ਜੇਕਰ ਸਿੱਖ ਨੌਜਵਾਨੀ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਕੇ ਬਾਹਰਲੇ ਮੁਲਕਾਂ ਵਿਚ ਜਾਵੇ, ਫਿਰ ਮੁਸਕਿਲ ਪੈਣ ਤੇ ਅਸੀਂ ਵੀ ਕੁਝ ਕਰਨ ਦੇ ਸਮਰੱਥ ਹੋ ਸਕਦੇ ਹਾਂ : ਮਾਨ
ਫ਼ਤਹਿਗੜ੍ਹ ਸਾਹਿਬ, 25 ਜੂਨ ( ) “ਇੰਡੋਨੇਸੀਆਂ ਵਿਚ ਉਥੋਂ ਦੀ ਸਰਕਾਰ ਵੱਲੋ ਦੋ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਜੋ ਜੇਲ੍ਹ ਵਿਚ ਬੰਦੀ ਬਣਾਇਆ ਗਿਆ ਹੈ, ਉਨ੍ਹਾਂ ਵੱਲੋਂ ਆਪਣੇ ਸਿੱਖੀ ਸਰੂਪ ਨੂੰ ਤਿਲਾਜ਼ਲੀ ਦੇ ਕੇ ਕੇਵਲ ਸਿੱਖੀ ਤੋਂ ਹੀ ਮੂੰਹ ਨਹੀ ਮੋੜਿਆ ਗਿਆ, ਪਰ ਮੁਸਕਿਲ ਆਉਣ ਉਪਰੰਤ ਇਨ੍ਹਾਂ ਦੀ ਕੋਈ ਪਹਿਚਾਣ ਨਾ ਹੋਣ ਦੀ ਬਦੌਲਤ ਕਿਸੇ ਵੀ ਸਿੱਖ ਸੰਸਥਾਂ ਜਾਂ ਸਿੱਖਾਂ ਵੱਲੋ ਕੋਈ ਮਦਦ ਨਾ ਹੋਣਾ, ਉਨ੍ਹਾਂ ਦੀ ਖੁਦ ਵੱਲੋ ਆਪਣੀ ਪਹਿਚਾਣ ਨੂੰ ਤਿਲਾਜ਼ਲੀ ਦੇਣਾ ਹੈ । ਜੇਕਰ ਇਹ ਆਪਣੇ ਸਿੱਖੀ ਸਰੂਪ ਵਿਚ ਹੁੰਦੇ ਤਾਂ ਹੁਣ ਤੱਕ ਬਹੁਤ ਸਾਰੀਆ ਸਿੱਖ ਸੰਸਥਾਵਾਂ ਅਤੇ ਸਿੱਖਾਂ ਨੇ ਵੀ ਇਨ੍ਹਾਂ ਬੱਚਿਆਂ ਨੂੰ ਜੇਲ੍ਹਾਂ ਤੋ ਰਿਹਾਅ ਕਰਵਾਉਣ ਲਈ ਅਮਲ ਕਰ ਦੇਣਾ ਸੀ । ਇਸੇ ਲਈ ਅਸੀ ਬਾਹਰ ਜਾਣ ਵਾਲੀ ਸਿੱਖ ਨੌਜਵਾਨੀ ਨੂੰ ਸਖ਼ਤੀ ਨਾਲ ਕਹਿੰਦੇ ਹਾਂ ਕਿ ਉਹ ਆਪਣੇ ਦਾੜ੍ਹੀ ਕੇਸਾਂ ਨੂੰ ਬਰਕਰਾਰ ਰੱਖਕੇ ਹੀ ਬਾਹਰਲੇ ਮੁਲਕਾਂ ਵਿਚ ਰੁਜਗਾਰ ਤੇ ਕਾਰੋਬਾਰ ਲਈ ਜਾਣ ਤਾਂ ਕਿ ਉਨ੍ਹਾਂ ਦੀ ਸਿੱਖੀ ਪਹਿਚਾਣ ਬਰਕਰਾਰ ਵੀ ਰਹਿ ਸਕੇ ਅਤੇ ਮੁਸਕਿਲ ਆਉਣ ਤੇ ਉਨ੍ਹਾਂ ਨੂੰ ਸਿੱਖੀ ਸੰਸਥਾਵਾਂ ਤੇ ਸਿੱਖਾਂ ਵੱਲੋ ਬਣਦਾ ਸਹਿਯੋਗ ਵੀ ਮਿਲਦਾ ਰਹੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੋਨੇਸੀਆਂ ਵਿਚ ਉਥੋ ਦੀ ਹਕੂਮਤ ਵੱਲੋਂ ਗੁਰਮੇਜ ਸਿੰਘ ਵਾਸੀ ਗੰਗੋਮਾਹਲ ਅਤੇ ਅਜੇਪਾਲ ਸਿੰਘ ਮੋਢੇ ਜੋ ਸਰਹੱਦੀ ਇਲਾਕੇ ਦੇ ਪਿੰਡ ਹਨ, ਨੂੰ ਗ੍ਰਿਫਤਾਰ ਕਰਨ ਉਤੇ ਆਈ ਮੁਸਕਿਲ ਲਈ ਉਨ੍ਹਾਂ ਵੱਲੋ ਆਪਣੇ ਸਿੱਖੀ ਸਰੂਪ ਨੂੰ ਤਿਲਾਜਲੀ ਦੇਣ ਕਰਾਰ ਦਿੰਦੇ ਹੋਏ ਅਤੇ ਸਿੱਖ ਨੌਜਵਾਨੀ ਨੂੰ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਕੇ ਬਾਹਰਲੇ ਮੁਲਕਾਂ ਵਿਚ ਰੁਜਗਾਰ ਲਈ ਜਾਣ ਦੀ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਾਕਿਸਤਾਨੀ ਮੁਸਲਿਮ ਕੌਮ ਨੂੰ ਬਾਹਰਲੇ ਮੁਲਕਾਂ ਵਿਚ ਇਸ ਲਈ ਕੋਈ ਮੁਸਕਿਲ ਪੇਸ ਨਹੀ ਆਉਦੀ ਕਿਉਂਕਿ ਉਨ੍ਹਾਂ ਦਾ ਆਪਣਾ ਆਜਾਦ ਮੁਲਕ ਪਾਕਿਸਤਾਨ ਹੈ । ਇਸੇ ਤਰ੍ਹਾਂ ਇੰਡੀਆਂ ਦੇ ਬਹੁਗਿਣਤੀ ਨਿਵਾਸੀਆ ਨੂੰ ਮੁਸਕਿਲ ਪੇਸ ਨਹੀ ਆਉਦੀ ਕਿਉਂਕਿ ਉਨ੍ਹਾਂ ਦਾ ਆਪਣਾ ਹਿੰਦੂ ਮੁਲਕ ਇੰਡੀਆ ਹੈ । ਇਨ੍ਹਾਂ ਨੂੰ ਬਾਹਰ ਵਿਚਰਦੇ ਹੋਏ ਆਪਣੀਆ ਹਕੂਮਤਾਂ ਅਤੇ ਉਨ੍ਹਾਂ ਦੇ ਧਰਮ ਰੱਖਿਅਕ ਬਣਦੇ ਹਨ । ਜਦੋਕਿ ਬਾਹਰਲੇ ਮੁਲਕਾਂ ਵਿਚ ਹਰ ਤਰ੍ਹਾਂ ਦਾ ਖਤਰਾਂ ਸਿੱਖਾਂ ਨੂੰ ਹੈ । ਕਿਉਂਕਿ ਉਨ੍ਹਾਂ ਦਾ ਆਪਣਾ ਕੋਈ ਆਜਾਦ ਮੁਲਕ ਨਹੀ । ਇਹੀ ਵਜਹ ਹੈ ਕਿ ਸਾਡੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ ਵਿਖੇ ਬੀਤੇ ਦਿਨੀਂ ਹਿੰਦੂਤਵ ਧਰਮ ਨਾਲ ਸੰਬੰਧਤ ਇਕ ਬੀਬੀ ਵੱਲੋ ਸਾਡੀਆਂ ਰਵਾਇਤਾਂ, ਰਹੁਰੀਤੀਆ ਦਾ ਉਲੰਘਣ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕੀਤਾ ਗਿਆ । ਜੇਕਰ ਸਾਡਾ ਆਪਣਾ ਆਜਾਦ ਮੁਲਕ ਖ਼ਾਲਿਸਤਾਨ ਕਾਇਮ ਹੁੰਦਾ ਕੀ ਕੋਈ ਬਹੁਗਿਣਤੀ ਨਾਲ ਸੰਬੰਧਤ ਇੰਡੀਅਨ ਬੀਬੀ ਜਾਂ ਲੜਕਾਂ ਸਾਡੇ ਮੁਲਕ ਵਿਚ ਅਜਿਹੀ ਅਵੱਗਿਆ ਕਰਨ ਦੀ ਜੁਰਅਤ ਕਰ ਸਕਦਾ ਸੀ ? ਇਸ ਲਈ ਮੇਰੀ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਹ ਸੰਜੀਦਗੀ ਭਰੀ ਅਪੀਲ ਹੈ ਕਿ ਉਹ ਜਿਥੇ ਕਿਤੇ ਵੀ ਬਾਹਰਲੇ ਮੁਲਕਾਂ ਵਿਚ ਵਿਚਰਣ ਉਹ ਆਪਣੀ ਪੰਜਾਬੀ, ਪੰਜਾਬੀਅਤ ਅਤੇ ਆਪਣੀ ਸਿੱਖੀ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਵਿਚਰਣ ਅਤੇ ਆਪਣਾ ਆਜਾਦ ਮੁਲਕ ਖਾਲਿਸਤਾਨ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਕੌਮਾਂਤਰੀ ਨਿਯਮਾਂ ਅਤੇ ਕਾਨੂੰਨਾਂ ਅਧੀਨ ਕਾਇਮ ਕਰਨ ਵਿਚ ਸੰਜੀਦਗੀ ਭਰਿਆ ਯੋਗਦਾਨ ਪਾਉਣ ।