ਈ.ਵੀ.ਐਮ ਦੋਸ਼ਪੂਰਨ ਵੋਟ ਪ੍ਰਣਾਲੀ ਸੰਜ਼ੀਦਗੀ ਨਾਲ ਖ਼ਤਮ ਕਰਨ ਅਤੇ ਵੋਟਰ ਵੱਲੋਂ ਆਪਣੀ ਵੋਟ ਕੀਮਤ ਨੂੰ ਸਮਝਣ ਦੀ ਅੱਜ ਸਖ਼ਤ ਲੋੜ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 30 ਜਨਵਰੀ ( ) “ਮੁਲਕ ਦੇ ਸੂਝਵਾਨ ਦੂਰਅੰਦੇਸ਼ੀ, ਮਨੁੱਖਤਾ ਦੀ ਬਿਹਤਰੀ ਲੋੜਨ ਵਾਲੀਆ ਸਖਸ਼ੀਅਤਾਂ ਅਤੇ ਬੁੱਧੀਜੀਵੀਆਂ ਵੱਲੋ ਮੁਲਕੀ ਪੱਧਰ ਉਤੇ ਬਾਦਲੀਲ ਢੰਗ ਨਾਲ ਜੋ ਇਸ ਦੋਸ਼ਪੂਰਨ ਚੋਣ ਪ੍ਰਣਾਲੀ ਨੂੰ ਬਦਲਕੇ, ਬੈਲਟ ਪੇਪਰ ਰਾਹੀ ਵੋਟ ਪਵਾਉਣ ਲਈ ਲਹਿਰ ਖੜ੍ਹੀ ਕੀਤੀ ਜਾ ਰਹੀ ਹੈ, ਇਸ ਅੰਦੋਲਨ ਨੂੰ ਸਭ ਧਾਰਮਿਕ, ਸਿਆਸੀ, ਸਮਾਜਿਕ ਸੰਗਠਨਾਂ ਵੱਲੋ ਸਮੂਹਿਕ ਰੂਪ ਵਿਚ ਦ੍ਰਿੜਤਾ ਤੇ ਸੰਜੀਦਗੀ ਨਾਲ ਬਲ ਦੇਣਾ ਚਾਹੀਦਾ ਹੈ ਤਾਂ ਕਿ ਮੁਲਕ ਦੇ ਵਿਧਾਨ ਅਨੁਸਾਰ ਇਥੋ ਦੇ ਹਰ ਨਾਗਰਿਕ ਨੂੰ ਮਿਲੇ ਮੁੱਢਲੀ ਬੁਨਿਆਦੀ ਹੱਕਾਂ ਰਾਹੀ ਅਧਿਕਾਰ ਸਥਾਈ ਤੌਰ ਤੇ ਜੀਵਤ ਰਹਿ ਸਕਣ ਅਤੇ ਇਥੋ ਦੇ ਪ੍ਰਬੰਧਕੀ ਚੋਣ ਢੰਗ ਵਿਚ ਪੈਦਾ ਹੋ ਚੁੱਕੀਆ ਵੱਡੀਆ ਖਾਮੀਆ ਦਾ ਖਾਤਮਾ ਕਰਕੇ ਇਨਸਾਫ ਤੇ ਬਰਾਬਰਤਾ ਵਾਲੇ ਸਾਫ ਸੁਥਰੇ ਰਾਜ ਨੂੰ ਕਾਇਮ ਕਰਨ ਦੇ ਮਿਸਨ ਨੂੰ ਬਲ ਮਿਲ ਸਕੇ । ਇਸ ਈ.ਵੀ.ਐਮ ਚੋਣ ਪ੍ਰਣਾਲੀ ਨੂੰ ਖਤਮ ਕਰਕੇ ਬੈਲਟ ਪੇਪਰ ਰਾਹੀ ਉੱਚੇ ਸੁੱਚੇ ਇਖਲਾਕ ਵਾਲੀਆ ਸਖਸ਼ੀਅਤਾਂ ਨੂੰ ਹਰ ਤਰ੍ਹਾਂ ਦੇ ਹਕੂਮਤੀ ਪ੍ਰਬੰਧ ਸੌਪਕੇ ਜਮਹੂਰੀਅਤ ਅਤੇ ਅਮਨ ਚੈਨ ਨੂੰ ਕਾਇਮ ਰੱਖਿਆ ਜਾ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਈ.ਵੀ.ਐਮ ਚੋਣ ਪ੍ਰਣਾਲੀ ਵਿਚ ਬੀਤੇ ਸਮੇ ਦੇ ਅਤੇ ਮੌਜੂਦਾ ਸਮੇ ਦੇ ਹੁਕਮਰਾਨਾਂ ਵੱਲੋ ਵੱਡੇ ਪੱਧਰ ਤੇ ਇਨ੍ਹਾਂ ਮਸ਼ੀਨਾਂ ਵਿਚ ਤਕਨੀਕੀ ਹੇਰਾਫੇਰੀ ਕਰਕੇ ਰਾਜ ਸਤ੍ਹਾ ਉਤੇ ਵਾਰ-ਵਾਰ ਕਬਜਾ ਕਰਨ ਦੇ ਹੋ ਰਹੇ ਦੁੱਖਦਾਇਕ ਅਮਲਾਂ ਰਾਹੀ ਮੁਲਕ ਦੇ ਹਰ ਪਾਸੇ ਫੈਲ ਰਾਹੀ ਅਰਾਜਕਤਾ, ਜਬਰ ਜੁਲਮ, ਬੇਇਨਸਾਫ਼ੀ ਵਾਲੇ ਨਿਜਾਮ ਨੂੰ ਖਤਮ ਕਰਨ ਹਿੱਤ 31 ਜਨਵਰੀ ਨੂੰ ਦਿੱਲੀ ਵਿਖੇ ਈ.ਵੀ.ਐਮ ਮਸੀਨਾਂ ਦੀ ਹੋ ਰਹੀ ਦੁਰਵਰਤੋ ਦੇ ਵਿਰੁੱਧ ਹੋ ਰਹੇ ਇਕੱਠ ਨੂੰ ਹਰ ਪੱਖੋ ਹਮਾਇਤ ਦੇਣ ਅਤੇ ਇਸ ਗੰਧਲੀ ਚੋਣ ਪ੍ਰਣਾਲੀ ਨੂੰ ਖਤਮ ਕਰਕੇ ਸਹੀ ਮਾਇਨਿਆ ਵਿਚ ‘ਹਲੀਮੀ ਰਾਜ’ ਕਾਇਮ ਕਰਨ ਵਿਚ ਯੋਗਦਾਨ ਪਾਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਰਕਾਰ ਕਾਂਗਰਸ ਦੀ ਹੋਵੇ, ਬੀਜੇਪੀ-ਆਰ.ਐਸ.ਐਸ ਦੀ ਹੋਵੇ ਜਾਂ ਹੋਰਨਾਂ ਦੀ । ਮੁਲਕ ਦੀ ਪਾਰਲੀਮੈਟ ਵਿਚ ਪਹੁੰਚਣ ਵਾਲੇ ਅਤੇ ਇਥੋ ਦੇ ਪ੍ਰਬੰਧ ਲਈ ਨੀਤੀਆ ਘੜਨ ਵਾਲੇ ਐਮ.ਪੀਜ ਦੀ ਕੁੱਲ ਗਿਣਤੀ ਵਿਚ ਬਹੁਤਾ ਗੈਰ ਕਾਨੂੰਨੀ ਧੰਦਿਆ, ਕਾਤਲਾਂ, ਬਲਾਤਕਾਰਾਂ, ਮੁਲਕ ਦੇ ਖਜਾਨੇ ਨਾਲ ਅਰਬਾਂ ਖਰਬਾਂ ਦੇ ਧੋਖੇ ਫਰੇਬ ਕਰਨ ਵਾਲਿਆ ਦੀ ਹੀ ਬਹੁਤਾ ਪ੍ਰਬਲ ਹੁੰਦੀ ਹੈ । ਇਹ ਲੋਕ ਬਾਹਰੋ ਤਾਂ ਚਿੱਟਕੱਪੜੀਏ, ਦਰਵੇਸ ਤੇ ਧਰਮਾਤਮਾ ਜਾਪਣਗੇ, ਪਰ ਅੰਦਰੋ ਇਨ੍ਹਾਂ ਦੀ ਵੱਡੀ ਗਿਣਤੀ ਦੇ ਅਮਲ ਗੈਰ ਕਾਨੂੰਨੀ ਕਾਰੋਬਾਰ ਕਰਨ ਵਾਲੇ ਅਤੇ ਮੁਲਕ ਨਾਲ ਧੋਖਾ ਕਰਨ ਵਾਲੇ ਅੰਬਾਨੀ, ਅਡਾਨੀ ਵਰਗਿਆ ਦੀ ਸਰਪ੍ਰਸਤੀ ਕਰ ਰਹੀ ਹੁੰਦੀ ਹੈ । ਕਿਉਂਕਿ ਇਹ ਧਨਾਢ ਵਰਗ ਹੀ ਇਨ੍ਹਾਂ ਸਿਆਸਤਦਾਨਾਂ ਨੂੰ ਚੋਣਾਂ ਵਿਚ ਵੱਡੀ ਮਾਲੀ ਸਹਾਇਤਾ ਕਰਦਾ ਹੈ । ਤਾਕਤ ਵਿਚ ਆਉਣ ਉਪਰੰਤ ਇਹ ਸਿਆਸਤਦਾਨ ਅਜਿਹੇ ਮੁਲਕ ਨਾਲ ਧੋਖੇ ਫਰੇਬ ਕਰਨ ਵਾਲਿਆ ਜਾਂ ਗੈਰ ਕਾਨੂੰਨੀ ਧੰਦੇ ਕਰਨ ਵਾਲਿਆ ਦੀ ਰਖੇਲ ਬਣਕੇ ਰਹਿ ਜਾਂਦੇ ਹਨ । ਜਨਤਾ ਦੀਆਂ ਤਕਲੀਫਾ, ਮੁਸਕਿਲਾਂ ਨਾਲ ਇਨ੍ਹਾਂ ਦਾ ਕੋਈ ਵਾਹ ਵਾਸਤਾ ਨਹੀ ਹੁੰਦਾ । ਕੇਵਲ ਮੀਡੀਏ ਅਤੇ ਬਿਜਲਈ ਮੀਡੀਏ, ਸਬਾਬ-ਕਬਾਬ ਅਤੇ ਧਨ ਦੌਲਤਾਂ ਦੇ ਭੰਡਾਰਾਂ ਦੀ ਦੁਰਵਰਤੋ ਕਰਕੇ ਅਜਿਹੇ ਸਿਆਸਤਦਾਨ ਜਾਂ ਹੁਕਮਰਾਨ ਆਪਣੀਆ ਝੂਠੀਆ ਪ੍ਰਾਪਤੀਆ ਤੇ ਕਾਮਯਾਬੀਆਂ ਦਾ ਗੁੰਮਰਾਹਕੁੰਨ ਪ੍ਰਚਾਰ ਕਰਦੇ ਹਨ। ਜਦੋਕਿ ਇਥੋ ਦੇ ਨਾਗਰਿਕਾਂ ਦਾ ਜੀਵਨ ਪੱਧਰ ਦਿਨ-ਬ-ਦਿਨ ਨਿਘਾਰ ਵੱਲ ਜਾ ਰਿਹਾ ਹੈ । ਇਸਦਾ ਖਾਤਮਾ ਈ.ਵੀ.ਐਮ ਚੋਣ ਪ੍ਰਣਾਲੀ ਨੂੰ ਖਤਮ ਕਰਕੇ ਅਤੇ ਬੈਲਟ ਪੇਪਰ ਵੋਟ ਪ੍ਰਣਾਲੀ ਨੂੰ ਸੁਰੂ ਕਰਕੇ ਹੀ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਦੂਸਰਾ ਇਸਦੇ ਨਾਲ ਹੀ ਇਥੋ ਦੇ ਨਾਗਰਿਕਾਂ ਤੇ ਵੋਟਰਾਂ ਨੂੰ ਆਪਣੇ ਹਰ ਤਰ੍ਹਾਂ ਦੇ ਪਰਿਵਾਰਿਕ, ਜਾਤਾਂ-ਪਾਤਾਂ ਅਤੇ ਸਿਆਸੀ ਪਾਰਟੀਆਂ ਦੇ ਨਿੱਜੀ ਮੁਫਾਦਾਂ ਸਵਾਰਥਾਂ ਵਿਚੋ ਨਿਕਲਕੇ ਚੋਣਾਂ ਸਮੇ ਕਿਸੇ ਤਰ੍ਹਾਂ ਦੀ ਵੀ ਦੁਨਿਆਵੀ ਲਾਲਚ ਵਿਚ ਨਾ ਆ ਕੇ ਆਪਣੇ ਵੋਟ ਹੱਕ ਦੀ ਵਰਤੋ ਨਿਰਲੇਪਤਾ, ਨਿਰਪੱਖਤਾ ਨਾਲ ਉੱਚੇ ਸੁੱਚੇ ਇਖਲਾਕ ਵਾਲੀਆ ਐਮ.ਪੀਜ ਜਾਂ ਐਮ.ਐਲ.ਏ. ਦੀਆਂ ਚੋਣ ਲੜਨ ਵਾਲੀਆ ਸਖਸ਼ੀਅਤਾਂ ਨੂੰ ਦੇਣ ਲਈ ਉੱਦਮ ਕਰਨੇ ਪੈਣਗੇ । ਫਿਰ ਹੀ ਅਸੀ ਮੁਲਕ ਦੀ ਪਾਰਲੀਮੈਟ ਵਿਚ ਜਾਂ ਵੱਖ ਵੱਖ ਸੂਬਿਆਂ ਦੀਆਂ ਅਸੈਬਲੀਆਂ ਵਿਚ ਚੰਗੇ ਇਨਸਾਨਾਂ ਨੂੰ ਭੇਜਕੇ ਇਸ ਦੋਸਪੂਰਨ ਹਕੂਮਤੀ ਪ੍ਰਬੰਧ ਨੂੰ ਖਤਮ ਕਰਨ ਵਿਚ ਯੋਗਦਾਨ ਪਾ ਸਕਾਂਗੇ । ਚੋਣਾਂ ਸਮੇ ਇਸ ਵਿਸੇ ਉਤੇ ਹਰ ਨਾਗਰਿਕ ਨੂੰ ਆਪਣੀ ਵੋਟ ਕੀਮਤ ਨੂੰ ਸਮਝਦੇ ਹੋਏ ਬਹੁਤ ਹੀ ਸਿੱਦਤ ਤੇ ਜਿੰਮੇਵਾਰੀ ਨਾਲ ਵੋਟ ਹੱਕ ਦੀ ਵਰਤੋ ਕਰਨ ਲਈ ਉੱਦਮ ਕਰਨਾ ਪਵੇਗਾ । ਪਾਰਟੀਆ ਤੇ ਆਗੂਆ ਦੇ ਗੁਲਾਮੀ ਵਾਲੇ ਝਮੇਲੇ ਨੂੰ ਅਲਵਿਦਾ ਕਹਿਕੇ ਐਮ.ਪੀ ਜਾਂ ਐਮ.ਐਲ.ਏ. ਲੜਨ ਵਾਲੀਆ ਸਖਸੀਅਤਾਂ ਦੇ ਅਮਲੀ ਕਿਰਦਾਰ ਨੂੰ ਮੁੱਖ ਰੱਖਕੇ ਹੀ ਆਪੋ ਆਪਣੇ ਵੋਟ ਹੱਕ ਦੀ ਵਰਤੋ ਕਰਨੀ ਪਵੇਗੀ । ਜੇਕਰ ਅਸੀ ਸਭ ਉਪਰੋਕਤ ਦੋਵੇ ਵਿਸਿਆ ਉਤੇ ਸੰਜੀਦਗੀ ਤੇ ਦ੍ਰਿੜਤਾ ਨਾਲ ਆਪਣੀਆ ਇਖਲਾਕੀ ਜਿੰਮੇਵਾਰੀਆ ਪੂਰੀਆ ਕਰ ਸਕਾਂਗੇ ਫਿਰ ਹੀ ਇੰਡੀਆ ਦੇ ਮੁਲਕੀ ਪੱਧਰ ਜਾਂ ਵੱਖ-ਵੱਖ ਸੂਬਿਆਂ ਦੇ ਨਿਜਾਮੀ ਪ੍ਰਬੰਧ ਵਿਚ ‘ਹਲੀਮੀ ਰਾਜ’ ਦੀਆਂ ਅਮਲੀ ਖੂਬੀਆ ਦੇਖਣ ਦੇ ਸਮਰੱਥ ਹੋ ਸਕਾਂਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੁਲਕ ਦੇ ਸਭ ਨਿਵਾਸੀ ਉਪਰੋਕਤ ਦੋਵੇ ਵਿਸਿਆ ਤੇ ਗੰਭੀਰ ਹੋ ਕੇ 31 ਜਨਵਰੀ ਨੂੰ ਦਿੱਲੀ ਹੋਣ ਵਾਲੇ ਇਕੱਠ ਵਿਚ ਵੀ ਸਾਮਿਲ ਹੋਣਗੇ ਅਤੇ ਜਦੋ ਵੀ ਚੋਣਾਂ ਦਾ ਬਿਗੁਲ ਵੱਜੇ ਸਭ ਤਰ੍ਹਾਂ ਦੇ ਧਾਰਮਿਕ, ਜਾਤ-ਪਾਤ, ਊਚ ਨੀਚ ਪਰਿਵਾਰਿਕ ਸਵਾਰਥੀ ਸੋਚ ਤੋ ਉਪਰ ਉੱਠਕੇ ਆਪਣੇ ਵੋਟ ਹੱਕ ਦੀ ਵੀ ਵਰਤੋ ਕਰਨਗੇ ।

Leave a Reply

Your email address will not be published. Required fields are marked *