ਇਨਸਾਫ਼ ਮੋਰਚੇ ਦੇ ਆਗੂਆਂ ਦੀਆਂ ਕੀਤੀਆ ਗ੍ਰਿਫਤਾਰੀਆਂ ਗੈਰ-ਕਾਨੂੰਨੀ ਤੇ ਜ਼ਮਹੂਰੀਅਤ-ਵਿਧਾਨਿਕ ਹੱਕਾਂ ਨੂੰ ਕੁੱਚਲਣ ਵਾਲੇ ਅਮਲ : ਮਾਨ

ਫ਼ਤਹਿਗੜ੍ਹ ਸਾਹਿਬ, 18 ਜੂਨ (        ) “ਜਦੋਂ ਇੰਡੀਆਂ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਅੱਜ 18 ਜੂਨ ਨੂੰ ਗੁਰਦਾਸਪੁਰ ਵਿਖੇ ਇਕ ਰੈਲੀ ਨੂੰ ਸੁਬੋਧਨ ਕਰਨ ਆ ਰਹੇ ਹਨ, ਤਾਂ ਮੋਹਾਲੀ ਵਿਖੇ ਇਕ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਇਨਸਾਫ਼ ਮੋਰਚੇ ਦੇ ਆਗੂਆਂ ਨੇ ਸਿੱਖ ਕੌਮ ਦੇ ਸਹਿਯੋਗ ਨਾਲ ਉਥੇ ਇਕ ਵੱਡੀ ਇਕੱਤਰਤਾ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ । ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਅਤੇ ਸਿੱਖ ਕੌਮ ਨਾਲ ਹਕੂਮਤੀ ਪੱਧਰ ਤੇ ਹੋ ਰਹੀਆ ਬੇਇਨਸਾਫ਼ੀਆਂ ਨੂੰ ਖ਼ਤਮ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ ਜਾ ਸਕੇ । ਇਹ ਇਕੱਤਰਤਾ ਬਿਲਕੁਲ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਕੀਤੀ ਜਾਣ ਵਾਲੀ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਨੇ ਇਕ ਦਿਨ ਪਹਿਲੋ ਹੀ ਮੋਰਚੇ ਦੇ ਆਗੂਆਂ ਸ. ਗੁਰਚਰਨ ਸਿੰਘ, ਪਾਲ ਸਿੰਘ ਫ਼ਰਾਂਸ, ਗੁਰਦੀਪ ਸਿੰਘ ਬਠਿੰਡਾ ਅਤੇ ਹੋਰਨਾਂ ਦੀਆਂ ਗ੍ਰਿਫਤਾਰੀਆਂ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਥੇ ਜੰਗਲ ਦਾ ਰਾਜ ਹੈ ਨਾ ਕਿ ਕਾਨੂੰਨ ਦਾ । ਜੇਕਰ ਵਿਧਾਨਿਕ ਲੀਹਾਂ ਅਨੁਸਾਰ ਸਿੱਖ ਕੌਮ ਆਪਣੇ ਨਾਲ ਹੋ ਰਹੀਆ ਬੇਇਨਸਾਫ਼ੀਆਂ ਵਿਰੁੱਧ ਰੋਸ਼ ਹੀ ਨਹੀ ਕਰ ਸਕਦੇ, ਪੁਲਿਸ ਤੇ ਸਰਕਾਰ ਵੱਲੋ ਦਹਿਸਤ ਪੈਦਾ ਕਰਕੇ ਬਣਾਏ ਜਾ ਰਹੇ ਵਿਸਫੋਟਕ ਹਾਲਾਤਾਂ ਲਈ ਹੁਕਮਰਾਨ ਜਿੰਮੇਵਾਰ ਹੋਣਗੇ । ਸਰਕਾਰ ਤੇ ਪੁਲਿਸ ਦੀ ਇਹ ਕਾਰਵਾਈ ਗੈਰ ਵਿਧਾਨਿਕ ਅਤੇ ਜਮਹੂਰੀ ਹੱਕਾਂ ਨੂੰ ਕੁੱਚਲਣ ਵਾਲੀ ਕਾਰਵਾਈ ਹੈ । ਇਸਦੀ ਅਸੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ।”

    ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਇਨਸਾਫ਼ ਮੋਰਚੇ ਦੇ ਆਗੂਆਂ ਦੀਆਂ ਗੈਰ ਵਿਧਾਨਿਕ ਢੰਗਾਂ ਰਾਹੀ ਕੀਤੀਆ ਗ੍ਰਿਫਤਾਰੀਆਂ ਨੂੰ ਜਮਹੂਰੀਅਤ ਲੀਹਾਂ ਦਾ ਘਾਣ ਕਰਨ ਦੀ ਕਾਰਵਾਈ ਕਰਾਰ ਦਿੰਦੇ ਹੋਏ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਉਪਰੰਤ ਸ੍ਰੀ ਸ਼ਾਹ ਜੰਮੂ ਕਸਮੀਰ ਜਾ ਰਹੇ ਹਨ । ਉਥੇ ਵੀ ਪੁਲਿਸ, ਅਰਧ ਸੈਨਿਕ ਬਲਾਂ ਵੱਲੋ ਕਸ਼ਮੀਰੀ ਆਗੂਆਂ ਦੀਆਂ ਗ੍ਰਿਫਤਾਰੀਆਂ ਕਰਨ ਤੇ ਦਹਿਸਤ ਪਾਉਣ ਦੀਆਂ ਕਾਰਵਾਈਆ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਂਕਿ ਹੁਕਮਰਾਨਾਂ ਨੇ ਪਹਿਲੋ ਹੀ ਕਸਮੀਰ ਵਿਚ ਅਫਸਪਾ ਵਰਗੇ ਕਾਲੇ ਕਾਨੂੰਨ ਲਾਗੂ ਕਰਕੇ ਕਸ਼ਮੀਰੀਆਂ ਉਤੇ ਨਿਰੰਤਰ ਤਸੱਦਦ ਢਾਹੁੰਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਵਿਧਾਨ ਦੀ ਧਾਰਾ 370 ਅਤੇ ਆਰਟੀਕਲ 35ਏ ਰਾਹੀ ਮਿਲੀ ਖੁਦਮੁਖਤਿਆਰੀ ਨੂੰ ਜ਼ਬਰੀ ਕੁੱਚਲਿਆ ਗਿਆ ਹੈ । ਉਨ੍ਹਾਂ ਦੀ ਅਸੈਬਲੀ ਭੰਗ ਕਰਕੇ ਕਸ਼ਮੀਰ ਤੇ ਜੰਮੂ ਨੂੰ ਵੱਖਰੇ ਯੂ.ਟੀ. ਕਰਾਰ ਦੇ ਕੇ ਪੂਰਨ ਰੂਪ ਵਿਚ ਸੈਂਟਰ ਦੇ ਅਧੀਨ ਗੁਲਾਮ ਕਰ ਲਿਆ ਗਿਆ ਹੈ । ਜਦੋਕਿ ਇੰਡੀਅਨ ਵਿਧਾਨ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਬਰਾਬਰਤਾ ਦੀ ਆਜਾਦੀ ਅਤੇ ਹੱਕ ਪ੍ਰਦਾਨ ਕਰਨ ਦੀ ਗੱਲ ਕਰਦਾ ਹੈ । ਜੋ ਉਥੇ ਗੈਰ ਵਿਧਾਨਿਕ ਕਾਰਵਾਈਆ ਹੋ ਰਹੀਆ ਹਨ, ਉਹ ਆਪਣੇ ਆਪ ਵਿਚ ਵਿਧਾਨ ਦੀ ਧਾਰਾ 14, 19, 21 ਦੀ ਹੁਕਮਰਾਨਾਂ ਵੱਲੋ ਉਲੰਘਣਾ ਕਰਨ ਨੂੰ ਪ੍ਰਤੱਖ ਕਰਦੀ ਹੈ । ਫਿਰ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਜਿਸਦੀ ਚੋਣ ਹਰ 5 ਸਾਲ ਬਾਅਦ ਹੋਣੀ ਚਾਹੀਦੀ ਹੈ, ਉਹ 12 ਸਾਲਾਂ ਤੋ ਨਾ ਕਰਵਾਕੇ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਨਾ ਦੇ ਕੇ, ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਨਾ ਕਰਕੇ ਹਰ ਖੇਤਰ ਵਿਚ ਜ਼ਬਰ ਜੁਲਮ ਕਰਦੀ ਆ ਰਹੀ ਹੈ । ਇਸੇ ਤਰ੍ਹਾਂ ਮਨੀਪੁਰ ਵਿਚ ਜੋ ਉਥੋ ਦੇ ਨਿਵਾਸੀਆ ਨਾਲ ਜ਼ਬਰ ਜੁਲਮ ਹੋ ਰਹੇ ਹਨ, ਉਨ੍ਹਾਂ ਦੀ ਬਦੌਲਤ ਹੀ ਮਨੀਪੁਰ ਦੇ ਹਾਲਾਤ ਵਿਸਫੋਟਕ ਬਣੇ ਹੋਏ ਹਨ । ਇਹ ਸਭ ਕਾਰਵਾਈਆ ਬੀਜੇਪੀ-ਆਰ.ਐਸ.ਐਸ. ਦੀਆਂ ਤਾਨਾਸਾਹੀ ਨੀਤੀਆ ਤੇ ਅਮਲਾਂ ਵਿਰੁੱਧ ਅਤੇ ਉਨ੍ਹਾਂ ਵੱਲੋ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਜ਼ਬਰੀ ਹਿੰਦੂਤਵ ਸੋਚ ਅਤੇ ਮੰਨੂਸਮ੍ਰਿਤੀ ਦੇ ਕਾਲੇ ਦੌਰ ਨੂੰ ਲਾਗੂ ਕਰਨ ਦੀਆਂ ਕਾਰਵਾਈਆ ਦੀ ਬਦੌਲਤ ਬਹੁਤੇ ਸੂਬਿਆਂ ਵਿਚ ਜਿਥੇ ਘੱਟ ਗਿਣਤੀ ਕੌਮਾਂ ਵੱਸਦੀਆਂ ਹਨ, ਉਥੇ ਕਾਨੂੰਨੀ ਵਿਵਸਥਾਂ ਪੂਰਨ ਰੂਪ ਵਿਚ ਅਸਫਲ ਹੋ ਚੁੱਕੀ ਹੈ ਅਤੇ ਉਥੋ ਦੇ ਨਿਵਾਸੀ ਹਕੂਮਤੀ ਜ਼ਬਰ ਜੁਲਮ ਦੀ ਬਦੌਲਤ ਸਭ ਡਰ ਭੈ ਤੋ ਮੁਕਤ ਹੋ ਕੇ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ। ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਇੰਡੀਆ ਵਿਚ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਅਤੇ ਇਥੋ ਦੇ ਮਾਹੌਲ ਨੂੰ ਸਥਾਈ ਰੂਪ ਵਿਚ ਅਮਨਮਈ ਰੱਖਣ ਵਿਚ ਬੁਰੀ ਤਰ੍ਹਾਂ ਅਸਫਲ ਹੋ ਚੁੱਕੀ ਹੈ । ਅਜਿਹੀਆ ਕਾਰਵਾਈਆ ਇਹ ਸਾਬਤ ਕਰਦੀਆਂ ਹਨ ਕਿ ਆਉਣ ਵਾਲੇ 2024 ਦੀਆਂ ਪਾਰਲੀਮੈਟ ਚੋਣਾਂ ਵਿਚ ਇਥੋ ਦੇ ਬਹੁਗਿਣਤੀ ਨਿਵਾਸੀ, ਵੋਟਰ ਬੀਜੇਪੀ-ਆਰ.ਐਸ.ਐਸ. ਦੇ ਹਿੰਦੂਤਵ ਤਾਨਾਸਾਹ ਰਾਜ ਪ੍ਰਬੰਧ ਨੂੰ ਚੁਣੋਤੀ ਦੇਣਗੇ ਅਤੇ ਇਸ ਜ਼ਾਬਰ ਰਾਜ ਨੂੰ ਖਤਮ ਕਰਕੇ ਜਮਹੂਰੀਅਤ ਲੀਹਾਂ ਨੂੰ ਫਿਰ ਬਲ ਦੇਣ ਵਿਚ ਭੂਮਿਕਾ ਨਿਭਾਉਣਗੇ ।

    ਸ. ਮਾਨ ਨੇ ਸਮੁੱਚੇ ਇੰਡੀਅਨ ਨਿਵਾਸੀਆ ਵਿਸ਼ੇਸ਼ ਤੌਰ ਤੇ ਘੱਟ ਗਿਣਤੀ ਕੌਮਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਮੋਦੀ ਹਕੂਮਤ ਅਤੇ ਉਸਦੇ ਵਜੀਰ, ਮੁਤੱਸਵੀ ਅਫਸਰਸਾਹੀ ਅਜਿਹੇ ਅਮਲਾਂ ਵਿਚ ਮਸਰੂਫ ਹੈ ਜਿਸ ਨਾਲ ਇਥੇ ਮੰਨੂਸਮ੍ਰਿਤੀ ਵਾਲਾ ਦੋਸ਼ਪੂਰਨ ਬ੍ਰਾਹਮਣ ਰਾਜ ਪ੍ਰਬੰਧ ਕਾਇਮ ਹੋਵੇ ਅਤੇ ਜਿਵੇ ਮੰਨੂਸਮ੍ਰਿਤੀ ਰਾਜ ਵਿਚ ਸੂਦਰਾਂ ਨੂੰ ਗੁਲਾਮ ਦੇ ਤੌਰ ਤੇ ਵਰਤਿਆ ਜਾਂਦਾ ਸੀ, ਘੱਟ ਗਿਣਤੀ ਕੌਮਾਂ ਨੂੰ ਉਹੋ ਜਿਹਾ ਦਰਜਾ ਦੇ ਕੇ ਉਨ੍ਹਾਂ ਦੀ ਜਿੰਦਗੀ ਬਦਤਰ ਬਣਾਈ ਜਾਵੇ । ਅਜਿਹਾ ਮਨੁੱਖਤਾ ਵਿਰੋਧੀ ਮਾਹੌਲ ਪੈਦਾ ਹੋਵੇ ਉਸ ਤੋ ਪਹਿਲੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਅਤੇ ਇਨਸਾਫ਼ ਪਸ਼ੰਦ ਨਿਵਾਸੀਆ ਨੂੰ 2024 ਵਿਚ ਬੀਜੇਪੀ-ਆਰ.ਐਸ.ਐਸ ਦੀ ਤਾਨਾਸਾਹੀ ਹਕੂਮਤ ਦਾ ਖਾਤਮਾ ਕਰਨ ਲਈ ਕਰਮ ਕੱਸੇ ਕਰ ਲੈਣੇ ਚਾਹੀਦੇ ਹਨ । ਤਾਂ ਕਿ ਇਥੇ ਜਮਹੂਰੀਅਤ ਦਾ ਬੋਲਬਾਲਾ ਹੋ ਸਕੇ ਅਤੇ ਸਭ ਘੱਟ ਗਿਣਤੀ ਕੌਮਾਂ ਬਿਨ੍ਹਾਂ ਕਿਸੇ ਹਕੂਮਤੀ ਡਰ ਭੈ ਤੋ ਆਜਾਦੀ ਨਾਲ ਆਪਣੀ ਜਿੰਦਗੀ ਬਸਰ ਕਰ ਸਕਣ ।

Leave a Reply

Your email address will not be published. Required fields are marked *