ਦਿੱਲੀ ਰੇਲਵੇ ਸਟੇਸਨ ਅਤੇ ਕੁੰਭ ਮੇਲੇ ਉਤੇ ਹੋਈਆ ਮੌਤਾਂ ਦੀ ਜਿੰਮੇਵਾਰੀ ਕਬੂਲਦੇ ਹੋਏ ਗ੍ਰਹਿ ਵਜੀਰ ਅਤੇ ਰੇਲਵੇ ਵਜੀਰ ਅਸਤੀਫੇ ਦੇਣ : ਮਾਨ
ਫ਼ਤਹਿਗੜ੍ਹ ਸਾਹਿਬ, 17 ਫਰਵਰੀ ( ) “ਮੌਜੂਦਾ ਸੈਟਰ ਦੀ ਮੋਦੀ ਹਕੂਮਤ ਆਪਣੇ ਗੋਦੀ ਤੇ ਸਰਕਾਰੀ ਮੀਡੀਏ ਉਤੇ ਇੰਡੀਆ ਦੇ ਵਿਕਾਸ ਅਤੇ ਆਪਣੇ ਨਾਗਰਿਕਾਂ ਦੇ ਜਾਨ-ਮਾਲ ਦੀ ਰੱਖਿਆ ਅਤੇ ਹੱਕ-ਹਕੂਕਾ ਦੀ ਰੱਖਿਆ ਸੰਬੰਧੀ ਬੇਸੱਕ ਗੁੰਮਰਾਹਕੁੰਨ ਪ੍ਰਚਾਰ ਕਰਦੀਆ ਰਹਿੰਦੀਆ ਹਨ । ਪਰ ਅਸਲੀਅਤ ਵਿਚ ਇਹ ਮੋਦੀ ਹਕੂਮਤ ਦੀ ਸਰਕਾਰ ਅਤੇ ਇਸਦੇ ਵਜੀਰ ਆਪਣੇ ਮੁਲਕ ਨਿਵਾਸੀਆ ਪ੍ਰਤੀ ਜਿੰਮੇਵਾਰੀਆ ਨੂੰ ਪੂਰਨ ਕਰਨ ਵਿਚ ਅਸਫਲ ਸਾਬਤ ਹੋ ਚੁੱਕੇ ਹਨ । ਜੋ ਕੁਝ ਸਮਾਂ ਪਹਿਲੇ ਕੁੰਭ ਮੇਲੇ ਉਤੇ ਭਗਦੜ ਕਾਰਨ ਸੈਕੜਿਆ ਦੀ ਗਿਣਤੀ ਵਿਚ ਇਨਸਾਨਾਂ ਦੀਆਂ ਮੌਤਾਂ ਹੋਈਆ ਤੇ ਬੀਤੇ ਦਿਨੀਂ ਦਿੱਲੀ ਰੇਲਵੇ ਸਟੇਸਨ ਤੇ ਵੀ ਮੌਤਾਂ ਹੋਈਆ ਉਸ ਦੀ ਜਿੰਮੇਵਾਰੀ ਨੂੰ ਕਬੂਲਦੇ ਹੋਏ ਇੰਡੀਆ ਦੇ ਗ੍ਰਹਿ ਵਜੀਰ ਅਮਿਤ ਸ਼ਾਹ ਅਤੇ ਰੇਲਵੇ ਵਜੀਰ ਸ੍ਰੀ ਅਸਵਨੀ ਵੈਸਨਵ ਨੂੰ ਆਪੋ ਆਪਣੇ ਅਹੁਦਿਆ ਤੋ ਤੁਰੰਤ ਅਸਤੀਫੇ ਦੇਣੇ ਚਾਹੀਦੇ ਹਨ । ਕਿਉਂਕਿ ਜਦੋ ਲਾਲ ਬਹਾਦਰ ਸਾਸਤਰੀ ਰੇਲਵੇ ਦੇ ਵਜੀਰ ਸਨ ਤਾਂ ਇਕ ਗੱਡੀਆਂ ਦਾ ਐਕਸੀਡੈਟ ਹੋ ਗਿਆ ਸੀ । ਜਿਸ ਵਿਚ ਮਨੁੱਖੀ ਜਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ । ਤਾਂ ਸ੍ਰੀ ਲਾਲ ਬਹਾਦਰ ਸਾਸਤਰੀ ਨੇ ਇਸ ਲਈ ਆਪਣੀ ਇਖਲਾਕੀ ਜਿੰਮੇਵਾਰੀ ਨੂੰ ਪ੍ਰਵਾਨ ਕਰਦੇ ਹੋਏ ਆਪਣੀ ਰੇਲਵੇ ਦੀ ਵਿਜਾਰਤ ਤੋ ਅਸਤੀਫਾ ਦੇ ਦਿੱਤਾ ਸੀ । ਉਸੇ ਤਰਜ ਉਤੇ ਇਨ੍ਹਾਂ ਨੂੰ ਵੀ ਆਪਣੀ ਜਿੰਮੇਵਾਰੀ ਨੂੰ ਕਬੂਲਣਾ ਬਣਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਮੌਜੂਦਾ ਮੋਦੀ ਹਕੂਮਤ ਵੱਲੋ ਮੀਡੀਏ ਅਤੇ ਗੋਦੀ ਮੀਡੀਏ ਵਿਚ ਆਪਣੀਆ ਅਸਫਲਤਾਵਾਂ ਉਤੇ ਪਰਦਾ ਪਾਉਦੇ ਹੋਏ ਵਧਾ-ਚੜਾਕੇ ਆਪਣੀ ਸਰਕਾਰ ਦੇ ਕੰਮਾਂ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ ਬੀਤੇ ਸਮੇ ਵਿਚ ਕੁੰਭ ਅਤੇ ਦਿੱਲੀ ਵਿਖੇ ਹੋਈਆ ਇਨਸਾਨੀ ਮੌਤਾਂ ਦੀ ਜਿੰਮੇਵਾਰੀ ਨੂੰ ਇਖਲਾਕੀ ਤੌਰ ਤੇ ਕਬੂਲਦੇ ਹੋਏ ਇੰਡੀਆ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਅਤੇ ਰੇਲਵੇ ਵਜੀਰ ਸ੍ਰੀ ਅਸਵਨੀ ਵੈਸਨਵ ਤੋ ਅਸਤੀਫੇ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸਰਕਾਰਾਂ ਤੇ ਵਜੀਰ ਆਪਣੇ ਮੁਲਕ ਨਿਵਾਸੀਆਂ ਦੇ ਜਾਨ-ਮਾਲ ਦੀ ਹਿਫਾਜਤ ਕਰਨ ਵਿਚ ਅਸਫਲ ਸਾਬਤ ਹੋ ਜਾਣ, ਉਨ੍ਹਾਂ ਨੂੰ ਕੋਈ ਇਖਲਾਕੀ, ਸਮਾਜਿਕ ਹੱਕ ਬਾਕੀ ਨਹੀ ਰਹਿ ਜਾਂਦਾ ਕਿ ਉਹ ਆਪਣੇ ਅਜਿਹੇ ਉੱਚ ਅਹੁਦਿਆ ਨਾਲ ਜ਼ਬਰੀ ਚਿੰਬੜੇ ਰਹਿਣ ਅਤੇ ਆਉਣ ਵਾਲੇ ਸਮੇ ਵਿਚ ਹੋਰ ਵੱਡੀ ਗੈਰ ਜਿੰਮੇਵਾਰੀ ਵਾਲੇ ਅਮਲ ਕਰਨ। ਉਨ੍ਹਾਂ ਕਿਹਾ ਕਿ ਹਕੂਮਤਾਂ ਤੇ ਵਜੀਰਾਂ ਦਾ ਇਹ ਪਰਮ-ਧਰਮ ਫਰਜ ਹੁੰਦਾ ਹੈ ਕਿ ਆਪਣੇ ਮੁਲਕ ਦੇ ਵਿਧਾਨ ਵਿਚ ਸਾਮਿਲ ਮੁੱਢਲੇ ਹੱਕਾਂ ਦੀ ਉਹ ਰਾਖੀ ਵੀ ਕਰਨ ਅਤੇ ਆਪਣੇ ਨਾਗਰਿਕਾਂ ਨੂੰ ਪੂਰਨ ਰੂਪ ਵਿਚ ਆਜਾਦੀ ਨਾਲ ਘੁੰਮਣ-ਫਿਰਨ, ਜਿੰਦਗੀ ਜਿਊਂਣ, ਉਨ੍ਹਾਂ ਦੀ ਜਿੰਦਗੀ ਦੀ ਸੁਰੱਖਿਆ ਅਤੇ ਅੱਗੇ ਵੱਧਣ ਵਾਲੀਆ ਜਿੰਮੇਵਾਰੀਆਂ ਨੂੰ ਪਹਿਲ ਦੇ ਆਧਾਰ ਤੇ ਪੂਰਨ ਕਰਕੇ ਆਪਣੇ ਮੁਲਕ ਦੇ ਮਾਹੌਲ ਤੇ ਫਿਜਾ ਨੂੰ ਸਾਜਗਰ ਰੱਖਣ । ਜਦੋ ਅਣਗਹਿਲੀ ਦੀ ਬਦੌਲਤ ਇਨਸਾਨੀ ਜਾਨਾਂ ਦਾ ਵੱਡੀ ਗਿਣਤੀ ਵਿਚ ਉਪਰੋਕਤ ਘਟਨਾਵਾ ਦੀ ਤਰ੍ਹਾਂ ਨੁਕਸਾਨ ਹੋ ਜਾਵੇ, ਤਾਂ ਵਜੀਰ ਏ ਆਜਮ ਤੇ ਸੰਬੰਧਤ ਵਜੀਰ ਆਪਣੀਆ ਜਿੰਮੇਵਾਰੀਆ ਤੋ ਨਹੀ ਬਚ ਸਕਦੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਖਲਾਕੀ ਤੌਰ ਤੇ ਉਪਰੋਕਤ ਦੋਵੇ ਵਜੀਰਾਂ ਤੋ ਸ੍ਰੀ ਲਾਲ ਬਹਾਦਰ ਸਾਸਤਰੀ ਦੀ ਤਰ੍ਹਾਂ ਅਸਤੀਫੇ ਦੀ ਮੰਗ ਕਰਦਾ ਹੈ ।