ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੇ ਅਧਿਕਾਰੀਆਂ ਨੇ ਪਾਣੀ ਦੀ ਸਤ੍ਹਾ ਵੱਧਣ ਉਤੇ ਪਹਿਲੋ ਹੀ ਥੋੜੀ-ਥੋੜੀ ਮਾਤਰਾ ਵਿਚ ਪਾਣੀ ਕਿਉਂ ਨਹੀਂ ਛੱਡਿਆ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 14 ਜੁਲਾਈ ( ) “ਜਦੋਂ ਭਾਖੜਾ ਡੈਮ ਦੀ ਸੁਖਨਾ ਝੀਲ ਵਿਚ ਪਾਣੀ ਦੀ ਸਤ੍ਹਾ ਬਰਸਾਤਾਂ ਦੇ ਕਾਰਨ ਵੱਧਦੀ ਜਾ ਰਹੀ ਸੀ, ਤਾਂ ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੇ ਅਧਿਕਾਰੀਆਂ ਨੂੰ ਚਾਹੀਦਾ ਸੀ ਕਿ ਜਦੋਂ ਮੌਸਮ ਵਿਭਾਗ ਨਿਰੰਤਰ ਬਾਰਿਸ ਦੀ ਸੂਚਨਾ ਦੇ ਰਿਹਾ ਸੀ ਅਤੇ ਹੋਰ ਪਾਣੀ ਵੱਧਣ ਦੀ ਸੰਭਾਵਨਾ ਵੱਧਦੀ ਜਾ ਰਹੀ ਸੀ, ਤਾਂ ਪਹਿਲੋ ਹੀ ਥੋੜਾ-ਥੋੜਾ ਪਾਣੀ ਭਾਖੜਾ ਡੈਮ ਦੇ ਗੇਟਾਂ ਰਾਹੀ ਰੋਜ਼ਾਨਾ ਨਿਕਾਸੀ ਹੋਣ ਵਾਲੇ ਪਾਣੀ ਦੇ ਨਾਲ ਕੱਢਦੇ ਰਹਿਣਾ ਚਾਹੀਦਾ ਸੀ । ਤਾਂ ਕਿ ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੇ ਅਧਿਕਾਰੀਆਂ ਨੂੰ 1988 ਜਾਂ 1993 ਦੀ ਤਰ੍ਹਾਂ ਭਾਖੜਾ ਡੈਮ ਦੇ ਗੇਟਾਂ ਨੂੰ ਖੋਲ੍ਹਕੇ ਸਮੁੱਚੇ ਪੰਜਾਬ ਵਿਚ ਭਾਰੀ ਹੜ੍ਹਾਂ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਦਾ ਅਤੇ ਫ਼ਸਲੀ, ਜਾਨੀ, ਮਾਲੀ ਨੁਕਸਾਨ ਨਾ ਹੁੰਦਾ । ਪਰ ਬੋਰਡ ਦੇ ਅਧਿਕਾਰੀਆਂ ਨੇ ਆਪਣੀ ਇਸ ਜਿੰਮੇਵਾਰੀ ਵਿਚ ਅਣਗਹਿਲੀ ਕਰਕੇ ਸਮੁੱਚੇ ਪੰਜਾਬ ਨਿਵਾਸੀਆ ਨੂੰ 1988 ਅਤੇ 1993 ਦੀ ਤਰ੍ਹਾਂ ਫਿਰ ਵੱਡੀ ਮੁਸਕਿਲ ਤੇ ਸੰਕਟ ਵਿਚ ਪਾ ਦਿੱਤਾ ਹੈ । ਇਹੀ ਵਜਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਲੰਮੇ ਸਮੇ ਤੋ ਬਾਦਲੀਲ ਢੰਗ ਨਾਲ ਇਹ ਮੰਗ ਕਰਦੇ ਆ ਰਹੇ ਹਨ ਕਿ ਭਾਖੜਾ-ਬਿਆਸ ਮੈਨੇਜਮੈਟ ਬੋਰਡ ਦਾ ਸਮੁੱਚਾ ਕੰਟਰੋਲ ਪੰਜਾਬ ਸਰਕਾਰ ਦੇ ਅਧੀਨ ਹੋਣਾ ਚਾਹੀਦਾ ਹੈ । ਤਾਂ ਕਿ ਸੈਂਟਰ ਦੇ ਮੁਤੱਸਵੀ ਹੁਕਮਰਾਨ ਜਾਂ ਭਾਖੜਾ-ਬਿਆਸ ਮੈਨੇਜਮੈਟ ਬੋਰਡ ਵਿਚ ਉਨ੍ਹਾਂ ਦੇ ਹੁਕਮਾਂ ਤੇ ਉਨ੍ਹਾਂ ਦੀ ਫਿਰਕੂ ਸੋਚ ਤੇ ਕੰਮ ਕਰਨ ਵਾਲੇ ਅਧਿਕਾਰੀ ਭਾਖੜਾ ਡੈਮ ਨੂੰ ਬਤੌਰ ਇਕ ਵੱਡੀ ਫ਼ੌਜੀ ਤਾਕਤ ਦੇ ਤੌਰ ਤੇ ਦੁਰਵਰਤੋ ਕਰਕੇ ਸਮੁੱਚੇ ਪੰਜਾਬੀਆਂ ਲਈ ਕਿਸੇ ਸਮੇ ਇਸਨੂੰ ਜੰਗੀ ਹਥਿਆਰ ਦੇ ਤੌਰ ਤੇ ਵਰਤਕੇ ਪੰਜਾਬੀਆਂ ਦੀ ਨਸਲਕੁਸੀ ਨਾ ਕਰ ਸਕਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਖੜਾ-ਬਿਆਸ ਮੈਨੇਜਮੈਟ ਬੋਰਡ ਵੱਲੋ ਇਨ੍ਹਾਂ ਦਿਨਾਂ ਵਿਚ ਗੈਰ-ਜਿੰਮੇਵਰਾਨਾਂ ਤੌਰ ਤੇ ਕੀਤੀਆ ਗਈਆ ਕਾਰਵਾਈਆ ਤੇ ਪੰਜਾਬ ਨਿਵਾਸੀਆ ਨੂੰ ਭਾਖੜਾ ਡੈਮ ਦੇ ਗੇਟ ਖੋਲ੍ਹਣ ਸੰਬੰਧੀ ਸੂਚਨਾ ਨਾ ਦੇ ਕੇ, ਦੂਸਰਾ ਭਾਰੀ ਬਾਰਿਸ ਦੀ ਬਦੌਲਤ ਪਹਾੜੀ ਇਲਾਕੇ ਵਿਚੋ ਪੰਜਾਬ ਦੇ ਦਰਿਆਵਾ, ਨਦੀਆ, ਨਾਲਿਆ, ਚੋਇਆ ਵਿਚ ਵੱਡੀ ਮਾਤਰਾ ਵਿਚ ਬਰਸਾਤੀ ਪਾਣੀ ਆਉਣ ਤੇ ਹੋਏ ਨੁਕਸਾਨ ਸੰਬੰਧੀ ਗੰਭੀਰਤਾ ਨਾਲ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਜਦੋਕਿ ਚਾਹੀਦਾ ਇਹ ਸੀ ਕਿ ਸਮੇ ਦੀ ਨਜਾਕਤ ਨੂੰ ਅਤੇ ਆਉਣ ਵਾਲੇ ਬਰਸਾਤੀ ਮੌਸਮ ਨੂੰ ਮੁੱਖ ਰੱਖਕੇ ਭਾਖੜਾ-ਬਿਆਸ ਮੈਨੇਜਮੈਟ ਬੋਰਡ ਵੱਲੋ ਸੁਖਨਾ ਝੀਲ ਵਿਚ ਪਾਣੀ ਦੀ ਵੱਧਦੀ ਸਤ੍ਹਾ ਨੂੰ ਕਾਬੂ ਵਿਚ ਰੱਖਣ ਲਈ ਨਿਰੰਤਰ ਥੋੜਾ-ਥੋੜਾ ਵਾਧੂ ਪਾਣੀ ਛੱਡਦੇ ਰਹਿਣਾ ਚਾਹੀਦਾ ਸੀ । ਉਨ੍ਹਾਂ ਕਿਹਾ ਦੂਸਰਾ ਭਾਖੜਾ ਡੈਮ ਤੋ ਛੱਡਿਆ ਗਿਆ ਪਾਣੀ ਕੇਵਲ ਪੰਜਾਬ ਦੀਆਂ ਨਹਿਰਾਂ, ਨਦੀਆਂ ਵਿਚ ਹੀ ਕਿਉਂ ਛੱਡਿਆ ਗਿਆ ? ਜਦੋਕਿ ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਂਨ ਦੀਆਂ ਨਹਿਰਾਂ ਵਿਚ ਵੀ ਇਹ ਪਾਣੀ ਛੱਡਿਆ ਜਾਂਦਾ ਰਿਹਾ ਹੈ । ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਜਦੋਂ ਪਾਕਿਸਤਾਨ ਦੇ ਸਾਡੇ ਗੁਆਂਢੀ ਮੁਲਕ ਦੀ ਹਕੂਮਤ ਨੇ ਸਮੁੱਚੇ ਪੰਜਾਬੀਆਂ ਦੇ ਜਾਨ-ਮਾਲ ਦੇ ਹੜ੍ਹਾ ਨਾਲ ਹੋਣ ਵਾਲੇ ਨੁਕਸਾਨ ਤੋ ਬਚਾਉਣ ਦੀ ਮਨੁੱਖਤਾ ਪੱਖੀ ਭਾਵਨਾ ਨੂੰ ਲੈਕੇ ਆਪਣੇ ਪਾਸੇ ਦੇ ਗੇਟ ਇਸ ਲਈ ਖੋਲ੍ਹ ਦਿੱਤੇ ਕਿ ਪੰਜਾਬੀਆਂ ਦਾ ਨੁਕਸਾਨ ਨਾ ਹੋਵੇ । ਜਦੋ ਪਾਕਿਸਤਾਨ ਆਪਣੇ ਇਨ੍ਹਾਂ ਫਰਜਾਂ ਨੂੰ ਪੂਰਨ ਕਰ ਸਕਦਾ ਹੈ, ਫਿਰ ਹਰਿਆਣੇ ਅਤੇ ਰਾਜਸਥਾਂਨ ਦੀਆਂ ਨਹਿਰਾਂ ਅਤੇ ਫੀਡਰਾਂ ਵਿਚ ਜਾਣ ਵਾਲੇ ਪਾਣੀ ਨੂੰ ਇਨ੍ਹਾਂ ਦੋਵਾਂ ਹਕੂਮਤਾਂ ਨੇ ਕਿਉਂ ਰੋਕਿਆ ਅਤੇ ਭਾਖੜਾ-ਬਿਆਸ ਮੈਨੇਜਮੈਟ ਬੋਰਡ ਨੂੰ ਆਪਣੇ ਖੇਤਰਾਂ ਵਿਚ ਪਾਣੀ ਨਾ ਭੇਜਣ ਸੰਬੰਧੀ ਕਿਉਂ ਕਿਹਾ ? ਇਸ ਵਰਤਾਰੇ ਤੋ ਪ੍ਰਤੱਖ ਹੋ ਰਿਹਾ ਹੈ ਕਿ ਸੈਂਟਰ ਦੇ ਮੁਤੱਸਵੀ ਹੁਕਮਰਾਨ ਆਪਣੇ ਅਧੀਨ ਕੰਮ ਕਰ ਰਹੇ ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੇ ਅਧਿਕਾਰੀਆ ਦੀ ਮਿਲੀਭੁਗਤ ਨਾਲ ਜਦੋ ਚਾਹੁੰਣ ਪੰਜਾਬੀਆਂ ਅਤੇ ਸਿੱਖ ਕੌਮ ਦਾ ਵੱਡਾ ਨੁਕਸਾਨ ਕਰਨ ਦੀ ਸਮਰੱਥਾਂ ਰੱਖਦੇ ਹਨ ਅਤੇ ਭਾਖੜਾ ਡੈਮ ਦੇ ਪਾਣੀਆ ਨੂੰ ਬਤੌਰ ਜੰਗੀ ਹਥਿਆਰ ਦੇ ਵਰਤੋ ਕਰ ਸਕਦੇ ਹਨ । ਜਿਵੇਕਿ 1988 ਅਤੇ 1993 ਵਿਚ ਪੰਜਾਬ ਸੂਬੇ ਨੂੰ ਮੰਦਭਾਵਨਾ ਅਧੀਨ ਰਾਤੋ ਰਾਤ ਬਿਨ੍ਹਾਂ ਸੂਚਿਤ ਕੀਤੇ ਭਾਖੜਾ ਡੈਮ ਦੇ ਗੇਟ ਖੋਲ੍ਹਕੇ ਸਮੁੱਚੇ ਪੰਜਾਬ ਨੂੰ ਡਬੋ ਦਿੱਤਾ ਗਿਆ ਸੀ ਅਤੇ ਹੁਣ ਵੀ ਅਜਿਹਾ ਹੀ ਕੀਤਾ ਗਿਆ ਹੈ । ਜਿਸ ਲਈ ਸੈਟਰ ਦੇ ਹੁਕਮਰਾਨ, ਰਾਜਸਥਾਂਨ ਤੇ ਹਰਿਆਣੇ ਦੀਆਂ ਸਰਕਾਰਾਂ ਵੀ ਜਿੰਮੇਵਾਰ ਹਨ ।
ਸ. ਟਿਵਾਣਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੇ ਪੰਜਾਬੀਆਂ ਦੇ ਬਿਨ੍ਹਾਂ ਉਤੇ ਇਹ ਜੋਰਦਾਰ ਮੰਗ ਕੀਤੀ ਕਿ ਭਾਖੜਾ ਡੈਮ ਤੋ ਛੱਡੇ ਜਾਣ ਵਾਲੇ ਪਾਣੀ, ਹਰਿਆਣਾ ਅਤੇ ਰਾਜਸਥਾਂਨ ਦੀਆਂ ਸਰਕਾਰਾਂ ਵੱਲੋ ਇਨ੍ਹਾਂ ਬਰਸਾਤਾਂ ਦੇ ਦਿਨਾਂ ਵਿਚ ਆਪਣੀਆ ਨਹਿਰਾਂ ਅਤੇ ਦਰਿਆਵਾ ਵਿਚ ਪਾਣੀ ਆਉਣ ਤੋ ਰੋਕਣ ਦੀ ਕਾਰਵਾਈ ਦੀ ਕੌਮਾਂਤਰੀ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਅਤੇ ਇਸਦੇ ਨਾਲ ਹੀ ਪੰਜਾਬ ਦੀ ਮੌਜੂਦਾ ਸ. ਭਗਵੰਤ ਸਿੰਘ ਮਾਨ ਸਰਕਾਰ ਨੂੰ ਇਹ ਜਿੰਮੇਵਾਰੀ ਨਿਭਾਉਣ ਲਈ ਆਪਣੇ ਫਰਜ ਪੂਰੇ ਕਰਨੇ ਚਾਹੀਦੇ ਹਨ ਕਿ ਜਦੋ ਭਾਖੜਾ ਡੈਮ ਵਿਚੋ ਆਉਣ ਵਾਲੇ ਪਾਣੀ ਦੇ ਕਾਰਨ ਪੰਜਾਬੀਆਂ ਨੂੰ ਨੁਕਸਾਨ ਝੱਲਣਾ ਪੈਦਾ ਹੈ ਤਾਂ ਇਸ ਭਾਖੜਾ-ਬਿਆਸ ਮੈਨੇਜਮੈਟ ਬੋਰਡ ਦਾ ਪੂਰਨ ਤੌਰ ਤੇ ਪ੍ਰਬੰਧ ਤੇ ਅਧਿਕਾਰ ਪੰਜਾਬ ਸਰਕਾਰ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਸੈਟਰ ਦੇ ਹੁਕਮਰਾਨ ਜੋ ਅਕਸਰ ਹੀ ਪੰਜਾਬੀਆਂ ਤੇ ਕਸਮੀਰੀਆਂ ਦੇ ਨਿਰੰਤਰ ਲੰਮੇ ਸਮੇ ਤੋ ਦੁਸ਼ਮਣਾਂ ਦੀ ਤਰ੍ਹਾਂ ਕਾਰਵਾਈਆ ਕਰਦੇ ਆ ਰਹੇ ਹਨ, ਉਹ ਭਾਖੜਾ ਡੈਮ ਦੇ ਇਸ ਜੰਗੀ ਹਥਿਆਰ ਵਾਲੇ ਸਾਧਨ ਨੂੰ ਪੰਜਾਬੀਆਂ ਦਾ ਨਾਸ ਕਰਨ ਲਈ ਕਿਸੇ ਸਮੇ ਵੀ ਦੁਰਵਰਤੋ ਨਾ ਕਰ ਸਕਣ ਅਤੇ ਪੰਜਾਬ ਨੂੰ ਮਾਲੀ ਅਤੇ ਜਾਨੀ ਤੌਰ ਤੇ ਨੁਕਸਾਨ ਪਹੁੰਚਾਉਣ ਦੀਆਂ ਸਾਜਿਸਾਂ ਵਿਚ ਕਾਮਯਾਬ ਨਾ ਹੋ ਸਕਣ ।