ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਅਯੁੱਧਿਆ ਦੀ ‘ਪ੍ਰਾਣ ਪ੍ਰਤਿਸਠਤਾ’ ਦੇ ਸਮਾਗਮ ਵਿਚ ਆਏ ਸੱਦੇ ਨੂੰ ਰੱਦ ਕਰਨਾ ਸਹੀ : ਟਿਵਾਣਾ

ਜਥੇਦਾਰ ਅਕਾਲ ਤਖ਼ਤ ਸਾਹਿਬ ਇਸ ਵਿਸੇ ਉਤੇ ਸਿੱਖਾਂ ਨੂੰ ਜਾਣ ਤੋ ਰੋਕਣ ਲਈ ਆਪਣੀ ਜਿੰਮੇਵਾਰੀ ਨਿਭਾਉਣ

ਫ਼ਤਹਿਗੜ੍ਹ ਸਾਹਿਬ, 16 ਜਨਵਰੀ ( ) “ਕਿਉਂਕਿ ਸਿੱਖ ਕੌਮ ਕਿਸੇ ਵੀ ਦੂਸਰੇ ਧਰਮ ਦੀਆਂ ਮਰਿਯਾਦਾਵਾ ਜਾਂ ਕੰਮਾਂ ਵਿਚ ਨਾ ਤਾਂ ਕਿਸੇ ਤਰ੍ਹਾਂ ਦਾ ਦਖਲ ਦਿੰਦੀ ਹੈ ਅਤੇ ਨਾ ਹੀ ਆਪਣੀਆ ਧਾਰਮਿਕ ਮਰਿਯਾਦਾਵਾ ਵਿਚ ਕਿਸੇ ਦੂਸਰੇ ਕੌਮ, ਧਰਮ ਨੂੰ ਕਦੀ ਦਖਲ ਦੇਣ ਦੀ ਇਜਾਜਤ ਦਿੰਦੀ ਹੈ । ਦੂਸਰਾ ਸਿੱਖ ਕੌਮ ਦਾ ਜਨਮ ਹੀ ਊਚ-ਨੀਚ, ਰੰਗ-ਭੇਦ, ਅਮੀਰ-ਗਰੀਬ, ਮੂਰਤੀ ਪੂਜਾ ਆਦਿ ਸਮਾਜਿਕ ਬੁਰਾਈਆ ਦਾ ਮੁਕੰਮਲ ਤੌਰ ਤੇ ਖਾਤਮਾ ਕਰਨ ਲਈ ਅਤੇ ਬਰਾਬਰਤਾ ਦਾ ਸਿਧਾਂਤ ਤੇ ਸੋਚ ਲਾਗੂ ਕਰਨ ਹਿੱਤ ਹੀ ਹੋਇਆ ਸੀ । ਕਿਉਂਕਿ ਹਿੰਦੂਤਵ ਮੁਤੱਸਵੀ ਸਰਕਾਰ ਅਤੇ ਸੰਗਠਨ ਅਯੁੱਧਿਆ ਵਿਖੇ ਜਿਥੇ ਕੁਝ ਸਮਾਂ ਪਹਿਲੇ ਬਹੁਗਿਣਤੀ ਨਾਲ ਸੰਬੰਧਤ ਸਿਆਸਤਦਾਨਾਂ ਅਤੇ ਧਾਰਮਿਕ ਆਗੂਆਂ ਦੀ ਮਿਲੀਭੁਗਤ ਨਾਲ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਢਾਹਕੇ ਉਥੇ ਜ਼ਬਰੀ ਮੰਦਰ ਸਥਾਪਿਤ ਕੀਤਾ ਗਿਆ ਸੀ, ਉਥੇ 22 ਜਨਵਰੀ ਨੂੰ ਰਾਮ ਮੂਰਤੀ ਸਥਾਪਿਤ ਕਰਨ ਲਈ ਇਨ੍ਹਾਂ ਨੇ ਪ੍ਰੋਗਰਾਮ ਉਲੀਕਿਆ ਹੈ ਅਤੇ ਹੁਕਮਰਾਨ ਇਸ ਨੂੰ ਹਿੰਦੂਤਵ ਰੂਪ ਦੇਣ ਅਤੇ ਇਸ ਸਮਾਗਮ ਨੂੰ ਆਉਣ ਵਾਲੀਆ 2024 ਦੀਆਂ ਲੋਕ ਸਭਾ ਚੋਣਾਂ ਲਈ ਦੁਰਵਰਤੋ ਕਰਨ ਅਧੀਨ ਇਹ ਸਮਾਗਮ ਕਰ ਰਹੇ ਹਨ । ਜਦੋ ਸਿੱਖ ਕੌਮ ਮੂਰਤੀ ਪੂਜਾ ਵਿਚ ਵਿਸਵਾਸ ਹੀ ਨਹੀ ਰੱਖਦੀ, ਫਿਰ ਹਿੰਦੂ ਸੰਗਠਨਾਂ ਵੱਲੋ ਸਿੱਖ ਸਖਸ਼ੀਅਤਾਂ, ਆਗੂਆਂ ਜਾਂ ਸਿੱਖਾਂ ਨੂੰ ਇਸ ਮੌਕੇ ਤੇ ਲਿਖਤੀ ਸੱਦੇ ਭੇਜਣ ਦਾ ਕੋਈ ਮਕਸਦ ਬਾਕੀ ਨਹੀ ਰਹਿ ਜਾਂਦਾ । ਬੁੱਧ ਧਰਮ ਤੇ ਜੈਨ ਧਰਮ ਦੀ ਤਰ੍ਹਾਂ ਸਿੱਖ ਕੌਮ ਦੀ ਵਿਲੱਖਣ ਅਤੇ ਅਣਖੀਲੀ ਹੋਦ ਨੂੰ ਖੋਰਾ ਲਗਾਉਣਾ ਹੀ ਇਨ੍ਹਾਂ ਦਾ ਮਕਸਦ ਹੈ । ਇਸ ਲਈ ਕਿਸੇ ਵੀ ਸਿੱਖ ਸਖਸੀਅਤ ਆਗੂ ਨੂੰ ਸੱਦਾ ਪੱਤਰ ਆਉਣ ਦੇ ਬਾਵਜੂਦ ਵੀ ਇਸ ਸਮਾਗਮ ਵਿਚ ਕਤਈ ਸਮੂਲੀਅਤ ਨਹੀ ਕਰਨੀ ਚਾਹੀਦੀ । ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਸੱਦੇ ਨੂੰ ਜੋ ਰੱਦ ਕਰਨ ਦੀ ਕਾਰਵਾਈ ਕੀਤੀ ਹੈ, ਉਹ ਬਿਲਕੁਲ ਸਹੀ ਹੈ । ਉਸਦੇ ਨਾਲ ਹੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਇਸ ਗੰਭੀਰ ਵਿਸੇ ਤੇ ਸਪੱਸਟ ਸੰਦੇਸ ਵੀ ਜਾਰੀ ਕਰਨਾ ਬਣਦਾ ਹੈ ਤਾਂ ਕਿ ਕੋਈ ਵੀ ਸਿੱਖ ਉਥੇ ਜਾ ਕੇ ਸਿੱਖ ਕੌਮ ਦੇ ਉੱਚੇ ਸੁੱਚੇ ਮਨੁੱਖਤਾ ਪੱਖੀ ਸਿਧਾਤਾਂ ਤੇ ਸੋਚ ਨੂੰ ਠੇਸ ਨਾ ਪਹੁੰਚਾ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਸੰਗਠਨਾਂ ਤੇ ਸਰਕਾਰ ਵੱਲੋ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪ੍ਰਾਣ ਪ੍ਰਤਿਸਠਤਾ ਸਮਾਗਮ ਵਿਚ ਆਏ ਸੱਦੇ ਨੂੰ ਰੱਦ ਕਰਨ ਦਾ ਸਵਾਗਤ ਕਰਦੇ ਹੋਏ ਅਤੇ ਇਸ ਗੰਭੀਰ ਵਿਸੇ ਉਤੇ ਸਮੁੱਚੀ ਸਿੱਖ ਕੌਮ ਨੂੰ ਸਿੱਖੀ ਸਿਧਾਤਾਂ ਅਨੁਸਾਰ ਫੌਰੀ ਸਹੀ ਸੰਦੇਸ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੰਘ, ਆਰ.ਐਸ.ਐਸ, ਬੀਜੇਪੀ ਅਤੇ ਹੋਰ ਹਿੰਦੂਤਵ ਕੱਟੜਵਾਦੀ ਸੰਗਠਨ ਇਕ ਬਹੁਤ ਹੀ ਸੋਚੀ ਸਮਝੀ ਸਾਜਿਸ ਅਧੀਨ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਆਪੋ ਆਪਣੇ ਆਜਾਦ ਧਾਰਮਿਕ, ਸੱਭਿਆਚਾਰਕ, ਸਮਾਜਿਕ, ਇਖਲਾਕੀ ਕਦਰਾਂ ਕੀਮਤਾਂ ਨੂੰ ਸੂਖਮ ਢੰਗਾਂ ਨਾਲ ਹੌਲੀ-ਹੌਲੀ ਖਤਮ ਕਰਕੇ ਬੋਧੀ ਅਤੇ ਜੈਨ ਧਰਮ ਦੀ ਤਰ੍ਹਾਂ ਹਿੰਦੂ ਧਰਮ ਵਿਚ ਤਬਦੀਲ ਕਰਨ ਅਤੇ ਇੰਡੀਆ ਦੇ ਰਾਜ ਭਾਗ ਨੂੰ ਹਿੰਦੂਤਵ ਰੂਪ ਦੇਣ ਵਿਚ ਲੰਮੇ ਸਮੇ ਤੋ ਲੱਗੇ ਹੋਏ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਸਮੁੱਚੀਆ ਘੱਟ ਗਿਣਤੀ ਕੌਮਾਂ ਅਤੇ ਧਰਮ ਜਿਨ੍ਹਾਂ ਦੇ ਆਪੋ ਆਪਣੀ ਵਿਲੱਖਣ ਪਹਿਚਾਣ ਤੇ ਧਰਮ ਹਨ, ਉਹ ਇਸ ਅਜਗਰ ਰੂਪੀ ਹੁਕਮਰਾਨਾਂ ਦੇ ਸਾਜਸੀ ਨਿਜਾਮ ਦਾ ਸੁਚੱਜੇ ਤੇ ਦ੍ਰਿੜਤਾ ਭਰੇ ਢੰਗ ਨਾਲ ਬਾਦਲੀਲ ਢੰਗ ਨਾਲ ਮੁਕਾਬਲਾ ਕਰਨ ਦੀ ਬਜਾਇ ਭੰਬਲਭੂਸੇ ਵਾਲੀ ਸਥਿਤੀ ਵਿਚੋ ਗੁਜਰਦੇ ਨਜਰ ਆ ਰਹੇ ਹਨ। ਜੋ ਗਹਿਰੀ ਚਿੰਤਾ ਦਾ ਵਿਸਾ ਹੈ । ਜਿਸ ਤੋ ਇਹ ਸੰਕਾ ਪ੍ਰਬਲ ਹੁੰਦੀ ਜਾ ਰਹੀ ਹੈ ਕਿ ਹਿੰਦੂਤਵ ਕੱਟੜਵਾਦੀ ਸੰਗਠਨ ਤੇ ਹੁਕਮਰਾਨ ਆਪਣੇ ਕੱਟੜਵਾਦੀ ਸੋਚ ਵੱਲ ਤੇਜੀ ਨਾਲ ਵੱਧ ਰਹੇ ਹਨ । ਜਿਸ ਲਈ ਸਮੁੱਚੀਆ ਘੱਟ ਗਿਣਤੀ ਕੌਮਾਂ, ਕਬੀਲਿਆ, ਫਿਰਕਿਆ, ਰੰਘਰੇਟਿਆ ਆਦਿ ਸਭ ਨੂੰ ਜਦੋ ਫੌਰੀ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਇਸ ਹਕੂਮਤੀ ਤੇ ਕੱਟੜਵਾਦੀ ਰੂਪੀ ਅਜਗਰ ਦਾ ਖਾਤਮਾ ਕਰਨ ਦੀ ਸਖਤ ਲੋੜ ਹੈ । ਉਦੋ ਇਨ੍ਹਾਂ ਵੱਲੋ ਅਵੇਸਲੇ ਰਹਿਣਾ ਅਤੇ ਕੋਈ ਵੀ ਸਾਂਝੀ ਰਣਨੀਤੀ ਨਾ ਬਣਾਉਣ ਗਹਿਰੀ ਚਿੰਤਾ ਦਾ ਵਿਸਾ ਹੈ । ਇਸ ਲਈ ਸਿੱਖ ਕੌਮ ਦੀਆਂ ਇਤਿਹਾਸਿਕ ਸੰਸਥਾਵਾਂ, ਦੂਸਰੇ ਘੱਟ ਗਿਣਤੀ ਕੌਮਾਂ ਦੇ ਮੁੱਖੀਆਂ ਨੂੰ ਇਕੱਤਰ ਕਰਨ ਅਤੇ ਆਉਣ ਵਾਲੇ ਸਮੇ ਦੇ ਖਤਰੇ ਨੂੰ ਭਾਂਪਦਿਆ ਕੋਈ ਸਾਂਝੇ ਤੌਰ ਤੇ ਅਮਲੀ ਰੂਪ ਵਿਚ ਉੱਦਮ ਕਰਨ ਦੀ ਜਿੰਮੇਵਾਰੀ ਬਣਦੀ ਹੈ । ਤਾਂ ਕਿ ਇਹ ਹਿੰਦੂਤਵ ਸੰਗਠਨ ਤੇ ਹੁਕਮਰਾਨ ਜੈਨੀ ਤੇ ਬੋਧੀ ਧਰਮ ਦੀ ਤਰ੍ਹਾਂ ਸਾਡੇ ਸਰਬਸਾਂਝੇ ਅਤੇ ਮਨੁੱਖਤਾ ਦਾ ਪੈਗਾਮ ਦੇਣ ਵਾਲੇ ਸਾਫ ਸੁਥਰੇ, ਹਰ ਤਰ੍ਹਾਂ ਦੇ ਸਮਾਜਿਕ ਕੁਰੀਤੀਆ ਤੋ ਰਹਿਤ ਸਿੱਖ ਧਰਮ ਤੇ ਦੂਸਰੇ ਛੋਟੇ ਧਰਮਾਂ ਨੂੰ ਆਪਣੇ ਵਿਚ ਮਲੀਨ ਕਰਨ ਦੇ ਅਮਲ ਨਾ ਕਰ ਸਕਣ । ਸਭ ਧਰਮ ਤੇ ਕੌਮਾਂ ਆਪੋ ਆਪਣੇ ਧਰਮਾਂ ਵਿਚ ਆਸਥਾ ਰੱਖਦੇ ਹੋਏ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਵੱਧ ਫੁੱਲ ਸਕਣ ।

Leave a Reply

Your email address will not be published. Required fields are marked *