ਬਦਲੇ ਦੀ ਭਾਵਨਾ ਅਧੀਨ ਪੰਜਾਬ ਨੂੰ ਕੱਖ ਨਹੀ ਦਿੱਤਾ, ਮੋਦੀ ਦੀ ਆਤਮਾ ਪੰਜਾਬੀਆਂ ਤੇ ਸਿੱਖ ਕੌਮ ਪ੍ਰਤੀ ਮੁਲੀਨ ਹੋਈ ਪਈ ਹੈ, ਸਿੱਖ ਇਨ੍ਹਾਂ ਨਾਲ ਨਹੀ ਚੱਲ ਸਕਦੇ : ਮਾਨ
ਫ਼ਤਹਿਗੜ੍ਹ ਸਾਹਿਬ, 24 ਜੁਲਾਈ ( ) “ਸੈਂਟਰ ਦੀ ਮੋਦੀ ਹਕੂਮਤ ਨੇ ਪੰਜਾਬ ਅਤੇ ਮੁਲਕ ਦੇ ਕਿਸਾਨ ਵਰਗ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ । ਕਿਉਂਕਿ ਪਹਿਲੇ ਕਿਸਾਨ ਵਿਰੋਧੀ ਤਿੰਨ ਬਿਲ ਲਿਆਂਦੇ ਗਏ ਫਿਰ ਕੌਮਾਂਤਰੀ ਦਬਾਅ ਪੈਣ ਦੀ ਬਦੌਲਤ ਵਾਪਸ ਲਏ ਗਏ । ਪਰ ਕਿਸਾਨਾਂ ਨਾਲ ਐਮ.ਐਸ.ਪੀ ਅਤੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਦੇ ਬਾਵਜੂਦ ਵੀ ਕੋਈ ਵੀ ਵਾਅਦਾ ਪੂਰਾ ਨਾ ਕੀਤਾ । ਜਿਸ ਕਾਰਨ ਪੰਜਾਬ ਤੋਂ ਇਨ੍ਹਾਂ ਦਾ ਕੋਈ ਵੀ ਐਮ.ਪੀ ਨਹੀ ਜਿੱਤਿਆ । ਜੋ ਇਨ੍ਹਾਂ ਵੱਲੋ ਲੰਮੇ ਸਮੇ ਤੋ ਸਾਡੇ ਨਾਲ ਜ਼ਬਰ ਜੁਲਮ ਕੀਤਾ ਜਾ ਰਿਹਾ ਹੈ, ਹੁਣ ਸਾਡੇ ਲਈ ਖ਼ਾਲਿਸਤਾਨ ਮੁਲਕ ਕਾਇਮ ਕਰਨਾ ਹੋਰ ਵੀ ਜਰੂਰੀ ਹੋ ਗਿਆ ਹੈ । ਕਿਉਂਕਿ ਇਨ੍ਹਾਂ ਨੇ ਕਿਸਾਨ, ਖੇਤ-ਮਜਦੂਰ, ਛੋਟੇ ਵਪਾਰੀ ਆਦਿ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਨਾ ਤਾਂ ਪਾਕਿਸਤਾਨ ਨਾਲ ਸਰਹੱਦਾਂ ਨੂੰ ਖੋਲਿਆ ਅਤੇ ਨਾ ਹੀ ਅਜਿਹਾ ਅਮਲ ਕਰਕੇ ਬੇਰੁਜਗਾਰੀ ਨੂੰ ਖਤਮ ਕਰਨ ਲਈ ਕੋਈ ਅਮਲ ਕੀਤਾ ਗਿਆ । ਬਲਕਿ ਇਨ੍ਹਾਂ ਨੇ ਪਹਿਲੇ ਸਿੱਖਾਂ ਦਾ ਸਾਜਸੀ ਢੰਗ ਰਾਹੀ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਕਤਲ ਕਰਨ ਦੇ ਅਮਲ ਕੀਤੇ ਜਿਸ ਅਧੀਨ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਮਾਰਨ ਦੀ ਸਾਜਿਸ ਰਚੀ ਜਿਸ ਵਿਚ ਇਹ ਕਾਮਯਾਬ ਨਹੀ ਹੋ ਸਕੇ । ਇਥੋ ਤੱਕ ਗਰੀਬ, ਰੰਘਰੇਟੇ ਨੂੰ ਵੀ ਜਿੰਦਗੀ ਵਿਚ ਉਪਰ ਉੱਠਣ ਲਈ ਇਨ੍ਹਾਂ ਵੱਲੋ ਕੁਝ ਨਹੀ ਕੀਤਾ ਗਿਆ । ਇਹੀ ਵਜਹ ਹੈ ਕਿ ਮੋਦੀ ਦੀ ਬੀਜੇਪੀ ਪਾਰਟੀ ਪੰਜਾਬ-ਹਰਿਆਣਾ, ਯੂਪੀ ਅਤੇ ਹੋਰ ਬਹੁਤ ਸਾਰੇ ਸੂਬਿਆਂ ਵਿਚ ਬੁਰੀ ਤਰ੍ਹਾਂ ਹਾਰੀ । ਹੁਣ ਬਦਲੇ ਦੀ ਭਾਵਨਾ ਅਧੀਨ ਪਾਸ ਕੀਤੇ ਗਏ ਬਜਟ ਵਿਚ ਪੰਜਾਬ ਅਤੇ ਪੰਜਾਬੀਆਂ ਨੂੰ ਬਿਲਕੁਲ ਨਜਰਅੰਦਾਜ ਕਰ ਦਿੱਤਾ ਗਿਆ। ਜਦੋਕਿ ਬਿਹਾਰ ਤੇ ਆਧਰਾ ਪ੍ਰਦੇਸ ਵਰਗੇ ਸੂਬਿਆਂ ਨੂੰ ਗੱਫੇ ਦਿੱਤੇ ਗਏ । ਕਿਉਂਕਿ ਉਨ੍ਹਾਂ ਦੀਆਂ ਫੌੜੀਆ ਸਹਾਰੇ ਮੋਦੀ ਸਰਕਾਰ ਚੱਲ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਇੰਡੀਆ ਦੀ ਮੋਦੀ ਹਕੂਮਤ ਅਤੇ ਵਿੱਤ ਮੰਤਰੀ ਬੀਬੀ ਸੀਤਾਰਮਨ ਵੱਲੋ ਪਾਸ ਕੀਤੇ ਗਏ ਸਲਾਨਾ ਬਜਟ ਵਿਚ ਪੰਜਾਬ ਅਤੇ ਪੰਜਾਬੀਆਂ, ਕਿਸਾਨਾਂ ਨੂੰ ਬਦਲੇ ਦੀ ਭਾਵਨਾ ਅਧੀਨ ਬਿਲਕੁਲ ਨਜਰਅੰਦਾਜ ਕਰਨ ਦੀ ਵਿਤਕਰੇ ਭਰੀ ਜਾਬਰ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਪੰਜਾਬੀਆਂ ਤੇ ਸਿੱਖ ਕੌਮ ਦਾ ਗੁਜਾਰਾ ਖ਼ਾਲਿਸਤਾਨ ਤੋ ਬਿਨ੍ਹਾਂ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਅਜਿਹੇ ਹਾਲਾਤ ਖੁਦ ਹੁਕਮਰਾਨਾਂ ਵੱਲੋ ਪੈਦਾ ਕੀਤੇ ਜਾ ਰਹੇ ਹਨ, ਤਾਂ ਇਹ ਠੀਕ ਨਹੀ ਰਹੇਗਾ ਤੇ ਸਾਨੂੰ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਬਿਨ੍ਹਾਂ ਕਿਸੇ ਇਨਸਾਨੀ ਖੂਨ ਦਾ ਕਤਰਾ ਵਹਾਏ ਇੰਡੀਆ ਤੋ ਵੱਖ ਕਰ ਦਿੱਤਾ ਜਾਵੇ । ਜਿਥੇ ਅਸੀ ਆਪਣੀਆ ਕੌਮੀ, ਧਾਰਮਿਕ, ਸਮਾਜਿਕ ਰਹੁਰੀਤੀਆ ਅਨੁਸਾਰ ਆਜਾਦੀ ਨਾਲ ਜਿੰਦਗੀ ਜਿਊਦੇ ਹੋਏ ਦੂਸਰੇ ਮੁਲਕਾਂ ਨਾਲ ਸਹੀ ਸੰਬੰਧ ਕਾਇਮ ਰੱਖ ਸਕੀਏ । ਇੰਡੀਆ ਦੇ ਹੁਕਮਰਾਨਾਂ ਦੀ ਵਿਤਕਰੇ ਭਰੀ ਕਾਰਵਾਈ ਵੱਲ ਇਸਾਰਾ ਕਰਦੇ ਹੋਏ ਕਿਹਾ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਨਾ ਤਾਂ ਸਾਡੀ ਕੌਮ ਵਿਚੋ ਕੋਈ ਹੁਣ ਤਿੰਨਾਂ ਫ਼ੌਜ ਵਿਚ ਕੋਈ ਸਿੱਖ ਜਰਨੈਲ ਨਹੀ ਹੈ ਅਤੇ ਨਾ ਹੀ ਪੈਰਾਮਿਲਟਰੀ ਫੋਰਸਾਂ ਵਿਚ, ਸੂਬਿਆਂ ਦੀਆ ਹਾਈਕੋਰਟਾਂ ਦੇ ਮੁੱਖ ਜੱਜਾਂ ਵਿਚ ਕੋਈ ਸਿੱਖ ਨਹੀ ਹੈ, ਸੁਪਰੀਮ ਕੋਰਟ ਵਿਚ ਕੋਈ ਸਿੱਖ ਜੱਜ ਨਹੀ ਹੈ, ਚੋਣ ਕਮਿਸਨ ਕੋਈ ਸਿੱਖ ਨਹੀ, ਕੈਬਨਿਟ ਵਿਚ ਕੋਈ ਵੀ ਵਜੀਰ ਸਿੱਖ ਨਹੀ ਹੈ ਜਦੋਕਿ ਗ੍ਰਹਿ, ਵਿੱਤ, ਵਿਦੇਸ, ਰੱਖਿਆ ਮੰਤਰਾਲਿਆ ਵਿਚੋ ਇਕ ਮੰਤਰਾਲਾ ਹਮੇਸ਼ਾਂ ਸਿੱਖਾਂ ਨੂੰ ਦਿੱਤਾ ਜਾਂਦਾ ਸੀ । ਉਸ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ । 2013 ਵਿਚ ਜਦੋਂ ਗੁਜਰਾਤ ਵਿਚ ਮੋਦੀ ਹਕੂਮਤ ਸੀ ਤਾਂ ਉਥੇ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਉਨ੍ਹਾਂ ਦੀ ਮਲਕੀਅਤ ਜਮੀਨਾਂ-ਜਾਇਦਾਦਾਂ ਤੋ ਵਾਂਝੇ ਕਰ ਦਿੱਤੇ ਗਏ । ਜਿਨ੍ਹਾਂ ਦਾ ਮੁੜ ਵਸੇਵਾ ਅਜੇ ਤੱਕ ਨਹੀ ਕੀਤਾ ਗਿਆ । ਇਥੋ ਤੱਕ ਕੇਵਲ ਸਿੱਖ ਕੌਮ ਨਾਲ ਹੀ ਨਹੀ ਬਲਕਿ ਮੁਸਲਿਮ, ਇਸਾਈ, ਦਲਿਤਾਂ ਨਾਲ ਵੀ ਵਿਤਕਰੇ ਭਰੇ ਅਮਲ ਕੀਤੇ ਜਾ ਰਹੇ ਹਨ । ਜਦੋ ਅਸੀ ਪਾਰਲੀਮੈਟ ਵਿਚ ਆਪਣੇ ਨਾਲ ਹੋ ਰਹੀਆ ਬੇਇਨਸਾਫ਼ੀਆਂ ਸੰਬੰਧੀ ਬੋਲਦੇ ਹਾਂ ਤਾਂ ਸਾਨੂੰ ਸਮਾਂ ਹੀ ਨਹੀ ਦਿੱਤਾ ਜਾਂਦਾ । ਕਸਮੀਰ ਵਿਚ ਗੈਰ ਕਾਨੂੰਨੀ ਢੰਗ ਨਾਲ ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਪ੍ਰਗਟਾਉਣ ਵਾਲੀ ਧਾਰਾ 370 ਅਤੇ 35ਏ ਨੂੰ 2019 ਵਿਚ ਰੱਦ ਕਰਕੇ ਉਸਨੂੰ ਯੂ.ਟੀ ਬਣਾ ਦਿੱਤਾ ਹੈ । ਅੰਸੈਬਲੀ ਭੰਗ ਕਰ ਦਿੱਤੀ ਹੈ । ਅਫਸਪਾ ਕਾਨੂੰਨ ਲਾਗੂ ਕਰਕੇ ਕਸਮੀਰੀਆਂ ਉਤੇ ਜ਼ਬਰ ਢਾਹਿਆ ਜਾ ਰਿਹਾ ਹੈ । ਕਸਮੀਰ ਵਿਚ ਪੰਜਾਬੀ ਭਾਸ਼ਾ ਖਤਮ ਕਰ ਦਿੱਤੀ ਗਈ ਹੈ । ਇਥੋ ਤੱਕ 40000 ਸਕੇਅਰ ਵਰਗ ਕਿਲੋਮੀਟਰ ਦਾ ਉਹ ਇਲਾਕਾ ਜੋ ਲਾਹੌਰ ਖਾਲਸਾਈ ਫੌ਼ਜਾਂ ਨੇ 1819 ਵਿਚ ਫਤਹਿ ਕਰਕੇ ਆਪਣੇ ਰਾਜ ਭਾਗ ਵਿਚ ਮਿਲਾਇਆ ਸੀ, ਉਸ ਨੂੰ ਚੀਨ ਦੇ ਸਪੁਰਦ ਕਰ ਦਿੱਤਾ ਹੈ । ਫਿਰ 2020 ਤੇ 2022 ਵਿਚ 2000 ਸਕੇਅਰ ਵਰਗ ਕਿਲੋਮੀਟਰ ਇਲਾਕਾ ਹੋ ਚੀਨ ਨੂੰ ਲੁਟਾ ਦਿੱਤਾ ਹੈ ਜੋ ਅਜੇ ਤੱਕ ਵਾਪਸ ਨਹੀ ਲਿਆ ਗਿਆ । ਜੇਕਰ ਸਿੱਖਾਂ ਨਾਲ ਤੁਹਾਡਾ ਕੋਈ ਲੈਣ-ਦੇਣ ਹੀ ਨਹੀ ਤਾਂ ਸਾਡਾ ਵੀ ਇਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਸੰਬੰਧ ਨਹੀ । ਇਸ ਲਈ ਇਹ ਬਿਹਤਰ ਹੋਵੇਗਾ ਕਿ ਇੰਡੀਆਂ, ਚੀਨ, ਪਾਕਿਸਤਾਨ ਦੀ ਤ੍ਰਿਕੋਣ ਦੇ ਵਿਚਕਾਰ ਸਾਡੀ ਬਹੁ ਵਸੋ ਵਾਲੇ ਇਲਾਕੇ ਨੂੰ ਆਧਾਰ ਮੰਨਕੇ ਖਾਲਿਸਤਾਨ ਦਾ ਮੁਲਕ ਕਾਇਮ ਕਰ ਦਿੱਤਾ ਜਾਵੇ । ਜਿਸ ਨਾਲ ਤਿੰਨਾਂ ਮੁਲਕਾਂ ਦੇ ਆਪਸੀ ਵੈਰ ਦੁਸਮਣੀ ਨੂੰ ਵੀ ਖਤਮ ਕਰਨ ਵਿਚ ਵੱਡਾ ਸਹਿਯੋਗ ਮਿਲੇਗਾ ।