ਪੰਜਾਬ ਦੇ ਦਰਿਆਵਾ ਦੇ ਪਾਣੀਆ ਉਤੇ ‘ਰੀਪੇਰੀਅਨ ਕਾਨੂੰਨ’ ਅਨੁਸਾਰ ਸਾਡਾ ਹੱਕ ਹੈ, ਜਦੋਕਿ ਇੰਡਸ ਸੰਧੀ ਹਿੰਦੂ ਅਤੇ ਮੁਸਲਮਾਨ ਵਿਚਕਾਰ ਹੋਈ ਸੀ : ਮਾਨ

ਫ਼ਤਹਿਗੜ੍ਹ ਸਾਹਿਬ, 02 ਫਰਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦਾ ਇੰਡਸ ਸੰਧੀ ਸੰਬੰਧੀ ਵੱਖਰਾ ਸਟੈਂਡ ਹੈ । ਕਿਉਂਕਿ ਇਹ ਤਾਂ ਕੇਵਲ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਹੋਈ ਸੀ । ਸਾਡੀ ਇਹ ਸੋਚ ਹੈ ਕਿ ਤਿੰਨੇ ਕੌਮਾਂ ਦੇ ਆਪੋ-ਆਪਣੇ ਵੱਖਰੇ ਆਜਾਦ ਸਟੇਟ 1947 ਵਿਚ ਜਦੋ ਬਰਤਾਨੀਆ ਦੀ ਇੰਡੀਆ ਵਿਚ ਬਾਦਸਾਹੀ ਖਤਮ ਕੀਤੀ ਗਈ ਸੀ, ਉਸ ਸਮੇ ਇਹ ਤਿੰਨੋ ਸਟੇਟ ਹੋਦ ਵਿਚ ਆਉਣੇ ਚਾਹੀਦੇ ਸਨ । ਜਦੋਕਿ ਹਿੰਦੂ ਲਈ ਇੰਡੀਆ ਤੇ ਮੁਸਲਿਮ ਲਈ ਪਾਕਿਸਤਾਨ ਤਾਂ ਬਣਾ ਦਿੱਤਾ ਗਿਆ ਅਤੇ ਸਿੱਖ ਕੌਮ ਨਾਲ ਹਿੰਦੂ ਆਗੂਆਂ ਦੇ ਨਾਲ-ਨਾਲ ਬਰਤਾਨੀਆ ਨੇ ਵੀ ਵੱਡਾ ਧੋਖਾ ਕੀਤਾ । ਜਿਹੜੇ ਵੀ ਇੰਡਸ ਬੇਸਨ ਵਿਚ ਦਰਿਆ ਵੱਗਦੇ ਸਨ, ਉਹ ਸਿੱਖ ਹੋਮਲੈਡ ਦਾ ਹਿੱਸਾ ਸਨ । ਇਸ ਲਈ ਸਿੱਖ ਕੌਮ ਦਾ ਇਹ ਕੌਮਾਂਤਰੀ ਪੱਧਰ ਦੇ ਰੀਪੇਰੀਅਨ ਕਾਨੂੰਨ ਅਨੁਸਾਰ ਇਨ੍ਹਾਂ ਪਾਣੀਆਂ ਅਤੇ ਦਰਿਆਵਾ ਉਤੇ ਅੱਜ ਵੀ ਕਾਨੂੰਨੀ ਹੱਕ ਹੈ । ਜਿਹੜੇ ਸੂਬੇ ਹਰਿਆਣਾ, ਰਾਜਸਥਾਂਨ, ਦਿੱਲੀ ਰੀਪੇਰੀਅਨ ਦੇ ਅਧੀਨ ਆਉਦੇ ਹੀ ਨਹੀ, ਉਹ ਉਪਰੋਕਤ ਰੀਪੇਰੀਅਨ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਇਥੋ ਤੱਕ ਕਿ ਇੰਡੀਆ ਦਾ ਵਿਧਾਨ ਵੀ ਰੀਪੇਰੀਅਨ ਕਾਨੂੰਨ ਦੀ ਖੁੱਲ੍ਹਕੇ ਗੱਲ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਦਰਿਆਵਾ ਤੇ ਨਹਿਰਾਂ ਦੇ ਪਾਣੀਆਂ ਉਤੇ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬੀਆਂ ਦਾ ਅੱਜ ਵੀ ਹੱਕ ਹੋਣ ਦੀ ਜੋਰਦਾਰ ਪੈਰਵੀਂ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਤਿੱਖਾ ਪ੍ਰਤੀਕਰਮ ਜਾਹਰ ਕੀਤਾ ਕਿ ਜਿਹੜੇ ਪੰਜਾਬ ਦੇ ਸਤਲੁਜ, ਬਿਆਸ, ਰਾਵੀ ਅਤੇ ਚੇਨਾਬ ਦਰਿਆ ਹਨ, ਉਨ੍ਹਾਂ ਉਤੇ ਹਿੰਦੂਤਵ-ਇੰਡੀਆ ਨੇ ਗੈਰ ਕਾਨੂੰਨੀ ਢੰਗ ਨਾਲ ਡੈਮ ਕਾਇਮ ਕਰ ਦਿੱਤੇ ਹਨ । ਇਥੋ ਤੱਕ ਕਿ ਹਰੀ ਦਰਿਆ ਤੇ ਖੈਬਰ ਦਰਿਆ ਜੋ ਅਫਗਾਨੀਸਤਾਨ ਵਿਚ ਹਨ ਉਨ੍ਹਾਂ ਉਤੇ ਵੀ ਹਿੰਦੂ ਸਟੇਟ ਨੇ ਇਹ ਡੈਮ ਬਣਾ ਦਿੱਤੇ ਹਨ । ਇਹ ਡੈਮ ਇੰਡਸ ਬੇਸਨ ਅਤੇ ਅਰਬੀਅਨ ਸਮੁੰਦਰ ਦੇ ਮਾਹੌਲ ਨੂੰ ਗੰਧਲਾ ਕਰ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਨੂੰ ਇਹ ਵੱਡਾ ਡਰ ਹੈ ਕਿਉਕਿ ਇਨ੍ਹਾਂ ਬਣੇ ਡੈਮਾਂ ਉਤੇ ਇੰਡੀਆ ਦੇ ਹੁਕਮਰਾਨਾਂ ਦਾ ਸਿੱਧਾਂ ਕੰਟਰੋਲ ਹੈ । ਕਿਸੇ ਸਮੇ ਵੀ ਹਿੰਦੂ ਸਟੇਟ ਮੰਦਭਾਵਨਾ ਅਧੀਨ ਇਨ੍ਹਾਂ ਡੈਮਾਂ ਦੇ ਰਾਤੋ ਰਾਤ ਗੇਟ ਖੋਲ੍ਹਕੇ ਸਾਡੀ ਪੰਜਾਬੀ ਤੇ ਸਿੱਖ ਕੌਮ ਦੀ ਸਮੁੱਚੀ ਵਸੋ ਨੂੰ ਖਤਮ ਕਰਨ ਦੀ ਯੋਜਨਾ ਤੇ ਅਮਲ ਕਰ ਸਕਦੇ ਹਨ ਅਤੇ ਇਨ੍ਹਾਂ ਦਰਿਆਵਾ ਦੀ ਵਰਤੋ ਨਿਊਕਲੀਅਰ ਹਥਿਆਰਾਂ ਦੀ ਤਰ੍ਹਾਂ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਅਤੇ ਕਿਸੇ ਸਮੇ ਵੀ ਇਨ੍ਹਾਂ ਪਾਣੀਆਂ ਤੇ ਦਰਿਆਵਾ ਦੀ ਵੱਡੇ ਹਥਿਆਰਾਂ ਦੀ ਤਰ੍ਹਾਂ ਵਰਤੋ ਇੰਡਸ ਬੇਸਨ ਵਿਚ ਵੱਸਣ ਵਾਲੀ ਵਸੋ ਦੇ ਖਾਤਮੇ ਲਈ ਹੋ ਸਕਦੀ ਹੈ ।

ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਹਿੰਦੂਤਵ ਹੁਕਮਰਾਨਾਂ ਨੇ ਬੀਤੇ ਸਮੇ ਵਿਚ ਸਿੱਖ ਕਤਲੇਆਮ, ਸਿੱਖ ਨਸ਼ਲਕੁਸੀ ਅਤੇ ਮਨੁੱਖਤਾ ਉਤੇ ਜ਼ਬਰ, ਇਥੋ ਤੱਕ ਸਿੱਖਾਂ ਦੇ ਧਾਰਮਿਕ ਹੱਕਾਂ ਨੂੰ ਵੀ ਕੁੱਚਲਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ । ਫਿਰ ਇਸ ਪਾਣੀ ਤੇ ਦਰਿਆਵਾ ਨੂੰ ਵੱਡੇ ਹਥਿਆਰ  ਵੱਜੋ ਵਰਤਕੇ ਸਿੱਖ ਕੌਮ ਤੇ ਪੰਜਾਬੀਆਂ ਦੀ ਪੂਰਨ ਰੂਪ ਵਿਚ ਨਸਲੀ ਸਫਾਈ ਕਰਨ ਦਾ ਵੱਡਾ ਤੌਖਲਾ ਅੱਜ ਬਣਿਆ ਹੋਇਆ ਹੈ । ਇਸ ਲਈ ਅਸੀ ਇੰਡਸ ਵਾਟਰ ਸੰਧੀ ਨੂੰ ਪੂਰਨ ਰੂਪ ਵਿਚ ਰਿਜੈਕਟ ਕਰਦੇ ਹਾਂ ਕਿਉਕਿ ਇਸ ਸੰਧੀ ਉਤੇ ਸਿੱਖਾਂ ਨੇ ਦਸਤਖਤ ਹੀ ਨਹੀ ਕੀਤੇ । ਇਸ ਲਈ ਸਾਡਾ ਇਹ ਸੁਝਾਅ ਹੈ ਕਿ ਜੋ ਸਾਡੇ ਪੰਜਾਬ ਅਤੇ ਅਫਗਾਨੀਸਤਾਨ ਦੇ ਦਰਿਆਵਾ ਉਤੇ ਹਿੰਦੂਤਵ ਹੁਕਮਰਾਨਾਂ ਨੇ ਬਿਜਲੀ ਪੈਦਾ ਕਰਨ ਲਈ ਡੈਮ ਤੇ ਹੈੱਡਵਰਕਸ ਕਾਇਮ ਕੀਤੇ ਹੋਏ ਹਨ, ਇਨ੍ਹਾਂ ਦਾ ਸਿੱਧਾ ਕੰਟਰੋਲ ਬੇਈਮਾਨ ਹਿੰਦੂਤਵ ਹੁਕਮਰਾਨਾਂ ਦੀ ਬਜਾਇ ਕੌਮਾਂਤਰੀ ਸੰਸਥਾਂ ਯੂਨਾਇਟਿਡ ਨੇਸਨ ਦੀ ਨਿਗਰਾਨੀ ਹੇਠ ਹੋਵੇ। ਤਾਂ ਕਿ ਇਹ ਇੰਡੀਅਨ ਸਟੇਟ ਇਨ੍ਹਾਂ ਡੈਮਾਂ ਨੂੰ ਸਿੱਖ ਕੌਮ ਤੇ ਪੰਜਾਬੀਆਂ ਦੀ ਪੂਰੀ ਵਸੋ ਨੂੰ ਖਤਮ ਕਰਨ ਦੀ ਮੰਦਭਾਵਨਾ ਹੇਠ ਕਦੀ ਵੀ ਦੁਰਵਰਤੋ ਨਾ ਕਰ ਸਕੇ । ਇਸ ਸਮੇ ਬਹੁਤੇ ਦਰਿਆ ਹਿੰਦ ਉਪ ਮਹਾਦੀਪ ਵਿਚ ਵੱਗ ਰਹੇ ਹਨ ਜਿਨ੍ਹਾਂ ਦਾ ਮੁੱਖ ਸੋਮਾ ਤਿੱਬਤ ਤੇ ਕਾਊਮਨਿਸਟ ਚੀਨ ਹੈ ਅਤੇ ਹਿੰਦੂ ਸਟੇਟ ਨੂੰ ਡਰ ਹੈ ਕਿ ਤਿੱਬਤ ਜੈਨਟਿਕ ਯੋਜਨਾ ਅਧੀਨ ਅਤੇ ਬ੍ਰਹਮਪੁਤਰਾਂ ਘਾਟੀ ਦੇ ਰਾਹੀ ਹਿੰਦੂ ਵਸੋ ਨੂੰ ਨੁਕਸਾਨ ਨਾ ਕਰ ਸਕੇ । ਸਾਡਾ ਇਹ ਤਰਕ ਹੈ ਕਿ ਇਹ ਉਪਰੋਕਤ ਚੀਨ ਤੇ ਤਿੱਬਤ ਤੋ ਨਿਕਲਣ ਵਾਲੇ ਦਰਿਆ ਤੇ ਡੈਮਾਂ ਦਾ ਕੰਟਰੋਲ ਵੀ ਯੂਨਾਈਟਿਡ ਨੇਸਨ ਕੋਲ ਹੋਵੇ ਕਿਉਂਕਿ ਇਸ ਸਮੇ ਸਿੱਖ ਨੂੰ ਕੌਮਾਂਤਰੀ ਪੱਧਰ ਦੀ ਉਸਾਰੂ ਯੋਜਨਾ ਅਧੀਨ ਸੁਰੱਖਿਆ ਦੀ ਵੱਡੀ ਲੋੜ ਹੈ । ਕਿਉਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਟੇਟਲੈਸ ਕੌਮ ਨੋਆ ਦੀ ਕਿਸਤੀ ਦੇ ਸਵਾਰਾਂ ਤੇ ਜਾਨਵਰਾਂ ਦੀ ਤਰ੍ਹਾਂ ਪੂਰਨ ਰੂਪ ਵਿਚ ਸੁਰੱਖਿਅਤ ਰਹਿ ਸਕੇ ।

Leave a Reply

Your email address will not be published. Required fields are marked *