ਸੈਂਟਰ ਸਰਕਾਰ ਜੇਕਰ ਸੰਜ਼ੀਦਾ ਹੁੰਦੀ ਤਾਂ ਕਿਸਾਨ-ਖੇਤ ਮਜਦੂਰਾਂ ਦੀਆਂ ਮੁਸਕਿਲਾਂ ਨੂੰ ਮੌਜੂਦਾ ਬਜਟ ਸੈਸਨ ਵਿਚ ਹੱਲ ਕਰ ਸਕਦੀ ਸੀ : ਮਾਨ
ਐਮ.ਐਸ.ਪੀ ਅਤੇ ਸੁਆਮੀਨਾਥਨ ਰਿਪੋਰਟ ਤੁਰੰਤ ਅਮਲੀ ਰੂਪ ਵਿਚ ਲਾਗੂ ਹੋਵੇ ।
ਫ਼ਤਹਿਗੜ੍ਹ ਸਾਹਿਬ, 09 ਫਰਵਰੀ ( ) “ਜਦੋਂ ਪੰਜਾਬ-ਹਰਿਆਣਾ, ਯੂ.ਪੀ, ਹਿਮਾਚਲ, ਰਾਜਸਥਾਂਨ, ਮਹਾਰਾਸਟਰ ਆਦਿ ਸਮੁੱਚੇ ਮੁਲਕ ਦੇ ਸੂਬਿਆਂ ਦੇ ਕਿਸਾਨਾਂ ਦੇ ਉਤਪਾਦਾਂ ਤੇ ਫ਼ਸਲਾਂ ਦੀ ਉਨ੍ਹਾਂ ਨੂੰ ਸਰਕਾਰ ਵੱਲੋ ਸਹੀ ਕੀਮਤ ਅਦਾ ਨਹੀ ਕੀਤੀ ਜਾਂਦੀ ਅਤੇ ਉਨ੍ਹਾਂ ਦੀਆਂ ਫਸਲਾਂ ਨੂੰ ਸਹੀ ਸਮੇ ਤੇ ਚੁੱਕਣ ਲਈ ਜਿੰਮੇਵਾਰੀ ਨਹੀਂ ਨਿਭਾਈ ਜਾਂਦੀ ਅਤੇ ਐਮ.ਐਸ.ਪੀ ਨਾ ਐਲਾਨਕੇ-ਸੁਆਮੀਨਾਥਨ ਰਿਪੋਰਟ ਲਾਗੂ ਨਹੀ ਕੀਤੀ ਜਾ ਰਹੀ ਤਾਂ ਲੱਖਾਂ ਕਰੋੜਾਂ ਕਿਸਾਨ ਪਰਿਵਾਰਾਂ ਵਿਚ ਆਪਣੇ ਭਵਿੱਖ ਨੂੰ ਲੈਕੇ ਵੱਡੀ ਬੇਚੈਨੀ ਹੈ । ਤਦ ਵੀ ਸਰਕਾਰ ਵੱਲੋ ਮੌਜੂਦਾ ਚੱਲ ਰਹੇ ਸੈਸਨ ਵਿਚ ਕੋਈ ਨੀਤੀ ਨਹੀ ਬਣਾਈ ਗਈ ਅਤੇ ਨਾ ਹੀ ਕਿਸਾਨਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਹਿੱਤ ਕੋਈ ਅਮਲ ਕੀਤਾ ਜਾ ਰਿਹਾ ਹੈ । ਜਦੋਕਿ ਬਜਟ ਸੈਸਨ ਵਿਚ ਸਰਕਾਰ ਇਸ ਮਸਲੇ ਨੂੰ ਜੇਕਰ ਚਾਹੁੰਦੀ ਤਾਂ ਸਹਿਜ ਨਾਲ ਹੱਲ ਕਰ ਸਕਦੀ ਸੀ । ਇਸਦੇ ਬਾਵਜੂਦ ਕਿਸਾਨਾਂ ਨੂੰ ਜਮਹੂਰੀਅਤ ਢੰਗ ਨਾਲ ਆਪਣੇ ਰੋਸ ਧਰਨੇ ਦੇਣ, ਰੈਲੀਆ ਕਰਨ ਤੋ ਸਖਤੀ ਨਾਲ ਰੋਕ ਕੇ ਉਨ੍ਹਾਂ ਦੇ ਜਮਹੂਰੀ ਹੱਕਾਂ ਨੂੰ ਕੁੱਚਲਿਆ ਜਾ ਰਿਹਾ ਹੈ । ਜਦੋਕਿ ਮੈਂ ਇਸ ਗੰਭੀਰ ਵਿਸੇ ਉਤੇ ਲੋਕ ਸਭਾ ਵਿਚ ਕਿਸਾਨ ਸਮੱਸਿਆਵਾ ਨੂੰ ਵਿਸਥਾਰ ਨਾਲ ਲਿਖਤੀ ਰੂਪ ਵਿਚ ਰੱਖਕੇ ਬਾਦਲੀਲ ਢੰਗ ਨਾਲ ਲਿਖਕੇ ਦਿੱਤਾ ਹੈ ਤਾਂ ਕਿ ਕਿਸਾਨ ਵਰਗ ਨੂੰ ਮਜਬੂਰ ਹੋ ਕੇ ਅੰਦੋਲਨ ਦਾ ਰਾਹ ਨਾ ਚੁਣਨਾ ਪਵੇ ਅਤੇ ਸਰਕਾਰ ਉਨ੍ਹਾਂ ਉਤੇ ਅਣਮਨੁੱਖੀ ਢੰਗ ਨਾਲ ਜ਼ਬਰ ਜੁਲਮ ਨਾ ਢਾਹ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਵਿਖੇ ਸਮੁੱਚੇ ਮੁਲਕ ਦੇ ਕਿਸਾਨਾਂ ਵੱਲੋ ਐਮ.ਐਸ.ਪੀ ਅਤੇ ਸੁਆਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣ ਤੇ ਹੋਰ ਕਿਸਾਨੀ ਮੁਸਕਿਲਾਂ ਹੱਲ ਕਰਵਾਉਣ ਦੇ ਮਕਸਦ ਨਾਲ 13 ਫਰਵਰੀ ਨੂੰ ਦਿੱਤੇ ਜਾ ਰਹੇ ਰੋਸ ਧਰਨੇ ਉਤੇ ਸਰਕਾਰ ਵੱਲੋ ਹਰ ਤਰ੍ਹਾਂ ਦੀ ਸਖਤੀ ਵਰਤਣ ਅਤੇ ਉਨ੍ਹਾਂ ਉਤੇ ਜ਼ਬਰ ਜੁਲਮ ਢਾਹੁਣ ਦੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੀਜੇਪੀ-ਆਰ.ਐਸ.ਐਸ ਸਰਕਾਰ ਕਿਸਾਨਾਂ ਉਤੇ ਜ਼ਬਰ ਜੁਲਮ ਢਾਹ ਰਹੀ ਹੈ ਇਹ ਵੱਡੇ-ਵੱਡੇ ਉਦਯੋਗਪਤੀਆਂ, ਵਪਾਰੀਆ, ਜਖੀਰੇਬਾਜਾਂ ਅਤੇ ਕਾਲੇ ਧੰਦੇ ਕਰਨ ਵਾਲੇ ਧਨਾਢਾਂ ਵੱਲੋ ਮੁਲਕ ਨਾਲ ਧੋਖੇ ਫਰੇਬ ਕਰਨ ਵਾਲਿਆ ਦੀ ਸਰਪ੍ਰਸਤੀ ਕਰ ਰਹੀ ਹੈ । ਇਨ੍ਹਾਂ ਦਾ ਕੇਵਲ ਤੇ ਕੇਵਲ ਆਪਣੇ ਦੌਲਤਾਂ ਦੇ ਭੰਡਾਰਾਂ, ਖਜਾਨਿਆ ਨੂੰ ਵਧਾਉਣ ਦਾ ਮਕਸਦ ਹੈ । ਇਹ ਧਨਾਢ ਲੋਕ ਹੀ ਕਿਸਾਨਾਂ ਤੋ ਸਸਤੇ ਭਾਅ ਫਸਲਾਂ ਲੈਕੇ ਸਟੋਰ ਕਰ ਲੈਦੇ ਹਨ ਅਤੇ ਫਿਰ ਉਸ ਨੂੰ ਕੁਝ ਸਮੇਂ ਬਾਅਦ ਜਿਆਦਾ ਕੀਮਤਾਂ ਨਾਲ ਵੇਚਕੇ ਵੱਡਾ ਲਾਭ ਪ੍ਰਾਪਤ ਕਰਦੇ ਹਨ । ਜਿਸ ਤੋ ਮਿਹਨਤਕਸ ਕਿਸਾਨ-ਖੇਤ ਮਜਦੂਰ ਵਾਂਝਾ ਰਹਿ ਜਾਂਦਾ ਹੈ । ਦੂਸਰਾ ਇਹ ਪਾਰਟੀ ਸਹੀ ਦਿਸ਼ਾ ਵੱਲ ਬੇਰੁਜਗਾਰੀ ਨੂੰ ਦੂਰ ਕਰਨ ਅਤੇ ਇਥੋ ਦੇ 80-85% ਗਰੀਬ ਤੇ ਮੱਧਵਰਗੀ ਪਰਿਵਾਰਾਂ ਦੀ ਮਾਲੀ ਹਾਲਤ ਨੂੰ ਬਿਹਤਰ ਕਰਨ ਲਈ ਬਿਲਕੁਲ ਸੁਹਿਰਦ ਨਹੀ ਹੈ । ਇਹੀ ਵਜਹ ਹੈ ਕਿ ਨੌਜਵਾਨੀ ਨੂੰ 4-4 ਸਾਲ ਦੇ ਸਮੇ ਲਈ ਭਰਤੀ ਕਰਕੇ ਸਰਹੱਦਾਂ ਉਤੇ ਮੈਦਾਨ ਏ ਜੰਗ ਵਿਚ ਭੇਜਕੇ ਨੌਜਵਾਨੀ ਦਾ ਨੁਕਸਾਨ ਕਰ ਰਹੀ ਹੈ । ਜਦੋਕਿ 4 ਸਾਲ ਦੇ ਥੋੜ੍ਹੇ ਸਮੇ ਵਿਚ ਤਾਂ ਇਕ ਫੌ਼ਜੀ ਆਪਣੀ ਫ਼ੌਜ ਦੀ ਟ੍ਰੇਨਿੰਗ ਵੀ ਪੂਰੀ ਨਹੀ ਕਰ ਸਕਦਾ । ਇਹ ਬੀਜੇਪੀ-ਆਰ.ਐਸ.ਐਸ. ਪਾਰਟੀ ਕਿਸਾਨ, ਮਜਦੂਰ ਅਤੇ ਘੱਟ ਗਿਣਤੀ ਕੌਮਾਂ ਦੀ ਵਿਰੋਧ ਰੱਖਣ ਵਾਲੀ ਜਮਾਤ ਹੈ । ਫਿਰ ਇਸਦੀਆਂ ਨੀਤੀਆ ਹਿੰਦੂ-ਮੁਸਲਿਮ, ਹਿੰਦੂ-ਸਿੱਖ, ਹਿੰਦੂ-ਘੱਟ ਗਿਣਤੀ ਕੌਮਾਂ ਵਿਚ ਨਫਰਤ ਫੈਲਾਕੇ ਆਪਣੇ ਸਵਾਰਥਾਂ ਦੀ ਪੂਰਤੀ ਕਰਨ ਦੀ ਮੰਦਭਾਗੀ ਸੋਚ ਰੱਖਦੀ ਹੈ । ਇਨ੍ਹਾਂ ਦੀਆਂ ਦਿਸ਼ਾਹੀਣ ਬੇਨਤੀਜਾ ਨੀਤੀਆ ਦੀ ਬਦੌਲਤ ਹੀ ਬਹੁਤੇ ਸੂਬਿਆਂ ਵਿਚ ਨਿਜਾਮੀ ਅਫਰਾ ਤਫਰੀ ਫੈਲੀ ਹੋਈ ਹੈ । ਕਿਸੇ ਪਾਸੇ ਵੀ ਸੁਖਾਵਾਂ ਮਾਹੌਲ ਨਹੀ । ਅਜਿਹਾ ਮਾਹੌਲ ਹੁਕਮਰਾਨ ਸੋਚੀ ਸਮਝੀ ਸਾਜਿਸ ਅਧੀਨ ਪ੍ਰਫੁੱਲਿਤ ਕਰ ਰਹੇ ਹਨ । ਤਾਂ ਕਿ ਇਥੇ ਵੱਖ-ਵੱਖ ਕੌਮਾਂ, ਧਰਮਾਂ, ਕਬੀਲਿਆ ਵਿਚ ਨਫਰਤ ਪੈਦਾ ਕਰਕੇ ਆਉਣ ਵਾਲੀਆ 2024 ਦੀਆਂ ਚੋਣਾਂ ਦੇ ਨਤੀਜੇ ਆਪਣੀ ਹਕੂਮਤ ਪਾਰਟੀ ਦੇ ਪੱਖ ਵਿਚ ਲਿਆ ਸਕਣ । ਇਸ ਲਈ ਮੁਲਕ ਦੇ ਸੂਝਵਾਨ ਨਿਵਾਸੀਆਂ ਤੇ ਸਭ ਵਰਗਾਂ ਨੂੰ ਇਹ ਚਾਹੀਦਾ ਹੈ ਕਿ 2024 ਦੀਆਂ ਚੋਣਾਂ ਵਿਚ ਇਸ ਸਾਜਿਸਕਾਰ ਨਫਰਤ ਫੈਲਾਉਣ ਵਾਲੀ ਪਾਰਟੀ ਨੂੰ ਹਕੂਮਤ ਤੋਂ ਪਾਸੇ ਰੱਖਣ ਦੇ ਫਰਜ ਨਿਭਾਉਣ ਤਾਂ ਕਿ ਇਹ ਫਿਰਕੂ ਲੋਕ ਹਕੂਮਤ ਤੇ ਕਾਬਜ ਹੋ ਕੇ ਇੰਡੀਆਂ ਦੇ ਸਮੁੱਚੇ ਮਾਹੌਲ ਵਿਚ ਜਹਿਰ ਘੋਲਣ ਵਿਚ ਕਾਮਯਾਬ ਨਾ ਹੋ ਸਕਣ ।
ਸ. ਮਾਨ ਨੇ ਸਮੁੱਚੇ ਮੁਲਕ ਨਿਵਾਸੀਆ ਤੇ ਸਿੱਖ ਕੌਮ ਨੂੰ ਮਨੁੱਖਤਾ ਦੇ ਬਿਨ੍ਹਾਂ ਤੇ ਅਤੇ ਇਥੇ ਸਹੀ ਮਾਇਨਿਆ ਵਿਚ ਸਭ ਨੂੰ ਬਰਾਬਰਤਾ ਤੇ ਇਨਸਾਫ ਦਾ ‘ਹਲੀਮੀ ਰਾਜ’ ਕਾਇਮ ਕਰਨ ਹਿੱਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 12 ਫਰਵਰੀ ਨੂੰ ਫਤਹਿਗੜ੍ਹ ਸਾਹਿਬ ਦੇ ਇਤਿਹਾਸਿਕ ਸਥਾਂਨ ਉਤੇ ਸਿੱਖ ਕੌਮ ਦੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਉਤੇ ਆਪਣਾ ਇਨਸਾਨੀ ਤੇ ਮਨੁੱਖਤਾ ਪੱਖੀ ਫਰਜ ਸਮਝਦੇ ਹੋਏ ਹੁੰਮ ਹੁੰਮਾਕੇ ਪਹੁੰਚਣ ਅਤੇ ਉਨ੍ਹਾਂ ਵੱਲੋ ਮਿੱਥੇ ਆਜਾਦੀ ਦੇ ਨਿਸਾਨੇ ਵੱਲ ਵੱਧਣ ਦੀ ਅਪੀਲ ਵੀ ਕੀਤੀ ।