ਬਲਿਊ ਸਟਾਰ ਦੇ ਫ਼ੌਜੀ ਹਮਲੇ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ, ਪਰ ਸੈਂਟਰ ਅਤੇ ਪੰਜਾਬ ਸਰਕਾਰ ਨੇ ਸਿੱਖ ਕੌਮ ਨੂੰ ਅੱਜ ਤੱਕ ਕੋਈ ਇਨਸਾਫ਼ ਨਹੀ ਦਿੱਤਾ : ਮਾਨ

ਅੰਮ੍ਰਿਤਸਰ, 05 ਜੂਨ ( ) “ਸਭ ਤੋਂ ਪਹਿਲੇ ਅਸੀ ਰੂਸ, ਬਰਤਾਨੀਆ, ਇੰਡੀਆ ਦੀਆਂ ਫ਼ੌਜਾਂ ਵੱਲੋਂ ਸਾਂਝੇ ਤੌਰ ਤੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਸ਼ਹੀਦ ਕੀਤੇ ਗਏ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ, ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਅਤੇ ਸੈਕੜੇ ਹੀ ਸ਼ਹੀਦਾਂ ਨੂੰ 06 ਜੂਨ ਨੂੰ ਹੋਣ ਵਾਲੀ ਸ਼ਹੀਦੀ ਅਰਦਾਸ ਵਿਚ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਉਨ੍ਹਾਂ ਦੀਆਂ ਮਹਾਨ ਸ਼ਹਾਦਤਾਂ ਨੂੰ ਪ੍ਰਣਾਮ ਕਰਦੇ ਹਾਂ ਕਿ ਜਿਸ ਮਕਸਦ ਤੇ ਕੌਮੀ ਆਜਾਦੀ ਦੀ ਪ੍ਰਾਪਤੀ ਲਈ ਉਨ੍ਹਾਂ ਸ਼ਹਾਦਤਾਂ ਦਿੱਤੀਆਂ ਹਨ, ਉਸ ਮਕਸਦ ਦੀ ਪ੍ਰਾਪਤੀ ਹੋਣ ਤੱਕ ਸਾਡੀ ਇਹ ਜੰਗ ਜਾਰੀ ਰਹੇਗੀ । ਕਿਸੇ ਵੀ ਜਾਲਮ ਤੇ ਜਾਲਮ ਹੁਕਮਰਾਨ ਦੇ ਤਸੱਦਦ, ਜ਼ਬਰ ਅੱਗੇ ਸਿੱਖ ਕੌਮ ਨੇ ਨਾ ਕਦੇ ਪਹਿਲਾ ਈਨ ਮੰਨੀ ਹੈ ਨਾ ਆਉਣ ਵਾਲੇ ਸਮੇ ਵਿਚ ਮੰਨਾਂਗੇ । ਦੂਸਰਾ ਸਿੱਖ ਕੌਮ ਦਾ ਇਹ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਨਾ ਤਾਂ ਆਪਣੇ ਦੁਸ਼ਮਣਾਂ ਨੂੰ ਕਦੀ ਭੁਲਾਇਆ ਹੈ ਅਤੇ ਨਾ ਹੀ ਕਦੀ ਮੁਆਫ ਕਰਦੀ ਹੈ । ਇਸ ਲਈ ਕੌਮੀ ਦੁਸ਼ਮਣਾਂ ਅਤੇ ਦੁਸ਼ਮਣ ਤਾਕਤਾਂ ਦੀ ਸਿੱਖ ਕੌਮ ਨੂੰ ਭਲੀਭਾਂਤ ਪਹਿਚਾਣ ਹੈ ਇਨ੍ਹਾਂ ਦੇ ਕਿਸੇ ਤਰ੍ਹਾਂ ਦੇ ਵੀ ਗੁੰਮਰਾਹਕੁੰਨ ਪ੍ਰਚਾਰ ਵਿਚ ਗ੍ਰਸਤ ਨਾ ਹੋ ਕੇ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਮਿੱਥੇ ਕੌਮੀ ਨਿਸ਼ਾਨੇ ਤੇ ਕਾਇਮ ਰਹੇਗਾ ਅਤੇ ਜਮਹੂਰੀਅਤ ਤੇ ਅਮਨਮਈ ਤਰੀਕੇ ਆਪਣੀ ਮੰਜਿਲ ਨੂੰ ਹਰ ਕੀਮਤ ਤੇ ਪ੍ਰਾਪਤ ਕਰਾਂਗੇ ।”

ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੰਮ੍ਰਿਤਸਰ ਦੀ ਸਤਿਕਾਰਯੋਗ ਪ੍ਰੈਸ ਅਤੇ ਮੀਡੀਏ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਗਟਾਏ ਗਏ । ਉਨ੍ਹਾਂ ਕਿਹਾ ਕਿ ਸਿੱਖ ਕੌਮ ਇਸ ਗੱਲ ਨੂੰ ਕਦੀ ਨਹੀ ਵਿਸਾਰ ਸਕਦੀ ਕਿ ਪਹਿਲੇ ਤਾਂ ਹੁਕਮਰਾਨਾਂ ਜਿਨ੍ਹਾਂ ਵਿਚ ਕਾਂਗਰਸ, ਬੀਜੇਪੀ-ਆਰ.ਐਸ.ਐਸ ਅਤੇ ਸਭ ਹਿੰਦੂਤਵ ਤਾਕਤਾਂ ਸਾਮਿਲ ਹਨ ਉਨ੍ਹਾਂ ਨੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਟੇਟਲੈਸ ਸਿੱਖ ਕੌਮ ਉਤੇ ਮੰਦਭਾਵਨਾ ਅਧੀਨ ਜ਼ਬਰ-ਜੁਲਮ ਢਾਹੁੰਦੇ ਹੋਏ ਸਿੱਖ ਕੌਮ ਦਾ ਅਣਮਨੁੱਖੀ ਢੰਗਾਂ ਰਾਹੀ ਕਤਲੇਆਮ ਕੀਤਾ, ਜੋ ਅੱਜ ਵੀ ਜਾਰੀ ਹੈ । ਫਿਰ 40 ਸਾਲਾਂ ਤੋਂ ਕਿਸੇ ਵੀ ਹੁਕਮਰਾਨ ਨੇ ਸਾਨੂੰ ਇਨਸਾਫ਼ ਨਹੀ ਦਿੱਤਾ । ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਸਿੱਖਾਂ ਦੀਆਂ ਲਾਸਾਂ ਗੱਡੀਆਂ ਅਤੇ ਰੇਹੜਿਆ ਤੇ ਢੋਈਆ ਗਈਆ, ਪਰ ਅੱਜ ਤੱਕ ਸਾਨੂੰ ਉਨ੍ਹਾਂ ਸ਼ਹੀਦ ਹੋਏ ਸਿੱਖਾਂ ਦੀਆਂ ਲਾਸਾਂ ਦਾ ਕੋਈ ਹਿਸਾਬ ਨਹੀ ਦਿੱਤਾ ਗਿਆ ਕਿ ਉਨ੍ਹਾਂ ਦੇ ਸੰਸਕਾਰ ਕਿਥੇ ਕੀਤੇ, ਉਨ੍ਹਾਂ ਦੀਆਂ ਅਸਥੀਆ ਕਿਥੇ ਵਹਾਈਆ, ਉਨ੍ਹਾਂ ਦੇ ਭੋਗ ਰਸਮ ਕਿਥੇ ਪੂਰਨ ਕੀਤੇ ? ਇਥੋ ਤੱਕ ਸਾਡੇ ਤੋਸਾਖਾਨਾ ਵਿਚ ਸਥਿਤ ਬੇਸਕੀਮਤੀ ਦੁਰਲੱਭ ਇਤਿਹਾਸਿਕ ਵਸਤਾਂ, ਗੰ੍ਰਥ, ਸਿੱਖ ਰੈਫਰੈਸ ਲਾਈਬ੍ਰੇਰੀ ਦਾ ਬਹੁਤ ਵੱਡਾ ਕੀਮਤੀ ਇਤਿਹਾਸ ਸਾਨੂੰ ਅੱਜ ਤੱਕ ਵਾਪਸ ਨਹੀ ਕੀਤਾ ਗਿਆ । ਨਾ ਹੀ ਸਿੱਖ ਕੌਮ ਨਾਲ 1947 ਤੋਂ ਪਹਿਲੇ ਕੀਤੇ ਗਏ ਵਾਅਦੇ ਅਨੁਸਾਰ ਉੱਤਰੀ ਭਾਰਤ ਵਿਚ ਸਾਨੂੰ ਕੋਈ ਆਜਾਦ ਖਿੱਤਾ ਦੇਣ ਦੀ ਜਿੰਮੇਵਾਰੀ ਹੁਕਮਰਾਨਾਂ ਵੱਲੋ ਨਿਭਾਈ ਗਈ । ਬਲਕਿ ਉਸੇ ਦਿਨ ਤੋ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਜ਼ਬਰ ਜੁਲਮ ਦਾ ਦੌਰ ਜਾਰੀ ਹੈ । ਇਥੋ ਤੱਕ ਭਾਈ ਜਸਵੰਤ ਸਿੰਘ ਖਾਲੜਾ ਦੁਆਰਾ ਜਾਂਚ ਕਰਦੇ ਹੋਏ ਜੋ ਸਿੱਖਾਂ ਦੀਆਂ ਲਾਸਾਂ ਦੇ ਲਿਖਤੀ ਵੇਰਵੇ ਦਿੱਤੇ ਗਏ ਸਨ, ਉਨ੍ਹਾਂ ਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਪ੍ਰਤੀ ਕੋਈ ਇਨਸਾਫ਼ ਨਹੀ ਦਿੱਤਾ ਗਿਆ । ਬਲਕਿ ਸਿੱਖ ਕੌਮ ਨੂੰ ਬਦਨਾਮ ਕਰਕੇ ਅੱਜ ਵੀ ਸਿੱਖਾਂ ਉਤੇ ਸਮੁੱਚੇ ਮੁਲਕ ਵਿਚ ਹਿੰਦੂਤਵ ਤਾਕਤਾਂ ਵੱਲੋ ਜ਼ਬਰ ਜੁਲਮ ਢਾਹੇ ਜਾ ਰਹੇ ਹਨ । ਪੰਜਾਬ ਸੂਬੇ, ਪੰਜਾਬੀਆਂ, ਕੌਮੀ ਵਿਰਸੇ-ਵਿਰਾਸਤ, ਪੰਜਾਬੀ ਬੋਲੀ ਨੂੰ ਖਤਮ ਕਰਨ ਲਈ ਹਕੂਮਤੀ ਪੱਧਰ ਤੇ ਰਚੀਆ ਸਾਜਿਸਾਂ ਉਤੇ ਅਮਲ ਹੋ ਰਹੇ ਹਨ । ਸਾਡੇ ਜਿੰਦ-ਜਾਨ ਕੀਮਤੀ ਪਾਣੀਆਂ, ਹੈੱਡਵਰਕਸ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜੋ ਪੰਜਾਬ ਦੀ ਮਲਕੀਅਤ ਹਨ, ਉਹ ਜ਼ਬਰੀ ਖੋਹੇ ਜਾ ਰਹੇ ਹਨ । ਪੰਜਾਬੀਆਂ ਦੇ ਮਾਲੀ ਸਾਧਨਾਂ ਉਤੇ ਡਾਕਾ ਮਾਰਕੇ ਉਨ੍ਹਾਂ ਨੂੰ ਘਸਿਆਰੇ ਬਣਾਉਣ ਦੇ ਮਨਸੂਬੇ ਘੜੇ ਜਾ ਰਹੇ ਹਨ ।

ਹੁਣ ਜਦੋਂ ਹਿੰਦੂਤਵ ਤਾਕਤਾਂ ਨੇ ਹਿੰਦੂਤਵ ਸੋਚ ਨੂੰ ਪ੍ਰਣਾਉਦੇ ਹੋਏ ਸਾਡੀ ਸਿੱਖ ਕੌਮ ਦੀ ਮਲਕੀਅਤ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦੀ ਜਮੀਨ ਉਤੇ ਜ਼ਬਰੀ ਕਬਜਾ ਕਰਕੇ ਉਥੇ ਨਵੀ ਪਾਰਲੀਮੈਂਟ ਉਸਾਰ ਦਿੱਤੀ ਗਈ ਹੈ, ਜਿਸਨੂੰ ਇਹ ਇੰਡੀਆ ਦੀ ਸਭ ਤੋ ਵੱਡੀ ਜਮਹੂਰੀਅਤ ਪ੍ਰਚਾਰਦੇ ਹਨ ਅਤੇ ਜਿਸ ਪਾਰਲੀਮੈਂਟ ਅਤੇ ਹੁਕਮਰਾਨਾਂ ਨੇ ਅੱਜ ਤੱਕ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਕਦੀ ਇਨਸਾਫ਼ ਨਹੀ ਦਿੱਤਾ । ਹਿੰਦੂਤਵ ਰਾਸਟਰ ਤੇ ਸੋਚ ਨੂੰ ਲਾਗੂ ਕਰਕੇ ਕੇਵਲ ਉਸ ਜਮਹੂਰੀਅਤ ਦਾ ਹੀ ਜਨਾਜ਼ਾਂ ਨਹੀ ਕੱਢਿਆ ਜਾ ਰਿਹਾ, ਬਲਕਿ ਗੁੰਮਰਾਹਕੁੰਨ ਪ੍ਰਚਾਰ ਤੇ ਪ੍ਰਸਾਰ ਕਰਕੇ ਇਹ ਜ਼ਾਬਰ ਹੁਕਮਰਾਨ 2024 ਦੀਆਂ ਪਾਰਲੀਮੈਟ ਚੋਣਾਂ ਕਰਵਾਉਣ ਜਾ ਰਹੇ ਹਨ । ਪਰ ਦੂਸਰੇ ਪਾਸੇ ਜੋ ਸਿੱਖ ਕੌਮ ਦੀ ਜਮਹੂਰੀਅਤ 1925 ਦੇ ਗੁਰਦੁਆਰਾ ਐਕਟ ਰਾਹੀ ਐਸ.ਜੀ.ਪੀ.ਸੀ ਦੀ ਪਾਰਲੀਮੈਂਟ ਹੋਦ ਵਿਚ ਆਈ ਸੀ, ਇਨ੍ਹਾਂ ਹੁਕਮਰਾਨਾਂ ਵੱਲੋ ਸਾਡੀ ਸਿੱਖ ਪਾਰਲੀਮੈਂਟ ਦੀਆਂ ਬੀਤੇ 12 ਸਾਲਾਂ ਤੋਂ ਜ਼ਮਹੂਰੀ ਚੋਣਾਂ ਨੂੰ ਕੁੱਚਲਿਆ ਹੋਇਆ ਹੈ ਜੋ ਨਹੀ ਕਰਵਾਈਆ ਜਾ ਰਹੀਆ । ਇੰਡੀਅਨ ਪਾਰਲੀਮੈਟ ਦੀਆਂ ਹੁਣ ਤੱਕ 17 ਵਾਰ ਚੋਣਾਂ ਹੋ ਚੁੱਕੀਆਂ ਹਨ । ਜਦੋਕਿ ਇੰਡੀਅਨ ਪਾਰਲੀਮੈਂਟ ਤੋਂ 22 ਸਾਲ ਪਹਿਲਾਂ ਹੋਦ ਵਿਚ ਆਈ ਸਿੱਖ ਪਾਰਲੀਮੈਂਟ ਦੀਆਂ ਹੁਣ ਤੱਕ ਚੋਣਾਂ ਕੇਵਲ 8 ਵਾਰ ਹੋਈਆ ਹਨ । ਜੋ ਜਮਹੂਰੀਅਤ ਦੇ ਕਤਲ ਹੋਣ ਨੂੰ ਪ੍ਰਤੱਖ ਕਰਦੀ ਹੈ ।

ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਤੇ ਸਮੇ ਵਿਚ ਹਿੰਦੂਤਵ ਹੁਕਮਰਾਨਾਂ ਦੇ ਪੂਰਵਜਾਂ ਨੇ ਇਥੇ ਮੰਨਸਮ੍ਰਿਤੀ ਦੇ ਨਿਯਮ ਲਾਗੂ ਕੀਤੇ ਹੋਏ ਸਨ ਜਿਥੇ ਸਮਾਜ ਨੂੰ ਚਾਰ ਵਰਗਾਂ ਵਿਚ ਵੰਡਕੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਦੇ ਨਾਲ-ਨਾਲ ਚੌਥੇ ਵਰਗ ਸੂਦਰਾਂ ਨਾਲ ਗੁਲਾਮਾਂ ਵਾਲਾ ਵਿਵਹਾਰ ਕਰਦੇ ਹੋਏ, ਉਨ੍ਹਾਂ ਨੂੰ ਮੰਦਰਾਂ ਵਿਚ ਦਾਖਲ ਹੋਣ ਤੋਂ ਵਰਜਣ ਦੇ ਨਾਲ-ਨਾਲ ਉਪਰਲੇ 3 ਵਰਗਾਂ ਦੀ ਹਰ ਤਰ੍ਹਾਂ ਦੀ ਸੇਵਾ ਵਿਚ ਲਗਾਕੇ ਮਨੁੱਖਤਾ ਤੇ ਇਨਸਾਨੀਅਤ ਕਦਰਾਂ-ਕੀਮਤਾਂ ਦਾ ਘਾਣ ਕੀਤਾ ਜਾਂਦਾ ਰਿਹਾ ਹੈ । ਇਥੋ ਤੱਕ ਇਹ ਸੂਦਰ ਬ੍ਰਾਹਮਣਾਂ ਤੇ ਕਛੱਤਰੀਆਂ ਦੀ ਜੂਠ ਹੀ ਖਾਂਣ ਲਈ ਮਜ਼ਬੂਰ ਕੀਤਾ ਜਾਂਦਾ ਸੀ । ਸੂਦਰ ਵਰਗ ਨਾ ਤਾਂ ਸਕੂਲ ਵਿਚ ਤਾਲੀਮ ਹਾਸਿਲ ਕਰ ਸਕਦਾ ਸੀ ਨਾ ਹੀ ਉਨ੍ਹਾਂ ਨੂੰ ਬਤੌਰ ਅਧਿਆਪਕ ਦੇ ਪੜ੍ਹਾਉਣ ਦਾ ਹੱਕ ਸੀ ਨਾ ਹੀ ਇਨ੍ਹਾਂ ਦੇ ਗ੍ਰੰਥ ਵੈਂਦ ਪੜ੍ਹਨ ਦਾ ਉਨ੍ਹਾਂ ਨੂੰ ਅਧਿਕਾਰ ਹੁੰਦਾ ਸੀ । ਅਜਿਹੇ ਪ੍ਰਬੰਧ ਨੂੰ ਜ਼ਮਹੂਰੀਅਤ ਵਾਲਾ ਪ੍ਰਬੰਧ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ? ਹੁਣ ਇਹ ਹਿੰਦੂਤਵ ਤਾਕਤਾਂ ਹਿੰਦੂਤਵ ਸੋਚ ਅਧੀਨ ਫਿਰ ਇੰਡੀਆ ਵਿਚ ਮੰਨੂਸਮ੍ਰਿਤੀ ਦੇ ਇਨਸਾਨੀਅਤ ਵਿਰੋਧੀ ਅਤੇ ਬਰਾਬਰਤਾ ਦੀ ਸੋਚ ਦਾ ਉਲੰਘਣ ਕਰਨ ਵਾਲੇ ਅਮਲਾਂ ਨੂੰ ਲਾਗੂ ਕਰਨ ਤੇ ਉਤਾਰੂ ਹਨ ਜਿਸਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਪੁਰਜੋਰ ਸ਼ਬਦਾਂ ਵਿਚ ਨਿੰਦਾ ਹੀ ਨਹੀ ਕਰਦਾ ਬਲਕਿ ਬਰਾਬਰਤਾ ਦੇ ਆਧਾਰ ਤੇ ਹਰ ਵਰਗ, ਇਨਸਾਨ ਨੂੰ ਜਮਹੂਰੀ ਹੱਕ ਦੇਣ ਅਤੇ ਆਜਾਦੀ ਨਾਲ ਜਿੰਦਗੀ ਜਿਊਂਣ ਦੀ ਜੋਰਦਾਰ ਵਕਾਲਤ ਕਰਦਾ ਹੈ । ਅਸੀਂ ਆਪਣੀ ਮਨੁੱਖਤਾ ਪੱਖੀ ਗੁਰੂ ਸਾਹਿਬਾਨ ਵੱਲੋ ਬਖਸਿ਼ਸ਼ ਕੀਤੀ ਗਈ ਸੋਚ ਅਨੁਸਾਰ ਇਥੇ ਹਿੰਦੂਤਵ ਤਾਕਤਾਂ ਦੇ ਅਜਿਹੇ ਮਾਰੂ ਪ੍ਰਬੰਧ ਨੂੰ ਕਤਈ ਲਾਗੂ ਨਹੀ ਹੋਣ ਦੇਵਾਂਗੇ । ਬਲਕਿ ਬਰਾਬਰਤਾ ਦੇ ਆਧਾਰ ਤੇ ਹਰ ਖੇਤਰ ਵਿਚ ਅਮਲ ਕਰਾਂਗੇ ।

ਉਨ੍ਹਾਂ ਆਪਣੇ ਖਿਆਲਾਤਾਂ ਦੇ ਅਖੀਰ ਵਿਚ ਕਿਹਾ ਕਿ ਹੁਕਮਰਾਨਾਂ ਵੱਲੋਂ ਬੀਤੇ ਸਮੇ ਵਿਚ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਕੋਟਕਪੂਰਾ ਵਿਖੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਬਿਨ੍ਹਾਂ ਕਿਸੇ ਭੇਦਭਾਵ ਤੋ ਸਮੁੱਚੀ ਮਨੁੱਖਤਾ ਤੇ ਇਨਸਾਨੀਅਤ ਦੀ ਬਿਹਤਰੀ ਲਈ ਸਾਨੂੰ ਆਦੇਸ਼ ਦਿੰਦੇ ਹਨ ਉਸ ਸਰਬਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਨ੍ਹਾਂ ਹੁਕਮਰਾਨਾਂ ਨੇ ਸਾਜਸੀ ਢੰਗਾਂ ਨਾਲ 2015 ਤੋਂ ਹੀ ਬੇਅਦਬੀਆਂ ਹੀ ਨਹੀ ਕਰਵਾਉਦੇ ਆ ਰਹੇ ਬਲਕਿ ਇਸ ਦੁਖਾਂਤ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਅਮਨਮਈ ਢੰਗ ਨਾਲ ਰੋਸ਼ ਕਰ ਰਹੇ ਸਿੱਖਾਂ ਉਤੇ ਗੋਲੀਆਂ ਚਲਵਾਕੇ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਅਤੇ ਅਨੇਕਾਂ ਨੂੰ ਜਖਮੀ ਕੀਤਾ ਗਿਆ । ਉਸਦਾ ਵੀ ਅੱਜ ਤੱਕ ਕਈ ਵਾਰ ਸਿੱਟ ਤੇ ਜਾਂਚ ਕਮੇਟੀਆ ਬਣਨ ਉਪਰੰਤ ਵੀ ਸਿੱਖ ਕੌਮ ਨੂੰ ਕੋਈ ਇਨਸਾਫ਼ ਨਹੀ ਮਿਲਿਆ । ਫਿਰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, 25-25, 30-30 ਸਾਲਾਂ ਤੋ ਆਪਣੀਆ ਸਜਾਵਾਂ ਤੋ ਵੱਧ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਕਾਨੂੰਨ ਅਨੁਸਾਰ ਰਿਹਾਈ ਵੀ ਨਹੀ ਕੀਤੀ ਜਾ ਰਹੀ । ਜਦੋ ਬੀਤੇ ਸਮੇ ਵਿਚ ਬਲਿਊ ਸਟਾਰ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਯੋਜਨਾਬੰਧ ਢੰਗ ਨਾਲ ਕੀਤੇ ਗਏ, ਹੁਣ ਉਸੇ ਹਿੰਦੂਤਵ ਸੋਚ ਦੀ ਲੜੀ ਨੂੰ ਪੂਰਨ ਕਰਦੇ ਹੋਏ ਹੁਕਮਰਾਨਾਂ ਵੱਲੋ ਸਾਡੀ ਗੁਰੂ ਸਾਹਿਬਾਨ ਜੀ ਦੀ ਗੁਰਮੁੱਖੀ ਲਿਪੀ-ਬੋਲੀ, ਪੰਜਾਬੀ ਉਤੇ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਦੇ ਸਿਲੇਬਸਾਂ ਵਿਚੋ ਪੰਜਾਬੀ ਬੋਲੀ ਦੇ ਲਾਜਮੀ ਵਿਸੇ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਸਾਡੇ ਸਕੂਲੀ ਬੱਚਿਆਂ ਦੇ ਸਿਲੇਬਸ ਵਿਚ ਸਾਡੇ ਫਖ਼ਰ ਵਾਲੇ ਸਿੱਖ ਇਤਿਹਾਸ ਨੂੰ ਨਾਂਹਵਾਚਕ ਸੋਚ ਰਾਹੀ ਐਨ.ਸੀ.ਈ.ਆਰ.ਟੀ. ਸੈਟਰ ਦੇ ਵਿਭਾਗ ਵੱਲੋ ਗੰਧਲਾ ਕਰਨ ਦੀਆਂ ਸਾਜਿਸਾਂ ਰਚੀਆ ਜਾ ਰਹੀਆ ਹਨ । ਪੰਜਾਬ ਸੂਬੇ ਨੂੰ ਕਿਸੇ ਵੀ ਪੱਖੋ ਮਾਲੀ, ਸਮਾਜਿਕ, ਧਾਰਮਿਕ ਤੌਰ ਤੇ ਮਜ਼ਬੂਤ ਕਰਨ ਦੀ ਬਜਾਇ ਖੋਖਲਾ ਕਰਨ ਦੀਆਂ ਸਾਜਿਸਾਂ ਹੋ ਰਹੀਆ ਹਨ । ਇਹੀ ਵਜਹ ਹੈ ਕਿ ਸਾਡੇ ਪੜ੍ਹੇ-ਲਿਖੇ ਬੱਚੇ, ਬੱਚੀਆਂ ਰੁਜਗਾਰ ਨਾ ਮਿਲਣ ਦੀ ਬਦੌਲਤ ਵਿਦੇਸ਼ਾਂ ਵਿਚ ਜਾ ਰਹੇ ਹਨ ਅਤੇ ਉਨ੍ਹਾਂ ਬੱਚਿਆਂ ਨੂੰ ਸਕੂਲੀ ਅਤੇ ਕਾਲਜ ਜਿੰਦਗੀ ਵਿਚ ਨਸਿਆ ਵਿਚ ਗਲਤਾਨ ਕਰਨ ਲਈ ਇਨ੍ਹਾਂ ਦੀਆਂ ਫ਼ੌਜਾਂ ਤੇ ਅਰਧ ਸੈਨਿਕ ਬਲਾਂ ਤੇ ਚੌਕਸੀ ਵਿਭਾਗ ਦੀਆਂ 7 ਪਰਤਾਂ ਲੱਗਣ ਦੇ ਬਾਵਜੂਦ ਵੀ ਜੇਕਰ ਪੰਜਾਬ ਵਿਚ ਕੁਆਇਟਲਾਂ ਮੂੰਹੀ ਨਸ਼ਾ ਪੰਜਾਬ ਵਿਚ ਦਾਖਲ ਹੋ ਰਿਹਾ ਹੈ ਅਤੇ ਇਸਦਾ ਕਾਰੋਬਾਰ ਕਰਨ ਵਾਲਿਆ ਨੂੰ ਸਜਾਵਾਂ ਨਹੀ ਦਿੱਤੀਆ ਜਾ ਰਹੀਆ ਤਾਂ ਇਹ ਵੀ ਹੁਕਮਰਾਨਾਂ ਦੀ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਨਸਿਆ ਵਿਚ ਗਲਤਾਨ ਕਰਨ ਦੀ ਡੂੰਘੀ ਸਾਜਿਸ ਦਾ ਹਿੱਸਾ ਹੈ । ਇਹ ਹੋਰ ਵੀ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹਨ ਕਿ ਜਦੋ ਅੱਜ ਖ਼ਾਲਸਾ ਪੰਥ ਨੂੰ ਇਕ ਪਲੇਟਫਾਰਮ ਉਤੇ ਸਮੂਹਿਕ ਤੌਰ ਤੇ ਜੂਝਣ ਅਤੇ ਮੰਜਿਲ ਵੱਲ ਵੱਧਣ ਦੀ ਸਖਤ ਲੋੜ ਹੈ, ਉਸ ਸਮੇ ਪੰਥ ਦੇ ਕੁਝ ਵਰਗ ਜਾਂ ਧੜੇ ਸਿੱਖ ਕੌਮ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੀ ਸੰਸਾਰ ਪੱਧਰ ਤੇ ਪ੍ਰਵਾਨਿਤ ਹੋ ਚੁੱਕੀ ਤਰੀਕ 12 ਫਰਵਰੀ ਅਤੇ ਘੱਲੂਘਾਰੇ ਸ਼ਹੀਦੀ ਦਿਹਾੜੇ ਦੀ ਅਰਦਾਸ ਦੇ 06 ਜੂਨ ਦੀ ਤਰੀਕ ਇਤਿਹਾਸਿਕ ਲੀਹਾਂ ਵਿਚ ਪ੍ਰਪੱਕ ਹੋ ਚੁੱਕੀ ਹੈ, ਉਸ ਸਮੇ ਵੀ ਇਹ ਧੜੇ ਅਤੇ ਵਰਗ ਵੱਖੋ-ਵੱਖਰੇ ਸਥਾਨਾਂ ਤੇ ਇਨ੍ਹਾਂ ਦਿਨਾਂ ਨੂੰ ਮਨਾਕੇ ਸਿੱਖ ਕੌਮ ਵਿਚ ਜਾਣਬੁੱਝਕੇ ਭੰਬਲਭੂਸਾ ਪਾਉਣ ਦੀ ਬਜਰ ਗੁਸਤਾਖੀ ਕਰ ਰਹੇ ਹਨ । ਜੋ ਕੌਮੀ ਬਿਹਤਰੀ ਲਈ ਨਹੀ ਹੋਣਾ ਚਾਹੀਦਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੱਜ ਦੇ ਇਸ ਸ਼ਹੀਦੀ ਦਿਹਾੜੇ ਦੀ ਅਰਦਾਸ ਕਰਦੇ ਹੋਏ ਸਮੁੱਚੀ ਸਿੱਖ ਕੌਮ ਦੀ ਬਿਹਤਰੀ ਲਈ ਅਤੇ ਕੌਮ ਦੀ ਆਜਾਦੀ ਦੇ ਮਿਸਨ ਨੂੰ ਪ੍ਰਾਪਤ ਕਰਨ ਲਈ ਸਮੂਹ ਖਾਲਸਾ ਪੰਥ ਨੂੰ ਨਾਲ ਲੈਦੇ ਹੋਏ ਆਪਣੀ ਜੰਗ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਜਾਰੀ ਰੱਖੇਗਾ ਅਤੇ ਸਭ ਉਪਰੋਕਤ ਹਕੂਮਤੀ ਪੱਧਰ ਤੇ ਪੈਦਾ ਕੀਤੀਆ ਗਈਆ ਅਲਾਮਤਾਂ ਨੂੰ ਜਿਥੇ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸਮੁੱਚੀ ਮਨੁੱਖਤਾ ਨਾਲ ਬਚਨ ਕਰਦੇ ਹਾਂ, ਉਥੇ ਆਜਾਦ ਬਾਦਸਾਹੀ ਸਿੱਖ ਰਾਜ ‘ਖ਼ਾਲਿਸਤਾਨ’ ਨੂੰ ਹਰ ਕੀਮਤ ਤੇ ਕਾਇਮ ਕਰਨ ਦਾ ਆਪਣੇ ਗੁਰੂ ਸਾਹਿਬ ਅਤੇ ਕੌਮ ਨਾਲ ਬਚਨ ਕਰਦੇ ਹਾਂ । ਅਸੀ ਸਮੁੱਚੇ ਖ਼ਾਲਸਾ ਪੰਥ ਨੂੰ ਇਹ ਸੁਹਿਰਦ ਸੱਦਾ ਵੀ ਦਿੰਦੇ ਹਾਂ ਕਿ ਜਦੋ ਸਮੁੱਚਾ ਖ਼ਾਲਸਾ ਪੰਥ ਸਭ ਹਕੂਮਤੀ ਸਾਜਿਸਾਂ ਤੋ ਜਾਣੂ ਹੋ ਚੁੱਕਾ ਹੈ ਅਤੇ ਆਪਣੀ ਆਜਾਦੀ ਨੂੰ ਪ੍ਰਾਪਤ ਕਰਨ ਲਈ ਤਾਂਘ ਰੱਖਦਾ ਹੈ ਤਾਂ ਉਹ ਆਉਣ ਵਾਲੇ ਸਮੇ ਵਿਚ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਦੀ ਜਦੋ ਵੀ ਚੋਣ ਆਵੇ ਜਾਂ ਹੋਰ ਕੋਈ ਜਮਹੂਰੀ ਚੋਣ ਆਵੇ ਤਾਂ ਸਮੁੱਚਾ ਖ਼ਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕੌਮ ਪੱਖੀ ਸੋਚ ਨੂੰ ਹਰ ਤਰ੍ਹਾਂ ਸਾਥ ਦੇ ਕੇ ਆਪਣੇ ਚੱਲ ਰਹੇ ਸੰਘਰਸ਼ ਦੀ ਮੰਜਿਲ ਦੀ ਪ੍ਰਾਪਤੀ ਵਿਚ ਯੋਗਦਾਨ ਪਾਵੇ ।

Leave a Reply

Your email address will not be published. Required fields are marked *