ਪੰਜਾਬੀ ਮਾਂ ਬੋਲੀ 21 ਫਰਵਰੀ ਦੇ ਦਿਨ ਨੂੰ ਵੱਡੇ ਪੱਧਰ ਤੇ ਅੰਮ੍ਰਿਤਸਰ ਸਾਹਿਬ ਵਿਖੇ ਮਨਾਵਾਂਗੇ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ, 14 ਫਰਵਰੀ ( ) “ਕਿਉਂਕਿ 21 ਫਰਵਰੀ ਦਾ ਦਿਨ ‘ਪੰਜਾਬੀ ਵਰਲਡ ਡੇਅ’ ਦੇ ਤੌਰ ਤੇ ਆ ਰਿਹਾ ਹੈ ਜੋ ਕਿ ਸਾਡੀ ਉਹ ਮਾਂ ਬੋਲੀ ਹੈ ਜਿਸ ਨੂੰ ਸਾਡੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸਾਨੂੰ ਗੁਰਮੁੱਖੀ ਲਿੱਪੀ ਦਿੱਤੀ ਹੈ ਅਤੇ ਜਿਸ ਵਿਚ ਸਮੁੱਚੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਹੋਇਆ ਹੈ । ਜੋ ਅੱਜ ਬਿਨ੍ਹਾਂ ਕਿਸੇ ਪੱਖਪਾਤ ਤੋਂ ਸਮੁੱਚੀ ਦੁਨੀਆਂ ਦੀ ਅਗਵਾਈ ਕਰ ਰਹੇ ਹਨ । ਇਸ ਲਈ ਅਸੀ ਇਸ ਪੰਜਾਬੀ ਵਰਲਡ ਡੇਅ ਨੂੰ 21 ਫਰਵਰੀ ਨੂੰ ਪੂਰੀ ਸਾਨੋ ਸੌਕਤ ਅਤੇ ਸਤਿਕਾਰ ਸਹਿਤ ਪ੍ਰੈਸ ਕਲੱਬ ਅੰਮ੍ਰਿਤਸਰ ਵਿਖੇ ਇਸ ਵਿਸੇ ਤੇ ਮਹੱਤਵਪੂਰਨ ਸੈਮੀਨਰ ਕਰਦੇ ਹੋਏ ਮਨਾ ਰਹੇ ਹਾਂ । ਜਿਸ ਵਿਚ ਸਮੁੱਚੇ ਪੰਜਾਬ ਦੇ ਪੰਜਾਬੀ ਤੇ ਗੁਰਮੁੱਖੀ ਲਿੱਪੀ ਨਾਲ ਸੰਬੰਧਤ ਪ੍ਰੇਮੀਆਂ ਨੂੰ ਇਸ ਦਿਹਾੜੇ ਦੀ ਜਿਥੇ ਮੁਬਾਰਕਬਾਦ ਦਿੰਦੇ ਹਾਂ, ਉਥੇ ਪੰਜਾਬੀ ਬੋਲੀ-ਭਾਸ਼ਾ ਨਾਲ ਸੰਬੰਧਤ ਉੱਚ ਵਿਦਵਾਨਾਂ ਦੇ ਵਿਚਾਰਾਂ ਤੋ ਵੀ ਸਮੁੱਚੀ ਸਿੱਖ ਕੌਮ ਨੂੰ ਜਾਣੂ ਕਰਵਾਉਣ ਅਤੇ ਪੰਜਾਬੀ ਬੋਲੀ-ਭਾਸ਼ਾ ਨੂੰ ਆਉਣ ਵਾਲੇ ਸਮੇ ਵਿਚ ਹੋਰ ਪ੍ਰਫੁੱਲਿਤ ਕਰਨ ਦੇ ਉੱਦਮ ਆਰੰਭੇ ਜਾਣਗੇ ।”
ਇਹ ਵਿਚਾਰ ਤੇ ਜਾਣਕਾਰੀ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਸ. ਸਿਮਰਨਜੀਤ ਸਿੰਘ ਮਾਨ ਦੇ ਵਿਦੇਸ਼ੀ ਦੌਰੇ ਦੀ ਬਦੌਲਤ ਪਾਰਟੀ ਦੀ ਉਸੇ ਤਰ੍ਹਾਂ ਦ੍ਰਿੜਤਾ ਨਾਲ ਅਗਵਾਈ ਕਰ ਰਹੇ ਹਨ, ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਪੰਜਾਬੀ ਪ੍ਰੇਮੀਆਂ ਅਤੇ ਇਸ ਨਾਲ ਸੰਬੰਧਤ ਵਿਦਵਾਨਾਂ ਨੂੰ ਇਸ ਦਿਹਾੜੇ ਦੀ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਅਤੇ ਪਾਰਟੀ ਵੱਲੋ ਵੱਖ-ਵੱਖ ਸਥਾਨਾਂ ਤੇ ਪੰਜਾਬੀ, ਬੋਲੀ-ਭਾਸ਼ਾ ਤੇ ਹੋਣ ਜਾ ਰਹੇ ਸੈਮੀਨਰਾਂ ਦੀ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਨ੍ਹਾਂ ਸੈਮੀਨਰਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ 21 ਫਰਵਰੀ ਤੋ ਬਾਅਦ 22 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ, 23 ਫਰਵਰੀ ਨੂੰ ਬਾਬਾ ਫਰੀਦ ਜੀ ਦੀ ਪੰਜਾਬੀ, ਬੋਲੀ-ਭਾਸ਼ਾ ਸੰਬੰਧੀ ਦਿੱਤੀ ਅਦੁੱਤੀ ਅਗਵਾਈ ਨੂੰ ਮੁੱਖ ਰੱਖਦੇ ਹੋਏ ਤੇ ਯਾਦ ਕਰਦੇ ਹੋਏ ਫਰੀਦਕੋਟ ਵਿਖੇ ਅਤੇ 24 ਫਰਵਰੀ ਨੂੰ ਦੂਸਰੀ ਪਾਤਸਾਹੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵੱਲੋ ਸਾਨੂੰ ਗੁਰਮੁੱਖੀ ਲਿੱਪੀ ਦੀ ਕੀਤੀ ਗਈ ਬਖਸਿਸ ਨੂੰ ਯਾਦ ਕਰਦੇ ਹੋਏ ਖਡੂਰ ਸਾਹਿਬ ਵਿਖੇ ਅਜਿਹੇ ਸੈਮੀਨਰ ਕੀਤੇ ਜਾਣਗੇ ਅਤੇ ਇਸ ਤੋ ਇਲਾਵਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਵੀ 26 ਜਾਂ 27 ਫਰਵਰੀ ਨੂੰ ਇਹ ਸੈਮੀਨਰ ਹੋਣਗੇ । ਚੰਡੀਗੜ੍ਹ ਦੇ ਸੈਮੀਨਰ ਦਾ ਪ੍ਰਬੰਧ ਯੂ.ਟੀ ਸਟੇਟ ਦੇ ਪਾਰਟੀ ਪ੍ਰਧਾਨ ਸ. ਗੋਪਾਲ ਸਿੰਘ ਝਾਂੜੋ ਕਰਨਗੇ । ਉਨ੍ਹਾਂ ਸਮੁੱਚੇ ਪੰਜਾਬੀਆਂ, ਸਿੱਖ ਵਿਦਵਾਨਾਂ, ਫਿਲਾਸਫਰਾਂ, ਬੁੱਧੀਜੀਵੀਆਂ ਨੂੰ ਇਨ੍ਹਾਂ ਸਮਾਗਮਾਂ ਵਿਚ ਆਪਣੇ ਕੀਮਤੀ ਤੇ ਖੋਜ ਭਰਪੂਰ ਵਿਚਾਰਾਂ ਰਾਹੀ ਯੋਗਦਾਨ ਪਾਉਣ ਦਾ ਵੀ ਸੱਦਾ ਦਿੱਤਾ । ਤਾਂ ਕਿ ਅਸੀ ਪੰਜਾਬੀ ਬੋਲੀ ਨੂੰ ਕੇਵਲ ਪੰਜਾਬ, ਇੰਡੀਆ ਵਿਚ ਹੀ ਨਹੀ ਬਲਕਿ ਦੂਸਰੇ ਮੁਲਕਾਂ ਵਿਚ ਵੀ ਪ੍ਰਫੁੱਲਿਤ ਕਰਨ ਦੀ ਆਪਣੀ ਕੌਮੀ ਤੇ ਸਮਾਜਿਕ ਜਿੰਮੇਵਾਰੀਆਂ ਨੂੰ ਪੂਰਨ ਕਰ ਸਕੀਏ।