ਬਾਦਲ ਦਲ ਅਤੇ ਬਾਗੀ ਦਲ ਦੇ ਦੋਸ਼ੀ ਆਗੂਆਂ ਸੰਬੰਧੀ ਫੈਸਲਾ ਕਰਦੇ ਹੋਏ, ਸਿੰਘ ਸਾਹਿਬਾਨ ਕੌਮੀ ਭਾਵਨਾਵਾ ਅਨੁਸਾਰ ਹੀ ਅਮਲ ਕਰਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 15 ਅਗਸਤ ( ) “ਸਿੱਖ ਕੌਮ ਦੀ ਸਿਆਸਤ ਅਤੇ ਧਰਮੀ ਸੰਸਥਾਵਾਂ ਉਤੇ ਰਾਜ ਭਾਗ ਕਰਨ ਵਾਲੀ ਦਿਸ਼ਾਹੀਣ ਤੇ ਕੰਮਜੋਰ ਲੀਡਰਸਿਪ ਦੀਆਂ ਨਾਮੁਆਫ਼ ਕਰਨ ਯੋਗ ਕੀਤੀਆਂ ਬਜਰ ਗੁਸਤਾਖੀਆਂ ਦੀ ਬਦੌਲਤ ਅੱਜ ਸਿੱਖ ਕੌਮ ਅਤਿ ਖ਼ਤਰਨਾਕ ਮੋੜ ਤੇ ਆ ਖੜ੍ਹੀ ਹੈ । ਜੇਕਰ ਅੱਜ ਵੀ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨਾਂ ਨੇ ਕੌਮੀ ਭਾਵਨਾਵਾ ਨੂੰ ਨਜਰਅੰਦਾਜ ਕਰਕੇ ਜਾਂ ਸਿਆਸੀ ਪ੍ਰਭਾਵ ਨੂੰ ਕਬੂਲਦੇ ਹੋਏ ਦਾਗੋ ਦਾਗ ਹੋਈ ਦੋਸ਼ੀ ਲੀਡਰਸਿਪ ਨੂੰ ਕੌਮ ਦੇ ਮਹਾਨ ਤਖ਼ਤ ਤੋਂ ਫੈਸਲਾ ਸੁਣਾਉਦੇ ਹੋਏ ਰਵਾਇਤੀ ਸਜ਼ਾਵਾਂ ਨਾਲ ਮੁਆਫ਼ ਕਰ ਦਿੱਤਾ ਤਾਂ ਮੌਜੂਦਾ ਤਖ਼ਤਾਂ ਦੇ ਬਿਰਾਜਮਾਨ ਸਿੰਘ ਸਾਹਿਬਾਨ ਵੀ ਕੌਮ ਦੀਆਂ ਨਜ਼ਰਾਂ ਵਿਚ ਉਥੇ ਜਾ ਖਲੋਣਗੇ ਜਿਥੇ ਮੌਜੂਦਾ ਦਾਗੋ ਦਾਗ ਹੋਈ ਦੋਸ਼ੀ ਲੀਡਰਸਿਪ ਖੜ੍ਹੀ ਹੈ ਅਤੇ ਜਿਨ੍ਹਾਂ ਨੂੰ ਸਿੱਖ ਕੌਮ ਪੂਰਨ ਰੂਪ ਵਿਚ ਅਪ੍ਰਵਾਨ ਕਰ ਚੁੱਕੀ ਹੈ । ਇਸ ਲਈ 5 ਮਹਾਨ ਤਖ਼ਤਾਂ ਦੇ ਸਤਿਕਾਰਿਤ ਸਿੰਘ ਸਾਹਿਬਾਨ ਆਪਣੇ ਮਹਾਨ ਰੁਤਬਿਆ ਤੇ ਤਖ਼ਤ ਦੇ ਮਾਣ-ਸਨਮਾਨ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਜਿਸ ਨੂੰ ਸਿੱਖ ਕੌਮ ਰੱਬੀ ਤਖ਼ਤ ਪ੍ਰਵਾਨ ਕਰਦੀ ਹੈ, ਉਸਦੇ ਵਿਸਵਾਸ ਤੇ ਭਰੋਸੇ ਨੂੰ ਕਾਇਮ ਰੱਖੇ । ਅਜਿਹਾ ਲਾਮਿਸਾਲ ਫੈਸਲਾ ਕਰਨ ਵਿਚ ਭੂਮਿਕਾ ਨਿਭਾਏ ਜਿਸ ਨਾਲ ਇਕ ਵਾਰੀ ਫਿਰ ਸਮੁੱਚੇ ਸੰਸਾਰ ਦੀਆਂ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਨੂੰ ਅਕਾਲੀ ਫੂਲਾ ਸਿੰਘ ਜੀ ਵੱਲੋ ਦਿਖਾਈ ਦ੍ਰਿੜਤਾ ਅਤੇ ਦਿੱਤੀ ਸੁਚੱਜੀ ਅਗਵਾਈ ਯਾਦ ਆ ਜਾਵੇ ਅਤੇ ਕੌਮ ਬਿਨ੍ਹਾਂ ਕਿਸੇ ਕਿੰਤੂ-ਪ੍ਰੰਤੂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਕੇ ਆਪਣੀ ਕੌਮੀ ਮੰਜਿਲ ਵੱਲ ਦ੍ਰਿੜਤਾ ਨਾਲ ਵੱਧ ਸਕੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਨੂੰ 30 ਅਗਸਤ ਨੂੰ ਬਾਦਲ ਦਲ ਅਤੇ ਬਾਗੀ ਦਲ ਦੇ ਦੋਸ਼ੀ ਆਗੂਆਂ ਸੰਬੰਧੀ ਹੋਣ ਵਾਲੇ ਫੈਸਲੇ ਵਿਚ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਮੁੱਖ ਰੱਖਕੇ ਅਮਲ ਕਰਨ ਦੀ ਸਿੱਖ ਕੌਮ ਦੇ ਬਿਨ੍ਹਾਂ ਤੇ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸਿੰਘ ਸਾਹਿਬਾਨ ਨਿਰਪੱਖਤਾ ਨਾਲ ਅਤੇ ਬੀਤੇ ਸਮੇ ਦੇ ਇਤਿਹਾਸਿਕ ਫੈਸਲਿਆ ਦੀ ਨਜਰ ਵਿਚ ਇਸ ਸਮੇ ਫੈਸਲਾ ਕਰ ਸਕਣਗੇ, ਤਾਂ ਇਸ ਕੀਤੇ ਗਏ ਉਦਮ ਨਾਲ ਹਰ ਸਿੱਖ ਦੀ ਜੁਬਾਨ ਤੇ ਆਤਮਾ ਵਿਚੋ ਮੌਜੂਦਾ ਜਥੇਦਾਰ ਸਾਹਿਬਾਨ ਲਈ ਪ੍ਰਸ਼ੰਸ਼ਾਂ ਦੇ ਚਸਮੇ ਫੁੱਟ ਸਕਣਗੇ । ਉਨ੍ਹਾਂ ਇਕ ਨੇਕ ਤੇ ਸਰਬ ਪ੍ਰਵਾਨਿਤ ਸੁਝਾਅ ਦਿੰਦੇ ਹੋਏ ਕਿਹਾ ਕਿ ਬੇਸੱਕ ਅੰਗਰੇਜਾਂ ਤੇ ਮੁਤੱਸਵੀ ਹੁਕਮਰਾਨਾਂ ਦੀ ਸੌੜੀ ਤੇ ਸਵਾਰਥੀ ਸੋਚ ਦੀ ਬਦੌਲਤ ਆਜਾਦੀ ਨਾਲ ਵਿਚਰਣ ਵਾਲੀ ਸਿੱਖ ਕੌਮ ਨੂੰ ਸਿਆਸੀ ਅਤੇ ਧਾਰਮਿਕ ਤੌਰ ਤੇ ਕਾਬੂ ਰੱਖਣ ਲਈ ਗੁਰਦੁਆਰਾ ਐਕਟ 1925 ਨੂੰ ਹੋਦ ਵਿਚ ਲਿਆਉਣ ਦਾ ਅਮਲ ਕੀਤਾ ਅਤੇ ਸਾਡੇ ਸਤਿਕਾਰਿਤ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾਮੁਕਤੀ ਦੇ ਫੈਸਲੇ ਕਰਨ ਲਈ ਐਸ.ਜੀ.ਪੀ.ਸੀ ਦੀ ਅੰਤਰਿੰਗ ਕਮੇਟੀ ਦੇ ਹਵਾਲੇ ਕਰਕੇ ਇਹ ਅਧਿਕਾਰ ਸਿਆਸਤ ਉਤੇ ਕਾਬਜ ਸਵਾਰਥੀ ਲੋਕਾਂ ਨੂੰ ਦੇਣ ਦੀ ਕੋਸਿਸ ਕੀਤੀ ਗਈ । ਪਰ ਅੱਜ ਇਸ ਦੋਸ਼ਪੂਰਨ ਵਿਧੀ ਤੇ ਵਿਧਾਨ ਨੂੰ ਜਿਥੇ ਬਦਲਣ ਦੀ ਸਖਤ ਲੋੜ ਹੈ, ਉਥੇ ਅਜਿਹਾ ਫੈਸਲੇ ਕਰਨ ਦੀ ਘੜੀ ਆ ਚੁੱਕੀ ਹੈ ਜਿਸ ਨਾਲ ਕੌਮ ਵਿਚ ਵੱਖ-ਵੱਖ ਮੁੱਦਿਆ ਉਤੇ ਪੈਦਾ ਹੋਈ ਦੁਬਿਧਾ ਜਾਂ ਭੰਬਲਭੂਸੇ ਨੂੰ ਸੂਝਵਾਨਤਾ ਨਾਲ ਦੂਰ ਕੀਤਾ ਜਾ ਸਕੇ। ਇਸ ਲਈ ਸਿੰਘ ਸਾਹਿਬਾਨ ਨੂੰ ਇਹ ਵੀ ਅਪੀਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕੌਮ ਦੇ ਦੋਸ਼ੀ ਬਾਦਲ ਦਲ ਅਤੇ ਬਾਗੀ ਦਲ ਦੇ ਆਗੂਆਂ ਦੀ ਅਜਾਰੇਦਾਰੀ ਕਾਇਮ ਹੋ ਚੁੱਕੀ ਹੈ, ਇਸ ਦੋਸ਼ਪੂਰਨ ਨਿਜਾਮ ਨੂੰ ਖਤਮ ਕਰਨ ਲਈ 30 ਅਗਸਤ ਤੋ ਪਹਿਲੇ-ਪਹਿਲੇ ਕੌਮ ਦੇ ਉਨ੍ਹਾਂ ਦਾਨਿਸਵਰਾਂ, ਵਿਦਵਤਾ ਨਾਲ ਭਰਪੂਰ ਚਿੰਤਕਾ ਅਤੇ ਬੁੱਧੀਜੀਵੀਆਂ ਦੀ ਹਰ ਪੱਖੋ ਡੂੰਘੀ ਸੂਝਬੂਝ ਰੱਖਣ ਵਾਲੀਆ 100-150 ਦੇ ਕਰੀਬ ਸਖਸ਼ੀਅਤਾਂ ਦਾ ਇਕੱਠ ਫੌਰੀ ਸ੍ਰੀ ਅਕਾਲ ਤਖਤ ਸਾਹਿਬ ਉਤੇ ਸੱਦਿਆ ਜਾਵੇ । ਤਾਂ ਜੋ ਸਿੱਖ ਕੌਮ ਇਸ ਸੰਕਟ ਦੀ ਘੜੀ ਵਿਚੋ ਬਾਹਰ ਵੀ ਨਿਕਲ ਸਕੇ ਅਤੇ ਸਮੂਹਿਕ ਤੌਰ ਤੇ ਵਿਚਾਰਾਂ ਉਪਰੰਤ ਹੋਣ ਵਾਲੇ ਫੈਸਲਿਆ ਰਾਹੀ ਆਉਣ ਵਾਲੇ ਸਮੇ ਵਿਚ ਇਸ ਮਹਾਨ ਤਖਤ ਤੋ ਸਹੀ ਦਿਸ਼ਾ ਵੱਲ ਕੌਮੀ ਰਵਾਇਤਾ ਅਨੁਸਾਰ ਫੈਸਲੇ ਹੋਣ ਲਈ ਰਾਹ ਪੱਧਰਾਂ ਹੋ ਸਕੇ । ਅਜਿਹੇ ਸਮੂਹਿਕ ਵਿਚਾਰ ਵਟਾਂਦਰੇ ਰਾਹੀ ਜੇਕਰ ਸਿੰਘ ਸਾਹਿਬਾਨ ਸਹੀ ਅਗਵਾਈ ਦੇਣ ਹਿੱਤ ਕੌਮੀ ਰਾਏ ਬਣਾ ਸਕਣਗੇ, ਤਾਂ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਦੇ ਨਿਜਾਮ ਉਤੇ ਕਾਬਜ ਉਨ੍ਹਾਂ ਲੋਕਾਂ ਦੇ ਚੁੰਗਲ ਵਿਚੋ ਵੀ ਬਾਹਰ ਕੱਢਣ ਵਿਚ ਕਾਮਯਾਬ ਹੋ ਸਕਣਗੇ ਅਤੇ ਸਿੱਖ ਕੌਮ ਨੂੰ ਦਰਪੇਸ ਆ ਰਹੀਆ ਵੱਡੀਆਂ ਮੁਸ਼ਕਿਲਾਂ ਵਿਚੋਂ ਸਹੀ ਢੰਗ ਨਾਲ ਕੱਢਣ ਵਿਚ ਵੀ ਕਾਮਯਾਬੀ ਮਿਲ ਸਕੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੌਜੂਦਾ ਤਖ਼ਤਾਂ ਦੇ ਸਤਿਕਾਰਯੋਗ ਸਿੰਘ ਸਾਹਿਬਾਨ ਸਿੱਖ ਕੌਮ ਦੀਆਂ ਅੰਤਰੀਵ ਭਾਵਨਾਵਾ ਅਨੁਸਾਰ 30 ਅਗਸਤ ਨੂੰ ਕੌਮ ਦੇ ਦਾਗੋ ਦਾਗ ਹੋਏ ਬਾਦਲ ਦਲ ਅਤੇ ਬਾਗੀ ਦਲ ਦੇ ਆਗੂਆਂ ਸੰਬੰਧੀ ਸਹੀ ਦਿਸਾ ਵੱਲ ਫੈਸਲਾ ਕਰਕੇ ਭੰਬਲਭੂਸੇ ਵਿਚ ਘਿਰੀ ਕੌਮ ਨੂੰ ਸਹੀ ਅਗਵਾਈ ਦੇਣਗੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਦੇ ‘ਮੀਰੀ-ਪੀਰੀ’ ਦੇ ਸਿਧਾਂਤ ਨੂੰ ਪਹਿਲੇ ਨਾਲੋ ਵੀ ਵਧੇਰੇ ਮਜਬੂਤ ਅਤੇ ਪ੍ਰਫੁੱਲਿਤ ਕਰਨ ਵਿਚ ਆਪਣੀ ਭੂਮਿਕਾ ਨਿਭਾਉਣਗੇ ।