ਅਧਿਆਪਕ ਵਰਗ ਨਾਲ ਕੀਤੀ ਜਾ ਰਹੀ ਜਿਆਦਤੀ ਅਸਹਿ, ਇਹ ਵਰਗ ਹੀ ਸਮਾਜ ਨੂੰ ਅੱਛੀ ਅਗਵਾਈ ਦੇਣ ਦੇ ਸਮਰੱਥ ਹੁੰਦੇ ਹਨ : ਮਾਨ
ਸੰਗਰੂਰ, 21 ਫਰਵਰੀ ( ) “ਬੀਤੇ ਸਮਿਆਂ ਵਿਚ ਹਰ ਤਰ੍ਹਾਂ ਦੇ ਨਿਵਾਸੀ ਅਧਿਆਪਕ ਵਰਗ ਦੀ ਐਨੀ ਮਾਣ-ਇੱਜ਼ਤ ਕਰਦੇ ਸਨ ਕਿ ਅਧਿਆਪਕ ਵਰਗ ਅਤੇ ਵਿਦਿਆਰਥੀ ਵੀ ਮਾਣ ਮਹਿਸੂਸ ਕਰਦੇ ਸਨ । ਲੇਕਿਨ ਮੌਜੂਦਾ ਸਮੇਂ ਵਿਚ ਸਰਕਾਰਾਂ ਤੇ ਹੁਕਮਰਾਨ ਅਧਿਆਪਕ ਵਰਗ ਦੀਆਂ ਲੰਮੇ ਸਮੇ ਤੋ ਤਨਖਾਹਾਂ ਤੇ ਭੱਤੇ ਰੋਕ ਕੇ ਉਨ੍ਹਾਂ ਨੂੰ ਜੋ ਸੜਕਾਂ ਉਤੇ ਆਉਣ ਲਈ ਮਜ਼ਬੂਰ ਕਰ ਰਹੀਆ ਹਨ, ਇਸ ਨਾਲ ਵਿਦਿਆਰਥੀ ਵਰਗ ਅਤੇ ਮੁਲਕ ਨਿਵਾਸੀਆਂ ਨੂੰ ਅੱਛਾ ਸੰਦੇਸ਼ ਨਹੀ ਜਾਂਦਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਰਕਾਰ ਨੂੰ ਇਹ ਅਪੀਲ ਕਰਨੀ ਚਾਹੇਗਾ ਕਿ ਜਿਸ ਅਧਿਆਪਕ ਵਰਗ ਨੇ ਸਮਾਜ ਨੂੰ ਅੱਛੀ ਅਗਵਾਈ ਦੇਣੀ ਹੈ, ਅੱਛੇ ਸਮਾਜ ਦੀ ਸਿਰਜਣਾ ਕਰਨੀ ਹੈ, ਉਸ ਨਾਲ ਕਿਸੇ ਤਰ੍ਹਾਂ ਦੀ ਵੀ ਵਧੀਕੀ ਤੇ ਬੇਇਨਸਾਫ਼ੀ ਨਹੀਂ ਕਰਨੀ ਚਾਹੀਦੀ । ਇਸ ਲਈ ਪੰਜਾਬ ਸਰਕਾਰ ਤੁਰੰਤ ਸੰਘਰਸ਼ ਕਰ ਰਹੇ ਅਧਿਆਪਕ ਵਰਗ ਦੀਆਂ ਜਾਇਜ ਮੰਗਾਂ ਨੂੰ ਪ੍ਰਵਾਨ ਕਰਕੇ ਉਨ੍ਹਾਂ ਦੀਆਂ ਲੰਮੇ ਸਮੇ ਤੋ ਰੋਕੀਆ ਤਨਖਾਹਾਂ ਤੇ ਭੱਤਿਆ ਨੂੰ ਰੀਲੀਜ ਕਰਦੇ ਹੋਏ ਇਸ ਵਰਗ ਦੇ ਮਾਣ-ਸਨਮਾਨ ਨੂੰ ਹਰ ਕੀਮਤ ਉਤੇ ਕਾਇਮ ਰੱਖਣ ਦਾ ਫਰਜ ਨਿਭਾਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਧਿਆਪਕ ਵਰਗ ਨਾਲ ਪੰਜਾਬ ਸਰਕਾਰ ਵੱਲੋ ਕੀਤੀ ਜਾ ਰਹੀ ਜਿਆਦਤੀ ਤੇ ਬੇਇਨਸਾਫ਼ੀ ਨੂੰ ਅਸਹਿ ਕਰਾਰ ਦਿੰਦੇ ਹੋਏ ਅਤੇ ਸਰਕਾਰ ਨੂੰ ਤੁਰੰਤ ਉਨ੍ਹਾਂ ਦੇ ਰੋਕੇ ਗਏ ਭੱਤੇ ਤੇ ਤਨਖਾਹਾਂ ਰੀਲੀਜ ਕਰਕੇ ਅਧਿਆਪਕ ਵਰਗ ਵਿਚ ਪਾਈ ਜਾਣ ਵਾਲੀ ਅਸੰਤੁਸਟੀ ਨੂੰ ਦੂਰ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਵਰਗ ਦਾ ਉਸੇ ਤਰ੍ਹਾਂ ਖਿਆਲ ਤੇ ਧਿਆਨ ਰੱਖੇਗੀ ਜਿਸ ਤਰ੍ਹਾਂ ਪੁਰਾਤਨ ਸਮੇ ਵਿਚ ਸਰਕਾਰ ਅਤੇ ਸਮਾਜ ਇਨ੍ਹਾਂ ਨੂੰ ਇੱਜਤ ਮਾਣ ਦਿੰਦਾ ਰਿਹਾ ਹੈ, ਤਾਂ ਉਸ ਨਾਲ ਸਰਕਾਰ ਦੇ ਮਾਣ ਸਤਿਕਾਰ ਵਿਚ ਵੀ ਵਾਧਾ ਹੋਵੇਗਾ । ਜੇਕਰ ਅਧਿਆਪਕ ਵਰਗ ਹੀ ਅਸੰਤੁਸਟ ਰਿਹਾ ਤਾਂ ਸਮਾਜ ਤੇ ਮੁਲਕ ਵਿਚ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਨਹੀ ਰੱਖਿਆ ਜਾ ਸਕੇਗਾ । ਇਸ ਲਈ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਅਧਿਆਪਕ ਵਰਗ ਦੇ ਮਸਲੇ ਹੱਲ ਕਰਕੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਉਨ੍ਹਾਂ ਇਸ ਗੱਲ ਤੇ ਵੀ ਅਫਸੋਸ ਪ੍ਰਗਟ ਕੀਤਾ ਕਿ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵਿਚ ਅਜਿਹੇ ਵੀ ਵਜੀਰ ਹਨ ਜੋ ਬਿਲਕੁਲ ਅਨਪੜ੍ਹ ਅਤੇ ਤੁਜਰਬੇ ਪੱਖੋ ਕੋਰੇ ਹਨ । ਅਜਿਹੇ ਵਜੀਰਾਂ ਤੇ ਸਿਆਸਤਦਾਨਾਂ ਤੋ ਕਿਵੇ ਆਸ ਰੱਖੀ ਜਾ ਸਕਦੀ ਹੈ ਕਿ ਉਹ ਦਰਪੇਸ ਆਉਣ ਵਾਲੇ ਮਸਲਿਆ ਨੂੰ ਗੰਭੀਰਤਾ ਨਾਲ ਸਮਝਣਗੇ ਅਤੇ ਉਨ੍ਹਾਂ ਦਾ ਸਹੀ ਦਿਸ਼ਾ ਵੱਲ ਹੱਲ ਕਰ ਸਕਣਗੇ ? ਇਸ ਲਈ ਅਜਿਹਾ ਪ੍ਰਬੰਧ ਵੀ ਹੋਣਾ ਜਰੂਰੀ ਹੈ ਕਿ ਸਰਕਾਰਾਂ ਚਲਾਉਣ ਵਾਲੀਆ ਸਿਆਸੀ ਸਖਸ਼ੀਅਤਾਂ ਤਾਲੀਮ ਤੇ ਕਾਬਲੀਅਤ ਪੱਖੋ ਪੜ੍ਹੀਆ ਲਿਖੀਆ ਵੀ ਹੋਣ ਅਤੇ ਉਨ੍ਹਾਂ ਨੂੰ ਪ੍ਰਬੰਧ ਵਿਚ ਆਉਣ ਵਾਲੀਆ ਮੁਸਕਿਲਾਂ ਨੂੰ ਸਮਝਣ ਤੇ ਹੱਲ ਕਰਨ ਦੀ ਸਮਰੱਥਾਂ ਦੇ ਮਾਲਕ ਵੀ ਹੋਣ । ਤਦ ਹੀ ਇਕ ਅੱਛੇ ਸਮਾਜ ਦੀ ਸਿਰਜਣਾ ਦੀ ਉਮੀਦ ਕੀਤੀ ਜਾ ਸਕਦੀ ਹੈ ।