ਲਵਪ੍ਰੀਤ ਸਿੰਘ ਤੂਫਾਨ ਨੂੰ ਬਿਨ੍ਹਾਂ ਵਜਹ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਉਪਰੰਤ ਹਿੰਦੂਤਵ ਤਾਕਤਾਂ ਵੱਲੋਂ ਪੰਜਾਬੀਆਂ ਅਤੇ ਸਿੱਖਾਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਮੋਦੀ-ਸ਼ਾਹ ਦੀ ਗਿਣੀ ਮਿੱਥੀ ਸਾਜਿਸ ਦਾ ਹਿੱਸਾ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 25 ਫਰਵਰੀ ( ) “ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦਾ ਕੋਈ ਅਪਰਾਧ ਜਾਂ ਕਸੂਰ ਹੀ ਨਹੀ ਸੀ, ਫਿਰ ਉਸਨੂੰ ਬਿਨ੍ਹਾਂ ਵਜਹ ਗ੍ਰਿਫ਼ਤਾਰ ਕਰਕੇ ਪੰਜਾਬ ਵਿਚ ਮਾਹੌਲ ਨੂੰ ਕੁੜੱਤਣ ਭਰਿਆ ਬਣਾਉਣ ਪਿੱਛੇ ਕੀ ਸਾਜਿਸ ਹੈ? ਉਸ ਉਪਰੰਤ ਜਦੋਂ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰਵਾਉਣ ਹਿੱਤ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਸਿੱਖ ਕੌਮ ਨੂੰ ਹੋਕਾ ਦਿੱਤਾ ਤਾਂ ਸਰਕਾਰ ਦੀਆਂ ਭੜਕਾਊ ਕਾਰਵਾਈਆ ਤੁਰੰਤ ਪੈਦਾ ਹੋਏ ਹਾਲਾਤਾਂ ਪ੍ਰਤੀ ਸਭ ਹਿੰਦੂਤਵ ਤਾਕਤਾਂ ਇੰਡੀਅਨ ਸਟੇਟ ਦੇ ਹੱਥਠੋਕੇ ਬਣੇ ਕਾਂਗਰਸੀ, ਭਾਜਪਾਈ, ਬਾਦਲ ਦਲੀਏ ਅਤੇ ਹੋਰਨਾਂ ਵੱਲੋਂ ਇਸ ਗੱਲ ਨੂੰ ਤੁੱਲ ਦੇ ਕੇ ਪੰਜਾਬ ਦੇ ਮਾਹੌਲ ਨੂੰ ਜ਼ਜਬਾਤੀ ਬਣਾਉਣ ਵਾਲਿਆ ਵੱਲੋ ਇਕਦਮ ਸਿੱਖ ਕੌਮ ਵਿਰੁੱਧ ਅੱਤਵਾਦੀ, ਵੱਖਵਾਦੀ, ਸਰਾਰਤੀ ਅਨਸਰ, ਗਰਮਦਲੀਏ ਆਦਿ ਨਾਮ ਦੇ ਕੇ ਧੂੰਆਧਾਰ ਗੁੰਮਰਾਹਕੁੰਨ ਪ੍ਰਚਾਰ ਸੁਰੂ ਕਰਨਾ ਠੀਕ ਉਸੇ ਤਰ੍ਹਾਂ ਦਾ ਪੰਜਾਬ ਤੇ ਸਿੱਖ ਕੌਮ ਵਿਰੋਧੀ ਅਮਲ ਹੈ, ਜਿਵੇਂ ਮਰਹੂਮ ਇੰਦਰਾ ਗਾਂਧੀ ਨੇ ਸਮੁੱਚੇ ਇੰਡੀਆ ਅਤੇ ਕੌਮਾਂਤਰੀ ਪੱਧਰ ਤੇ ਸਰੱਬਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਬਲਿਊ ਸਟਾਰ ਦਾ ਸਾਡੇ ਗੁਰਧਾਮਾਂ ਉਤੇ ਫ਼ੌਜੀ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਢਹਿ ਢੇਰੀ ਕੀਤਾ ਅਤੇ ਸਿੱਖ ਕੌਮ ਦਾ ਕਤਲੇਆਮ ਕੀਤਾ । ਅਜੋਕਾ ਵਰਤਾਰਾ ਮੋਦੀ-ਸ਼ਾਹ ਵੱਲੋ ਉਸੇ ਸੋਚ ਤੇ ਉਸੇ ਸਾਜਿਸ ਦਾ ਹਿੱਸਾ ਹੈ ਤਾਂ ਕਿ 2024 ਦੀਆਂ ਪਾਰਲੀਮੈਟ ਦੀਆਂ ਆਉਣ ਵਾਲੀਆ ਚੋਣਾਂ ਤੋ ਪਹਿਲੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਦਨਾਮ ਕਰਕੇ ਸਮੁੱਚੇ ਮੁਲਕ ਵਿਚ ਬਹੁਗਿਣਤੀ ਦੀਆਂ ਵੋਟਾਂ ਵਟੋਰਨ ਦੀ ਮੰਦਭਾਗੀ ਸੋਚ ਨੂੰ ਸਫਲ ਕੀਤਾ ਜਾ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਸਮੇਂ ਤੋਂ ਜਦੋਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਜਮਹੂਰੀਅਤ ਤੇ ਅਮਨਮਈ ਤਰੀਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਬਾਣੀ, ਇਨਸਾਨੀ ਕਦਰਾਂ-ਕੀਮਤਾਂ ਦਾ ਓਟ ਆਸਰਾ ਲੈਕੇ ਪੰਜਾਬ ਵਿਚ ਸਿੱਖ ਨੌਜਵਾਨੀ ਨੂੰ ਅੰਮ੍ਰਿਤ ਛਕਾ ਕੇ ਗੁਰਸਿੱਖ ਬਣਾਉਣ ਤੇ ਨੌਜ਼ਵਾਨੀ ਨੂੰ ਨਸਿਆ ਤੋ ਦੂਰ ਕਰਨ ਦੀ ਸਮਾਜਿਕ ਜਿੰਮੇਵਾਰੀ ਪੂਰਨ ਕਰਨਾ ਸੁਰੂ ਕੀਤਾ ਹੈ, ਉਸ ਸਮੇ ਤੋ ਭਾਈ ਅੰਮ੍ਰਿਤਪਾਲ ਸਿੰਘ, ਸਮੇਤ ਸਮੁੱਚੀ ਸਿੱਖ ਕੌਮ ਨੂੰ ਸਾਜਸੀ ਢੰਗਾਂ ਰਾਹੀ ਨਿਸ਼ਾਨਾਂ ਬਣਾਉਣ ਦੀਆਂ ਕਾਰਵਾਈਆ ਅਤੇ ਪੰਜਾਬ ਦੇ ਮਾਹੌਲ ਨੂੰ ਹੁਕਮਰਾਨਾਂ ਵੱਲੋ ਗੰਧਲਾ ਕਰਕੇ 2024 ਦੀਆਂ ਪਾਰਲੀਮੈਟ ਵੋਟਾਂ ਵਿਚ ਆਪਣੀ ਫਿਰਕੂ ਬੀਜੇਪੀ-ਪਾਰਟੀ ਦੇ ਪੱਖ ਵਿਚ ਮਾਹੌਲ ਬਣਾਉਣ ਦੀਆਂ ਕਾਰਵਾਈਆ ਨੂੰ ਇਸ ਸਿਰਜੇ ਜਾ ਰਹੇ ਵਿਸਫੋਟਕ ਮਾਹੌਲ ਲਈ ਹੁਕਮਰਾਨਾਂ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਸਾਜਿਸ ਤੋ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਾਂਗਰਸ, ਬੀਜੇਪੀ ਹਿੰਦੂਤਵ ਤਾਕਤਾਂ ਦੇ ਪਿੱਠੂ ਬਣੇ ਬਾਦਲ ਦਲੀਏ ਅਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਖ਼ਾਲਿਸਤਾਨੀਆਂ ਅਤੇ ਖ਼ਾਲਿਸਤਾਨ ਦੇ ਪਵਿੱਤਰ ਨਾਮ ਨੂੰ ਬਦਨਾਮ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ, ਰਾਜਾ ਵੜਿੰਗ, ਬਿਕਰਮ ਸਿੰਘ ਮਜੀਠੀਆ, ਰਵਨੀਤ ਸਿੰਘ ਬਿੱਟੂ, ਅਸਵਨੀ ਕੁਮਾਰ, ਹਰਜੀਤ ਸਿੰਘ ਗਰੇਵਾਲ ਵਰਗੇ ਸਭ ਜ਼ਾਬਰ ਸਟੇਟ ਦਾ ਪੱਖ ਪੂਰਨ ਵਾਲੀਆ ਤਾਕਤਾਂ ਸਿੱਖ ਕੌਮ ਤੇ ਪੰਜਾਬੀਆਂ ਵਿਰੁੱਧ ਸਰਗਰਮ ਹੋ ਗਈਆ ਹਨ । ਜਿਨ੍ਹਾਂ ਦੀਆਂ ਕਾਰਵਾਈਆ ਇਸ ਗੱਲ ਨੂੰ ਪ੍ਰਤੱਖ ਕਰਦੀਆ ਹਨ ਕਿ ਇਨ੍ਹਾਂ ਸਭਨਾਂ ਨੂੰ ਅਜਿਹਾ ਮਾਹੌਲ ਸਿਰਜਣ ਲਈ ਸਟੇਟ ਵੱਲੋ ਦਿਸ਼ਾ ਨਿਰਦੇਸ਼ ਅਤੇ ਸਰਪ੍ਰਸਤੀ ਹਾਸਿਲ ਹੈ । ਲੇਕਿਨ ਇਹ ਤਾਕਤਾਂ ਅਤੇ ਹਿੰਦੂਤਵ ਮੀਡੀਆ ਸਿੱਖ ਕੌਮ ਵਿਰੁੱਧ ਨਿਰਆਧਾਰ ਗੁੰਮਰਾਹਕੁੰਨ ਪ੍ਰਚਾਰ ਕਰਨ ਉਪਰੰਤ ਵੀ ਖ਼ਾਲਿਸਤਾਨੀਆਂ ਅਤੇ ਖ਼ਾਲਿਸਤਾਨ ਦੇ ਪਵਿੱਤਰ ਨਾਮ ਨੂੰ ਕਿਸੇ ਤਰ੍ਹਾਂ ਠੇਸ ਪਹੁੰਚਾਉਣ ਤੇ ਸਾਡੇ ਇਸ ਮਿਸਨ ਦੀ ਪ੍ਰਾਪਤੀ ਕਰਨ ਵਿਚ ਕਤਈ ਰੁਕਾਵਟ ਨਹੀ ਬਣ ਸਕਣਗੇ ।

ਉਨ੍ਹਾਂ ਕਿਹਾ ਕਿ ਪ੍ਰਤੱਖ ਰੂਪ ਵਿਚ ਇੰਡੀਅਨ ਸਟੇਟ ਅਤੇ ਉਨ੍ਹਾਂ ਦੇ ਥਾਂ-ਥਾਂ ਤੇ ਸਰਪ੍ਰਸਤੀ ਦੇ ਕੇ ਫਿੱਟ ਕੀਤੇ ਗਏ ਪੁਰਜਿਆ ਵੱਲੋ ਸਿੱਖ ਕੌਮ ਤੇ ਪੰਜਾਬੀਆਂ ਨੂੰ ਮਰਹੂਮ ਇੰਦਰਾ ਗਾਂਧੀ ਦੇ ਪੈਟਰਨ ਤੇ ਦਬਾਉਣ ਤੇ ਕੁੱਚਲਣ ਲਈ ਚਾਲਾਂ ਚੱਲਦੇ ਨਜਰ ਆ ਰਹੇ ਹਨ, ਤਾਂ ਖ਼ਾਲਿਸਤਾਨ ਸਟੇਟ ਪੱਖੀ ਮਨੁੱਖਤਾ ਪੱਖੀ ਸੁਹਿਰਦ ਤਾਕਤਾਂ ਅਤੇ ਸਿਆਸਤਦਾਨਾਂ ਦਾ ਵੀ ਫਰਜ ਬਣ ਜਾਂਦਾ ਹੈ ਕਿ ਉਹ ਸਟੇਟ ਦੇ ਵੱਡੇ ਜ਼ਬਰ ਜੁਲਮ ਅੱਗੇ ਕਿਸੇ ਤਰ੍ਹਾਂ ਦੇ ਗੋਡੇ ਟੇਕਣ ਦੀ ਬਜਾਇ ਉਸ ਅਕਾਲ ਪੁਰਖ ਉਤੇ ਭਰੋਸਾ ਰੱਖਕੇ ਜਮਹੂਰੀਅਤ ਅਤੇ ਅਮਨਮਈ ਤਰੀਕੇ ਜਾਬਰ ਸਟੇਟ ਵਿਰੁੱਧ ਜੱਦੋ-ਜਹਿਰ ਕਰਨ ਲਈ ਕਮਰਕੱਸੇ ਕਰ ਲੈਣ ਨਾ ਕਿ ਸਿੱਖੀ ਭੇਖ ਵਿਚ ਵਿਚਰਕੇ ਵੱਖ-ਵੱਖ ਬੋਲੀਆ ਬੋਲਕੇ, ਸਿੱਖ ਕੌਮ ਵਿਚ ਭਰਾ ਮਾਰੂ ਜੰਗ ਨੂੰ ਉਤਸਾਹਿਤ ਕਰਨ ਦੀਆਂ ਬਜਰ ਗੁਸਤਾਖੀਆ ਕਰਕੇ, ਸਾਜਿਸਕਾਰ ਸਟੇਟ ਨੂੰ ਮਜਬੂਤ ਕਰਕੇ ਆਪਣੀਆ ਆਤਮਾਵਾ ਨੂੰ ਦੋਸ਼ੀ ਬਣਾਉਣ । ਹੁਕਮਰਾਨਾਂ ਅਤੇ ਇੰਡੀਅਨ ਸਟੇਟ ਦੀਆਂ ਏਜੰਸੀਆ ਦੀ ਫਿਰ ਤੋ ਪੰਜਾਬ ਵਿਚ ਖੇਡੀ ਜਾਣ ਵਾਲੀ ਮਨੁੱਖਤਾ ਵਿਰੋਧੀ ਗੰਦੀ ਖੇਡ ਨੂੰ ਸਮਝਕੇ ਹੀ, ਸਭ ਸਿੱਖ ਸੰਗਠਨ ਅਤੇ ਸਿਆਸਤਦਾਨ ਇਕ ਤਾਕਤ ਹੋ ਕੇ ਸਟੇਟ ਵੱਲੋ ਕੀਤੇ ਜਾਣ ਵਾਲੇ ਜ਼ਬਰ ਜੁਲਮ ਅਤੇ ਉਨ੍ਹਾਂ ਕਰਿੰਦਿਆ ਨੂੰ ਖਦੇੜ ਸਕਣਗੇ ਅਤੇ ਆਪਣੇ ਆਜਾਦੀ ਦੇ ਮਿਸਨ ਨੂੰ ਮੰਜਿਲ ਵੱਲ ਵੱਧ ਸਕਣਗੇ । ਦੂਸਰਾ ਹੁਕਮਰਾਨਾਂ ਅਤੇ ਖ਼ਾਲਸਾ ਪੰਥ ਵਿਰੋਧੀ ਤਾਕਤਾਂ ਨੂੰ ਅਜਿਹਾ ਕੋਈ ਵੀ ਬਹਾਨਾ ਨਾ ਦਿੱਤਾ ਜਾਵੇ, ਜਿਸ ਨਾਲ ਉਹ ਪੰਜਾਬ ਵਿਚ ਫਿਰ ਕੇ.ਪੀ.ਐਸ. ਗਿੱਲ, ਰੀਬੇਰੋ ਅਤੇ ਬੇਅੰਤ ਸਿੰਘ ਦੇ ਸਮਿਆ ਦੀ ਤਰ੍ਹਾਂ ਪੰਜਾਬੀ ਅਤੇ ਸਿੱਖ ਨੌਜਵਾਨੀ ਨੂੰ ਫਿਰ ਤੋ ਨਿਸ਼ਾਨਾਂ ਬਣਾਕੇ ਉਨ੍ਹਾਂ ਦੇ ਖੂਨ ਦੀ ਹੋਲੀ ਖੇਡਣ ਬਲਕਿ ਅਨੁਸਾਸਿਤ ਤੇ ਸੰਜੀਦਗੀ ਭਰੇ ਢੰਗ ਨਾਲ ਹੋਸ਼ ਅਤੇ ਜੋਸ ਨੂੰ ਕਾਇਮ ਰੱਖਦੇ ਹੋਏ ਖ਼ਾਲਿਸਤਾਨ ਦੇ ਸੰਘਰਸ਼ ਨੂੰ ਪੰਜਾਬ, ਇੰਡੀਆ ਤੇ ਕੌਮਾਂਤਰੀ ਪਲੇਟਫਾਰਮ ਤੇ ਬਾਦਲੀਲ ਢੰਗ ਨਾਲ ਉਠਾਉਦੇ ਹੋਏ ਸਮੂਹਿਕ ਰੂਪ ਵਿਚ ਮੰਜਿਲ ਦੀ ਪ੍ਰਾਪਤੀ ਵੱਲ ਵੱਧਣ ।

Leave a Reply

Your email address will not be published. Required fields are marked *