ਹਿਰਨਾਂ ਅਤੇ ਨੀਲਗਾਵਾਂ ਦੀਆਂ ਰੱਖਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਪਹਿਲ ਦੇ ਆਧਾਰ ਤੇ ਆਪਣੀ ਜਿੰਮੇਵਾਰੀ ਨਿਭਾਏ : ਮਾਨ
ਫ਼ਤਹਿਗੜ੍ਹ ਸਾਹਿਬ, 25 ਜਨਵਰੀ ( ) “ਹਿਰਨਾਂ, ਨੀਲਗਾਵਾਂ ਅਤੇ ਹੋਰ ਜੰਗਲੀ ਜੀਵਾਂ ਦਾ ਸਿ਼ਕਾਰ ਕਰਕੇ ਉਨ੍ਹਾਂ ਦੀ ਨਸਲ ਨੂੰ ਖਤਮ ਕਰਨ ਦੀ ਕਾਰਵਾਈ ਅਸਹਿ ਹੈ । ਕਿਉਂਕਿ ਕਾਨੂੰਨ ਵੀ ਇਨ੍ਹਾਂ ਜਾਨਵਰਾਂ ਦੀ ਸੁਰੱਖਿਆ ਦੀ ਗੱਲ ਕਰਦਾ ਹੈ । ਲੇਕਿਨ ਇਸਦੇ ਬਾਵਜੂਦ ਵੀ ਸਿਕਾਰ ਖੇਡਣ ਵਾਲੇ ਜਾਂ ਇਨ੍ਹਾਂ ਦੇ ਮਾਸ ਅਤੇ ਖੱਲ ਦਾ ਵਪਾਰ ਕਰਨ ਵਾਲੇ ਲੋਕ ਇਹ ਗੈਰ ਕਾਨੂੰਨੀ ਅਮਲ ਕਰਦੇ ਦਿਖਾਈ ਦੇ ਰਹੇ ਹਨ । ਜੋ ਕਿ ਇਕ ਬਹੁਤ ਵੱਡਾ ਜੁਰਮ ਹੈ । ਅਬੋਹਰ, ਫਾਜਿਲਕਾ ਦੇ ਇਲਾਕੇ ਵਿਚ ਹਿਰਨਾਂ, ਨੀਲਗਾਵਾਂ ਦੀਆਂ ਰੱਖਾਂ ਹਨ । ਲੇਕਿਨ ਉਥੇ ਵੀ ਭਾਵੇ ਕਿਸਾਨ ਆਪਣੀ ਫਸਲ ਦੇ ਨੁਕਸਾਨ ਕਰਕੇ ਜਾਂ ਸਿਕਾਰੀ ਲੋਕ ਇਨ੍ਹਾਂ ਜੀਵਾਂ ਦੇ ਸਰੀਰਾਂ ਨਾਲ ਖਿਲਵਾੜ ਕਰਕੇ ਮਾਰ ਦਿੰਦੇ ਹਨ ਜਿਸ ਨੂੰ ਬੰਦ ਕਰਨ ਲਈ ਸਖਤੀ ਨਾਲ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਇਸੇ ਤਰ੍ਹਾਂ ਕੁਝ ਸਮਾਂ ਪਹਿਲੇ ਸ੍ਰੀ ਆਨੰਦਪੁਰ ਸਾਹਿਬ ਦੇ ਇਲਾਕੇ ਵਿਚ ਪਹਾੜਾਂ ਦੇ ਨਾਲ ਲੱਗਦੇ ਖੇਤਰ ਵਿਚ ਨੀਲਗਾਵਾਂ ਤੇ ਬਾਰਾਸਿੰਘਾਂ ਨੂੰ ਮਾਰਨ ਦੇ ਅਮਲ ਸਾਹਮਣੇ ਆਏ ਸਨ ਅਤੇ ਰੋਪੜ੍ਹ-ਆਨੰਦਪੁਰ ਸਾਹਿਬ ਦੇ ਇਲਾਕੇ ਵਿਚ ਇਨ੍ਹਾਂ ਜੀਵਾਂ ਦੇ ਮਾਸ ਨੂੰ ਸ਼ਰੇਆਮ ਵੇਚਿਆ ਜਾਂਦਾ ਸੀ ਤਾਂ ਅਸੀ ਉਸ ਸਮੇ ਵੀ ਪੰਜਾਬ ਸਰਕਾਰ ਨੂੰ ਇਸ ਵਿਸੇ ਤੇ ਫੌਰੀ ਅਮਲ ਕਰਦੇ ਹੋਏ ਇਨ੍ਹਾਂ ਜਾਨਵਰਾਂ ਦੀ ਸੁਰੱਖਿਆ ਲਈ ਸਖਤ ਕਦਮ ਉਠਾਉਣ ਲਈ ਲਿਖਿਆ ਸੀ । ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਤੌਰ ਤੇ ਇਸ ਵਿਸੇ ਤੇ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਕਰਕੇ ਅਜਿਹੀ ਹੋਣ ਵਾਲੀ ਜੀਵ ਹੱਤਿਆ ਨੂੰ ਪੂਰਨ ਰੂਪ ਵਿਚ ਬੰਦ ਕਰਵਾਇਆ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿਰਨਾਂ, ਨੀਲਗਾਵਾਂ, ਬਾਰਾਸਿੰਘਾਂ ਅਤੇ ਹੋਰ ਜੀਵਾਂ ਦੀਆਂ ਇਨ੍ਹਾਂ ਦੀਆਂ ਬਣੀਆ ਰੱਖਾਂ ਵਿਚ ਹੱਤਿਆਵਾ ਹੋਣ ਜਾਂ ਸਿਕਾਰ ਹੋਣ ਉਤੇ ਡੂੰਘੀ ਚਿੰਤਾ ਜਾਹਰ ਕਰਦੇ ਹੋਏ ਅਤੇ ਪੰਜਾਬ ਸਰਕਾਰ ਨੂੰ ਇਸ ਵਿਸ਼ਾ ਵੱਲ ਫੌਰੀ ਹਰਕਤ ਵਿਚ ਆ ਕੇ ਇਹ ਹੱਤਿਆਵਾ ਤੇ ਸਿਕਾਰ ਰੋਕਣ ਦੀ ਜਿੰਮੇਵਾਰੀ ਨਿਭਾਉਣ ਦੀ ਵਿਸੇਸ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਇਸ ਵਿਸੇ ਉਤੇ ਸਖਤੀ ਨਾਲ ਜਿੰਮੇਵਾਰੀ ਨਹੀ ਨਿਭਾਉਣਗੀਆਂ ਤਾਂ ਇਨ੍ਹਾਂ ਜੀਵਾਂ ਦੇ ਸਿਕਾਰ ਕਰਨ ਵਾਲੇ ਜਾਂ ਇਨ੍ਹਾਂ ਜੀਵਾਂ ਦੀਆਂ ਖੱਲਾਂ ਦਾ ਵਪਾਰ ਕਰਨ ਵਾਲੇ ਲੋਕ ਆਪਣੇ ਲਾਲਚ ਅਤੇ ਆਰਥਿਕ ਫਾਇਦੇ ਲਈ ਅਜਿਹਾ ਅਮਲ ਕਰਦੇ ਹੋਏ ਇਹ ਨਸ਼ਲਾਂ ਹੀ ਖਤਮ ਕਰ ਦੇਣਗੇ । ਇਸ ਲਈ ਸਰਕਾਰਾਂ ਨੂੰ ਇਸ ਅਤਿ ਗੰਭੀਰ ਵਿਸੇ ਉਤੇ ਅਮਲ ਕਰਦੇ ਹੋਏ ਜਿਥੇ ਕਿਤੇ ਵੀ ਹਿਰਨ, ਨੀਲਗਾਵਾਂ, ਬਾਰਾਸਿੰਘਾਂ ਅਤੇ ਹੋਰ ਜੰਗਲੀ ਜੀਵਾਂ ਦੀ ਰੱਖਾਂ ਵਿਚ ਬਹੁਤਾਤ ਹੈ, ਉਸਦੀ ਸੁਰੱਖਿਆ ਲਈ ਹਰ ਤਰ੍ਹਾਂ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਜਾਵੇ ।