ਸਿੱਖ ਕੌਮ ਕਿਸੇ ਵੀ ਵੱਡੇ ਤੋ ਵੱਡੇ ਜ਼ਬਰ ਤੋਂ ਘਬਰਾਉਦੀ ਨਹੀ, ਬਲਕਿ ਆਪਣੀਆ ਰਵਾਇਤਾ ਅਨੁਸਾਰ ਸਾਹਮਣਾ ਕਰਕੇ ਫ਼ਤਹਿ ਪ੍ਰਾਪਤ ਕਰਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 30 ਜਨਵਰੀ ( ) “ਸਿੱਖ ਕੌਮ ਨੂੰ 1762 ਵਿਚ ਉਸ ਸਮੇ ਦੇ ਹੁਕਮਰਾਨਾਂ ਤੇ ਹਮਲਾਵਰਾਂ ਦੇ ਵੱਡੇ ਗੈਰ ਇਨਸਾਨੀ ਜ਼ਬਰ ਦਾ ਸਾਹਮਣਾ ਕਰਨਾ ਪਿਆ । ਲੇਕਿਨ ਸਿੱਖ ਕੌਮ ਨੇ ਜਾਬਰਾਂ ਅੱਗੇ ਉਸ ਸਮੇ ਵੀ ਈਨ ਨਹੀ ਸੀ ਮੰਨੀ, ਉਪਰੰਤ ਕੁੱਪ, ਕੁਤਬਾ ਅਤੇ ਗਹਿਲਾ ਦੇ ਹਮਲਿਆ ਸਮੇ ਅਫਗਾਨ ਹਮਲਾਵਰਾਂ ਨਾਲ ਜੰਗਾਂ ਲੜੀਆ। ਉਸ ਸਮੇ ਅਬਦਾਲੀ ਨੂੰ ਮਿਲੇ ਗਹਿਰੇ ਜਖਮ ਦੀ ਬਦੌਲਤ ਕੈਂਸਰ ਨਾਲ ਮਰਿਆ । ਦੋਵੇ ਵੱਡੇ-ਛੋਟੇ ਘੱਲੂਘਾਰਿਆ ਦੌਰਾਨ ਜ਼ਾਬਰ ਹੁਕਮਰਾਨਾਂ ਤੇ ਹਮਲਾਵਰਾਂ ਨੇ ਸਿੱਖ ਕੌਮ ਨੂੰ ਦਬਾਉਣ ਅਤੇ ਉਨ੍ਹਾਂ ਦੀ ਮਾਨਸਿਕਤਾ ਨੂੰ ਡਰਾਉਣ ਲਈ ਵੱਡੇ ਤੋ ਵੱਡਾ ਜ਼ਬਰ ਕੀਤਾ । ਪਰ ਸਿੱਖ ਕੌਮ ਨੇ ਇਨ੍ਹਾਂ ਸਭ ਘੱਲੂਘਾਰਿਆ ਤੇ ਜ਼ਬਰਾਂ ਦਾ ਸਾਹਮਣਾ ਕਰਦੇ ਹੋਏ ਫ਼ਤਹਿ ਪ੍ਰਾਪਤ ਕੀਤੀ । ਇਸ ਉਪਰੰਤ ਇੰਦਰਾ ਗਾਂਧੀ ਨੇ 1984 ਵਿਚ ਸਿੱਖਾਂ ਨੂੰ ਡਰਾਉਣ ਤੇ ਧਮਕਾਉਣ ਹਿੱਤ ਗੈਰ ਇਨਸਾਨੀ ਅਤੇ ਗੈਰ ਕਾਨੂੰਨੀ ਤੌਰ ਤੇ ਬਲਿਊ ਸਟਾਰ ਦਾ ਸਾਡੇ ਗੁਰਧਾਮਾਂ ਤੇ ਹਮਲਾ ਕਰਕੇ ਢਹਿ ਢੇਰੀ ਕੀਤੇ ਅਤੇ ਕੋਈ 25 ਹਜਾਰ ਦੇ ਕਰੀਬ ਨਿਹੱਥੇ, ਨਿਰਦੋਸ਼ ਸਰਧਾਲੂ ਸ਼ਹੀਦ ਕੀਤੇ । ਪਰ ਉਹ ਵੀ ਸਾਡੀ ਸਿੱਖ ਕੌਮ ਦੇ ਉੱਚੇ ਸੁੱਚੇ ਕਿਰਦਾਰ ਅਤੇ ਜਾਬਰਾਂ ਨਾਲ ਮੱਥਾ ਲਗਾਉਦੇ ਹੋਏ ਆਪਣੀ ਸੋਚ ਤੇ ਕਾਇਮ ਰਹਿਣ ਦੀ ਗੱਲ ਨੂੰ ਕੋਈ ਢਾਅ ਨਾ ਲਗਾ ਸਕੀ ਅਤੇ ਸਿੱਖ ਪਹਿਲੇ ਨਾਲੋ ਵੀ ਵਧੇਰੇ ਤਾਕਤਵਰ ਹੋ ਕੇ ਅਜਿਹੇ ਜ਼ਬਰ ਜੁਲਮਾਂ ਵਿਰੁੱਧ ਨਿਰੰਤਰ ਆਵਾਜ ਉਠਾਉਦੇ ਆ ਰਹੇ ਹਨ ਅਤੇ ਵੱਡੀਆ ਫ਼ੌਜਾਂ, ਹਥਿਆਰਾਂ ਦੇ ਮਾਲਕ ਹਕੂਮਤਾਂ ਨੂੰ ਆਪਣੇ ਗੂਰਾਂ ਦੀ ਸੋਚ ਅਨੁਸਾਰ ਅੱਜ ਵੀ ਚੁਣੋਤੀ ਦਿੰਦੇ ਆ ਰਹੇ ਹਨ । ਇਸ ਲਈ ਦੁਨੀਆ ਦੀ ਕੋਈ ਵੀ ਵੱਡੇ ਤੋ ਵੱਡੀ ਤਾਕਤ ਜਾਂ ਜਾਬਰ ਸਿੱਖ ਕੌਮ ਦੇ ਬੁਲੰਦ ਹੌਸਲਿਆ ਅਤੇ ਜ਼ਬਰ ਵਿਰੁੱਧ ਲੜਨ ਦੇ ਵਰਤਾਰੇ ਨੂੰ ਕਤਈ ਖਤਮ ਨਹੀ ਕਰ ਸਕਦਾ। ਬਲਕਿ ਸਿੱਖ ਕੌਮ ਦੀ ਫ਼ਤਹਿ ਦੇ ਬੁਲੰਦ ਨਾਅਰੇ ਨੂੰ ਬੀਤੇ ਸਮੇ ਦੇ ਹੁਕਮਰਾਨ ਵੀ ਪ੍ਰਵਾਨ ਕਰਦੇ ਆ ਰਹੇ ਹਨ ਅਤੇ ਇਨ੍ਹਾਂ ਨੂੰ ਵੀ ਪ੍ਰਵਾਨ ਕਰਨਾ ਪਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸੈਟਰ ਦੀ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਹਕੂਮਤ ਵੱਲੋ ਪੰਜਾਬੀਆਂ ਤੇ ਸਿੱਖਾਂ ਉਤੇ ਗੈਰ ਇਖਲਾਕੀ ਤੇ ਗੈਰ ਕਾਨੂੰਨੀ ਢੰਗ ਨਾਲ ਕੀਤੇ ਜਾ ਰਹੇ ਜ਼ਬਰ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸਿੱਖ ਕੌਮ ਤੇ ਪੰਜਾਬੀਆਂ ਨੂੰ ਆਪਣੇ ਗੁਰੂ ਸਾਹਿਬਾਨ ਦੇ ਮਹਾਨ ਇਤਿਹਾਸ ਉਤੇ ਪਹਿਰਾ ਦਿੰਦੇ ਹੋਏ ਇਨ੍ਹਾਂ ਜਾਲਮਾਂ ਦੀ ਬਾਦਲੀਲ ਢੰਗ ਨਾਲ ਕੌਮਾਂਤਰੀ ਪੱਧਰ ਤੇ ਹਰ ਕੀਮਤ ਤੇ ਪਿੱਠ ਲਗਾਉਣ ਤੇ ਫਤਹਿ ਪ੍ਰਾਪਤ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਵੀ ਕੋਈ ਵਿਅਕਤੀ ਅਕਾਲੀ ਦਲ ਵਿਚ ਮਨੁੱਖਤਾ ਪੱਖੀ ਅਤੇ ਇਨਸਾਫ ਪੱਖੀ ਅਮਲਾਂ ਨੂੰ ਮੁੱਖ ਰੱਖਦੇ ਹੋਏ ਸਾਮਿਲ ਹੁੰਦਾ ਹੈ ਤਾਂ ਉਹ ਗੁਰੂ ਸਾਹਿਬਾਨ ਵੱਲੋ ਦਿੱਤੇ ਉਸ ਬੁਲੰਦ ਅਤੇ ਚੜ੍ਹਦੀ ਕਲਾਂ ਵਾਲੇ ਨਾਅਰੇ ਮੈ ਮਰਾਂ ਪੰਥ ਜੀਵੇ ਨੂੰ ਮੁੱਖ ਰੱਖਕੇ ਹੀ ਅਕਾਲੀ ਦਲ ਦੇ ਸੰਘਰਸ਼ ਵਿਚ ਕੁੱਦਦਾ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਰਵਾਇਤੀ ਅਕਾਲੀ ਅਤੇ ਹੋਰ ਕਈ ਆਗੂ ਆਪਣੇ ਮਹਾਨ ਇਤਿਹਾਸ ਅਤੇ ਰਵਾਇਤਾ ਤੋ ਪਿੱਠ ਮੋੜਕੇ ਪੰਜਾਬੀਆਂ ਤੇ ਸਿੱਖਾਂ ਉਤੇ ਜ਼ਬਰ ਜੁਲਮ ਢਾਹੁਣ ਵਾਲੀ ਬੀਜੇਪੀ-ਆਰ.ਐਸ.ਐਸ ਦੀਆਂ ਜਮਾਤਾਂ ਵਿਚ ਜਾਈ ਜਾਂਦੇ ਹਨ । ਜਿਨ੍ਹਾਂ ਦੇ ਮਨ ਆਤਮਾ ਉਤੇ ਇਸ ਪਏ ਇਖਲਾਕੀ ਬੋਝ ਨੂੰ ਉਹ ਕਤਈ ਨਹੀ ਲਾਹ ਸਕਣਗੇ । ਕਿਉਂਕਿ ਇਨਸਾਨ ਦੀ ਇਕ ਜਮੀਰ ਤੇ ਇਖਲਾਕ ਹੀ ਹੁੰਦਾ ਹੈ ਜੋ ਉਸ ਨੂੰ ਵੱਡੇ ਵੱਡੇ ਇਮਤਿਹਾਨਾਂ ਵਿਚੋ ਜਿਊਂਦਾ ਰੱਖਦਾ ਹੈ । 

ਉਨ੍ਹਾਂ ਕਿਹਾ ਕਿ ਇਹ ਰਵਾਇਤੀ ਆਗੂ ਜਿਨ੍ਹਾਂ ਨੇ ਅੱਜ ਤੱਕ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ ਤੇ ਪੰਜਾਬ ਵਿਚ ਇੰਡੀਅਨ ਏਜੰਸੀਆ ਵੱਲੋ ਕਤਲ ਕੀਤੇ ਗਏ ਸਿੱਖ ਨੌਜਵਾਨਾਂ ਦੇ ਕਤਲਾਂ ਦੀ ਨਿਖੇਧੀ ਨਹੀ ਕੀਤੀ । ਭਾਵੇ ਉਹ ਬਾਦਲ ਦਲੀਏ ਹੋਣ, ਭਾਵੇ ਜਥੇਦਾਰ, ਭਾਵੇ ਐਸ.ਜੀ.ਪੀ.ਸੀ, ਭਾਵੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਨੇ ਵੀ ਹਕੂਮਤੀ ਜ਼ਬਰ ਵਿਰੁੱਧ ਆਵਾਜ ਨਹੀ ਉਠਾਈ ਜਦੋਕਿ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ, ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ । ਇਨ੍ਹਾਂ ਸੰਬੰਧੀ ਅਮਰੀਕਾ, ਕੈਨੇਡਾ ਅਤੇ ਫਾਈਵ ਆਈ ਮੁਲਕ ਤਾਂ ਇੰਡੀਆ ਦੇ ਹੁਕਮਰਾਨਾਂ ਦੀ ਮਨੁੱਖਤਾ ਵਿਰੋਧੀ ਕਾਰਵਾਈ ਵਿਰੁੱਧ ਸਬੂਤਾਂ ਸਹਿਤ ਕੌਮਾਂਤਰੀ ਪੱਧਰ ਤੇ ਨਿੰਦਾ ਕਰ ਰਹੇ ਹਨ ਅਤੇ ਜਾਂਚ ਕਰ ਰਹੇ ਹਨ । ਜਦੋਕਿ ਜਿਨ੍ਹਾਂ ਦੀ ਕੌਮ ਦੇ ਬੱਚੇ ਸਾਜਸੀ ਢੰਗਾਂ ਰਾਹੀ ਮਾਰੇ ਜਾ ਰਹੇ ਹਨ, ਉਹ ਆਗੂ ਆਪਣੀਆ ਜੁਬਾਨਾਂ ਨੂੰ ਜਿੰਦਰਾ ਲਗਾਈ ਬੈਠੇ ਹਨ । ਫਿਰ ਇਹ ਕੌਮ ਜਾਂ ਪੰਜਾਬ ਸੂਬੇ ਦੇ ਆਗੂ ਕਹਿਲਾਉਣ ਦੇ ਕਿਵੇ ਹੱਕਦਾਰ ਹਨ ? ਉਨ੍ਹਾਂ ਕਿਹਾ ਕਿ ਸ. ਭਾਨਾ ਸਿੱਧੂ ਨੌਜਵਾਨ ਜੋ ਆਪਣੇ ਸਮਾਜ ਸੇਵਾ ਦੇ ਮਿਸਨ ਰਾਹੀ ਪੰਜਾਬੀਆਂ, ਸਿੱਖਾਂ ਦੇ ਬੱਚਿਆਂ, ਧੀਆ, ਭੈਣਾਂ ਅਤੇ ਪੀੜ੍ਹਤ ਪਰਿਵਾਰਾਂ ਦੀਆਂ ਮੁਸਕਿਲਾਂ ਨੂੰ ਆਪਣੇ ਜਮਹੂਰੀ ਢੰਗ ਨਾਲ ਆਪਣੀ ਟੀਮ ਨਾਲ ਹੱਲ ਕਰਨ ਦੀ ਜਿੰਮੇਵਾਰੀ ਨਿਭਾਉਦੇ ਆ ਰਹੇ ਹਨ, ਉਨ੍ਹਾਂ ਉਤੇ ਲੁਧਿਆਣਾ ਦੇ ਸੀ.ਆਈ.ਏ. ਸਟਾਫ ਵੱਲੋ ਬਹੁਤ ਹੀ ਬੇਰਹਿੰਮੀ ਨਾਲ ਜਲੀਲ ਕਰਦੇ ਹੋਏ ਕੁੱਟਮਾਰ ਕੀਤੀ ਗਈ । ਹੁਕਮਰਾਨਾਂ, ਪੁਲਿਸ ਅਤੇ ਇਥੋ ਦੇ ਸਿਸਟਮ ਨੇ ਤਾਂ ਵਿਧਾਨਿਕ ਤੇ ਜਮਹੂਰੀ ਕਦਰਾਂ ਕੀਮਤਾਂ ਦਾ ਜਨਾਜਾਂ ਕੱਢ ਦਿੱਤਾ ਹੈ । ਲੇਕਿਨ ਬੀਜੇਪੀ-ਆਰ.ਐਸ.ਐਸ ਜਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸਾਡੇ ਉਤੇ ਕਿੰਨੇ ਵੀ ਜ਼ਬਰ ਜੁਲਮ ਕਿਉਂ ਨਾ ਢਾਹ ਲਵੇ ਅਸੀ ਇਨ੍ਹਾਂ ਦੇ ਜ਼ਬਰ ਅੱਗੇ ਨਾ ਕਦੇ ਪਹਿਲਾ ਸੀਸ ਝੁਕਾਇਆ ਹੈ ਅਤੇ ਨਾ ਹੁਣ ਝੁਕਾਵਾਂਗੇ । ਹੱਕ ਸੱਚ ਅਤੇ ਇਨਸਾਫ ਦੀ ਗੱਲ ਕਰਨ ਤੇ ਆਵਾਜ ਉਠਾਉਣ ਤੋ ਸਾਨੂੰ ਕੋਈ ਨਹੀ ਰੋਕ ਸਕਦਾ । ਇਨ੍ਹਾਂ ਨੂੰ ਜੁਆਬ ਦੇਣ ਲਈ ਅਸੀ 01 ਫਰਵਰੀ ਨੂੰ ਸ. ਭਗਵੰਤ ਸਿੰਘ ਮਾਨ ਦੇ ਚੋਣ ਹਲਕੇ ਧੂਰੀ ਵਿਖੇ ਵੱਡਾ ਇਕੱਠ ਰੱਖਿਆ ਹੈ । ਜਿਸ ਵਿਚ ਸਭ ਵਰਗਾਂ, ਸਿਆਸਤਦਾਨਾਂ, ਪਾਰਟੀਆਂ, ਕਿਸਾਨ ਯੂਨੀਅਨਾਂ, ਮਜਦੂਰਾਂ, ਵਿਦਿਆਰਥੀਆ ਨੂੰ ਪਹੁੰਚਣ ਦੀ ਜਿਥੇ ਅਪੀਲ ਕਰਦੇ ਹਾਂ, ਉਤੇ ਇਹ ਵੀ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਬੀਜੇਪੀ-ਆਰ.ਐਸ.ਐਸ. ਅਤੇ ਮੁਲਕ ਦੇ ਕੱਟੜਵਾਦੀ ਲੋਕਾਂ ਨੇ ਅਯੁੱਧਿਆ ਵਿਚ ਧਰਮ ਦੀ ਦੁਰਵਰਤੋ ਕਰਕੇ ਆਪਣੇ ਆਪ ਨੂੰ ਮਜਬੂਤ ਕੀਤਾ ਹੈ । ਹੁਣ ਸਿੱਖ ਕੌਮ ਤੇ ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਜਿਵੇ ਅਯੁੱਧਿਆ ਵਿਚ ਇਨ੍ਹਾਂ ਨੇ ਕੀਤਾ ਹੈ, ਉਸੇ ਤਰ੍ਹਾਂ 12 ਫਰਵਰੀ ਜਿਸ ਦਿਨ ਸਿੱਖ ਕੌਮ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਜਨਮ ਦਿਨ ਮਨਾਉਣ ਜਾ ਰਹੀ ਹੈ, ਉਸ ਦਿਨ ਮੁਲਕੀ ਪੱਧਰ ਤੇ ਉਸੇ ਤਰ੍ਹਾਂ ਦਾ ਇਕੱਠ ਕਰਨ ਵਿਚ ਯੋਗਦਾਨ ਪਾਇਆ ਜਾਵੇ । ਜਿਥੇ ਫਿਰ ਸਹੀਦ ਬਾਬਾ ਜੋਰਾਵਰ ਸਿੰਘ, ਸਹੀਦ ਬਾਬਾ ਫਤਹਿ ਸਿੰਘ, ਮਾਤਾ ਗੁਜਰ ਕੌਰ ਅਤੇ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ ਜ਼ਬਰ ਵਿਰੁੱਧ ਸਹਾਦੱਤਾਂ ਨੇ ਹਰ ਜ਼ਬਰ ਵਿਰੁੱਧ ਸਾਨੂੰ ਦ੍ਰਿੜਤਾ ਨਾਲ ਲੜਨ ਦੀ ਅਗਵਾਈ ਦਿੱਤੀ ਹੈ । ਉਸੇ ਤਰ੍ਹਾਂ ਇਸ ਇਤਿਹਾਸਿਕ ਸਥਾਂਨ ਤੋ ਦਿੱਲੀ ਦੀ ਬੀਜੇਪੀ-ਆਰ.ਐਸ.ਐਸ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਜ਼ਬਰ ਵਿਰੁੱਧ ਸੰਘਰਸ਼ ਛੇੜਨ ਵਿਚ ਆਪੋ ਆਪਣਾ ਯੋਗਦਾਨ ਪਾਇਆ ਜਾਵੇ ।

Leave a Reply

Your email address will not be published. Required fields are marked *