਮ ਦੇ ਹੋਏ ਕਤਲੇਆਮ ਵਿਚ ਪੂਰੀ ਤਰ੍ਹਾਂ ਹਾਮੀ ਵੀ ਭਰੀ ਸੀ ਅਤੇ ਸਿੱਖ ਕੌਮ ਵਿਰੁੱਧ ਨਫਰਤ ਭਰਿਆ ਬਨਾਵਟੀ ਮਾਹੌਲ ਉਸਾਰਨ ਵਿਚ ਵੀ ਵੱਡੀ ਭੂਮਿਕਾ ਨਿਭਾਈ ਸੀ ਅਤੇ ਇਨ੍ਹਾਂ ਦੇ ਆਗੂ ਸ੍ਰੀ ਵਾਜਪਾਈ ਨੇ ਬਲਿਊ ਸਟਾਰ ਦੇ ਹਮਲੇ ਤੋ ਬਾਅਦ ਮਰਹੂਮ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇ ਕੇ ਸਨਮਾਨਿਆ ਸੀ ਅਤੇ ਦੂਸਰੇ ਆਗੂ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਇਸ ਲਈ ਕੇਵਲ ਮੌਜੂਦਾ ਬੀਜੇਪੀ-ਆਰ.ਐਸ.ਐਸ ਦੇ ਆਗੂ ਹੀ ਨਹੀ ਬਲਕਿ ਬੀਤੇ ਸਮੇ ਦੇ ਮੁਤੱਸਵੀ ਆਗੂ ਵੀ ਅਣਮਨੁੱਖੀ ਅਤੇ ਗੈਰ ਕਾਨੂੰਨੀ ਢੰਗ ਨਾਲ ਸਿੱਖ ਕੌਮ ਦੇ ਕੀਤੇ ਗਏ ਕਤਲੇਆਮ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਢਹਿ ਢੇਰੀ ਕਰਨ ਲਈ ਸਿੱਧੇ ਤੌਰ ਤੇ ਜਿੰਮੇਵਾਰ ਹਨ । ਇਸ ਲਈ ਇਨ੍ਹਾਂ ਨੂੰ ਕੋਈ ਹੱਕ ਨਹੀ ਕਿ ਸਾਜਸੀ ਢੰਗਾਂ ਨਾਲ ਬੀਤੇ ਸੱਚ ਨੂੰ ਝੁਠਲਾਉਣ ਦੇ ਅਮਲ ਕਰਨ ਅਤੇ ਆਪਣੇ ਆਪ ਨੂੰ ਗੈਰ ਦਲੀਲ ਢੰਗ ਨਾਲ ਨਿਰਦੋਸ ਸਾਬਤ ਕਰਨ । ਕਿਉਂਕਿ ਇਨ੍ਹਾਂ ਨੇ ਅੱਜ ਤੱਕ ਸਿੱਖ ਕੌਮ ਦੇ ਕੀਤੇ ਗਏ ਕਤਲੇਆਮ ਅਤੇ ਉਜਾੜੇ ਦੇ ਇਕ ਵੀ ਦੋਸ਼ੀ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਨਾ ਸਜਾਂ ਦਿੱਤੀ ਹੈ ਅਤੇ ਨਾ ਹੀ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਹੈ, ਨਾ ਹੀ ਵਿਧਵਾਵਾਂ ਅਤੇ ਬੇਸਹਾਰਾ ਹੋਏ ਪਰਿਵਾਰਾਂ ਦੀ ਕੋਈ ਇਨਸਾਨੀ ਤੇ ਕਾਨੂੰਨੀ ਤੌਰ ਤੇ ਸੰਭਾਲ ਕੀਤੀ ਹੈ ।