ਸਿੱਖ ਕੌਮ ਦੀਆਂ ਮਹਾਨ ਮਰਿਯਾਦਾਵਾਂ ਤੋ ਉੱਪਰ ਦੁਨੀਆ ਦਾ ਨਾ ਕੋਈ ਵਿਧਾਨ ਹੈ ਅਤੇ ਨਾ ਹੀ ਕੋਈ ਕਾਨੂੰਨ : ਟਿਵਾਣਾ

ਸਿੱਖ ਕੋਈ ਚਨੇ ਦੇ ਦਾਣੇ ਨਹੀ ਹਨ ਕਿ ਕੋਈ ਚਬਾਅ ਜਾਵੇਗਾ, ਇਹ ਲੋਹੇ ਦੇ ਦਾਣੇ ਹਨ ਜੋ ਚਬਾਉਣ ਦੀ ਕੋਸਿ਼ਸ਼ ਕਰੇਗਾ, ਉਸਦੀਆਂ ਆਂਦਰਾ ਪਾੜ ਸੁੱਟਣਗੇ 

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ ( ) “ਹਿੰਦੂਤਵ ਮੁਤੱਸਵੀ ਜਮਾਤਾਂ, ਆਗੂ ਤੇ ਸਿੱਖ ਵਿਰੋਧੀ ਸਾਜਿਸਕਾਰ ਅਕਸਰ ਹੀ ਅਜਿਹੀਆ ਸਾਜਿਸਾਂ ਤੇ ਵਿਊਤਾ ਉਤੇ ਅਮਲ ਕਰਦੇ ਰਹਿੰਦੇ ਹਨ ਜਿਸ ਨਾਲ ਸੰਸਾਰ ਪੱਧਰ ਉਤੇ ਸਿੱਖ ਕੌਮ ਦੇ ਕਾਇਮ ਹੋ ਚੁੱਕੇ ਸਾਨਮੱਤੇ ਇਤਿਹਾਸ ਨਾਲ ਸੰਬੰਧਤ ਨਿਯਮਾਂ, ਮਰਿਯਾਦਾਵਾਂ ਤੇ ਅਸੂਲਾਂ ਨੂੰ ਠੇਸ ਪਹੁੰਚਦੀ ਹੋਵੇ। ਪਰ ਸਿੱਖ ਕੌਮ ਨੇ ਕਦੀ ਵੀ ਕਿਸੇ ਵੀ ਵੱਡੀ ਤੋ ਵੱਡੀ ਤਾਕਤ, ਸਾਜਿਸਕਾਰ, ਵਿਧਾਨ ਜਾਂ ਕਾਨੂੰਨ ਨੂੰ ਅਜਿਹੀ ਇਜਾਜਤ ਨਹੀ ਦਿੱਤੀ ਜਿਸ ਨਾਲ ਸਿੱਖ ਕੌਮ ਦੀਆਂ ਸਦੀਆ ਤੋ ਚੱਲਦੀਆ ਆ ਰਹੀਆ ਮਨੁੱਖਤਾ ਪੱਖੀ ਮਰਿਯਾਦਾਵਾ ਅਤੇ ਪੰ੍ਰਪਰਾਵਾਂ ਨੂੰ ਕੋਈ ਭੰਗ ਕਰਨ ਦੀ ਕੋਸਿ਼ਸ਼ ਕਰੇ । ਜੋ ਬੀਤੇ ਦਿਨੀਂ ਇਕ ਬੱਚੀ ਵੱਲੋਂ ਆਪਣੇ ਚੇਹਰੇ ਉਤੇ ਤਿਰੰਗਾ ਝੰਡਾ ਪ੍ਰਕਾਸਿਤ ਕਰਕੇ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਦੀ ਕੋਸਿ਼ਸ਼ ਕਰਦੇ ਹੋਏ ਮਰਿਯਾਦਾ ਨੂੰ ਭੰਗ ਕਰਨ ਦੀ ਅਸਫਲ ਕੋਸਿ਼ਸ਼ ਕੀਤੀ ਗਈ ਸੀ, ਉਸਨੂੰ ਮੌਜੂਦ ਸੇਵਾਦਾਰ ਦੀ ਬਾਜ਼ ਨਜਰ ਨੇ ਸਫਲ ਨਹੀ ਹੋਣ ਦਿੱਤਾ ਅਤੇ ਰੋਕ ਦਿੱਤਾ ਗਿਆ । ਪਰ ਦੁੱਖ ਅਤੇ ਅਫਸੋਸ ਹੈ ਗੋਦੀ ਅਤੇ ਸਿੱਖ ਵਿਰੋਧੀ ਮੀਡੀਏ ਨੇ ਸਾਡੀ ਕੌਮੀ ਮਰਿਯਾਦਾ ਦੇ ਉਲਟ ਹੋਣ ਜਾ ਰਹੀ ਕਾਰਵਾਈ ਨੂੰ ਲੈਕੇ ਉਸੇ ਤਰ੍ਹਾਂ ਫਾਲਤੂ ਚੀਕ ਚਿਹਾੜਾ ਪਾਇਆ ਜਿਵੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨਾਂ ਬਣਾਕੇ ਸਮੁੱਚੀ ਸਿੱਖ ਕੌਮ ਨੂੰ ਇਕ ਵਾਰੀ ਫਿਰ ਸੰਸਾਰ ਪੱਧਰ ਤੇ ਬਦਨਾਮ ਕਰਨ ਦੀ ਮੰਦਭਾਗੀ ਕਾਰਵਾਈ ਕੀਤੀ ਸੀ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਸਿੱਖ ਵਿਰੋਧੀ ਤਾਕਤਾਂ ਕਿਵੇ ਸਾਡੇ ਕੌਮੀ ਉੱਚੇ-ਸੁੱਚੇ ਕਿਰਦਾਰ ਅਤੇ ਇਖਲਾਕ ਨੂੰ ਦਾਗੀ ਕਰਨ ਲਈ ਝੱਟ ਇਕ ਹੋ ਜਾਂਦੀਆ ਹਨ । ਹੋ ਸਕਦਾ ਹੈ ਕਿ ਇਸ ਬੱਚੀ ਨੂੰ ਸਿੱਖ ਵਿਰੋਧੀ ਤਾਕਤਾਂ ਨੇ ਮੋਹਰਾ ਬਣਾਕੇ ਭੇਜਿਆ ਹੋਵੇ ਅਤੇ ਫਿਰ ਗੋਦੀ ਮੀਡੀਏ ਤੇ ਸਿੱਖ ਕੌਮ ਵਿਰੁੱਧ ਰੌਲਾ ਪਾਉਣ ਦੀ ਸਾਜਿਸ ਰਚੀ ਹੋਵੇ । ਜਿਸ ਨੂੰ ਚੁਕੰਨੇ ਸੇਵਾਦਾਰ ਨੇ ਸਫਲ ਨਹੀ ਹੋਣ ਦਿੱਤਾ, ਇਸ ਉੱਦਮ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ ਉਹ ਥੋੜ੍ਹੀ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਅੰਦਰ ਇਕ ਬੱਚੀ ਵੱਲੋ ਤਿਰੰਗੇ ਝੰਡੇ ਦੀ ਆਪਣੇ ਚੇਹਰੇ ਤੇ ਪੇਟਿੰਗ ਕਰਕੇ ਦਾਖਲ ਹੋਣ ਅਤੇ ਸਿੱਖ ਕੌਮ ਦੀਆਂ ਮਰਿਯਾਦਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ, ਗੋਦੀ ਮੀਡੀਏ ਵੱਲੋ ਸਿੱਖ ਕੌਮ ਵਿਰੁੱਧ ਕੀਤੇ ਜਾਣ ਵਾਲੇ ਗੁੰਮਰਾਹਕੁੰਨ ਪ੍ਰਚਾਰ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਡਿਊਟੀ ਉਤੇ ਤਾਇਨਾਤ ਗੁਰੂਘਰ ਦੇ ਸੇਵਾਦਾਰ ਦੀ ਬਾਜ਼ ਨਜਰ ਤੇ ਚੇਤਨਤਾ ਦੀ ਭਰਪੂਰ ਸਲਾਘਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਲੋਕ ਸਿੱਖੀ ਮਰਿਯਾਦਾਵਾ ਦੀ ਉਲੰਘਣਾ ਹੋਣ ਦੀ ਗੱਲ ਨੂੰ ਹਲਕੇ ਵਿਚ ਲੈਕੇ ਨਜਰ ਅੰਦਾਜ ਕਰਨ ਦੀ ਕੋਸਿ਼ਸ਼ ਕਰਦੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾਂ ਬਣਾਕੇ ਰੌਲਾ ਪਾ ਰਹੇ ਹਨ, ਉਨ੍ਹਾਂ ਦੀ ਮੁਤੱਸਵੀ ਸੋਚ ਵਾਲੇ ਮਨਸੂਬਿਆ ਦੀ ਸਮਝ ਤਾਂ ਆਉਦੀ ਹੈ । ਪਰ ਜੋ ਲੋਕ ਸਾਡੇ ਕੌਮੀ ਮਾਣ-ਸਨਮਾਨ ਦੇ ਗੰਭੀਰ ਮੁੱਦੇ ਨੂੰ ‘ਖੰਭਾ ਦੀਆ ਡਾਰਾ ਬਣਾਕੇ’ ਸਿੱਖ ਕੌਮ ਵਿਰੁੱਧ ਪ੍ਰਚਾਰ ਕਰਨ ਦੀ ਤਾਕ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਪਹਿਚਾਨਣ, ਸੁਚੇਤ ਰਹਿਣ ਦੀ ਐਸ.ਜੀ.ਪੀ.ਸੀ ਤੇ ਸਿੱਖ ਕੌਮ ਨੂੰ ਸਖਤ ਲੋੜ ਹੈ ਤਾਂ ਕਿ ਕੋਈ ਵੀ ਤਾਕਤ ਜਾਂ ਸਾਜਿਸਕਾਰ ਸਾਡੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ, ਬੂੰਗਿਆ, ਝੰਡਿਆ ਦੇ ਮਾਣ-ਸਨਮਾਨ ਅਤੇ ਸਿੱਖੀ ਮਰਿਯਾਦਾਵਾ ਨੂੰ ਢਾਅ ਲਗਾਉਣ ਵਿਚ ਕਾਮਯਾਬ ਨਾ ਹੋ ਸਕੇ । 

ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਮਨੁੱਖਤਾ ਲਈ ਵੱਡੀਆ ਕੁਰਬਾਨੀਆ, ਸ਼ਹਾਦਤਾਂ ਦੇ ਕੇ ਜ਼ਬਰ ਜੁਲਮ ਦਾ ਸਬਰ ਨਾਲ ਸਾਹਮਣਾ ਕਰਕੇ, ਉਸ ਅਕਾਲ ਪੁਰਖ ਦੇ ਭਾਣੇ ਨੂੰ ਪ੍ਰਵਾਨ ਕਰਕੇ ਅਤੇ ਆਪਣੇ ਵਿਸਵਾਸ ਨੂੰ ਪ੍ਰਪੱਕ ਰੱਖਦੇ ਹੋਏ ਜੋ ਕੌਮੀ ਮਰਿਯਾਦਾਵਾਂ ਅਤੇ ਅਸੂਲ ਕਾਇਮ ਕੀਤੇ ਹਨ । ਉਨ੍ਹਾਂ ਦੀ ਬਦੌਲਤ ਸਿੱਖ ਧਰਮ ਤੇ ਸਿੱਖ ਕੌਮ ਦਾ ਅੱਜ ਸਮੁੱਚੇ ਸੰਸਾਰ ਵਿਚ ਸਭ ਕੌਮਾਂ, ਧਰਮਾਂ ਵਿਚ ਸਤਿਕਾਰ-ਮਾਣ ਕਾਇਮ ਹੈ । ਉਨ੍ਹਾਂ ਮਰਿਯਾਦਾ ਨੂੰ ਢਾਅ ਲਗਾਉਣ ਦੀ ਕਿਸੇ ਵੀ ਤਾਕਤ ਨੂੰ ਸਿੱਖ ਕੌਮ ਨੇ ਨਾ ਬੀਤੇ ਸਮੇ ਵਿਚ ਇਜਾਜਤ ਦਿੱਤੀ ਹੈ ਨਾ ਆਉਣ ਵਾਲੇ ਸਮੇ ਵਿਚ ਦਿੱਤੀ ਜਾਵੇਗੀ । ਇਸ ਲਈ ਪੰਥ ਵਿਰੋਧੀ ਤਾਕਤਾਂ ਤੇ ਸਾਜਿਸਕਾਰਾਂ ਨੂੰ, ਗੋਦੀ ਮੰਦਭਾਵਨਾ ਭਰੇ ਮੀਡੀਏ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੇ ਕਿਸੇ ਵੀ ਅਮਲ ਨੂੰ ਸਿੱਖ ਕੌਮ ਨੇ ਸਹਿਣ ਨਹੀ ਕੀਤਾ ਅਤੇ ਨਾ ਹੀ ਕਰੇਗੀ । ਜਿਸ ਸੇਵਾਦਾਰ ਨੇ ਪੂਰੇ ਚੁਕੰਨੇ ਹੋ ਕੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਹੈ, ਉਸਨੂੰ ਸਮੁੱਚੀ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ‘ਸਲਾਮ’ ਦੇ ਨਾਲ-ਨਾਲ ਪੰਥ ਵਿਰੋਧੀ ਤਾਕਤਾਂ ਨੂੰ ਖ਼ਬਰਦਾਰ ਵੀ ਕੀਤਾ ਕਿ ਉਹ ਗੈਰ ਇਨਸਾਨੀ, ਗੈਰ ਸਮਾਜਿਕ ਕਾਰਵਾਈਆ ਕਰਕੇ ਹੱਸਦੇ-ਵੱਸਦੇ, ਅਮਨਮਈ ਜਮਹੂਰੀਅਤ ਪਸ਼ੰਦ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਝੋਕਣ ਦੀ ਗੁਸਤਾਖੀ ਨਾ ਕਰਨ । ਕਿਉਂਕਿ ਸਿੱਖ ਕੌਮ ਕੋਈ ਚਨੇ ਦੇ ਦਾਣੇ ਨਹੀ ਜੋ ਉਸਨੂੰ ਕੋਈ ਚਬਾਅ ਜਾਵੇਗਾ, ਇਹ ਤਾਂ ਲੋਹੇ ਦੇ ਦਾਣੇ ਹਨ, ਜੋ ਇਨ੍ਹਾਂ ਨੂੰ ਚਬਾਉਣ ਦੀ ਕੋਸਿ਼ਸ਼ ਕਰੇਗਾ, ਉਸਦੀਆਂ ਆਂਦਰਾ ਪਾੜ ਸੁੱਟਣਗੇ ।

Leave a Reply

Your email address will not be published. Required fields are marked *