ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਰੋਕੀ ਗਈ ਤਨਖਾਹ ਦੀ ਬਦੌਲਤ ਪੁਲਿਸ ਵਿਚ ਵੱਡੀ ਬੇਚੈਨੀ ਫੈਲਣ ਦਾ ਡਰ, ਤੁਰੰਤ ਭੁਗਤਾਨ ਕੀਤਾ ਜਾਵੇ : ਮਾਨ
ਸੰਗਰੂਰ, 22 ਅਪ੍ਰੈਲ ( ) “ਮੈਨੂੰ ਆਪਣੀ ਪਾਰਟੀ ਦੇ ਅਤਿ ਭਰੋਸੇਯੋਗ ਵਸੀਲਿਆ ਤੋਂ ਇਹ ਇਤਲਾਹ ਮਿਲੀ ਹੈ ਕਿ ਪੰਜਾਬ ਪੁਲਿਸ ਦੇ ਜੋ ਮੁਲਾਜਮ ਹਨ, ਉਨ੍ਹਾਂ ਦੀ ਪੰਜਾਬ ਸਰਕਾਰ ਵੱਲੋਂ ਤਨਖਾਹ ਰੋਕੀ ਗਈ ਹੈ ਜਿਸ ਨਾਲ ਵੱਡੀ ਗਿਣਤੀ ਵਿਚ ਇਨ੍ਹਾਂ ਮੁਲਾਜਮਾਂ ਦੇ ਮਨ-ਆਤਮਾ ਵਿਚ ਵੱਡੀ ਬੇਚੈਨੀ ਅਤੇ ਨਮੋਸ਼ੀ ਉੱਭਰਦੀ ਜਾ ਰਹੀ ਹੈ । ਇਸ ਲਈ ਇਨ੍ਹਾਂ ਪੈਦਾ ਹੋਏ ਹਾਲਾਤਾਂ ਤੋਂ ਕੋਈ ਦੁਸ਼ਮਣ ਤਾਕਤ ਨਜਾਇਜ ਫਾਇਦਾ ਨਾ ਉਠਾਅ ਲਵੇ ਤਾਂ ਇਸ ਲਈ ਜਰੂਰੀ ਹੈ ਪੰਜਾਬ ਪੁਲਿਸ ਦੇ ਮੁਲਾਜਮਾਂ ਵਿਚ ਤਨਖਾਹਾਂ ਨਾ ਮਿਲਣ ਦੀ ਬਦੌਲਤ ਪੈਦਾ ਹੋਈ ਬੇਚੈਨੀ ਤੇ ਨਮੋਸੀ ਨੂੰ ਤੁਰੰਤ ਉਨ੍ਹਾਂ ਦੀਆਂ ਤਨਖਾਹਾਂ ਦਾ ਭੁਗਤਾਨ ਕਰਕੇ ਦੂਰ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਅਤੇ ਪੰਜਾਬ ਪੁਲਿਸ ਦੇ ਮੁੱਖੀ ਨੂੰ ਸਮੂਹਿਕ ਤੌਰ ਤੇ ਇਸ ਗੰਭੀਰ ਵਿਸੇ ਉਤੇ ਫੌਰੀ ਗੌਰ ਕਰਦੇ ਹੋਏ ਹੱਲ ਕਰਨ ਦੀ ਗੁਜਾਰਿਸ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜਿਸ ਪੁਲਿਸ ਨੇ ਚੋਣਾਂ ਸਮੇ ਅਤੇ ਆਮ ਸਮੇ ਵਿਚ ਕਾਨੂੰਨੀ ਵਿਵਸਥਾਂ ਨੂੰ ਦਿਨ ਰਾਤ ਮਿਹਨਤ ਕਰਕੇ ਕਾਇਮ ਰੱਖਣਾ ਹੁੰਦਾ ਹੈ, ਜੇਕਰ ਉਨ੍ਹਾਂ ਮੁਲਾਜਮਾਂ ਦੇ ਮਨ-ਆਤਮਾ ਹੀ ਸਰਕਾਰ ਦੀਆਂ ਗਲਤ ਨੀਤੀਆ ਦੀ ਬਦੌਲਤ ਅਸੰਤੁਸਟਤਾਂ ਪੈਦਾ ਹੋ ਜਾਵੇ ਫਿਰ ਅਜਿਹੇ ਹਾਲਾਤਾਂ ਨੂੰ ਹੋਰ ਕਿਹੜੀ ਤਾਕਤ ਤੇ ਸੰਸਥਾਂ ਕਾਬੂ ਪਾ ਸਕੇਗੀ ? ਇਸ ਲਈ ਅਜਿਹੇ ਮੁੱਦਿਆ ਉਤੇ ਪੰਜਾਬ ਸਰਕਾਰ ਤੇ ਪੁਲਿਸ ਮੁੱਖੀ ਨੂੰ ਫੌਰੀ ਧਿਆਨ ਕੇਦਰਿਤ ਕਰਦੇ ਹੋਏ ਪੰਜਾਬ ਪੁਲਿਸ ਦੇ ਮੁਲਾਜਮਾਂ ਦੀਆਂ ਰਹਿੰਦੀਆਂ ਤਨਖਾਹਾਂ ਦਾ ਭੁਗਤਾਨ ਕਰਕੇ ਉਨ੍ਹਾਂ ਵਿਚ ਉਤਪੰਨ ਹੋਈ ਬੇਚੈਨੀ ਨੂੰ ਦੂਰ ਕੀਤਾ ਜਾਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਮਸਲੇ ਨੂੰ ਫੌਰੀ ਹੱਲ ਕਰ ਦਿੱਤਾ ਜਾਵੇਗਾ ।