ਜੋ ਹਾਕੀ, ਜੈਵਲਿਨ ਅਤੇ ਕੁਸਤੀ ਦੀਆਂ ਖੇਡਾਂ ਵਿਚ ਸਾਡੀਆ ਟੀਮਾਂ ਪਹਿਲੇ ਨੰਬਰ ਤੇ ਨਹੀ ਆਈਆ, ਉਸ ਲਈ ਹੁਕਮਰਾਨ ਜਿੰਮੇਵਾਰ : ਮਾਨ
ਫ਼ਤਹਿਗੜ੍ਹ ਸਾਹਿਬ, 09 ਅਗਸਤ ( ) “ਜੇਕਰ ਕੌਮਾਂਤਰੀ ਪੱਧਰ ਦੀਆਂ ਹੋਣ ਵਾਲੀਆ ਖੇਡਾਂ ਵਿਚ ਸਾਡੇ ਖਿਡਾਰੀ ਪਹਿਲੇ ਨੰਬਰ ਦੀ ਬਜਾਇ ਦੂਜੇ ਜਾਂ ਤੀਜੇ ਨੰਬਰ ਤੇ ਰਹਿ ਜਾਂਦੇ ਹਨ, ਇਸ ਲਈ ਹੁਕਮਰਾਨ ਅਤੇ ਸਾਬਕਾ ਖੇਡ ਮੰਤਰੀ ਅਨੁਰਾਗ ਠਾਕੁਰ ਜਿੰਮੇਵਾਰ ਹਨ ਜਿਨ੍ਹਾਂ ਨੇ ਆਪਣੇ ਖਿਡਾਰੀਆਂ ਨੂੰ ਪਹਿਲੇ ਨੰਬਰ ਦੀ ਤਿਆਰੀ ਕਰਵਾਉਣ ਵਿਚ ਅਣਗਹਿਲੀ ਕੀਤੀ ਹੈ । ਜਦੋਕਿ ਜੈਵਲਿਨ ਦੀ ਖੇਡ ਵਿਚ ਪਾਕਿਸਤਾਨ ਦੇ ਨਦੀਮ ਨੇ ਪਹਿਲਾ ਸਥਾਂਨ ਪ੍ਰਾਪਤ ਕੀਤਾ ਹੈ, ਤਾਂ ਇਸਦਾ ਪ੍ਰਤੱਖ ਮਤਲਬ ਇਹ ਹੈ ਕਿ ਮੈਦਾਨ ਭਾਵੇ ਖੇਡ ਦਾ ਹੋਵੇ, ਭਾਵੇ ਕਿਸੇ ਹੋਰ ਖੇਤਰ ਦਾ ਪਾਕਿਸਤਾਨ ਦੇ ਹੁਕਮਰਾਨ ਅਤੇ ਅਫਸਰਸਾਹੀ ਆਪਣੇ ਮੁਲਕ ਦੇ ਮਾਣ ਸਨਮਾਨ ਤੇ ਇੱਜਤ ਨੂੰ ਮੁੱਖ ਰੱਖਕੇ ਆਪਣੀਆ ਟੀਮਾਂ ਦੀ ਤਿਆਰੀ ਕਰਵਾਉਦੇ ਹਨ ਅਤੇ ਉਨ੍ਹਾਂ ਦੇ ਮਨ ਵਿਚ ਇਹ ਨਿਸਚਾ ਹੁੰਦਾ ਹੈ ਕਿ ਅਸੀਂ ਹਿੰਦੂਤਵੀਆਂ ਨੂੰ ਟੱਕਰ ਦੇ ਕੇ ਹਰਾਉਣਾ ਹੈ । ਜਿਸਦੀ ਬਦੌਲਤ ਉਹ ਫਤਹਿ ਪ੍ਰਾਪਤ ਕਰ ਰਹੇ ਹਨ । ਜਦੋਕਿ ਸਾਡੇ ਜਿੰਮੇਵਾਰ ਸੱਜਣ ਅਜਿਹੇ ਸਮਿਆ ਤੇ ਅਣਗਹਿਲੀ ਕਰਦੇ ਹਨ । ਇਥੇ ਇਹ ਵੀ ਸਵਾਲ ਉੱਠਦਾ ਹੈ ਕਿ ਇੰਡੀਆਂ ਨੇ ਨੀਰਜ ਚੋਪੜੇ ਦੇ ਬਰਾਬਰ ਦੂਜੇ ਨੰਬਰ ਦੇ ਖਿਡਾਰੀ ਦੀ ਤਿਆਰੀ ਕਿਉਂ ਨਹੀਂ ਕਰਵਾਈ ਅਤੇ ਦੂਜੇ ਨੰਬਰ ਦਾ ਖਿਡਾਰੀ ਪੈਦਾ ਕਿਉਂ ਨਹੀ ਕੀਤਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਓਲੰਪਿਕ ਖੇਡਾਂ ਵਿਚ ਭਾਵੇ ਉਹ ਹਾਕੀ ਹੋਵੇ, ਭਾਵੇ ਕੁਸਤੀ ਜਾਂ ਫਿਰ ਜੈਵਲਿਨ ਆਦਿ ਖੇਡਾਂ ਵਿਚ ਸੰਬੰਧਤ ਵਿਭਾਗ ਦੇ ਵਜੀਰ, ਅਫਸਰਾਨ ਵੱਲੋ ਸੁਹਿਰਦਤਾ ਤੇ ਜਿੰਮੇਵਾਰੀ ਨਾਲ ਆਪਣੇ ਖਿਡਾਰੀਆ ਨੂੰ ਪਹਿਲੇ ਨੰਬਰ ਤੇ ਲਿਆਉਣ ਲਈ ਅਮਲ ਨਾ ਹੋਣ ਨੂੰ ਦੋਸ਼ੀ ਠਹਿਰਾਉਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਬੀਬੀ ਫੋਗਾਟ 100 ਗ੍ਰਾਮ ਵਜਨ ਵੱਧ ਜਾਣ ਕਾਰਨ ਖੇਡ ਵਿਚ ਸਾਮਿਲ ਨਹੀ ਹੋ ਸਕੀ ਤਾਂ ਉਨ੍ਹਾਂ ਦੇ ਕੋਚ ਅਤੇ ਮੈਨੇਜਰ ਜਿੰਮੇਵਾਰ ਹਨ ਜਿਨ੍ਹਾਂ ਨੇ ਇਸ ਗੱਲ ਦਾ ਜਿੰਮੇਵਾਰੀ ਨਾਲ ਖਿਆਲ ਨਹੀ ਰੱਖਿਆ । ਇਸ ਲਈ ਇਸ ਹੋਈ ਅਣਗਹਿਲੀ ਵਿਚ ਸੰਬੰਧਤ ਕੋਚ ਅਤੇ ਮੈਨੇਜਰ ਦੀ ਵੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਬੀਬੀ ਫੋਗਾਟ ਦਾ 100 ਗ੍ਰਾਮ ਵਜਨ ਕਿਵੇ ਵੱਧ ਗਿਆ ? ਦੂਸਰੀ ਗੱਲ ਇਹ ਹੈ ਕਿ ਮੁਤੱਸਵੀ ਸੋਚ ਅਧੀਨ ਹਿੰਦੂਤਵ ਹੁਕਮਰਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਆਪਣੇ ਹਾਕੀ ਟੀਮ ਨੂੰ ਉਤਸਾਹਿਤ ਕਰਨ ਲਈ ਪੈਰਿਸ ਦੌਰੇ ਤੇ ਜਾਣ ਤੋ ਘਸੀਆ ਪਿੱਟੀਆ ਦਲੀਲਾਂ ਦਾ ਸਹਾਰਾ ਲੈਕੇ ਇਨਕਾਰ ਕਰ ਦਿੱਤਾ । ਜਿਸ ਨਾਲ ਖਿਡਾਰੀਆ ਦੇ ਮਨੋਬਲ ਉਤੇ ਨਾਂਹਵਾਚਕ ਅਸਰ ਹੋਣਾ ਕੁਦਰਤੀ ਸੀ । ਇਸ ਹਾਕੀ ਦੀ ਖੇਡ ਵਿਚ ਪਿੱਛੇ ਰਹਿ ਜਾਣ ਦੇ ਲਈ ਵੀ ਹੁਕਮਰਾਨਾਂ ਦੀਆਂ ਪੰਜਾਬ ਸੂਬੇ ਤੇ ਸਿੱਖ ਕੌਮ ਪ੍ਰਤੀ ਮੰਦਭਾਵਨਾ ਵਾਲੇ ਅਮਲ ਪ੍ਰਤੱਖ ਨਜਰ ਆ ਰਹੇ ਹਨ । ਕਿਉਂਕਿ ਹਿੰਦੂਤਵ ਦੇ ਆਗੂਆਂ ਤੇ ਹੁਕਮਰਾਨਾਂ ਦੀ ਦਿਲਚਸਪੀ ਖੇਡਾਂ ਵੱਲ ਨਹੀ ਹੈ । ਇਹੀ ਵਜਹ ਹੈ ਕਿ ਸਾਡੇ ਹੋਣਹਾਰ ਖਿਡਾਰੀ ਹੋਣ ਦੇ ਬਾਵਜੂਦ ਵੀ ਇੰਡੀਆਂ ਕੌਮਾਂਤਰੀ ਖੇਡਾਂ ਵਿਚ ਪੱਛੜ ਜਾਂਦਾ ਹੈ । ਇਹ ਹੁਕਮਰਾਨ ਤਾਂ ਕੇਵਲ ਹਿੰਦੂਤਵ ਸੋਚ ਅਧੀਨ ਖਾਕੀ ਨਿੱਕਰਾਂ ਪਾ ਕੇ ਪ੍ਰੇਡਾ ਕਰਨ ਵਾਲੇ ਹੀ ਹਨ । ਨਾ ਕਿ ਮੁਲਕ ਦੇ ਮਾਣ ਸਨਮਾਨ ਨੂੰ ਇਨ੍ਹਾਂ ਖੇਤਰਾਂ ਵਿਚ ਵਧਾਉਣ ਲਈ ਕੋਈ ਦਿਲਚਸਪੀ ਰੱਖਦੇ ਹਨ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਜੇਕਰ ਕੌਮਾਂਤਰੀ ਪੱਧਰ ਤੇ ਪ੍ਰੇਡ ਮੁਕਾਬਲਾ ਹੋਵੇ ਤਾਂ ਇਹ ਖਾਕੀ ਨਿੱਕਰਾਂ ਵਾਲੇ ਉਥੇ ਵੀ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਗੇ ।