ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਟਰੰਪ ਵੱਲੋ ਪੰਜਾਬੀਆਂ ਤੇ ਸਿੱਖਾਂ ਵਾਪਸ ਭੇਜਣ ਦੀਆਂ ਕਾਰਵਾਈਆ ਉਤੇ ਹਮਦਰਦੀ ਨਾਲ ਮੁੜ ਵਿਚਾਰ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 05 ਫਰਵਰੀ ( ) “ਜਿਸ ਕੱਟੜਵਾਦੀ ਹਿੰਦੂਤਵ ਮੁਲਕ ਵਿਚ ਮੋਦੀ ਦੀ ਅਗਵਾਈ ਹੇਠ ਪੰਜਾਬੀਆਂ ਤੇ ਸਿੱਖਾਂ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ ਸਰਕਾਰੀ ਦਹਿਸਤਗਰਦੀ ਪੈਦਾ ਕੀਤੀ ਜਾ ਰਹੀ ਹੈ, ਪੰਜਾਬੀਆਂ ਤੇ ਸਿੱਖਾਂ ਉਤੇ ਅਣਮਨੁੱਖੀ ਢੰਗ ਨਾਲ ਜ਼ਬਰ ਢਾਹੁੰਦੇ ਹੋਏ ਇੰਡੀਆ ਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਅਮਨਮਈ ਤੇ ਜਮਹੂਰੀਅਤ ਪਸੰਦ ਸੋਚ ਵਾਲੇ ਸਿੱਖਾਂ ਨੂੰ ਬਿਨ੍ਹਾਂ ਵਜਹ ਬੁਰੇ ਨਾਮ ਦੇ ਕੇ ਖੂਫੀਆ ਏਜੰਸੀਆ ਵੱਲੋ ਮਾਰਿਆ ਜਾ ਰਿਹਾ ਹੈ । ਪੰਜਾਬ ਸੂਬੇ ਦੇ ਸਭ ਕੁਦਰਤੀ ਪਾਣੀ, ਬਿਜਲੀ, ਖਣਿਜ ਪਦਾਰਥਾਂ ਦੀ ਗੈਰ ਕਾਨੂੰਨੀ ਢੰਗ ਨਾਲ ਹੁਕਮਰਾਨ ਲੁੱਟ ਕਰਕੇ ਖੇਤੀ ਪ੍ਰਧਾਨ ਪੰਜਾਬ ਸੂਬੇ ਦੀ ਪਹਿਲੋ ਹੀ ਮੰਦੀ ਆਰਥਿਕ ਹਾਲਤ ਨੂੰ ਹੋਰ ਨੁਕਸਾਨ ਪਹੁੰਚਾ ਰਹੇ ਹਨ ਅਤੇ ਹਰ ਪਾਸਿਓ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਵਿਰੁੱਧ ਨਫਰਤ ਦੀ ਭਾਵਨਾ ਨਾਲ ਅਮਲ ਕੀਤੇ ਜਾ ਰਹੇ ਹਨ, ਜਿਥੇ ਕਾਨੂੰਨ ਦੇ ਰਾਜ ਦਾ ਖਾਤਮਾ ਕਰਕੇ ਜੰਗਲ ਦੇ ਰਾਜ ਵਾਲੇ ਅਮਲ ਹੋ ਰਹੇ ਹਨ । ਨੌਜਵਾਨ ਬੱਚੇ-ਬੱਚੀਆਂ ਨੂੰ ਆਪਣੀ ਜਿੰਦਗੀ ਸਹੀ ਢੰਗ ਨਾਲ ਬਸਰ ਕਰਨ ਹਿੱਤ ਲੋੜੀਦੇ ਰੁਜਗਾਰ ਦੇ ਮੌਕੇ ਪੈਦਾ ਨਹੀ ਕੀਤੇ ਜਾ ਰਹੇ । ਇਥੋ ਤੱਕ ਖੇਤੀ ਪ੍ਰਧਾਨ ਸੂਬੇ ਦੇ ਜਿੰਮੀਦਾਰਾਂ ਦੀਆਂ ਫਸਲਾਂ ਦੀ ਐਮ.ਐਸ.ਪੀ ਨਾ ਦੇ ਕੇ ਅਤੇ ਉਨ੍ਹਾਂ ਉਤੇ ਚੜ੍ਹੇ ਕਰਜਿਆ ਦਾ ਸਾਰਥਿਕ ਹੱਲ ਨਾ ਕੱਢਕੇ ਆਰਥਿਕ, ਸਮਾਜਿਕ, ਮੌਲਿਕ ਤੌਰ ਤੇ ਦਬਾਇਆ ਜਾ ਰਿਹਾ ਹੈ, ਉਸ ਪੰਜਾਬ ਦੇ ਨਿਵਾਸੀ, ਬੱਚੇ, ਬੱਚੀਆਂ ਆਪਣੀ ਜਿੰਦਗੀ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ ਅਤੇ ਰੁਜਗਾਰ ਨਾ ਮਿਲਣ ਦੀ ਬਦੌਲਤ ਅਮਰੀਕਾ ਵਰਗੇ ਵੱਡੇ ਮੁਲਕਾਂ ਵਿਚ ਕੰਮ ਕਰਨ ਲਈ ਮਜਬੂਰ ਹੋ ਕੇ ਜਾ ਰਹੇ ਹਨ ਅਤੇ ਉਥੇ ਰਾਜਸੀ ਸਰਨ ਪ੍ਰਾਪਤ ਕਰਨ ਲਈ ਆਪਣੇ ਕੇਸ ਲਗਾ ਰਹੇ ਹਨ । ਜੇਕਰ ਅਮਰੀਕਾ ਦੀ ਟਰੰਪ ਸਰਕਾਰ ਇਨ੍ਹਾਂ ਪੰਜਾਬੀ ਸਿੱਖ ਨੌਜਵਾਨਾਂ ਨੂੰ ਇਸੇ ਤਰ੍ਹਾਂ ਆਪਣੇ ਮੁਲਕ ਵਿਚੋ ਵਾਪਸ ਭੇਜ ਦੇਵੇਗੀ, ਤਾਂ ਉਨ੍ਹਾਂ ਕੋਲ ਦੋਵੇ ਤਰਫ ਬਦਤਰ ਜਿੰਦਗੀ ਬਤੀਤ ਕਰਨ ਜਾਂ ਆਪਣੇ ਆਪ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਤੋ ਇਲਾਵਾ ਕੋਈ ਰਾਹ ਨਹੀ ਰਹਿ ਜਾਵੇਗਾ । ਇਸ ਲਈ ਇੰਡੀਆ ਦੀ ਹਕੂਮਤ ਦੇ ਜ਼ਬਰ, ਬੇਇਨਸਾਫ਼ੀਆਂ, ਵੱਡੀ ਬੇਰੁਜਗਾਰੀ, ਇਥੋ ਦੇ ਕਿਸਾਨਾਂ ਤੇ ਵਪਾਰੀਆ ਨੂੰ ਆਰਥਿਕ ਤੌਰ ਤੇ ਮਜਬੂਤ ਨਾ ਕਰਨ ਦੀਆਂ ਨੀਤੀਆ ਦੀ ਬਦੌਲਤ ਹੀ ਪੰਜਾਬੀ ਤੇ ਸਿੱਖ ਨੌਜਵਾਨ ਬੱਚੇ, ਬੱਚੀਆ ਰਾਜਸੀ ਸਰਨ ਪ੍ਰਾਪਤ ਕਰਨ ਤੇ ਰੁਜਗਾਰ ਲਈ ਅਮਰੀਕਾ ਵਰਗੇ ਮੁਲਕਾਂ ਵਿਚ ਜਾ ਰਹੇ ਹਨ । ਇਸ ਲਈ ਮਿਸਟਰ ਟਰੰਪ ਨੂੰ ਪੰਜਾਬੀਆ ਤੇ ਸਿੱਖ ਕੌਮ ਉਤੇ ਹੋ ਰਹੇ ਹਕੂਮਤੀ ਜ਼ਬਰ ਨੂੰ ਮੁੱਖ ਰੱਖਕੇ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਪੰਜਾਬ ਭੇਜਣ ਦੇ ਹੋਏ ਦੁਖਦਾਇਕ ਫੈਸਲੇ ਤੇ ਮੁੜ ਹਮਦਰਦੀ ਪੂਰਵਕ ਵਿਚਾਰ ਕਰਕੇ ਜੇਕਰ ਇਸ ਨੂੰ ਵਾਪਸ ਲੈ ਸਕਣ ਤਾਂ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਮਿਸਟਰ ਟਰੰਪ ਤੇ ਅਮਰੀਕਾ ਹਕੂਮਤ ਦੇ ਸੁਕਰ ਗੁਜਾਰ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਡੋਨਾਲਡ ਟਰੰਪ ਵੱਲੋ ਅਮਰੀਕਾ ਵਿਚੋ ਇੰਡੀਅਨ ਤੇ ਪੰਜਾਬੀਆਂ ਨੂੰ ਵਾਪਸ ਭੇਜਣ ਦੇ ਕੀਤੇ ਗਏ ਫੈਸਲੇ ਉਤੇ ਸ੍ਰੀ ਟਰੰਪ ਨੂੰ ਮੁੜ ਹਮਦਰਦੀ ਪੂਰਵਕ ਵਿਚਾਰ ਕਰਨ, ਪੰਜਾਬੀਆਂ ਤੇ ਸਿੱਖਾਂ ਨੂੰ ਇਸ ਤੋ ਰਾਹਤ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1984 ਵਿਚ ਰੂਸ, ਬਰਤਾਨੀਆ ਤੇ ਇੰਡੀਆ ਦੀਆਂ ਤਿੰਨੇ ਫ਼ੌਜਾਂ ਨੇ ਰਲਕੇ ਮੰਦਭਾਵਨਾ ਅਧੀਨ ਰਾਜ ਭਾਗ ਤੋ ਰਹਿਤ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ 25 ਹਜਾਰ ਦੇ ਕਰੀਬ ਨਿਹੱਥੇ ਨਤਮਸਤਕ ਹੋਣ ਗਏ ਸਰਧਾਲੂਆ ਨੂੰ ਸਹੀਦ ਕਰ ਦਿੱਤਾ ਸੀ । ਹਿੰਦੂ ਹੁਕਮਰਾਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਮੇਜਰ ਜਰਨਲ ਸੁਬੇਗ ਸਿੰਘ ਤੋ ਇਲਾਵਾ ਹੋਰ ਸਿੱਖਾਂ ਨੂੰ ਵੀ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਸੀ । 1966 ਤੋ ਪਹਿਲੇ ਮਰਹੂਮ ਇੰਦਰਾ ਗਾਂਧੀ ਨੇ ਪੰਜਾਬ ਦੀ ਵੰਡ ਕਰਦੇ ਹੋਏ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਤੋ ਬਾਹਰ ਰੱਖਕੇ ਹਿਮਾਚਲ ਪ੍ਰਦੇਸ, ਹਰਿਆਣਾ, ਰਾਜਸਥਾਂਨ ਨੂੰ ਦੇ ਦਿੱਤੇ ਸਨ । ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਯੂ.ਟੀ ਬਣਾਕੇ ਆਪਣੇ ਅਧੀਨ ਕਰ ਲਿਆ । ਜਦੋਕਿ ਇਸ ਤੋ ਪਹਿਲੇ 1947 ਵਿਚ ਅੰਗਰੇਜ ਹਕੂਮਤ ਨੇ ਸਾਡੀ ਲਾਹੌਰ ਰਾਜਧਾਨੀ ਖੋਹਕੇ ਇਸਲਾਮਿਕ ਮੁਲਕ ਪਾਕਿਸਤਾਨ ਤੇ ਹਿੰਦੂ ਮੁਲਕ ਇੰਡੀਆ ਬਣਾ ਦਿੱਤੇ ।
ਮੌਜੂਦਾ ਹਕੂਮਤ ਦੇ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲ ਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਸਾਜਸੀ ਢੰਗ ਨਾਲ ਕਤਲ ਕਰਕੇ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕਰਕੇ ਜਿਥੇ ਅਮਰੀਕਾ ਤੇ ਦੂਸਰੇ ਮੁਲਕਾਂ ਦੀ ਪ੍ਰਭੂਸਤਾ ਨੂੰ ਚੁਣੋਤੀ ਦਿੱਤੀ ਗਈ, ਉਥੇ ਅਮਰੀਕਾ ਦੇ ਮੁਨਰੋ ਡਾਕਟਰੀਨ ਕੌਮਾਂਤਰੀ ਨਿਯਮ ਦਾ ਵੀ ਹੁਕਮਰਾਨਾਂ ਵੱਲੋ ਕਤਲ ਕੀਤਾ ਗਿਆ । ਜਿਸਦੀ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਇਸ ਕਾਤਲ ਜੂੰਡਲੀ ਨੂੰ ਕੌਮਾਂਤਰੀ ਅਦਾਲਤਾਂ ਵਿਚ ਅਵੱਸ ਸਜ਼ਾ ਮਿਲਣੀ ਚਾਹੀਦੀ ਹੈ । ਜਿਹੜੇ ਸਿੱਖ ਪੰਜਾਬ ਤੇ ਇੰਡੀਆ ਤੋ ਉਡਾਨ ਭਰਕੇ ਅਮਰੀਕਾ ਗਏ ਹਨ, ਉਨ੍ਹਾਂ ਉਤੇ ਉਸੇ ਤਰ੍ਹਾਂ ਦੇ ਜ਼ਬਰ ਹੁੰਦੇ ਆ ਰਹੇ ਹਨ ਜਿਵੇ ਯਹੂਦੀਆ ਤੇ ਨਾਜੀ ਜਰਮਨਾਂ ਨੇ ਕੀਤੇ । ਜਿਵੇ ਨਾਜੀਆ ਨੇ 60 ਲੱਖ ਯਹੂਦੀ ਗੈਸ ਚੈਬਰਾਂ ਵਿਚ ਪਾ ਕੇ ਸਾੜ ਦਿੱਤੇ ਸਨ । ਉਸੇ ਤਰ੍ਹਾਂ ਸਿੱਖ ਇੰਡੀਅਨ ਹੁਕਮਰਾਨਾਂ ਦੇ ਜ਼ਬਰ ਦਾ ਸਾਹਮਣਾ ਕਰ ਰਹੇ ਹਨ ਅਤੇ ਜਿਨ੍ਹਾਂ ਨੂੰ ਸਰਕਾਰੀ ਦਹਿਸਤਗਰਦੀ ਅਧੀਨ ਖਤਮ ਕੀਤਾ ਜਾ ਰਿਹਾ ਹੈ । ਹੁਣ ਸਵਾਲ ਪੈਦਾ ਹੁੰਦਾ ਹੈ ਕਿ ਵਾਪਸ ਆਉਣ ਵਾਲੇ ਪੰਜਾਬੀਆਂ ਤੇ ਸਿੱਖਾਂ ਨਾਲ ਕੀ ਵਾਪਰੇਗਾ ? ਜਦੋਕਿ ਕੌਮਾਂਤਰੀ ਕਾਨੂੰਨ ਅਤੇ ਨਿਯਮ ਆਰਟੀਕਲ 14.1 ਪ੍ਰਤੱਖ ਤੌਰ ਤੇ ਸਪੱਸਟ ਕਰਦਾ ਹੈ ਕਿ ਹਰ ਇਨਸਾਨ ਨੂੰ ਕਿਸੇ ਵੀ ਮੁਲਕ ਵਿਚ ਰਾਜਸੀ ਸ਼ਰਨ ਪ੍ਰਾਪਤ ਕਰਨ ਦਾ ਕਾਨੂੰਨੀ ਹੱਕ ਹੈ । 1967 ਦੇ ਰਾਸਜੀ ਸ਼ਰਨ ਦੇ ਸਿਧਾਂਤ ਵੀ ਇਸੇ ਗੱਲ ਨੂੰ ਪ੍ਰਤੱਖ ਕਰਦੇ ਹਨ ਜਿਸ ਅਨੁਸਾਰ ਪ੍ਰਮਾਣੂ ਤਾਕਤ ਵਾਲੇ ਮੁਲਕਾਂ ਦੇ ਰਾਜਸੀ ਸ਼ਰਨ ਲੈਣ ਵਾਲੇ ਇਨਸਾਨਾਂ ਨੂੰ ਜ਼ਬਰੀ ਉਨ੍ਹਾਂ ਦੇ ਮੁਲਕ ਵਿਚ ਵਾਪਸ ਭੇਜਣਾ ਵੱਡੇ ਖਤਰੇ ਵਾਲੇ ਅਮਲ ਹਨ । ਜਿਨ੍ਹਾਂ ਨੂੰ ਜ਼ਬਰੀ ਨਹੀ ਭੇਜਿਆ ਜਾ ਸਕਦਾ । ਇਸ ਲਈ ਅਸੀ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਟਰੰਪ ਨੂੰ ਇਹ ਅਪੀਲ ਵੀ ਕਰਨੀ ਚਾਹਵਾਂਗੇ ਤੇ ਸੁਝਾਅ ਵੀ ਦੇਣਾ ਚਾਹਵਾਂਗੇ ਕਿ ਗਾਜਾ ਵਿਚ ਹੋ ਰਹੇ ਜੁਲਮ ਦੀ ਸਮਾਪਤੀ ਲਈ ਅਮਰੀਕਾ ਜਿਥੇ ਅਮਲ ਕਰੇ ਉਥੇ ਅਮਰੀਕਾ ਦੇ ਸਮੁੱਚੇ ਸੈਨੇਟਰਜ ਤੇ ਕਾਂਗਰਸ ਨੂੰ ਵੀ ਗੁਜਾਰਿਸ ਕਰਾਂਗੇ ਕਿ 1947 ਵਿਚ ਜਿਨ੍ਹਾਂ ਪੰਜਾਬੀਆਂ ਨੂੰ ਆਪਣੇ ਪੁਰਾਤਨ ਪੰਜਾਬ ਵਿਚੋ ਬਾਹਰ ਕਰ ਦਿੱਤਾ ਗਿਆ, ਲਦਾਖ ਅਤੇ ਕਸਮੀਰ ਜੋ ਸਾਡੇ ਲਾਹੌਰ ਖਾਲਸਾ ਰਾਜ ਦਰਬਾਰ ਦੇ ਹਿੱਸੇ ਸਨ, ਉਨ੍ਹਾਂ ਨੂੰ ਵੀ ਕ੍ਰਮਵਾਰ 1834 ਤੇ 1819 ਵਿਚ ਬਾਹਰ ਦਿੱਤਾ ਗਿਆ, ਕੇਵਲ ਅਮਰੀਕਾ ਵਿਚ ਵੱਸਣ ਵਾਲੇ ਪੰਜਾਬੀਆਂ ਤੇ ਸਿੱਖਾਂ ਨੂੰ ਹੀ ਵਾਪਸ ਨਾ ਭੇਜਣ ਬਲਕਿ ਸਾਡੇ ਉਪਰੋਕਤ ਖਾਲਸਾ ਰਾਜ ਦਰਬਾਰ ਦੇ ਜ਼ਬਰੀ ਖੋਹੇ ਗਏ ਕਸਮੀਰ ਅਤੇ ਲਦਾਖ ਵੀ ਸਾਨੂੰ ਵਾਪਸ ਦਿਵਾਏ ਜਾਣ ।
ਇਹ ਅਮਲ ਯੂ.ਐਨ. ਹਿਊਮਨਰਾਈਟਸ ਚਾਰਟਰ ਦੇ ਦਰਸਾਏ ਰਾਹ ਦਾ ਸਹੀ ਮੁਲਾਕਣ ਕਰਨਗੇ ਜੋ ਕਿ ਸਵਰਗਵਾਸੀ ਐਲੈਨਰ ਰੂਸਵੈਲਟ ਨੇ ਬਣਾਏ ਸਨ । ਜੋ ਕਿ ਪ੍ਰੈਜੀਡੈਟ ਰੂਸਵੈਲਟ ਦੀ ਪਤਨੀ ਸੀ । ਅਸੀ ਇਹ ਵੀ ਅਪੀਲ ਕਰਨੀ ਚਾਹਵਾਂਗੇ ਕਿ ਪਹਿਲੀ ਸੰਸਾਰ ਜੰਗ ਤੋ ਬਾਅਦ ਜਿਵੇ ਅਮਰੀਕਨ ਪ੍ਰੈਜੀਡੈਟ ਵਿਲਸਨ ਨੇ ਸਾਊਸ ਏਸੀਆ ਵਿਚ ਸਿੱਖਾਂ ਦੇ ਹੱਕਾਂ ਤੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਸੀ, ਉਸੇ ਤਰ੍ਹਾਂ ਮਿਸਟਰ ਟਰੰਪ ਵੀ ਕਰਨ । ਸ. ਮਾਨ ਨੇ ਅਮਰੀਕਾ ਤੋ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਨ ਵਾਲੇ ਵਾਪਸ ਆਏ ਸਿੱਖਾਂ ਨੂੰ ਗੰਭੀਰਤਾ ਪੂਰਵਕ ਅਪੀਲ ਕੀਤੀ ਕਿ ਉਹ ਮੇਰੇ ਇਸ ਉਪਰੋਕਤ ਬਿਆਨ ਦੀ ਇਕ ਨਕਲ ਕਾਪੀ ਮਿਸਟਰ ਟਰੰਪ ਨੂੰ ਭੇਜਣ ਜੋ ਕਿ ਕੌਮਾਂਤਰੀ ਕਾਨੂੰਨਾਂ, ਨਿਯਮਾਂ ਨੂੰ ਸਹੀ ਦਿਸ਼ਾ ਵੱਲ ਪੂਰਨ ਕਰਨ ਦਾ ਇਸਾਰਾ ਕਰਦੀ ਹੈ ਅਤੇ ਇਸ ਨੂੰ ਅਮਰੀਕਾ ਦੇ ਪ੍ਰੈਜੀਡੈਟ ਪੂਰਨ ਕਰਨ ਦੀ ਸਮਰੱਥਾਂ ਵੀ ਰੱਖਦੇ ਹਨ । ਅਸੀ ਪ੍ਰੈਜੀਡੈਟ ਟਰੰਪ ਦੇ ਨਾਲ-ਨਾਲ ਨਾਟੋ ਮੁਲਕਾਂ ਤੇ ਉਨ੍ਹਾਂ ਦੇ ਸਾਥੀ ਮੁਲਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਵੇ ਦੂਸਰੀ ਸੰਸਾਰ ਜੰਗ ਸਮੇ ਉਸ ਸਮੇ ਦੇ ਫ਼ੌਜਾਂ ਦੇ ਕਮਾਡਰ ਐਜਨਹਾਵਰ ਨੇ ਯਹੂਦੀਆ ਨੂੰ ਸੁਰੱਖਿਅਤ ਕਰਨ ਦੇ ਵਾਅਦੇ ਨੂੰ ਪੂਰਾ ਕੀਤਾ ਸੀ, ਉਸੇ ਤਰ੍ਹਾਂ ਯੂਰਪ ਦੇ ਸਿੱਖਾਂ ਨੂੰ ਵੀ ਇਹ ਸੁਰੱਖਿਆ ਦਿੱਤੀ ਜਾਵੇ । ਅੰਮ੍ਰਿਤਸਰ ਵਿਖੇ ਅਮਰੀਕਾ ਤੋ ਵਾਪਸ ਆਏ ਸਿੱਖ ਇਹ ਮੇਰੀ ਸਟੇਟਮੈਟ ਸਾਡੇ ਮੁੱਖ ਦਫਤਰ ਕਿਲ੍ਹਾ ਸ. ਹਰਨਾਮ ਸਿੰਘ ਫਤਹਿਗੜ੍ਹ ਸਾਹਿਬ ਤੋ ਕਿਸੇ ਤਰ੍ਹਾਂ ਫੀਸ ਆਦਿ ਤੋ ਬਗੈਰ ਪ੍ਰਾਪਤ ਕਰ ਸਕਦੇ ਹਨ ਜਾਂ ਸਾਡੀ ਈਮੇਲ ਤੇ ਸੰਦੇਸ਼ ਭੇਜਕੇ ਪ੍ਰਾਪਤ ਕਰ ਸਕਦੇ ਹੋ । ਅਸੀ ਇਕ ਵਾਰੀ ਫਿਰ ਅਮਰੀਕਾ ਹਕੂਮਤ ਨੂੰ ਸਤਿਕਾਰ ਸਹਿਤ ਅਪੀਲ ਕਰਦੇ ਹਾਂ ਕਿ ਉਹ ਸਿੱਖਾਂ ਤੇ ਪੰਜਾਬੀ ਜੋ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ ਦਾ ਨਿਸ਼ਾਨਾਂ ਬਣਾਏ ਹੋਏ ਹਨ ਅਤੇ ਜਿਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ, ਉਸ ਫੈਸਲੇ ਨੂੰ ਹਮਦਰਦੀ ਪੂਰਵਕ ਖਤਮ ਕੀਤਾ ਜਾਵੇ ।