ਅੱਜ ਮੁਕਤਸਰ ਸਾਹਿਬ ਤੋਂ ਸੁਰੂ ਹੋਈ ‘ਖ਼ਾਲਸਾ ਵਹੀਰ’ ਖ਼ਾਲਸਾ ਪੰਥ ਨੂੰ ਧਾਰਮਿਕ ਅਤੇ ਸਮਾਜਿਕ ਤੌਰ ਤੇ ਪ੍ਰਚੰਡ ਕਰੇਗੀ, ਪੰਜਾਬ ਵਿਚੋਂ ਨਸਿ਼ਆਂ ਦਾ ਖਾਤਮਾ ਕਰਨ ਵਿਚ ਸਹਾਈ ਹੋਵੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 13 ਮਈ ( ) “ਖ਼ਾਲਸਾ ਪੰਥ ਆਪਣੇ ਮਹਾਨ ਇਤਿਹਾਸ ਨੂੰ ਦੁਹਰਾਉਦਾ ਹੋਇਆ ਇਕ ਵਾਰੀ ਫਿਰ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਇਖਲਾਕੀ ਤੌਰ ਤੇ ਮਜਬੂਤੀ ਵੱਲ ਵੱਧਣ ਤੇ ਆਪਣੀਆ ਇਤਿਹਾਸਿਕ ਪ੍ਰੰਪਰਾਵਾ ਉਤੇ ਪਹਿਰਾ ਦੇਣ ਵੱਲ ਦ੍ਰਿੜਤਾ ਨਾਲ ਵੱਧਣ ਦੀ ਜੋ ਅੱਜ ਮੁਕਤਸਰ ਸਾਹਿਬ ਦੀ ਪਵਿੱਤਰ ਮਹਾਨ ਧਰਤੀ ਉਤੇ ‘ਖ਼ਾਲਸਾ ਵਹੀਰ’ ਸੁਰੂ ਕਰਕੇ ਕੌਮ ਵਿਚ ਧਾਰਮਿਕ ਅਤੇ ਇਖਲਾਕੀ ਤੌਰ ਤੇ ਆਈ ਖੜੋਤ ਨੂੰ ਜੋਸ ਤੇ ਹੋਸ ਨਾਲ ਸੁਰੂ ਕੀਤੀ ਗਈ ਹੈ । ਇਸ ਖ਼ਾਲਸਾ ਵਹੀਰ ਦਾ ਕੌਮੀ ਪ੍ਰੋਗਰਾਮ ਸੰਗਰਾਵਾਂ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਰਾਮ ਸਿੰਘ ਵੱਲੋ ਨੇਕ ਅਤੇ ਕੌਮ ਪੱਖੀ ਉਦਮ ਕੀਤਾ ਗਿਆ ਹੈ । ਇਸ ਨਾਲ ਜੋ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਕੌਮ ਪੱਖੀ ਮਿਸਨ ਸੁਰੂ ਕੀਤਾ ਸੀ, ਉਸਨੂੰ ਸਮੁੱਚਾ ਖ਼ਾਲਸਾ ਪੰਥ ਆਪਣੇ ਛੋਟੇ-ਮੋਟੇ ਵਿਚਾਰਿਕ ਵਖਰੇਵਿਆ ਤੋ ਉਪਰ ਉੱਠਕੇ ਕੌਮ ਵਿਚ ਨਵੀ ਰੂਹ ਫੂਕਣ ਜਾ ਰਿਹਾ ਹੈ । ਇਸ ਮਹਾਨ ਮੌਕੇ ਤੇ ਅਸੀ ਸਮੁੱਚੇ ਖ਼ਾਲਸਾ ਪੰਥ, ਸਮਾਜਿਕ, ਰਾਜਨੀਤਿਕ ਜਥੇਬੰਦੀਆਂ, ਸੰਗਠਨਾਂ, ਸੁਖਮਨੀ ਸਾਹਿਬ ਸੁਸਾਇਟੀਆ, ਸਿੰਘ ਸਭਾਵਾਂ, ਪ੍ਰਚਾਰਕਾਂ, ਰਾਗੀਆ, ਢਾਡੀਆ, ਗ੍ਰੰਥੀਆਂ ਆਦਿ ਸਭਨਾਂ ਨੂੰ ਆਪੋ ਆਪਣੇ ਸਾਧਨਾਂ ਰਾਹੀ ਅੱਜ ਮੁਕਤਸਰ ਸਾਹਿਬ ਵਿਖੇ ਪਹੁੰਚਕੇ ਅਤੇ ਚੱਲ ਰਹੀ ਵਹੀਰ ਕੌਮ ਦੇ ਇਸ ਚੜ੍ਹਦੀ ਕਲਾਂ ਵਾਲੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੀ ਸੰਜੀਦਗੀ ਭਰੀ ਅਪੀਲ ਕਰਦੇ ਹਾਂ ।” 

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਬਾ ਰਾਮ ਸਿੰਘ ਜੀ ਮੁੱਖੀ ਦਮਦਮੀ ਟਕਸਾਲ ਸੰਗਰਾਵਾਂ ਵੱਲੋ ਸੁਰੂ ਕੀਤੇ ਗਏ ਖ਼ਾਲਸਾ ਵਹੀਰ ਦੇ ਅਧੂਰੇ ਕੰਮ ਨੂੰ ਸੰਪੂਰਨ ਕਰਨ ਦੀ ਸਲਾਘਾ ਕਰਦੇ ਹੋਏ ਅਤੇ ਸਮੁੱਚੇ ਖ਼ਾਲਸਾ ਪੰਥ ਨੂੰ ਇਸ ਮਹਾਨ ਮੌਕੇ ਤੇ ਵਹੀਰਾਂ ਘੱਤਕੇ ਪਹੁੰਚਣ ਅਤੇ ਸਿੱਖ ਨੌਜਵਾਨੀ ਵਿਚ ਅੰਮ੍ਰਿਤ ਸੰਚਾਰ ਕਰਨ ਅਤੇ ਪੰਜਾਬ ਵਿਚੋ ਨਸਿਆ ਦੇ ਸੇਵਨ ਦਾ ਖਾਤਮਾ ਕਰਨ ਲਈ ਅਤੇ ਹੋਰ ਸਮਾਜਿਕ ਬੁਰਾਈਆ ਦਾ ਅੰਤ ਕਰਨ ਲਈ ਸੁਰੂ ਹੋਈ ਖ਼ਾਲਸਾ ਵਹੀਰ ਵਿਚ ਹੁੰਮ-ਹੁੰਮਾਕੇ ਸਮੂਲੀਅਤ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਜਦੋਂ ਜਾਬਰ ਜਰਵਾਣੇ ਹੁਕਮਰਾਨ ਸਿੱਖ ਕੌਮ ਵਿਚ ਦਹਿਸਤ ਪਾਉਣ ਅਤੇ ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਮੰਦਭਾਵਨਾ ਅਧੀਨ ਕੋਈ ਜ਼ਬਰ ਕਰਦਾ ਹੈ, ਤਾਂ ਸਿੱਖ ਕੌਮ ਦਾ ਇਹ ਪੁਰਾਤਨ ਸੁਭਾਅ ਤੇ ਰਵਾਇਤ ਦਾ ਹਿੱਸਾ ਰਿਹਾ ਹੈ ਕਿ ਸਿੱਖ ਕੌਮ ਅਜਿਹੇ ਜ਼ਬਰ ਜੁਲਮ ਤੋ ਨਾ ਤਾਂ ਕਦੇ ਘਬਰਾਉਦੀ ਹੈ ਬਲਕਿ ‘ਢਾਈ ਫੱਟ’ ਦੀ ਗੁਰੂ ਸਾਹਿਬਾਨ ਵੱਲੋ ਬਖਸਿ਼ਸ਼ ਕੀਤੀ ਗਈ ਕੌਮੀ ਯੁੱਧ ਨੀਤੀ ਉਤੇ ਅਮਲ ਕਰਦੀ ਹੋਈ ਪਹਿਲੇ ਨਾਲੋ ਵੀ ਵਧੇਰੇ ਹੋਸ ਅਤੇ ਜੋਸ ਨੂੰ ਕਾਇਮ ਰੱਖਦੀ ਹੋਈ ਦੁਸ਼ਮਣ ਤਾਕਤਾਂ ਨੂੰ ਜਿਥੇ ਵੰਗਾਰ ਦਿੰਦੀ ਹੈ, ਉਥੇ ਅਧੂਰੇ ਰਹਿ ਚੁੱਕੇ ਕੌਮੀ ਮਿਸਨ ਨੂੰ ਪੂਰਾ ਵੀ ਕਰਦੀ ਆਈ ਹੈ । ਲੇਕਿਨ ਅਜਿਹੇ ਮਿਸਨ ਦੀ ਪ੍ਰਾਪਤੀ ਲਈ ਕੌਮ ਵਿਚੋ ਆਤਮਿਕ ਤੇ ਸਮਾਜਿਕ ਸ਼ਕਤੀ ਦੀ ਵਰਤੋ ਕਰਨ ਵਾਲੀ ਸਖਸ਼ੀਅਤ ਉਤੇ ਗੁਰੂ ਸਾਹਿਬਾਨ ਆਪਣੀ ਮਿਹਰ ਕਰਦੇ ਹਨ। ਤਾਂ ਜੋ ਕੌਮ ਆਪਣੀ ਮੰਜਿਲ ਵੱਲ ਬਿਨ੍ਹਾਂ ਕਿਸੇ ਡਰ ਭੈ ਤੋ ਵੱਧ ਸਕੇ । ਫਿਰ ਅੰਮ੍ਰਿਤ ਸੰਚਾਰ ਕਰਨ ਜਾਂ ਕੌਮ ਨੂੰ ਨਸਿ਼ਆਂ ਵਰਗੀ ਸਮਾਜਿਕ ਬੁਰਾਈ ਤੋ ਨਿਜਾਤ ਦਿਵਾਉਣ ਲਈ ਸਾਨੂੰ ਦੁਨੀਆ ਦੀ ਕੋਈ ਵੀ ਵੱਡੀ ਤੋ ਵੱਡੀ ਫ਼ੌਜੀ ਜਾਂ ਸਿਆਸੀ ਤਾਕਤ ਨਾ ਕਦੇ ਪਹਿਲਾ ਰੋਕ ਸਕੀ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਰੋਕ ਸਕੇਗੀ। ਜੋ ਬਾਬਾ ਰਾਮ ਸਿੰਘ ਜੀ ਨੇ ਖਾਲਸਾ ਵਹੀਰ ਦੀ ਸੁਰੂਆਤ ਕੀਤੀ ਹੈ, ਇਸ ਵਹੀਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚਣ ਤੱਕ ਸਮੁੱਚੇ ਖਾਲਸਾ ਪੰਥ ਤਨੋ-ਮਨੋ-ਧਨੋ ਹਰ ਤਰ੍ਹਾਂ ਸਹਿਯੋਗ ਕਰੇ ਅਤੇ ਇਸਦੇ ਰੂਟ ਦੇ ਦੋਵੇ ਪਾਸੇ ਵੱਡੀ ਗਿਣਤੀ ਵਿਚ ਖਲੋਕੇ ਸਵਾਗਤ ਵੀ ਕਰੇ ਅਤੇ ਇਸ ਮਿਸਨ ਨੂੰ ਸਮਝਦੇ ਹੋਏ ਅੰਮ੍ਰਿਤ ਸੰਚਾਰ ਅਤੇ ਨਸਿ਼ਆਂ ਤੋ ਦੂਰ ਕਰਨ ਵਿਚ ਹਰ ਤਰ੍ਹਾਂ ਮਦਦ ਕਰੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਖਾਲਸਾ ਪੰਥ ਤੇ ਪੰਜਾਬ ਦੇ ਸਮੁੱਚੇ ਵਰਗ ਆਪਸ ਵਿਚ ਛੋਟੇ ਮੋਟੇ ਵਿਚਾਰਿਕ ਵਖਰੇਵਿਆ ਤੋ ਉਪਰ ਉੱਠਕੇ ਮੁਕਤਸਰ ਸਾਹਿਬ ਦੀ ਮਹਾਨ ਸ਼ਹੀਦੀ ਪਵਿੱਤਰ ਧਰਤੀ ਉਤੇ ਸੁਰੂ ਕੀਤੇ ਗਏ ਕੌਮੀ ਮਿਸਨ ਨੂੰ ਕਾਮਯਾਬ ਕਰਨ ਵਿਚ ਯੋਗਦਾਨ ਪਾਉਣਗੇ ।

ਸ. ਮਾਨ ਨੇ ਕਿਹਾ ਜਿਥੇ ਖ਼ਾਲਸਾ ਪੰਥ ਨੂੰ ਅੱਜ ਧਾਰਮਿਕ, ਸਮਾਜਿਕ, ਇਖਲਾਕੀ ਤੌਰ ਤੇ ਮਜਬੂਤ ਹੋਣ ਦੀ ਸਖਤ ਲੋੜ ਹੈ, ਉਥੇ ਆਉਣ ਵਾਲੇ ਸਮੇ ਵਿਚ 2024 ਅਤੇ 2027 ਦੇ ਪੰਜਾਬ ਸੂਬੇ ਦੇ ਵਿਰਸੇ-ਵਿਰਾਸਤ, ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਡਿਪਲੋਮੈਟਿਕ ਢੰਗਾਂ ਦੀ ਸਹੀ ਦਿਸ਼ਾ ਵੱਲ ਵਰਤੋ ਕਰਦੇ ਹੋਏ ਜਿਥੇ ਰਾਜ ਭਾਗ ਦੀ ਸਿਆਸੀ ਤਾਕਤ ਪ੍ਰਾਪਤ ਕਰਨ ਦੀ ਵੀ ਅੱਜ ਵੱਡੀ ਲੋੜ ਸਾਹਮਣੇ ਖੜ੍ਹੀ ਹੈ । ਕਿਉਂਕਿ ਗੁਰੂ ਸਾਹਿਬਾਨ ਨੇ ਸਦੀਆ ਪਹਿਲੇ ‘ਮੀਰੀ-ਪੀਰੀ’ ਦੀਆਂ ਦੋਵੇ ਤਲਵਾਰਾਂ ਪਹਿਨਕੇ ਅਤੇ ‘ਰਾਜ ਬਿਨਾ ਨਾਹਿ ਧਰਮ ਚਲੇ ਹੈ, ਧਰਮ ਬਿਨ੍ਹਾ ਸਭ ਦਲੈ ਮਲੈ ਹੈ’ ਦਾ ਸੰਦੇਸ਼ ਦੇ ਕੇ ਸਾਨੂੰ ਧਾਰਮਿਕ ਉੱਚ ਮਰਿਯਾਦਾਵਾ ਦਾ ਸਖਤੀ ਨਾਲ ਪਾਲਣ ਕਰਦੇ ਹੋਏ ਆਪਣੇ ਰਾਜ ਭਾਗ ਨੂੰ ਸਹੀ ਦਿਸ਼ਾ ਵੱਲ ਮਨੁੱਖਤਾ ਦੀ ਬਿਹਤਰੀ ਵਿਚ ਚਲਾਉਣ ਦੀ ਹਦਾਇਤ ਦਿੱਤੀ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਖ਼ਾਲਸਾ ਪੰਥ ਆਪਣੇ ਗੁਰੂ ਸਾਹਿਬਾਨ ਦੇ ਹੁਕਮਾ ਉਤੇ ਪਹਿਰਾ ਦਿੰਦੇ ਹੋਏ ਜਿਥੇ ਧਾਰਮਿਕ ਤੇ ਇਖਲਾਕੀ ਤੌਰ ਤੇ ਆਪਣੇ ਆਪ ਨੂੰ ਮਜਬੂਤ ਕਰੇ, ਉਥੇ ਰਾਜਸੀ ਸ਼ਕਤੀ ਪ੍ਰਾਪਤ ਕਰਨ ਲਈ ਵੀ ਸਮੂਹਿਕ ਏਕਤਾ ਵਿਚ ਪ੍ਰੋਦੇ ਹੋਏ ਆਪਣੀ ਕੌਮੀ ਮੰਜਿਲ ਵੱਲ ਦ੍ਰਿੜਤਾ ਤੇ ਵਿਸਵਾਸ ਨਾਲ ਵੱਧੇ । 

Leave a Reply

Your email address will not be published. Required fields are marked *