ਭਗਵਾਨਪੁਰਾ ਸੂਗਰ ਮਿੱਲ ਧੂਰੀ ਵੱਲੋਂ ਗੰਨਾ ਕਾਸਤਕਾਰਾਂ ਦੀ ਫ਼ਸਲ ਨਾ ਚੁੱਕਣਾ ਅਤੇ 6 ਕਰੋੜ ਬਕਾਏ ਦਾ ਭੁਗਤਾਨ ਨਾ ਕਰਨਾ ਵੱਡੀ ਬੇਇਨਸਾਫ਼ੀ : ਮਾਨ
ਮੁੱਖ ਮੰਤਰੀ ਪੰਜਾਬ ਵੱਲੋਂ ਗੰਨਾ ਕਾਸਤਕਾਰਾਂ ਪੱਖੀ ਕੋਈ ਰਣਨੀਤੀ ਨਾ ਬਣਾਉਣਾ ਅਫ਼ਸੋਸਨਾਕ
ਸੰਗਰੂਰ , 18 ਜਨਵਰੀ ( ) “ਸੰਗਰੂਰ ਜਿ਼ਲ੍ਹੇ ਵਿਚ ਜੋ ਭਗਵਾਨਪੁਰਾ ਸੂਗਰ ਮਿੱਲ ਧੂਰੀ ਸਥਿਤ ਹੈ, ਉਸਦੀ ਮੈਨੇਜਮੈਟ ਵੱਲੋਂ ਗੰਨਾ ਕਾਸਤਕਾਰਾਂ ਦੀ ਗੰਨੇ ਦੀ ਫ਼ਸਲ ਨੂੰ ਸਹੀ ਢੰਗ ਨਾਲ ਨਾ ਚੁੱਕਣ ਅਤੇ ਉਨ੍ਹਾਂ ਦਾ 6 ਕਰੋੜ ਦੇ ਬਕਾਏ ਦਾ ਭੁਗਤਾਨ ਨਾ ਕਰਨ ਉਤੇ ਸੰਗਰੂਰ ਇਲਾਕੇ ਵਿਚ ਜਿੰਮੀਦਾਰਾਂ ਵਿਚ ਵੱਡਾ ਰੋਹ ਖੜ੍ਹਾ ਹੋ ਗਿਆ ਹੈ, ਉਹ ਜਿੰਮੀਦਾਰਾਂ ਨੂੰ ਮਾਲੀ ਤੌਰ ਤੇ ਕੰਮਜੋਰ ਕਰਨ ਦੀ ਮੰਦਭਾਵਨਾ ਭਰੀ ਨੀਤੀ ਦਾ ਹਿੱਸਾ ਹੈ । ਮੈਂ ਇਸ ਇਲਾਕੇ ਦਾ ਬੀਤੇ ਕੱਲ੍ਹ ਦੌਰਾ ਕੀਤਾ ਹੈ ਜਿੰਨੀ ਬੇਚੈਨੀ ਗੰਨਾ ਕਾਸਤਕਾਰਾਂ ਦੇ ਮਨ ਵਿਚ ਹੈ, ਉਸ ਨਾਲ ਹਾਲਾਤ ਹੋਰ ਵੀ ਗੰਭੀਰ ਬਣ ਸਕਦੇ ਹਨ । ਇਹ ਹੋਰ ਵੀ ਅਫ਼ਸੋਸਨਾਕ ਗੈਰ ਜਿੰਮੇਵਰਾਨਾ ਕਾਰਵਾਈ ਹੈ ਕਿ ਜੋ ਮੁੱਖ ਮੰਤਰੀ ਧੂਰੀ ਇਲਾਕੇ ਦੇ ਵਿਧਾਨਕਾਰ ਹਨ, ਉਨ੍ਹਾਂ ਵੱਲੋ ਇਸ ਮਸਲੇ ਨੂੰ ਹੱਲ ਨਾ ਕਰਕੇ ਬਲਦੀ ਉਤੇ ਤੇਲ ਪਾਉਣ ਵਾਲੀ ਹੀ ਕਾਰਵਾਈ ਹੋ ਰਹੀ ਹੈ ਜਿਸਦੇ ਨਤੀਜੇ ਕਦਾਚਿੱਤ ਲਾਹੇਬੰਦ ਨਹੀ ਹੋ ਸਕਣਗੇ । ਜੇਕਰ ਸੀ.ਐਮ. ਆਪਣੇ ਹਲਕੇ ਦੀ ਮੁਸਕਿਲ ਨੂੰ ਹੀ ਹੱਲ ਨਹੀ ਕਰ ਸਕਦੇ, ਫਿਰ ਬਾਕੀ ਪੰਜਾਬ ਨਿਵਾਸੀਆ ਦੀ ਬਿਹਤਰੀ ਲਈ ਉਹ ਕੀ ਕਰ ਸਕਣਗੇ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਧੂਰੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਦਾ ਦੌਰਾ ਕਰਦੇ ਹੋਏ ਅਤੇ ਗੰਨਾ ਕਾਸਤਕਾਰਾਂ ਨਾਲ ਹੋ ਰਹੇ ਜ਼ਬਰ ਅਤੇ ਉਨ੍ਹਾਂ ਨੂੰ ਮਾਲੀ ਤੌਰ ਤੇ ਹੋਰ ਕੰਮਜੋਰ ਕਰਨ ਦੀਆਂ ਹਕੂਮਤੀ ਨੀਤੀਆ ਅਤੇ ਸੂਗਰ ਮਿੱਲ ਧੂਰੀ ਦੇ ਪ੍ਰਬੰਧਕਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਗੰਨਾ ਕਾਸਤਕਾਰਾਂ ਦੀ ਜੋ ਧੂਰੀ ਸੂਗਰ ਮਿੱਲ ਤੇ ਫ਼ਸਲ ਪਹੁੰਚੀ ਹੈ, ਉਹ ਕੇਵਲ 50% ਹੀ ਆਈ ਹੈ ਜਿਸ ਨੂੰ ਮਿੱਲ ਦੇ ਪ੍ਰਬੰਧਕ ਲੈਣ ਤੋ ਇਨਕਾਰ ਕਰ ਰਹੇ ਹਨ । ਜਦੋਕਿ 50% ਫ਼ਸਲ ਅਤੇ ਖੇਤਾਂ ਵਿਚ ਖੜ੍ਹੀ ਹੈ । ਫਿਰ ਜੋ ਮਿੱਲ ਵੱਲੋ ਜੋ ਕਾਸਤਕਾਰਾਂ ਨੂੰ ਰੋਜਾਨਾ 10 ਪਰਚੀਆਂ ਦਿੱਤੀਆ ਜਾ ਰਹੀਆ ਸਨ ਉਨ੍ਹਾਂ ਦੀ ਗਿਣਤੀ ਘਟਾਕੇ 5 ਕਰ ਦਿੱਤੀ ਗਈ ਹੈ ਜੋ ਹੁਕਮਰਾਨਾਂ ਤੇ ਪ੍ਰਬੰਧਕਾਂ ਦੀ ਗੰਨਾ ਕਾਸਤਕਾਰਾਂ ਪ੍ਰਤੀ ਮੰਦਭਾਵਨਾ ਭਰੀ ਨੀਤੀ ਨੂੰ ਪ੍ਰਤੱਖ ਕਰਦਾ ਹੈ । ਜਿਸ ਕਾਰਨ ਇਨ੍ਹਾਂ ਜਿੰਮੀਦਾਰਾਂ ਦੀਆਂ ਮੁਸਕਿਲਾਂ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਹੈ । ਜਿਸਦੀ ਬਦੌਲਤ ਗੰਨਾ ਕਾਸਤਕਾਰ ਆਪਣੀ ਗੰਨੇ ਦੀ ਫਸਲ ਨੂੰ ਹਰਿਆਣਾ ਤੇ ਹੋਰ ਦੂਸਰੇ ਸੂਬਿਆਂ ਵਿਚ ਵੱਧ ਟਰਾਸਪੋਰਟ ਖਰਚ ਕਰਕੇ ਘੱਟ ਕੀਮਤਾਂ ਤੇ ਵੇਚਣ ਲਈ ਮਜਬੂਰ ਹੋ ਰਹੇ ਹਨ । ਇਹ ਸਰਕਾਰ ਦੀ ਵੱਡੀ ਅਸਫਲਤਾ ਨੂੰ ਵੀ ਜਾਹਰ ਕਰਦਾ ਹੈ । ਸ. ਮਾਨ ਨੇ ਇਸ ਗੱਲ ਤੇ ਵੀ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਇਕ ਪਾਸੇ ਸਰਕਾਰ ਘੱਟ ਪਾਣੀ ਪ੍ਰਾਪਤ ਕਰਨ ਵਾਲੀਆ ਫਸਲਾਂ ਬੀਜਣ ਦੀ ਜਿੰਮੀਦਾਰਾਂ ਨੂੰ ਸਲਾਹ ਦਿੰਦੀ ਹੈ । ਗੰਨਾ ਘੱਟ ਪਾਣੀ ਪ੍ਰਾਪਤ ਕਰਨ ਵਾਲੀ ਫਸਲ ਹੈ । ਫਿਰ ਜਦੋ ਸਰਕਾਰ ਤੇ ਮਿੱਲ ਪ੍ਰਬੰਧਕ ਉਨ੍ਹਾਂ ਦੀ ਫਸਲ ਨੂੰ ਚੁੱਕ ਹੀ ਨਹੀ ਰਹੇ ਫਿਰ ਅਜਿਹੀਆ ਸਲਾਹਾਂ ਦੇਣ ਅਤੇ ਜਿੰਮੀਦਾਰ ਵਰਗ ਨੂੰ ਮਾਲੀ ਸੰਕਟ ਵਿਚ ਡੇਗਣ ਪਿੱਛੇ ਹੁਕਮਰਾਨਾਂ ਦੀ ਕੀ ਮੰਦਭਾਵਨਾ ਹੈ ? ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਮੈਨੇਜਮੈਟ ਵੱਲੋ ਗੰਨਾ ਕਾਸਤਕਾਰਾਂ ਪ੍ਰਤੀ ਅਪਣਾਈ ਗਈ ਜਾਬਰ ਨੀਤੀ ਨੂੰ ਖਤਮ ਕਰਕੇ, ਉਨ੍ਹਾਂ ਦੀ ਫਸਲ ਨੂੰ ਸਹੀ ਢੰਗ ਨਾਲ ਚੁੱਕੇ ਅਤੇ ਉਨ੍ਹਾਂ ਦੇ ਬੀਤੇ ਸਮੇ ਦੇ 6 ਕਰੋੜ ਦੇ ਬਕਾਏ ਦਾ ਵੀ ਤੁਰੰਤ ਭੁਗਤਾਨ ਕਰੇ ।