ਹਰਿਆਣਾ ਦੀ ਖੱਟਰ ਸਰਕਾਰ, ਪੁਲਿਸ ਤੇ ਫ਼ੌਜ ਵੱਲੋ ਕਿਸਾਨਾਂ ਉਤੇ ਕੀਤਾ ਜਾ ਰਿਹਾ ਜ਼ਬਰ ਪੰਜਾਬੀਆਂ ਤੇ ਸਿੱਖ ਕੌਮ ਲਈ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 14 ਫਰਵਰੀ () “ਜਦੋਂ ਕਿਸਾਨ ਵਰਗ ਨੇ ਆਪਣੀਆਂ ਫਸਲਾਂ ਲਈ ਐਮ.ਐਸ.ਪੀ ਐਲਾਨਣ, ਸੁਆਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਕਿਸਾਨਾਂ ਸੰਬੰਧੀ ਬਣਾਏ ਗਏ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਹਿੱਤ ਸੈਂਟਰ ਸਰਕਾਰ ਨੂੰ 13 ਫਰਵਰੀ ਤੱਕ ਅਲਟੀਮੇਟ ਦਿੱਤਾ ਗਿਆ ਤਾਂ ਸਰਕਾਰ ਵੱਲੋ ਕੋਈ ਉਸਾਰੂ ਅਮਲ ਨਾ ਹੋਣ ਅਤੇ ਕਿਸਾਨਾਂ ਵੱਲੋ ਦਿੱਤਾ ਸਮਾਂ ਪੂਰਾ ਹੋਣ ਤੋ ਬਾਅਦ ਜਦੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਤਾਂ ਹਰਿਆਣੇ ਦੀ ਖੱਟਰ ਸਰਕਾਰ ਨੇ ਪੁਲਿਸ, ਫ਼ੌਜ, ਅਰਧ ਸੈਨਿਕ ਬਲਾਂ ਦੀ ਦੁਰਵਰਤੋ ਕਰਦੇ ਹੋਏ, ਡਰੋਨਜ ਰਾਹੀ ਖੁੱਲ੍ਹੇ ਰੂਪ ਵਿਚ ਅੱਥਰੂ ਗੈਂਸ ਛੱਡਕੇ ਲਾਠੀਚਾਰਜ ਕਰਦੇ ਹੋਏ ਆਪਣੇ ਹੀ ਮੁਲਕ ਦੇ ਉਨ੍ਹਾਂ ਕਿਸਾਨਾਂ ਜੋ ਸਾਰੇ ਮੁਲਕ ਦਾ ਢਿੱਡ ਭਰਦੇ ਹਨ, ਉਨ੍ਹਾਂ ਨੂੰ ਕੋਈ 100 ਦੇ ਕਰੀਬ ਜਖਮੀ ਕਰ ਦਿੱਤੇ ਗਏ ਜੋ ਕਿ ਅਮਨਮਈ ਅਤੇ ਜਮਹੂਰੀਅਤ ਢੰਗ ਨਾਲ ਰੋਸ ਕਰਨ ਜਾ ਰਹੇ ਕਿਸਾਨਾਂ ਉਤੇ ਗੈਰ ਵਿਧਾਨਿਕ ਤੇ ਅਣਮਨੁੱਖੀ ਜ਼ਬਰ ਹੈ । ਜਿਸਦੀ ਅਸੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਸੈਟਰ ਦੀ ਮੋਦੀ ਹਕੂਮਤ ਨੂੰ ਖ਼ਬਰਦਾਰ ਕਰਦੇ ਹਾਂ ਕਿ ਆਪਣੇ ਹੀ ਮੁਲਕ ਕਿਸਾਨਾਂ ਤੇ ਨਿਵਾਸੀਆ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਹਕੂਮਤ ਦੀ ਅਸਫਲਤਾ ਨੂੰ ਜਾਹਰ ਕਰਦਾ ਹੈ । ਜਿਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਵੀ ਹੁਕਮਰਾਨ ਹੀ ਜਿੰਮੇਵਾਰ ਹੋਣਗੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੋਦੀ ਹਕੂਮਤ ਅਤੇ ਹਰਿਆਣੇ ਦੀ ਬੀਜੇਪੀ-ਆਰ.ਐਸ.ਐਸ ਦੀ ਖੱਟਰ ਹਕੂਮਤ ਵੱਲੋ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨ ਵਰਗ ਨਾਲ ਹਰ ਪੱਖੋ ਕੀਤੇ ਜਾ ਰਹੇ ਜ਼ਬਰ ਜੁਲਮ, ਅੱਥਰੂ ਗੈਸ ਛੱਡਣ, ਲਾਠੀਚਾਰਜ ਕਰਨ, ਵੱਡੀਆਂ ਰੋਕਾਂ ਲਗਾਕੇ ਉਨ੍ਹਾਂ ਦੇ ਵਿਧਾਨਿਕ ਹੱਕਾਂ ਨੂੰ ਕੁੱਚਲਣ ਆਦਿ ਦੀ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਅਫਸੋਸ ਜਾਹਰ ਕੀਤਾ ਕਿ ਅੱਜ ਬਾਦਲ ਦਲੀਏ ਮੌਕਾਪ੍ਰਸਤੀ ਦੀ ਸੋਚ ਅਧੀਨ ਇਕ ਪਾਸੇ ਤਾਂ ਐਲਾਨ ਕਰ ਰਹੇ ਹਨ ਕਿ ਅਸੀ ਕਿਸਾਨਾਂ ਦੇ ਸੰਘਰਸ਼ ਦੇ ਨਾਲ ਹਾਂ । ਜਦੋਕਿ ਦੂਸਰੇ ਪਾਸੇ ਉਸ ਜਾਬਰ ਬੀਜੇਪੀ ਜਮਾਤ ਨਾਲ ਭਾਈਵਾਲੀ ਦੀਆਂ ਗੱਲਵੱਕੜੀਆ ਨੂੰ ਮਜਬੂਤ ਕਰ ਰਹੇ ਹਨ । ਜੋ ਆਪਸ ਵਿਚ ਕਿਸਾਨਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਦੀ ਬਜਾਇ ਉਨ੍ਹਾਂ ਉਤੇ ਡਰੋਨ ਹਮਲਿਆ ਰਾਹੀ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾ ਮਾਰਕੇ ਜਖਮੀ ਕਰ ਰਹੇ ਹਨ । ਇਹ ਕਿਸ ਤਰ੍ਹਾਂ ਦਾ ਸਮਰੱਥਨ ਹੈ ਜੋ ਜ਼ਬਰ ਢਾਹੁਣ ਵਾਲੀ ਪਾਰਟੀ ਨਾਲ ਸਮਝੋਤੇ ਵੀ ਕਰ ਰਹੇ ਹਨ ਅਤੇ ਕਿਸਾਨਾਂ ਨਾਲ ਝੂਠੀ ਹਮਦਰਦੀ ਵੀ ਜਤਾਅ ਰਹੇ ਹਨ ? ਇਹ ਤਾਂ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ ਕਹਾਵਤ ਨੂੰ ਸੱਚ ਸਾਬਤ ਕਰਨ ਵਾਲੀ ਗੱਲ ਹੈ । ਸ. ਮਾਨ ਨੇ ਕਿਹਾ ਕਿ ਜੋ ਕਿਸਾਨ ਵਰਗ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸਦਾ ਪੂਰਾ ਸਮਰੱਥਨ ਕਰਦਾ ਹੋਇਆ ਆਪਣੇ ਪਾਰਟੀ ਅਹੁਦੇਦਾਰਾਂ, ਮੈਬਰਾਂ ਤੇ ਸਮਰੱਥਕਾਂ ਨੂੰ ਅਪੀਲ ਕਰਦਾ ਹੈ ਕਿ ਇਸ ਮਿਸਨ ਦੀ ਪ੍ਰਾਪਤੀ ਲਈ ਕਿਸਾਨਾਂ ਦੇ ਇਸ ਅੰਦੋਲਨ ਨੂੰ ਹਰ ਤਰ੍ਹਾਂ ਹਮਾਇਤ ਤੇ ਸਹਿਯੋਗ ਕਰਨ ।