ਜਦੋਂ ਅਮਰੀਕਾ ਸ. ਪੰਨੂ ਦੇ ਕਤਲ ਦੀ ਸਾਜਿਸ ਸੰਬੰਧੀ ਇੰਡੀਆਂ ਤੋਂ ਨਿਰੰਤਰ ਜੁਆਬ ਮੰਗ ਰਿਹਾ ਹੈ, ਤਾਂ ਫੜ੍ਹੇ ਗਏ ਦੋਸ਼ੀ ਸੰਬੰਧੀ ਬਦਮਾਸ ਠੱਗ ਕਹਿਕੇ ਪੱਲਾ ਨਹੀਂ ਝਾੜਿਆ ਜਾ ਸਕਦਾ : ਮਾਨ
ਫ਼ਤਹਿਗੜ੍ਹ ਸਾਹਿਬ, 22 ਮਾਰਚ ( ) “ਅਮਰੀਕਨ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਜੋ ਇੰਡੀਅਨ ਖੂਫੀਆ ਏਜੰਸੀਆਂ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਸੁਰੱਖਿਆ ਸਲਾਹਕਾਰ ਇੰਡੀਆਂ ਵੱਲੋ ਸਾਂਝੀ ਸਾਜਿਸ ਰਚਕੇ ਮਾਰਨ ਦੀ ਅਸਫਲ ਕੋਸਿ਼ਸ਼ ਕੀਤੀ ਗਈ ਸੀ, ਜਿਸ ਨੂੰ ਅਮਰੀਕਨ ਸਰਕਾਰ ਨੇ ਕਾਮਯਾਬ ਨਹੀ ਹੋਣ ਦਿੱਤਾ । ਉਸ ਸੰਬੰਧੀ ਅਮਰੀਕਾ ਦੀ ਸਰਕਾਰ ਵੱਲੋ ਜੋ ਨਿਰਪੱਖਤਾ ਨਾਲ ਛਾਣਬੀਨ ਕੀਤੀ ਜਾ ਰਹੀ ਹੈ ਉਸ ਵਿਚ ਇੰਡੀਅਨ ਹੁਕਮਰਾਨ ਅਤੇ ਉਪਰੋਕਤ ਏਜੰਸੀਆਂ ਇਮਾਨਦਾਰੀ ਨਾਲ ਨਾ ਤਾਂ ਸਹਿਯੋਗ ਕਰ ਰਹੀਆ ਹਨ ਅਤੇ ਨਾ ਹੀ ਉਸ ਸੱਚ ਨੂੰ ਮੰਨ ਰਹੀਆ ਹਨ ਜਿਸ ਸਾਜਿਸ ਅਧੀਨ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਹਕੂਮਤੀ ਸਾਜਿਸ ਰਚੀ ਗਈ ਸੀ । ਜਦੋਕਿ ਇਸ ਸੰਬੰਧ ਵਿਚ ਅਮਰੀਕਾ ਦੇ ਸੈਕਟਰੀ ਆਫ਼ ਸਟੇਟ ਤੇ ਬਿਰਾਜਮਾਨ ਮਿਸਟਰ ਐਨਟੋਨੀ ਬਲਿਕਨ, ਰੱਖਿਆ ਸਕੱਤਰ ਮਿਸਟਰ ਲੋਇਡ ਜੇਮਸ ਔਸਟਿਨ, ਕੌਮੀ ਸੁਰੱਖਿਆ ਸਲਾਹਕਾਰ ਮਿਸਟਰ ਜੈਕ ਸੂਲੇਵਾਨ ਅਤੇ ਐਫ.ਬੀ.ਆਈ ਦੇ ਡਾਈਰੈਕਟਰ ਮਿਸਟਰ ਏ. ਰੇਅ ਇਹ ਸਭ ਅਮਰੀਕਨ ਉਪਰੋਕਤ ਸ. ਪੰਨੂ ਉਤੇ ਰਚੀ ਸਾਜਿਸ ਦੀ ਜਾਂਚ ਲਈ ਇੰਡੀਆਂ ਆਏ ਸਨ । ਇਸ ਤੋ ਇਲਾਵਾ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਜੋ ਬਾਈਡਨ ਨੇ ਕੁਆਡ ਮੁਲਕਾਂ ਦੀ ਮੀਟਿੰਗ ਵਿਚ ਆਉਣ ਦੀ, ਇਸੇ ਮੀਟਿੰਗ ਵਿਚ ਜਪਾਨ ਦੇ ਵਜੀਰ ਏ ਆਜਮ ਮਿਸਟਰ ਫੂਮੀਓ ਕਸੀਦਾ, ਆਸਟ੍ਰੇਲੀਆ ਦੇ ਵਜੀਰ ਏ ਆਜਮ ਮਿਸਟਰ ਐਨਥੋਨੀ ਐਲਬਨੇਜ ਨੇ ਵੀ ਆਉਣਾ ਸੀ, ਪਰ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਦੇ ਹੋਏ ਕਤਲਾਂ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਆਦਿ ਸਿੱਖਾਂ ਦੇ ਹੋਏ ਕਤਲਾਂ ਦੀ ਬਦੌਲਤ ਰੋਸ਼ ਵੱਜੋ ਇਸ ਮੀਟਿੰਗ ਵਿਚ ਉਨ੍ਹਾਂ ਸਭਨਾਂ ਨੇ ਸਮੂਲੀਅਤ ਨਾ ਕੀਤੀ । ਇਹ ਹੋਰ ਵੀ ਦੁੱਖਦਾਇਕ ਅਮਲ ਹੋ ਰਹੇ ਹਨ ਕਿ ਉਪਰੋਕਤ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੋ ਗੁਪਤ ਫੰਡਾਂ ਰਾਹੀ ਕਰੋੜਾ ਅਰਬਾਂ ਰੁਪਏ ਖਰਚ ਕਰਦੇ ਹਨ, ਉਨ੍ਹਾਂ ਸੰਬੰਧੀ ਇਹ ਏਜੰਸੀਆਂ ਨਾ ਤਾਂ ਪਾਰਲੀਮੈਟ ਨੂੰ ਜੁਆਬਦੇਹ ਹਨ ਅਤੇ ਨਾ ਹੀ ਉਨ੍ਹਾਂ ਦੇ ਫੰਡਾਂ ਦਾ ਲੇਖੇ ਜੋਖੇ ਦਾ ਹਿਸਾਬ ਕਰਨ ਦਾ ਕੋਈ ਪ੍ਰਬੰਧ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵੱਲੋ ਪੰਨੂ ਕਤਲ ਸਾਜਿਸ ਕੇਸ ਵਿਚ ਇੰਡੀਆਂ ਤੋਂ ਜੁਆਬ ਮੰਗਣ ਦੇ ਸੰਬੰਧ ਵਿਚ ਫੜੇ ਗਏ ਦੋਸ਼ੀ ਨੂੰ ਇੰਡੀਆਂ ਵੱਲੋ ਬਦਮਾਸ ਠੱਗ ਕਹਿਕੇ ਆਪਣੇ ਆਪ ਨੂੰ ਦੋਸ਼ ਤੋਂ ਮੁਕਤ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਥੋ ਦੇ ਹੁਕਮਰਾਨ ਉਪਰੋਕਤ ਸਿੱਖਾਂ ਦੇ ਹੋਏ ਕਤਲਾਂ ਅਤੇ ਸਿੱਖਾਂ ਨੂੰ ਮਾਰਨ ਦੀਆਂ ਇੰਡੀਅਨ ਹੁਕਮਰਾਨਾਂ ਤੇ ਏਜੰਸੀਆਂ ਵੱਲੋ ਮਾਰਨ ਦੀਆਂ ਸਾਜਿਸਾਂ ਦਾ ਸੱਚ ਸਾਹਮਣੇ ਆਉਣ ਤੋਂ ਰੋਕਣ ਲਈ ਅਮਲ ਕਰ ਰਹੇ ਹਨ ਅਤੇ ਅਮਰੀਕਨ, ਕੈਨੇਡੀਅਨ ਏਜੰਸੀਆਂ ਅਤੇ ਸਰਕਾਰਾਂ ਨੂੰ ਸਾਥ ਨਹੀ ਦਿੱਤਾ ਜਾ ਰਿਹਾ। ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਅਨ ਹੁਕਮਰਾਨ ਅਤੇ ਏਜੰਸੀਆਂ ਬਾਹਰਲੇ ਮੁਲਕਾਂ ਵਿਚ ਸਿੱਖਾਂ ਦੇ ਹੋ ਰਹੇ ਕਤਲਾਂ ਲਈ ਅਤੇ ਰਚੀਆ ਜਾ ਰਹੀਆ ਸਾਜਿਸਾਂ ਲਈ ਹੁਕਮਰਾਨ ਜਿੰਮੇਵਾਰ ਹਨ । ਇਹੀ ਵਜਹ ਹੈ ਕਿ ਸਹੀ ਢੰਗ ਨਾਲ ਜਾਂਚ ਏਜੰਸੀਆਂ ਨੂੰ ਨਾ ਤਾਂ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਇਸ ਨੂੰ ਪ੍ਰਵਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਮਰੀਕਨ ਏਜੰਸੀਆਂ ਦੀ ਜਾਂਚ ਵਿਚ ਇਹ ਸੱਚ ਸਾਹਮਣੇ ਆ ਗਿਆ ਹੈ ਕਿ ਕਤਲ ਕਰਨ ਦੀ ਕੋਸਿਸ ਕਰਨ ਵਾਲਾ ਦੋਸ਼ੀ ਨਿਰੰਤਰ ਇੰਡੀਅਨ ਏਜੰਸੀਆ, ਆਈ.ਬੀ, ਰਾਅ ਦੇ ਮੁੱਖ ਦਫਤਰਾਂ ਨਾਲ ਸੰਪਰਕ ਵਿਚ ਰਿਹਾ ਹੈ ਅਤੇ ਉਨ੍ਹਾਂ ਤੋ ਆਦੇਸ਼ ਲੈਦਾ ਰਿਹਾ ਹੈ ਫਿਰ ਸ. ਪੰਨੂ ਨੂੰ ਮਾਰਨ ਦੀ ਸਾਜਿਸ ਤੇ ਕੈਨੇਡਾ, ਪਾਕਿਸਤਾਨ, ਬਰਤਾਨੀਆ, ਹਰਿਆਣਾ, ਪੰਜਾਬ ਵਿਚ ਕਤਲ ਕੀਤੇ ਗਏ ਸਿੱਖਾਂ ਦੀ ਸਾਜਿਸ ਰਚਣ ਤੋ ਇੰਡੀਅਨ ਹੁਕਮਰਾਨ ਤੇ ਏਜੰਸੀਆਂ ਕਿਸ ਤਰ੍ਹਾਂ ਫਾਰਗ ਹੋ ਸਕਦੀਆਂ ਹਨ ? ਕਹਿਣ ਤੋ ਭਾਵ ਹੈ ਕਿ ਇਨ੍ਹਾਂ ਕਤਲਾਂ ਅਤੇ ਸਾਜਿਸਾਂ ਤੋ ਇੰਡੀਅਨ ਹੁਕਮਰਾਨ ਤੇ ਏਜੰਸੀਆਂ ਜਿੰਨਾਂ ਮਰਜੀ ਬਚਣ ਦੇ ਹੱਥਕੰਡੇ ਅਪਣਾ ਲੈਣ ਪਰ ਅਮਰੀਕਨ ਏਜੰਸੀਆਂ ਤੇ ਸੰਸਾਰ ਦੇ ਨਿਵਾਸੀਆ ਦੀ ਨਜਰ ਵਿਚ ਇੰਡੀਅਨ ਹੁਕਮਰਾਨ ਅਤੇ ਇੰਡੀਅਨ ਏਜੰਸੀਆਂ ਸਿੱਖ ਕੌਮ ਦੀਆਂ ਦੋਸ਼ੀ ਸਾਬਤ ਹੋਣਗੀਆ ਅਤੇ ਇਨ੍ਹਾਂ ਨੂੰ ਆਪਣੇ ਦੋਸ ਨੂੰ ਪ੍ਰਵਾਨ ਕਰਨਾ ਪਵੇਗਾ।