ਆਮ ਆਦਮੀ ਪਾਰਟੀ ਪੰਜਾਬ ਦੇ ਜੰਗਲਾਤ ਵਿਭਾਗ ਦੇ ਵੱਡੇ ਧਨ ਨੂੰ ਬਰਬਾਦ ਕਰ ਰਹੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 14 ਅਗਸਤ ( ) “ਸਰਹਿੰਦ-ਪਟਿਆਲਾ ਹਾਈਵੇਅ ਉਤੇ ਹਜ਼ਾਰਾਂ ਦੀ ਗਿਣਤੀ ਵਿਚ ਜੰਗਲਾਤ ਵਿਭਾਗ ਦੇ ਖੜ੍ਹੇ ਦਰੱਖਤਾਂ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਟਾਈ ਕਰਕੇ ਜੰਗਲਾਤ ਦੇ ਵੱਡੇ ਖਜਾਨੇ ਨੂੰ ਤਬਾਹ ਕਰ ਰਹੀ ਹੈ । ਇਹ ਹੋਰ ਵੀ ਵੱਡਾ ਦੁੱਖ ਅਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਸੈਂਟਰ ਦੀ ਸਰਕਾਰ ਇਸ ਹੋ ਰਹੇ ਵੱਡੇ ਨੁਕਸਾਨ ਉਤੇ ਚੁੱਪੀ ਧਾਰਕੇ ਪੰਜਾਬ ਸਰਕਾਰ ਦੇ ਇਸ ਅਮਲ ਨੂੰ ਉਤਸਾਹਿਤ ਕਰਨ ਦੀ ਭੂਮਿਕਾ ਹੀ ਨਿਭਾਅ ਰਹੀ ਹੈ । ਜਿਸ ਤੋ ਪ੍ਰਤੱਖ ਹੋ ਰਿਹਾ ਹੈ ਕਿ ਅਜਿਹਾ ਕਿਸੇ ਖਾਸ ਸੋਚ ਅਧੀਨ ਦੋਵੇ ਸਰਕਾਰਾਂ ਬਜਰ ਗੁਸਤਾਖੀ ਕਰ ਰਹੀਆ ਹਨ । ਕਿਉਂਕਿ ਜੇਕਰ ਇਨ੍ਹਾਂ ਦਰੱਖਤਾਂ ਤੇ ਪੌਦਿਆਂ ਨੂੰ ਇਸੇ ਤਰ੍ਹਾਂ ਤਬਾਹ ਕੀਤਾ ਜਾਂਦਾ ਰਿਹਾ ਤਾਂ ਸਾਡੀ ਫ਼ੌਜ ਨੂੰ ਆਪਣੀ ਸੁਰੱਖਿਆ ਲਈ ਬਹੁਤ ਮੁਸਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਕਿਉਂਕਿ ਜਦੋ ਬਾਹਰੀ ਮੁਲਕ ਹਮਲਾ ਕਰਦੇ ਹਨ, ਤਾਂ ਇਹ ਦਰੱਖਤ ਸਾਡੀ ਫ਼ੌਜ ਦੀ ਬਹੁਤ ਵੱਡੀ ਸੁਰੱਖਿਆ ਕਰਦੇ ਹਨ । ਜਿਸ ਤੋ ਫ਼ੌਜ ਵਾਂਝੀ ਹੋ ਜਾਵੇਗੀ । ਇਸ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਸੈਟਰ ਦੀ ਮੋਦੀ ਹਕੂਮਤ ਨੂੰ ਸਾਡੇ ਪੰਜਾਬ ਦੇ ਜੰਗਲਾਤ ਦੇ ਇਸ ਵੱਡੇ ਖਜਾਨੇ ਨੂੰ ਤਬਾਹ ਕਰਨ ਦੀ ਗੁਸਤਾਖੀ ਬਿਲਕੁਲ ਨਹੀ ਕਰਨੀ ਚਾਹੀਦੀ । ਕਿਉਂਕਿ ਇਸ ਨਾਲ ਪੰਜਾਬ ਦੇ ਵਾਤਾਵਰਣ ਉਤੇ ਵੀ ਬਹੁਤ ਵੱਡਾ ਮਾੜਾ ਪ੍ਰਭਾਵ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਵੱਲੋ ਸੜਕਾਂ ਦੇ ਆਲੇ-ਦੁਆਲੇ ਹਜਾਰਾਂ ਦੀ ਗਿਣਤੀ ਵਿਚ ਲੰਮੇ ਸਮੇ ਤੋ ਖੜ੍ਹੇ ਦਰੱਖਤ, ਪੌਦਿਆਂ ਦੀ ਬੇਰਹਿੰਮੀ ਨਾਲ ਕਟਾਈ ਕੀਤੇ ਜਾਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਫ਼ੌਜ ਲਈ ਵੱਡੀਆ ਮੁਸ਼ਕਿਲਾਂ ਖੜ੍ਹੀਆ ਕਰਨ ਦੇ ਨਾਲ-ਨਾਲ ਸਾਡੇ ਪੰਜਾਬ ਦੇ ਜੰਗਲਾਤ ਦੇ ਖਜਾਨੇ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।