ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ : ਮਾਨ
ਫ਼ਤਹਿਗੜ੍ਹ ਸਾਹਿਬ, 27 ਫਰਵਰੀ ( ) “ਕਿਸਾਨ ਵਰਗ ਵੱਲੋਂ ਜੋ ਆਪਣੀਆਂ ਜਾਇਜ ਮੰਗਾਂ ਦੀ ਪੂਰਤੀ ਲਈ ਅਮਨਮਈ ਤੇ ਜ਼ਮਹੂਰੀਅਤ ਢੰਗ ਨਾਲ ਸੰਘਰਸ਼ ਵਿੱਢਿਆ ਹੋਇਆ ਹੈ, ਸੈਟਰ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪੂਰਨ ਕਰਨ ਦੀ ਬਜਾਇ ਉਨ੍ਹਾਂ ਉਤੇ ਗੈਰ ਵਿਧਾਨਿਕ ਢੰਗ ਰਾਹੀ ਜ਼ਬਰ ਜੁਲਮ ਢਾਹੁੰਣ, ਕਿਸਾਨਾਂ ਨੂੰ ਮਾਰਨ, ਜਖਮੀ ਕਰਨ ਤੇ ਉਤਰ ਆਈ ਹੈ । ਭਾਵੇ ਇਨਸਾਫ਼ ਪ੍ਰਾਪਤੀ ਦਾ ਸੰਘਰਸ਼ ਕਿਸੇ ਵੀ ਕਿਸਾਨ ਆਗੂ ਜਾਂ ਕਿਸੇ ਵੀ ਕਿਸਾਨ ਜਥੇਬੰਦੀ ਵੱਲੋਂ ਸੁਰੂ ਕੀਤਾ ਗਿਆ ਹੋਵੇ, ਜਦੋ ਅਜਿਹੇ ਸੰਘਰਸ਼ ਸੰਬੰਧੀ ਜੰਗ ਲੱਗ ਚੁੱਕੀ ਹੋਵੇ, ਤਾਂ ਵੱਖ-ਵੱਖ ਜਰਨੈਲਾਂ ਦੇ ਅਧੀਨ ਕੰਮ ਕਰ ਰਹੀਆ ਫ਼ੌਜਾਂ ਨੂੰ ਆਪਣੀ ਫ਼ਤਹਿ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਗਿੱਲੇ-ਸਿਕਵਿਆ ਅਤੇ ਵਖਰੇਵਿਆ ਨੂੰ ਪਾਸੇ ਰੱਖਕੇ ਇਸ ਭਾਵਨਾ ਤੇ ਸੋਚ ਨੂੰ ‘ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ’ ਆਪਣੇ ਮਨ-ਆਤਮਾ ਵਿਚ ਮਜਬੂਤ ਕਰਕੇ ਅੱਗੇ ਵੱਧੋ । ਇਸ ਲਈ ਮੇਰੀ ਸਭ ਕਿਸਾਨ ਜਥੇਬੰਦੀਆਂ, ਸਿਆਸੀ ਸੰਗਠਨਾਂ, ਸਮਾਜਿਕ-ਧਾਰਮਿਕ ਸੰਗਠਨਾਂ, ਸਮੁੱਚੇ ਪੰਜਾਬੀਆਂ, ਸਿੱਖਾਂ ਤੇ ਮੁਲਕ ਦੇ ਕਿਸਾਨ ਵਰਗ ਨੂੰ ਵਿਸੇਸ ਤੌਰ ਤੇ ਹਰਿਆਣਾ ਦੇ ਕਿਸਾਨਾਂ ਨੂੰ ਇਹ ਅਪੀਲ ਹੈ ਕਿ ਉਹ ਇਕਤਾਕਤ ਹੋ ਕੇ ਬਾਰਡਰਾਂ ਉਤੇ ਵੱਡੀ ਗਿਣਤੀ ਵਿਚ ਪਹੁੰਚਣ ਤੇ ਆਪਣੇ ਸੰਘਰਸ਼ ਨੂੰ ਦ੍ਰਿੜਤਾ ਨਾਲ ਅੱਗੇ ਵਧਾਉਣ ਲਈ ਉੱਦਮ ਕਰਨ ਤਾਂ ਕਿ ਕਿਸਾਨ ਵਰਗ ਨਾਲ ਸੈਟਰ ਸਰਕਾਰ ਵੱਲੋ ਕੀਤੀਆ ਜਾ ਰਹੀਆ ਬੇਇਨਸਾਫ਼ੀਆਂ ਤੇ ਵਿਤਕਰਿਆ ਦਾ ਸਮੂਹਿਕ ਰੂਪ ਵਿਚ ਖਾਤਮਾ ਕੀਤਾ ਜਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਅਤੇ ਦੂਸਰੇ ਧਾਰਮਿਕ, ਸਮਾਜਿਕ ਸੰਗਠਨਾਂ, ਪੰਜਾਬੀਆਂ, ਸਿੱਖਾਂ ਨੂੰ ਸੈਟਰ ਦੇ ਜ਼ਬਰ ਵਿਰੁੱਧ ਇਕ ਹੋ ਕੇ ਅਲੀ-ਅਲੀ ਕਰਕੇ ਪੈਣ ਦੀ ਜੋਰਦਾਰ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਜੰਗ ਕੇਵਲ ਕਿਸਾਨਾਂ ਦੀ ਨਹੀਂ ਬਲਕਿ ਇੰਡੀਆਂ ਵਿਚ ਵੱਸਣ ਵਾਲੇ ਹਰ ਛੋਟੇ ਦੁਕਾਨਦਾਰ, ਖੇਤ-ਮਜਦੂਰ, ਛੋਟੇ ਵਪਾਰੀ, ਟਰਾਸਪੋਰਟਰ ਆਦਿ ਸਭ ਵਰਗਾਂ ਦੀ ਹੈ । ਕਿਉਂਕਿ ਜੇਕਰ ਫ਼ਸਲ ਪੈਦਾ ਕਰਨ ਵਾਲਾ ਕਿਸਾਨ, ਖੇਤ ਮਜਦੂਰ ਮਾਲੀ ਤੌਰ ਤੇ ਮਜਬੂਤ ਹੋਵੇਗਾ, ਤਦ ਹੀ ਉਹ ਦੂਸਰੇ ਦੁਕਾਨਦਾਰਾਂ ਕੋਲ ਆਪਣੇ ਪਰਿਵਾਰ, ਘਰ ਲਈ ਸਮਾਨ ਖਰੀਦਣ ਤੇ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਲਈ ਜਾਵੇਗਾ । ਜਿਸ ਨਾਲ ਇਹ ਸਰਕਲ ਸਭ ਦੀ ਮਜਬੂਤੀ ਨਾਲ ਜੁੜਿਆ ਹੋਇਆ ਹੈ ਨਾ ਕਿ ਕੇਵਲ ਕਿਸਾਨ ਜਾਂ ਖੇਤ-ਮਜਦੂਰ ਦੀ । ਉਨ੍ਹਾਂ ਕਿਹਾ ਕਿ ਜਦੋ ਕਿਸਾਨ-ਖੇਤ ਮਜਦੂਰ ਹਰ ਖੇਤਰ ਵਿਚ ਮਜਬੂਤੀ ਵੱਲ ਵਧੇਗਾ ਤਦ ਹੀ ਕਿਸੇ ਮੁਲਕ ਦੀਆਂ ਆਉਣ ਵਾਲੀਆ ਪੀੜ੍ਹੀਆ ਲਈ ਭਵਿੱਖ ਨੂੰ ਇਕ ਚੰਗੇ ਸਮਾਜ ਦੀ ਸਿਰਜਣਾ ਵਿਚ ਬਦਲਿਆ ਜਾ ਸਕੇਗਾ । ਇਸ ਲਈ ਇਸ ਮੁਲਕ ਵਿਚ ਵੱਸਣ ਵਾਲਾ ਹਰ ਦੁਕਾਨਦਾਰ, ਵਪਾਰੀ, ਮਜਦੂਰ ਅਤੇ ਵੱਖ-ਵੱਖ ਕਿੱਤਿਆ ਨਾਲ ਸੰਬੰਧਤ ਕਾਰੋਬਾਰੀ ਲੋਕ ਕਿਸਾਨ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹੋਏ ਇਸ ਮਿਸਨ ਦੀ ਪ੍ਰਾਪਤੀ ਵਿਚ ਯੋਗਦਾਨ ਪਾਉਣ ਅਤੇ ਆਪਣੀਆ ਆਉਣ ਵਾਲੀਆ ਪਨੀਰੀਆ ਦੇ ਭਵਿੱਖ ਨੂੰ ਚੰਗੇਰਾ ਬਣਾਉਣ ਦੀ ਜਿੰਮੇਵਾਰੀ ਨਿਭਾਉਣ ।