ਮੁਹੰਮਦ ਇਸਹਾਕ ਵੱਲੋ ਅਟਾਰੀ-ਵਾਹਗਾ ਸਰਹੱਦ ਵਪਾਰ ਲਈ ਖੋਲ੍ਹਣ ਦੇ ਪ੍ਰਗਟਾਏ ਵਿਚਾਰ ਦੋਵਾਂ ਮੁਲਕਾਂ ਦੇ ਮਾਲੀ ਅਤੇ ਸਮਾਜਿਕ ਸੰਬੰਧਾਂ ਨੂੰ ਮਜ਼ਬੂਤ ਕਰਨਗੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 28 ਮਾਰਚ ( ) “ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦਾ ਇਕ ਪੁਰਾਤਨ ਇਤਿਹਾਸਿਕ, ਧਾਰਮਿਕ, ਸਮਾਜਿਕ, ਵਪਾਰਿਕ ਅਤੇ ਇਖਲਾਕੀ ਮਜਬੂਤ ਰਿਸਤਾ ਵੀ ਹੈ ਅਤੇ ਦੋਵਾਂ ਦੀ ਬੋਲੀ, ਭਾਸ਼ਾ ਦੀ ਗੂੜੀ ਸਾਂਝ ਵੀ ਹੈ । ਜੇਕਰ ਪ੍ਰਸਥਿਤੀਆਂ ਕਾਰਨ ਮੁਲਕ ਦੀ ਵੰਡ ਸਮੇਂ ਦੋਵਾਂ ਇਲਾਕਿਆ ਦੇ ਨਿਵਾਸੀਆ ਨੂੰ ਵੱਖ ਹੋਣ ਲਈ ਮਜ਼ਬੂਰ ਹੋਣਾ ਪਿਆ । ਪਰ ਇਹ ਸਾਂਝ ਅੱਜ ਵੀ ਉਸੇ ਭਾਵਨਾ ਵਿਚੋ ਪ੍ਰਤੱਖ ਨਜਰ ਆ ਰਹੀ ਹੈ । ਪੰਜਾਬ ਦੇ ਜਿ਼ੰਮੀਦਾਰ, ਖੇਤ ਮਜਦੂਰ, ਵਪਾਰੀ, ਟਰਾਸਪੋਰਟਰ ਅਤੇ ਛੋਟੇ ਸਹਾਇਕ ਕੰਮਾਂ ਤੇ ਕਾਰੋਬਾਰ ਨਾਲ ਜੁੜੇ ਨਿਵਾਸੀਆ ਦੇ ਹਿੱਤ ਇਸ ਅਮਲ ਦੀ ਜੋਰਦਾਰ ਮੰਗ ਕਰਦੇ ਹਨ ਕਿ ਦੋਵਾਂ ਮੁਲਕਾਂ ਦੀਆਂ ਅਟਾਰੀ-ਵਾਹਗਾ ਸਰਹੱਦਾਂ ਨੂੰ ਖੋਲ੍ਹਕੇ ਦੋਵਾਂ ਮੁਲਕਾਂ ਵਿਚ ਉਤਪਾਦ ਹੋਣ ਵਾਲੀਆ ਵਸਤਾਂ ਦਾ ਅਦਾਨ-ਪ੍ਰਦਾਨ ਕਰਨ ਤੇ ਵਪਾਰ ਕਰਨ ਦੀ ਖੁੱਲ੍ਹ ਦਿੱਤੀ ਜਾਵੇ। ਤਾਂ ਜੋ ਦੋਵਾਂ ਮੁਲਕਾਂ ਦੇ ਨਿਵਾਸੀਆਂ ਦੀ ਮਾਲੀ ਹਾਲਤ ਬਿਹਤਰ ਹੋਣ ਦੇ ਨਾਲ-ਨਾਲ ਸਮਾਜਿਕ, ਧਾਰਮਿਕ ਸਾਂਝ ਵੀ ਪ੍ਰਪੱਕ ਹੋ ਸਕੇ । ਇਸ ਵੱਡਮੁੱਲੀ ਸੋਚ ਨੂੰ ਲੈਕੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 2 ਦਹਾਕੇ ਪਹਿਲਾ ਤੋ ਹੀ ਇਹ ਆਵਾਜ ਉਠਾਈ ਜਾਂਦੀ ਆ ਰਹੀ ਹੈ ਕਿ ਪਾਕਿਸਤਾਨ ਦੇ ਲਹਿੰਦੇ ਪੰਜਾਬ ਅਤੇ ਇੰਡੀਆ ਦੇ ਚੜ੍ਹਦੇ ਪੰਜਾਬ ਦੀਆਂ ਸਰਹੱਦਾਂ ਵਪਾਰ ਲਈ ਖੋਲ੍ਹਕੇ ਦੋਵਾਂ ਮੁਲਕਾਂ ਦੇ ਨਿਵਾਸੀਆ ਦੀਆਂ ਫ਼ਸਲਾਂ ਅਤੇ ਹੋਰ ਵਪਾਰਿਕ ਵਸਤਾਂ ਦੀ ਖੁੱਲ੍ਹੀ ਖਰੀਦੋ-ਫਰੋਖਤ ਦਾ ਪ੍ਰਬੰਧ ਹੋਵੇ । ਜੋ ਅੱਜ ਪਾਕਿਸਤਾਨ ਦੇ ਵਿਦੇਸ ਵਜੀਰ ਡਾ. ਮੁਹੰਮਦ ਇਸਹਾਕ ਵੱਲੋ ਦੋਵਾਂ ਮੁਲਕਾਂ ਦੀਆਂ ਸਰਹੱਦਾਂ ਨੂੰ ਖੋਲ੍ਹਣ ਦੇ ਵਿਚਾਰ ਪ੍ਰਗਟਾਏ ਗਏ ਹਨ, ਇਸ ਉਤੇ ਦੋਵਾਂ ਮੁਲਕਾਂ ਵੱਲੋ ਫੌਰੀ ਅਮਲ ਕਰਕੇ ਦੋਵਾਂ ਮੁਲਕਾਂ ਦੀ ਮਾਲੀ ਅਤੇ ਸਮਾਜਿਕ ਸਥਿਤੀ ਨੂੰ ਬਿਹਤਰ ਬਣਾਉਣ ਵਿਚ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਦੇ ਵਿਦੇਸ ਵਜੀਰ ਡਾ. ਮੁਹੰਮਦ ਇਸਹਾਕ ਵੱਲੋ ਅਟਾਰੀ-ਵਾਹਗਾ ਸਰਹੱਦ ਵਪਾਰ ਲਈ ਖੋਲ੍ਹਣ ਦੀ ਪ੍ਰਗਟਾਈ ਇੱਛਾ ਦਾ ਦੋਵਾਂ ਮੁਲਕਾਂ ਦੇ ਨਿਵਾਸੀਆ ਦੇ ਬਿਨ੍ਹਾਂ ਤੇ ਅਤੇ ਦੋਵਾਂ ਮੁਲਕਾਂ ਦੀ ਮਾਲੀ ਤੇ ਸਮਾਜਿਕ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਨੂੰ ਮੁੱਖ ਰੱਖਦੇ ਹੋਏ ਸਵਾਗਤ ਕਰਦੇ ਹੋਏ ਅਤੇ ਇਸ ਨੂੰ ਫੌਰੀ ਦੋਵਾਂ ਮੁਲਕਾਂ ਦੀਆਂ ਹਕੂਮਤਾਂ ਵੱਲੋ ਅਮਲੀ ਰੂਪ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇ ਪਾਕਿਸਤਾਨ ਦੇ ਪ੍ਰਬੰਧਕੀ ਅਤੇ ਮਾਲੀ ਹਾਲਾਤ ਅਸਥਿਰ ਹਨ, ਦੂਸਰੇ ਪਾਸੇ ਚੜ੍ਹਦੇ ਪੰਜਾਬ ਵਿਚ ਪੜ੍ਹੇ-ਲਿਖੇ ਤੇ ਦੂਸਰੇ ਸਿਖਾਦਰੂ ਬੇਰੁਜਗਾਰਾਂ ਦੀ 40 ਲੱਖ ਦੀ ਗਿਣਤੀ ਪਾਰ ਕਰ ਚੁੱਕੀ ਹੈ, ਇਨ੍ਹਾਂ ਦੋਵਾਂ ਮੁਲਕਾਂ ਦੀਆਂ ਅਜਿਹੀਆ ਸਥਿਤੀਆ ਨੂੰ ਸਹੀ ਕਰਨ ਲਈ ਇਹ ਜਰੂਰੀ ਹੈ ਕਿ ਇਮਾਨਦਾਰੀ ਨਾਲ ਦੋਵਾਂ ਮੁਲਕਾਂ ਦੇ ਹੁਕਮਰਾਨ ਅਟਾਰੀ-ਵਾਹਗਾ ਸਰਹੱਦ ਨੂੰ ਫਸਲੀ ਅਤੇ ਉਦਯੋਗਪਤੀਆਂ ਦੇ ਉਤਪਾਦਾਂ ਦੇ ਅਦਾਨ-ਪ੍ਰਦਾਨ ਲਈ ਫੌਰੀ ਖੋਲ੍ਹਣ ਵਿਚ ਭੂਮਿਕਾ ਨਿਭਾਉਣ ਜਿਸ ਨਾਲ ਦੋਵਾਂ ਮੁਲਕਾਂ ਦੇ ਨਿਵਾਸੀਆ ਦੀਆਂ ਕਾਫ਼ੀ ਹੱਦ ਤੱਕ ਮਾਲੀ, ਧਾਰਮਿਕ ਅਤੇ ਸਮਾਜਿਕ ਮੁਸਕਿਲਾਂ ਹੱਲ ਹੋ ਜਾਣਗੀਆ ਅਤੇ ਦੋਵੇ ਮੁਲਕ ਹਰ ਖੇਤਰ ਵਿਚ ਤਰੱਕੀ ਵੱਲ ਵੱਧ ਸਕਣਗੇ ਅਤੇ ਜੋ ਹੁਕਮਰਾਨਾਂ ਦੀਆਂ ਸਿਆਸੀ, ਸਵਾਰਥੀ ਨੀਤੀਆ ਦੀ ਬਦੌਲਤ ਕੁੜੱਤਣ ਉਤਪੰਨ ਹੋਈ ਹੈ ਉਸਨੂੰ ਵੀ ਦੂਰ ਕਰਕੇ ਇਕ ਮਨੁੱਖਤਾ ਪੱਖੀ ਸੋਚ ਨੂੰ ਮਜਬੂਤ ਕਰਨ ਵਿਚ ਸਹਾਈ ਹੋਵੇਗੀ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਦੋਵਾਂ ਮੁਲਕਾਂ ਦੇ ਮਨੁੱਖਤਾ ਪੱਖੀ ਸਿਆਸਤਦਾਨ ਅਤੇ ਬੁੱਧੀਜੀਵੀ ਅਟਾਰੀ-ਵਾਹਗਾ ਸਰਹੱਦ ਨੂੰ ਵਪਾਰ ਲਈ ਖੋਲ੍ਹਣ ਲਈ ਆਪਣੇ ਸਾਂਝੇ ਉੱਦਮ ਕਰਨਗੇ ।