ਕਪਾਹ ਦੀ ਫ਼ਸਲ ਨੂੰ ਪਈ ਸੂੰਡੀ ਦੇ ਕਾਰਨ ਹੋਏ ਨੁਕਸਾਨ ਦਾ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਤੁਰੰਤ ਮੁਆਵਜਾ ਦੇਣ ਦਾ ਐਲਾਨ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 23 ਜੁਲਾਈ ( ) “ਜਿੰਮੀਦਾਰਾਂ ਦੀ ਕਪਾਹ ਦੀ ਫ਼ਸਲ ਨੂੰ ਸੂੰਡੀ ਪੈਣ ਕਾਰਨ ਉਨ੍ਹਾਂ ਦੀ ਫਸਲ ਤਬਾਹ ਹੋ ਚੁੱਕੀ ਹੈ । ਜਿਸ ਕਾਰਨ ਕਿਸਾਨ ਮਜ਼ਬੂਰਨ ਆਪਣੀ ਖੜੀ ਫ਼ਸਲ ਨੂੰ ਵਾਹ ਰਹੇ ਹਨ । ਜਿਹੜਾ ਮਾਲੀ ਘਾਟਾ ਜਿੰਮੀਦਾਰਾਂ ਨੂੰ ਹੋਇਆ ਹੈ, ਉਸਦਾ ਮੁਆਵਜਾ ਤੁਰੰਤ ਪੰਜਾਬ ਤੇ ਸੈਟਰ ਦੀਆਂ ਸਰਕਾਰਾਂ ਕਿਸਾਨਾਂ ਨੂੰ ਭੁਗਤਾਨ ਕਰਕੇ ਇਸ ਔਖੀ ਘੜੀ ਵਿਚ ਆਪਣੀ ਪ੍ਰਬੰਧਕੀ ਤੇ ਹਕੂਮਤੀ ਜਿੰਮੇਵਾਰੀਆ ਪੂਰੀਆ ਕਰਨ । ਜੇਕਰ ਜਿੰਮੀਦਾਰਾਂ ਨੂੰ ਆਪਣੀਆ ਫਸਲਾਂ ਦੇ ਉਤਪਾਦਨ ਲਈ ਵੱਡਾ ਘਾਟਾ ਪੈ ਰਿਹਾ ਹੈ ਉਸਦੀ ਵਜਹ ਕਿਸਾਨੀ ਸੰਬੰਧੀ ਬਣਾਈਆ ਜਾ ਰਹੀਆ ਦਿਸ਼ਾਹੀਣ ਯੋਜਨਾਵਾ ਲਈ ਸਰਕਾਰਾਂ ਸਿੱਧੇ ਤੌਰ ਤੇ ਜਿੰਮੇਵਾਰ ਹਨ । ਜੋ ਉਨ੍ਹਾਂ ਦੀਆਂ ਫਸਲਾਂ ਦੀ ਖਰੀਦੋ ਫਰੋਖਤ ਲਈ ਅਜੇ ਤੱਕ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਵਪਾਰ ਲਈ ਨਾ ਖੋਲ੍ਹਕੇ ਅਤੇ ਉਨ੍ਹਾਂ ਨੂੰ ਐਮ.ਐਸ.ਪੀ ਨਾ ਦੇ ਕੇ ਵੱਡੇ ਸੰਕਟ ਵੱਲ ਧਕੇਲ ਰਹੀ ਹੈ । ਇਸ ਲਈ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਫੌਰੀ ਕਿਸਾਨੀ ਮਸਲਿਆ ਨੂੰ ਹੱਲ ਕਰਨ ਲਈ ਅਮਲ ਕਰਨ ਅਤੇ ਉਨ੍ਹਾਂ ਦੀ ਫਸਲਾਂ ਦੇ ਨੁਕਸਾਨ ਦਾ ਮੁਆਵਜਾ ਦੇ ਕੇ ਅਤੇ ਸਰਹੱਦਾਂ ਖੋਲ੍ਹਕੇ ਕੌਮਾਂਤਰੀ ਮੰਡੀ ਨੂੰ ਪ੍ਰਫੁੱਲਿਤ ਕਰਨ ਵਿਚ ਯੋਗਦਾਨ ਪਾਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿੰਮੀਦਾਰਾਂ ਦੀ ਕਪਾਹ ਦੀ ਫਸਲ ਨੂੰ ਪਈ ਸੂੰਡੀ ਦੀ ਬਦੌਲਤ ਹੋਣ ਵਾਲੇ ਵੱਡੇ ਨੁਕਸਾਨ ਉਤੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਫਸਲਾਂ ਸੰਬੰਧੀ ਸਹੀ ਅਗਵਾਈ ਨਾ ਦੇਣ ਅਤੇ ਉਨ੍ਹਾਂ ਦੀ ਫਸਲਾਂ ਦੀ ਕੌਮਾਂਤਰੀ ਮੰਡੀ ਨਾ ਬਣਾਉਣ ਅਤੇ ਐਮ.ਐਸ.ਪੀ ਨਾ ਦੇਣ ਨੂੰ ਦੋਸ਼ੀ ਠਹਿਰਾਉਦੇ ਹੋਏ ਤੁਰੰਤ ਬਣਦਾ ਮੁਆਵਜਾ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਹੁਕਮਰਾਨ ਚੀਨ ਨਾਲ ਖੁੱਲ੍ਹੇ ਤੌਰ ਤੇ ਵਪਾਰ ਕਰ ਰਹੇ ਹਨ, ਤਾਂ ਪਾਕਿਸਤਾਨ ਰਾਹੀ ਸਰਹੱਦਾਂ ਖੋਲ੍ਹਕੇ ਅਰਬ ਅਤੇ ਯੂਰਪਿੰਨ ਮੁਲਕਾਂ ਵਿਚ ਜਿੰਮੀਦਾਰਾਂ ਨੂੰ ਆਪਣੀਆ ਫਸਲਾਂ ਨੂੰ ਵੇਚਣ ਲਈ, ਸਹੀ ਕੀਮਤ ਪ੍ਰਾਪਤ ਕਰਨ ਲਈ ਸੈਟਰ ਦੀ ਮੋਦੀ ਹਕੂਮਤ ਨੂੰ ਪਹਿਲ ਦੇ ਆਧਾਰ ਤੇ ਉਦਮ ਕਰਨਾ ਬਣਦਾ ਹੈ । ਅਜਿਹਾ ਅਮਲ ਕਰਨ ਨਾਲ ਜਿਥੇ ਜਿੰਮੀਦਾਰਾਂ ਦੀਆਂ ਫਸਲਾਂ ਦੀ ਉਨ੍ਹਾਂ ਨੂੰ ਸਹੀ ਕੀਮਤ ਪ੍ਰਾਪਤ ਹੋ ਸਕੇਗੀ, ਉਥੇ ਉਨ੍ਹਾਂ ਨੂੰ ਆਪਣੀਆ ਫਸਲਾਂ ਘੱਟ ਭਾਅ ਤੇ ਵੇਚਣ ਲਈ ਮਜਬੂਰ ਨਹੀ ਹੋਣਾ ਪਵੇਗਾ ਅਤੇ ਪ੍ਰਾਈਵੇਟ ਕਾਰਪੋਰੇਟ ਘਰਾਣੇ ਉਨ੍ਹਾਂ ਦੀ ਮਿਹਨਤ ਨਾਲ ਪੈਦਾ ਕੀਤੀਆ ਫਸਲਾਂ ਤੇ ਸੋਸਨ ਨਹੀ ਕਰ ਸਕਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਜਿਥੇ ਕਿਸਾਨੀ ਮਸਲਿਆ ਨੂੰ ਇਮਾਨਦਾਰੀ ਨਾਲ ਪਹਿਲ ਦੇ ਆਧਾਰ ਤੇ ਹੱਲ ਕਰਕੇ ਕਿਸਾਨ ਵਰਗ ਵਿਚ ਉਤਪੰਨ ਹੋਈ ਬੇਚੈਨੀ ਨੂੰ ਦੂਰ ਕਰਨਗੇ, ਉਥੇ ਕੌਮਾਂਤਰੀ ਮੰਡੀ ਲਈ ਸਰਹੱਦਾਂ ਖੋਲ੍ਹਕੇ ਉਨ੍ਹਾਂ ਨੂੰ ਸਹਿਯੋਗ ਕਰਨਗੇ ।