ਭਾਈ ਅੰਮ੍ਰਿਤਪਾਲ ਸਿੰਘ ਦੀ ਸਪਤਨੀ, ਮਾਤਾ ਅਤੇ ਹੋਰ ਪਰਿਵਾਰਿਕ ਮੈਬਰਾਂ ਨੂੰ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਨਿਸ਼ਾਨਾਂ ਬਣਾਉਣਾ ਨਿੰਦਣਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 23 ਮਾਰਚ ( ) “ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਸੇ ਤਰ੍ਹਾਂ ਦਾ ਕੋਈ ਗੁਨਾਹ ਨਹੀ ਕੀਤਾ, ਫਿਰ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਵੱਡੇ ਪੱਧਰ ਉਤੇ ਗੈਰ ਕਾਨੂੰਨੀ ਢੰਗ ਨਾਲ ਕੀਤੀਆ ਗ੍ਰਿਫ਼ਤਾਰੀਆਂ ਅਤੇ ਉਨ੍ਹਾਂ ਤੇ ਐਨ.ਐਸ.ਏ ਵਰਗੇ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਨੂੰ ਕੁੱਚਲਣ ਵਾਲੇ ਜ਼ਾਬਰ ਕਾਲੇ ਕਾਨੂੰਨ ਲਾਗੂ ਕਰਕੇ ਸਰੀਰਕ ਅਤੇ ਮਾਨਸਿਕ ਤਸੱਦਦ ਢਾਹੁਣ ਦੇ ਦੁੱਖਦਾਇਕ ਅਮਲ ਨਿੰਦਣਯੋਗ ਹੀ ਨਹੀ ਹਨ ਬਲਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਅਤੇ ਸੈਟਰ ਦੀ ਮੋਦੀ ਹਕੂਮਤ ਵੱਲੋ ਸਿੱਖ ਕੌਮ ਵਿਰੁੱਧ ਸਾਂਝੇ ਤੌਰ ਤੇ ਰਚੀ ਸਾਜਿਸ ਅਧੀਨ ਸਿੱਖ ਕੌਮ ਦੇ ਉੱਚੇ-ਸੁੱਚੇ ਮਨੁੱਖਤਾ ਪੱਖੀ, ਅਮਨ-ਚੈਨ ਤੇ ਜਮਹੂਰੀਅਤ ਪੱਖੀ ਇਖਲਾਕ ਨੂੰ ਦਾਗੀ ਕਰਕੇ ਸਮੁੱਚੀ ਕੌਮ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਉਤੇ ਤਸੱਦਦ ਢਾਹੁਣ ਵਾਲੀਆ ਅਸਹਿ ਕਾਰਵਾਈਆ ਹਨ, ਇਥੇ ਹੀ ਬਸ ਨਹੀ ਜੋ ਭਗਵੰਤ ਮਾਨ ਸਰਕਾਰ, ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋ ਭਾਈ ਅੰਮ੍ਰਿਤਪਾਲ ਸਿੰਘ ਦੀ ਨਿਰਦੋਸ਼ ਸਪਤਨੀ, ਮਾਤਾ ਹੋਰ ਪਰਿਵਾਰਿਕ ਮੈਬਰਾਂ ਅਤੇ ਪੰਜਾਬ ਦੇ ਹਰ ਪਿੰਡ, ਕਸਬੇ, ਸ਼ਹਿਰ, ਗਲੀ ਵਿਚ 15-15, 16-16 ਸਾਲ ਦੇ ਗੁਰਸਿੱਖੀ ਵਿਚ ਵਿਚਰਣ ਵਾਲੇ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਬੀਤੇ 2-3 ਦਿਨਾਂ ਤੋ ਜ਼ਬਰੀ ਚੁੱਕ ਕੇ, ਉਨ੍ਹਾਂ ਦੇ ਮੋਬਾਇਲ ਫੋਨਾਂ ਨੂੰ ਜ਼ਬਰੀ ਪੁਲਿਸ ਵੱਲੋ ਖੋਹਕੇ, ਉਨ੍ਹਾਂ ਦੀ ਪਰਿਵਾਰਿਕ ਤੇ ਨਿੱਜੀ ਜਿੰਦਗੀ ਵਿਚ ਦਖਲ ਦੇ ਕੇ, ਉਨ੍ਹਾਂ ਉਤੇ ਤਸੱਦਦ ਢਾਹੁਦੇ ਹੋਏ ਹਕੂਮਤੀ ਦਹਿਸਤ ਪੈਦਾ ਕਰਕੇ ਡਰ-ਸਹਿਮ ਉਤਪੰਨ ਕੀਤਾ ਜਾ ਰਿਹਾ ਹੈ , ਇਸ ਸਾਜਿਸ ਨੂੰ ਸਮੁੱਚੀ ਸਿੱਖ ਕੌਮ ਅੱਛੀ ਤਰ੍ਹਾਂ ਸਮਝਦੀ ਹੈ ਕਿ ਜੋ ਹੁਕਮਰਾਨਾਂ ਵੱਲੋ ਫਿਰ ਤੋ ਹੱਸਦੇ-ਵੱਸਦੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਵੇਹੜੇ ਵਿਚ ਵੈਣ ਪੁਆਉਣ ਦੇ ਮਨੁੱਖਤਾ ਵਿਰੋਧੀ ਮਨਸੂਬਿਆਂ ਤੇ ਅਮਲ ਕੀਤਾ ਜਾ ਰਿਹਾ ਹੈ, ਹੁਕਮਰਾਨਾਂ ਨੂੰ ਅਜਿਹੀ ਘਿਣੋਨੀ ਖੇਡ ਖੇਡਣ, ਪੰਜਾਬੀਆਂ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਹੁਣ ਇਜਾਜਤ ਨਹੀ ਦਿੱਤੀ ਜਾਵੇਗੀ । ਕਿਉਂਕਿ 130 ਮੁਲਕਾਂ ਦੀਆਂ ਇੰਡੀਅਨ ਅੰਬੈਸੀਆਂ, ਕੌਸਲੇਟਾਂ ਅੱਗੇ ਉਥੇ ਵੱਸਦੇ ਸਿੱਖਾਂ ਨੇ ਬਾਦਲੀਲ ਢੰਗ ਨਾਲ ਇੰਡੀਆ ਦੇ ਹੁਕਮਰਾਨਾਂ ਵੱਲੋ ਰਚੇ ਜਾ ਰਹੇ ਸਿੱਖ ਵਿਰੋਧੀ ਵਰਤਾਰੇ ਦੀ ਸਹੀ ਜਾਣਕਾਰੀ ਦੇ ਕੇ ਇਨ੍ਹਾਂ ਦੇ ਖੂੰਖਾਰ ਇਨਸਾਨੀਅਤ ਵਿਰੋਧੀ ਚੇਹਰੇ ਨੂੰ ਨੰਗਾਂ ਕਰ ਦਿੱਤਾ ਹੈ । ਜਿਸ ਲਈ ਮੋਦੀ-ਸ਼ਾਹ, ਪੰਜਾਬੀਆਂ ਅਤੇ ਸਿੱਖਾਂ ਉਤੇ ਜ਼ਬਰ ਢਾਹੁਣ ਤੇ ਕਤਲੇਆਮ ਕਰਨ ਵਾਲੇ ਹੁਕਮਰਾਨ ਸੰਸਾਰ ਦੇ ਚੌਰਾਹੇ ਵਿਚ ਸ਼ਰਮਸਾਰ ਹੋਏ ਖੜ੍ਹੇ ਹਨ ਅਤੇ ਸਿੱਖਾਂ ਉਤੇ ਗੈਰ ਵਿਧਾਨਿਕ, ਗੈਰ ਸਮਾਜਿਕ ਢੰਗ ਨਾਲ ਫਿਰ ਤੋਂ ਸੁਰੂ ਕੀਤੇ ਗਏ ਜ਼ਬਰ ਜੁਲਮ ਦੇ ਦੌਰ ਦਾ ਇਨ੍ਹਾਂ ਕੋਲ ਕੋਈ ਜੁਆਬ ਨਹੀ ਜੋ ਇਹ ਵੀ ਪ੍ਰਤੱਖ ਹੁੰਦਾ ਹੈ ਕਿ ਬੇਸੱਕ ਇਹ ਹੁਕਮਰਾਨ ਘਟੀਆ ਹੱਥਕੰਡਿਆਂ ਤੇ ਆ ਗਏ ਹਨ ਲੇਕਿਨ ਜਲਦੀ ਹੀ ਕੌਮਾਂਤਰੀ ਪੱਧਰ ਤੇ ਇਨ੍ਹਾਂ ਦੀ ਨਮੋਸੀ ਵਾਲੀ ਹਾਰ ਹੋਣ ਜਾ ਰਹੀ ਹੈ ਅਤੇ ਖਾਲਸਾ ਪੰਥ ਦੀ ਸੱਚ ਦੀ ਆਵਾਜ ਦੀ ਫਤਹਿ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੋਦੀ ਹਕੂਮਤ, ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀਭੁਗਤ ਨਾਲ ਭਾਈ ਅੰਮ੍ਰਿਤਪਾਲ ਸਿੰਘ, ਉਨ੍ਹਾਂ ਦੇ ਸਾਥੀਆਂ, ਉਨ੍ਹਾਂ ਦੀ ਸਪਤਨੀ, ਮਾਤਾ, ਪਰਿਵਾਰਿਕ ਮੈਬਰਾਂ ਅਤੇ ਮਾਸੂਮ-ਨਿਰਦੋਸ਼ 15-15 ਸਾਲਾਂ ਦੇ ਅੰਮ੍ਰਿਤਧਾਰੀ ਸਿੱਖ ਬੱਚਿਆਂ ਉਤੇ ਬੁਖਲਾਹਟ ਵਿਚ ਮੰਦਭਾਵਨਾ ਅਧੀਨ ਸੁਰੂ ਕੀਤੇ ਗਏ ਜਬਰ ਦੇ ਹਕੂਮਤੀ ਦੌਰ ਨੂੰ ਅਤਿ ਸ਼ਰਮਨਾਕ ਤੇ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਅਤੇ ਪੰਜਾਬ ਵਿਚ ਹੁਕਮਰਾਨਾਂ ਵੱਲੋ ਜੰਗਲ ਦੇ ਰਾਜ ਵਾਲੀਆ ਕੀਤੀਆ ਜਾ ਰਹੀਆ ਕਾਰਵਾਈਆ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇ ਪੰਜਾਬ ਪੁਲਿਸ, ਆਈ.ਬੀ, ਰਾਅ, ਐਨ.ਆਈ.ਏ, ਸੀ.ਆਈ.ਡੀ ਵਰਗੀਆ ਸਰਕਾਰੀ ਏਜੰਸੀਆ ਪੰਜਾਬ ਦੇ ਪਿੰਡਾਂ ਤੇ ਕਸਬਿਆ ਦੇ ਮਾਸੂਮ ਨੌਜਵਾਨੀ ਦੇ ਨਿੱਜੀ ਮੋਬਾਇਲ ਫੋਨ ਕਾਲਾ ਨੂੰ ਜਾਂ ਵਟਸਅੱਪ ਉਤੇ ਵਿਚਾਰ ਸਾਂਝੇ ਕਰਨ ਨੂੰ ਆਧਾਰ ਬਣਾਕੇ ਵੱਡੇ ਪੱਧਰ ਤੇ ਫੜੋਫੜੀ ਦਾ ਹਕੂਮਤੀ ਦਹਿਸਤਗਰਦੀ ਵਾਲਾ ਦੌਰ ਸੁਰੂ ਕੀਤਾ ਹੈ, ਇਹ ਵੀ ਹੁਕਮਰਾਨਾਂ ਵੱਲੋ ਬਣਾਈ ਸਾਜਿਸ ਦੀ ਕੜੀ ਦਾ ਹਿੱਸਾ ਹੈ । ਕਿੰਨੇ ਦੁੱਖ ਤੇ ਸ਼ਰਮ ਵਾਲੀ ਗੱਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਸਰਕਾਰ ਅਤੇ ਪੁਲਿਸ ਨੇ ਅਜੇ ਤੱਕ ਸਾਨੂੰ ਕੋਈ ਥਹੁ ਪਤਾ ਨਹੀ ਦਿੱਸਿਆ ਕਿ ਉਸਦੀ ਸਰੀਰਕ, ਮਾਨਸਿਕ ਸਥਿਤੀ ਕੀ ਹੈ ਅਤੇ ਉਸਨੂੰ ਕਿੱਥੇ ਰੱਖਕੇ ਤਸੱਦਦ ਢਾਹਿਆ ਜਾ ਰਿਹਾ ਹੈ ਅਤੇ ਇਸ ਪਿੱਛੇ ਹੁਕਮਰਾਨਾਂ ਦੇ ਕੀ ਮੰਦਭਾਵਨਾ ਭਰੇ ਮਕਸਦ ਹਨ ? ਉਨ੍ਹਾਂ ਦੇ ਪਰਿਵਾਰ ਦੀਆਂ ਧੀਆਂ-ਭੈਣਾਂ ਨਾਲ ਗੈਰ ਵਿਧਾਨਿਕ ਅਣਮਨੁੱਖੀ ਅਮਲ ਕਰਕੇ ਸਮਾਜਿਕ ਕਦਰਾਂ-ਕੀਮਤਾਂ ਦਾ ਜਨਾਜ਼ਾਂ ਕੱਢਿਆ ਜਾ ਰਿਹਾ ਹੈ । ਪੰਜਾਬ ਦੇ ਹਰ ਪਿੰਡ ਦੇ ਚੌਕ ਉਤੇ ਨਾਕੇ ਲਗਾਕੇ, ਪੈਰਾਮਿਲਟਰੀ ਫੋਰਸਾਂ ਵੱਲੋ ਗੰਨਾਂ ਤਾਣਕੇ, ਮੀਡੀਏ ਉਤੇ ਇੰਝ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਿਵੇ ਇਨ੍ਹਾਂ ਦੀ ਹਰ ਪ੍ਰਬੰਧਕੀ ਅਤੇ ਨਿਜਾਮੀ ਅਸਫਲਤਾ ਲਈ ਸਰਬੱਤ ਦਾ ਭਲਾ ਚਾਹੁੰਣ ਵਾਲੀ ਅਤੇ ਹਰ ਦੀਨ ਦੁੱਖੀ ਅਤੇ ਲੋੜਵੰਦ ਦੀ ਮਦਦ ਕਰਨ ਵਾਲੀ ਸਿੱਖ ਕੌਮ ਹੀ ਦੋਸ਼ੀ ਹੋਵੇ । ਸਾਡੇ ਉੱਚੇ ਸੁੱਚੇ ਇਖਲਾਕ ਉਤੇ ਡੂੰਘਾਂ ਪ੍ਰਸ਼ਨ ਚਿੰਨ੍ਹ ਲਗਾਉਣ ਦੀਆਂ ਅਸਫਲ ਕੋਸਿ਼ਸ਼ਾਂ ਹੋ ਰਹੀਆ ਹਨ । ਜਦੋਕਿ ਨਾ ਤਾਂ ਪਹਿਲੇ ਅਤੇ ਨਾ ਹੀ ਅੱਜ ਪੰਜਾਬ ਵਿਚ ਕਿਸੇ ਤਰ੍ਹਾਂ ਦੇ ਅਮਨ ਚੈਨ, ਜਮਹੂਰੀਅਤ ਜਾਂ ਇਥੇ ਵੱਸਣ ਵਾਲੇ ਵੱਖ-ਵੱਖ ਵਰਗਾਂ ਦੇ ਸੰਬੰਧਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਸੀ ਅਤੇ ਨਾ ਹੈ । ਪਰ ਹੁਕਮਰਾਨ ਅਤੇ ਗੋਦੀ ਮੀਡੀਆ ਬਿਨ੍ਹਾਂ ਵਜਹ ਤੱਥਾਂ ਤੋ ਰਹਿਤ ਗੁੰਮਰਾਹਕੁੰਨ ਰੌਲਾ ਪਾ ਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਮੁਲਕ ਨਿਵਾਸੀਆ ਦੀ ਨਜ਼ਰ ਵਿਚ ਡੇਗਣ ਦੀ ਗੰਧਲੀ ਖੇਡ ਖੇਡ ਰਿਹਾ ਹੈ । ਸਮੁੱਚੇ ਪੰਜਾਬੀਆਂ ਤੇ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹਰ ਸਾਧਨ, ਬੋਧਿਕ ਸਕਤੀ ਅਤੇ ਤਾਕਤ ਦੀ ਵਰਤੋ ਕਰਕੇ ਸਮੂਹਿਕ ਤੌਰ ਤੇ ਇਸ ਸਾਜਿਸ ਅੱਗੇ ਕੰਧ ਬਣਕੇ ਖਲੋਕੇ ਇਸਨੂੰ ਅਸਫਲ ਬਣਾਉਣ ਅਤੇ ਜੋ ਪੰਜਾਬੀਆਂ ਤੇ ਸਿੱਖਾਂ ਉਤੇ ਜ਼ਬਰ ਜੁਲਮ ਢਾਹੁਣ ਲਈ ਬਹਾਨਾ ਘੜਿਆ ਜਾ ਰਿਹਾ ਹੈ, ਉਸਦੇ ਸੱਚ ਤੋ ਇੰਡੀਆ ਨਿਵਾਸੀਆ ਤੇ ਸੰਸਾਰ ਨੂੰ ਜਾਣੂ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ । ਸ. ਮਾਨ ਨੇ ਸੰਸਾਰ ਦੇ 130 ਮੁਲਕਾਂ ਵਿਚ ਸਥਿਤ ਇੰਡੀਅਨ ਅੰਬੈਸੀਆ ਅੱਗੇ ਉਥੋ ਦੇ ਸਿੱਖਾਂ ਵੱਲੋ ਜਮਹੂਰੀਅਤ ਢੰਗ ਨਾਲ ਪੰਜਾਬ ਵਿਚ ਹੋ ਰਹੇ ਜ਼ਬਰ ਜੁਲਮ ਦੀ ਆਵਾਜ ਉਠਾਉਣ ਅਤੇ ਸੰਸਾਰ ਨਿਵਾਸੀਆ ਨੂੰ ਸਹੀ ਤਸਵੀਰ ਪੇਸ ਕਰਨ ਦੀ ਨਿਭਾਈ ਜਿੰਮੇਵਾਰੀ ਲਈ ਜਿਥੇ ਧੰਨਵਾਦ ਕੀਤਾ, ਉਥੇ ਉਨ੍ਹਾਂ ਬਾਹਰਲੇ ਮੁਲਕਾਂ ਦੇ ਸਿੱਖਾਂ ਨੂੰ ਆਉਣ ਵਾਲੇ ਦਿਨਾਂ ਵਿਚ ਵੀ ਇਹ ਜਿੰਮੇਵਾਰੀ ਨਿਰੰਤਰ ਨਿਭਾਉਦੇ ਰਹਿਣ ਦੀ ਅਪੀਲ ਵੀ ਕੀਤੀ ਤਾਂ ਕਿ ਮੋਦੀ-ਸ਼ਾਹ ਅਤੇ ਇਹ ਮੁਤੱਸਵੀ ਹੁਕਮਰਾਨ ਸਿੱਖ ਕੌਮ ਨੂੰ ਫਿਰ ਤੋ ਨਿਸਾਨਾ ਬਣਾਕੇ 84 ਵਾਲੇ ਦੁਖਾਂਤ ਦੁਹਰਾਉਣ ਵਿਚ ਕਾਮਯਾਬ ਨਾ ਹੋ ਸਕਣ ਅਤੇ 2024 ਦੀਆਂ ਪਾਰਲੀਮੈਟ ਚੋਣਾਂ ਜਿੱਤਣ ਲਈ ਸਿਰਜੇ ਜਾ ਰਹੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਪ੍ਰਚਾਰ ਦਾ ਬਾਦਲੀਲ ਢੰਗ ਨਾਲ ਇਸੇ ਤਰ੍ਹਾਂ ਜੁਆਬ ਦੇਣ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਮਨ ਤੇ ਜਮਹੂਰੀਅਤ ਪਸ਼ੰਦ ਜਥੇਬੰਦੀ, ਸਮੁੱਚੇ ਜਮਹੂਰੀਅਤ ਪਸ਼ੰਦ ਮੁਲਕਾਂ ਦੀ ਸੋਚ ਤੇ ਅਮਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਅਤੇ ਉਨ੍ਹਾਂ ਨੂੰ ਅਜਿਹੇ ਮਨੁੱਖਤਾ ਪੱਖੀ ਉਦਮਾਂ ਵਿਚ ਹਮੇਸ਼ਾਂ ਸਾਥ ਦਿੰਦਾ ਰਹੇਗਾ ।

ਸ. ਮਾਨ ਨੇ ਮਨਜਿੰਦਰ ਸਿੰਘ ਸਿਰਸਾ ਜੋ ਬੀਤੇ ਲੰਮੇ ਸਮੇ ਤੋਂ ਸੈਟਰ ਦੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਜਮਾਤਾਂ ਤੇ ਆਗੂਆਂ ਦੇ ਹੱਥਠੌਕੇ ਬਣਕੇ ਆਪਣੇ ਸਿਆਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਕਰਦੇ ਆ ਰਹੇ ਹਨ ਅਤੇ ਆਪਣੇ ਕਾਰੋਬਾਰਾਂ ਨੂੰ ਵਧਾਉਣ ਵਿਚ ਲੱਗੇ ਹੋਏ ਹਨ, ਉਨ੍ਹਾਂ ਵੱਲੋ ਦਿੱਲੀ ਵਿਖੇ ਕੁਝ ਗੁੰਮਰਾਹ ਕੀਤੇ ਗਏ ਸਿੱਖਾਂ ਨੂੰ ਇਕੱਤਰ ਕਰਕੇ ਹੱਥ ਵਿਚ ਉਹ ਤਿਰੰਗੇ ਝੰਡੇ, ਜਿਨ੍ਹਾਂ ਨੇ 1984 ਵਿਚ ਦਿੱਲੀ ਵਿਚ ਸਿੱਖ ਕਤਲੇਆਮ ਕੀਤਾ ਅਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 36 ਗੁਰੂਘਰਾਂ ਉਤੇ ਹਮਲੇ ਕਰਕੇ ਢਹਿ-ਢੇਰੀ ਕੀਤੇ । 25 ਹਜਾਰ ਦੇ ਕਰੀਬ ਨਿਰਦੋਸ਼ ਸਰਧਾਲੂਆ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ, ਉਸ ਤਿਰੰਗੇ ਝੰਡੇ ਦੀ ਗੁਲਾਮੀ ਕਰਨ ਵਾਲੇ ਮਨਜਿੰਦਰ ਸਿੰਘ ਸਿਰਸਾ ਸਿੱਖ ਕੌਮ ਦਾ ਕੋਈ ਆਗੂ ਨਹੀ । ਇਹ ਆਪ ਬਣੇ ਅਤੇ ਮੁਤੱਸਵੀ ਹੁਕਮਰਾਨਾਂ ਦੇ ਪੈਦਾ ਕੀਤੇ ਗਏ ਉਹ ਪੱਗੜੀਧਾਰੀ ਸਿੱਖ ਆਗੂ ਹਨ ਜਿਨ੍ਹਾਂ ਨੂੰ ਹੁਕਮਰਾਨ ਆਪਣੇ ਆਪ ਨੂੰ ਸਹੀ ਤੇ ਸੱਚੇ ਸਾਬਤ ਕਰਨ ਲਈ ਸਮੇ-ਸਮੇ ਤੇ ਦੁਰਵਰਤੋ ਕਰਦੇ ਰਹਿੰਦੇ ਹਨ ਅਤੇ ਸਿੱਖ ਕੌਮ ਦੇ ਅਕਸ ਨੂੰ ਦਾਗੀ ਕਰਨ ਲਈ ਦੁਰਵਰਤੋ ਕਰਦੇ ਰਹਿੰਦੇ ਹਨ । 

Leave a Reply

Your email address will not be published. Required fields are marked *