ਮੀਰੀ-ਪੀਰੀ ਦਾ ਹੁਕਮ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸ਼ਾਂ ਮੰਨਦੀ ਆਈ ਹੈ ਅਤੇ ਮੰਨਦੀ ਰਹੇਗੀ । ਗਿਆਨੀ ਹਰਪ੍ਰੀਤ ਸਿੰਘ ਜੀ ਦੱਸਣ ਕਿ ਪੰਥਕ ਇਕੱਠ ਕਰਕੇ ਅੱਗੇ ਉਨ੍ਹਾਂ ਦੀ ਕੀ ਸੋਚ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ, 14 ਮਾਰਚ ( ) “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯੁਕਤ ਕੀਤੇ ਹੋਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਨੇ ਪੰਥ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ । ਪਰ ਇਹ ਨਹੀਂ ਦੱਸਿਆ ਕਿ ਜੋ ਬਾਦਲ ਧਿਰ ਹਾਰ ਗਈ ਹੈ, ਉਸਨੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆ, ਬਹਿਬਲ ਕਲਾਂ ਵਿਚ 2 ਸਿੱਖ ਨੌਜ਼ਵਾਨ ਸ਼ਹੀਦ ਕਰ ਕਰਵਾਏ, ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰੂ ਮਹਾਰਾਜ ਜੀ ਦੇ ਅੰਗ ਪਾੜਕੇ ਗਲੀਆਂ-ਨਾਲੀਆਂ ਵਿਚ ਸੁੱਟੇ, ਕੋਟਕਪੂਰੇ ਬੇਗੁਨਾਹ ਸਿੱਖਾਂ ਉਤੇ ਪੁਲਿਸ ਤੋਂ ਗੋਲੀਆਂ ਵੀ ਚਲਵਾਈਆ । ਇਹ ਵੀ ਨਹੀਂ ਦੱਸਿਆ ਕਿ ਐਸ.ਜੀ.ਪੀ.ਸੀ. ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਕਿਵੇਂ ਅੱਜ ਸਿੱਖ ਕੌਮ ਦੀ ਨਜ਼ਰ ਵਿਚੋਂ ਗਾਇਬ ਕਰ ਦਿੱਤੇ ਹਨ ? ਇਸੇ ਐਸ.ਜੀ.ਪੀ.ਸੀ. ਨੇ ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਊੜ੍ਹੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਨੇ ਉਸਾਰੀ ਸੀ, ਉਸਨੂੰ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆ ਨੂੰ ਲਿਖਤੀ ਹੁਕਮ ਦੇਕੇ ਢਹਿ-ਢੇਰੀ ਕਰਨ ਦੀ ਇਜਾਜਤ ਦਿੱਤੀ । ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜੁਝਾਰੂ ਸਿੱਖਾਂ ਨੇ ਮੌਕੇ ਜਾਕੇ ਉਸਦਾ ਜਿਆਦਾ ਨੁਕਸਾਨ ਹੋਣ ਤੋਂ ਬਚਾਅ ਕਰ ਲਿਆ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਵਾਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੇ ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਪੰਥਕ ਇਕੱਠ ਮਿਤੀ 01 ਮਈ 1994 ਨੂੰ ਸੱਦਿਆ ਸੀ, ਜਿਸਦੀ ਗਵਾਹੀ ਭਰਦੀ ਤਸਵੀਰ ਅਸੀਂ ਇਸ ਪ੍ਰੈਸ ਬਿਆਨ ਨਾਲ ਨੱਥੀ ਕਰ ਰਹੇ ਹਾਂ । ਭਾਈ ਮਨਜੀਤ ਸਿੰਘ ਇਸ ਫੋਟੋ ਵਿਚ ਖੱਬੇ ਪਾਸੇ ਬੈਠੇ ਪੰਥਕ ਆਗੂਆਂ ਨੂੰ ਸੌਹ ਚੁੱਕਾ ਰਹੇ ਹਨ ਕਿ ਉਹ ਅੰਮ੍ਰਿਤਸਰ ਐਲਾਨਨਾਮੇ ਨਾਲ ਪੂਰੀ ਤਰ੍ਹਾਂ ਵਫਾਦਾਰੀ ਨਿਭਾਉਣਗੇ । ਪਰ ਇਹ ਸਾਰੇ ਲੀਡਰ ਪੰਥ ਦੇ ਮੁਕਰ ਗਏ, ਸਣੇ ਉਸ ਵੇਲੇ ਦੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਭਾਈ ਮਨਜੀਤ ਸਿੰਘ ਸਮੇਤ । 

ਹੁਣ ਜੇਕਰ ਸਾਡੇ ਪੰਥਕ ਲੀਡਰਾਂ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦਾ ਅਜਿਹਾ ਕਿਰਦਾਰ ਹੈ, ਫਿਰ ਭਾਈ ਹਰਪ੍ਰੀਤ ਸਿੰਘ ਜੀ ਦੱਸਣ ਕਿ ਨਵੀ ਗੱਲ ਆਪ ਜੀ ਨੇ ਸਿੱਖ ਆਗੂਆਂ ਨਾਲ ਕਿਹੜੀ ਕਰਨੀ ਹੈ ? ਕਿਉਂ ਕਰਕੇ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ 1925 ਵਿਚ ਸਥਾਪਿਤ ਕੀਤੀ ਹੋਈ ਪਾਰਲੀਮੈਂਟ ਹੈ । ਇਸਦੇ ਇਲੈਕਸ਼ਨ 11 ਸਾਲ ਤੋਂ ਨਹੀਂ ਕਰਵਾਏ ਗਏ । ਇਸਦੇ ਬਾਰੇ ਕਦੇ ਵੀ ਭਾਈ ਹਰਪ੍ਰੀਤ ਸਿੰਘ ਜੀ ਨੇ ਬਿਆਨ ਕਿਉਂ ਨਹੀਂ ਦਿੱਤਾ ?

ਅਸੀਂ ਸਾਰੇ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋਣ ਨੂੰ ਹਮੇਸ਼ਾਂ ਤਿਆਰ ਰਹਿੰਦੇ ਹਾਂ । ਮੈਂ ਸਾਬਕਾ ਜਥੇਦਾਰ ਭਾਈ ਗੁਰਬਚਨ ਸਿੰਘ ਜੀ ਦੇ ਹੁਕਮ ਨਾਲ ਉਨ੍ਹਾਂ ਕੋਲੇ ਪੇਸ਼ ਹੋ ਕੇ ਤਨਖਾਹ ਵੀ ਪ੍ਰਵਾਨ ਕੀਤੀ ਹੈ ਅਤੇ ਹੁਕਮ ਮੰਨਿਆ ਹੈ । ਇਨ੍ਹਾਂ ਨੇ ਮੁਜਰਿਮ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਵੀ ਕਰ ਦਿੱਤਾ ਸੀ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ ਅਤੇ ਨਕਲੀ ਅੰਮ੍ਰਿਤ ਤਿਆਰ ਕੀਤਾ ਸੀ । ਇਸੇ ਰਾਮ ਰਹੀਮ ਨੇ ਬਰਗਾੜੀ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ ਤੇ ਕੋਟਕਪੂਰਾ ਵਿਖੇ ਜੋ ਜੁਲਮ ਕੀਤੇ ਹਨ, ਉਹ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਤੇ ਸੁਮੇਧ ਸੈਣੀ ਤੋਂ ਕਰਵਾਏ ਹਨ । ਇਨ੍ਹਾਂ ਬਾਰੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਅਤੇ ਐਸ.ਜੀ.ਪੀ.ਸੀ. ਦੇ ਕੀ ਵਿਚਾਰ ਹਨ ? ਖ਼ਾਲਸਾ ਪੰਥ ਸੁਣਨਾ ਚਾਹੁੰਦਾ ਹੈ ।

ਅਸੀਂ ਹਮੇਸ਼ਾਂ ਮੀਰੀ-ਪੀਰੀ ਦੇ ਅਸੂਲਾਂ ਨੂੰ ਸਮਝਦੇ ਹਾਂ ਅਤੇ ਉਨ੍ਹਾਂ ਦਾ ਪਾਲਣ ਕਰਦੇ ਹਾਂ । ਅੱਗੇ ਜੋ ਪੰਥ ਦਾ ਹੁਕਮ ਹੋਵੇਗਾ, ਉਸਦਾ ਵੀ ਸਾਡੀ ਪਾਰਟੀ ਹੱਥ ਜੋੜਕੇ, ਸਰੀਰ ਨਿਵਾਕੇ ਪਾਲਣ ਕਰਦੀ ਰਹੇਗੀ । ਅਗਲੇ ਹੁਕਮ ਦੀ ਉਡੀਕ ਹੈ ਜੀ । 

Leave a Reply

Your email address will not be published. Required fields are marked *