ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ ਨੂੰ ‘ਰਾਜਸੀ ਦੰਗਲ ਦਾ ਅਖਾੜਾ’ ਬਣਾਉਣ ਦੀ ਇਜਾਜਤ ਕਿਸੇ ਵੀ ਧੜੇ ਨੂੰ ਨਾ ਦਿੱਤੀ ਜਾਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 30 ਜਨਵਰੀ ( ) “ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ-ਪੀਰੀ ਦੇ ਮਹਾਨ ਫਲਸਫੇ ਵਾਲੀ ਕੌਮੀ ਸੰਸਥਾਂ ਖਾਲਸਾ ਪੰਥ ਨੂੰ ਹਰ ਔਖੀ ਘੜੀ ਵਿਚ ਸਿਧਾਂਤਿਕ ਅਗਵਾਈ ਦੇਣ ਵਾਲੀ ਅਤੇ ਕੌਮ ਵਿਚ ਉੱਠਣ ਵਾਲੇ ਕਿਸੇ ਵੀ ਵਿਵਾਦ ਨੂੰ ਸਹੀ ਦਿਸ਼ਾ ਵੱਲ ਹੱਲ ਕਰਨ ਵਾਲੀ ਕੌਮੀ ਸੰਸਥਾਂ ਹੈ । ਨਾ ਕਿ ਰਾਜਸੀ ਦੰਗਲ ਦਾ ਅਖਾੜਾ ਬਣਾਉਣ ਵਾਲੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਵੱਲੋ ਬਹੁਤ ਅਰਥਭਰਪੂਰ ਧਾਰਮਿਕ ਤੇ ਸਿਆਸੀ ਸੋਚ ਅਧੀਨ ਕਾਇਮ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਅਸਥਾਂਨ ਨੂੰ ਕਿਸੇ ਵੀ ਧੜੇ ਵੱਲੋ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਰਾਜਸੀ ਦੰਗਲ ਦਾ ਅਖਾੜਾ ਬਣਾਉਣ ਦੀ ਇਜਾਜਤ ਨਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੀਰੀ ਪੀਰੀ ਦੀ ਇਹ ਸੰਸਥਾਂ ਕੌਮ ਨੂੰ ਧਾਰਮਿਕ ਤੇ ਰਾਜਸੀ ਅਗਵਾਈ ਦੇਣ ਦੇ ਨਾਲ-ਨਾਲ ਸੰਕਟ ਸਮੇ ਗੁਰਬਾਣੀ ਦੀ ਸੋਚ ਅਨੁਸਾਰ ਸਹੀ ਦਿਸ਼ਾ ਵੱਲ ਲਿਜਾਣ ਲਈ ਅਗਵਾਈ ਕਰਦੀ ਹੈ । ਖਾਲਸਾ ਪੰਥ ਵਿਚ ਧਾਰਮਿਕ ਅਤੇ ਰਾਜਸੀ ਤੌਰ ਤੇ ਮਨਫੀ ਹੋ ਚੁੱਕੇ ਦੋ ਸਿਆਸੀ ਧੜੇ ਬਾਦਲ ਦਲ ਅਤੇ ਸੁਧਾਰ ਲਹਿਰ ਦੇ ਆਗੂ ਸਾਡੀ ਇਸ ਸੰਸਥਾਂ ਦੀ ਦੁਰਵਰਤੋ ਕਰਕੇ ਆਪੋ ਆਪਣੀ ਗੁਆ ਚੁੱਕੀ ਰਾਜਸੀ ਤੇ ਸਮਾਜਿਕ ਸ਼ਕਤੀ ਨੂੰ ਪ੍ਰਾਪਤ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ ਅਤੇ ਇਸ ਨੂੰ ਰਾਜਸੀ ਦੰਗਲ ਦਾ ਅਖਾੜਾ ਬਣਾਉਣ ਦੀ ਬਜਰ ਗੁਸਤਾਖੀ ਕਰਦੇ ਹੋਏ ਨਜਰ ਆ ਰਹੇ ਹਨ । ਜਦੋਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ 5 ਸਿੰਘ ਸਾਹਿਬਾਨਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਹੋਏ ਉਸ ਹੁਕਮਨਾਮੇ ਜਿਸ ਅਨੁਸਾਰ ਉਪਰੋਕਤ ਦੋਵੇ ਧੜਿਆ ਦੇ ਦੋਸ਼ੀ ਆਗੂਆਂ ਵੱਲੋ ਕੀਤੇ ਗਏ ਬਜਰ ਗੁਨਾਹਾਂ ਦੀ ਬਦੌਲਤ ਇਹ ਹੁਕਮਨਾਮਾ ਜਾਰੀ ਹੋਇਆ ਸੀ ਕਿ ਇਨ੍ਹਾਂ ਦੋਵਾਂ ਧੜਿਆ ਦੇ ਆਗੂਆ ਨੂੰ ਹੁਣ ਕੌਮ ਦੇ ਧਾਰਮਿਕ ਤੇ ਰਾਜਸੀ ਤੌਰ ਤੇ ਅਗਵਾਈ ਕਰਨ ਦਾ ਕੋਈ ਇਖਲਾਕੀ ਹੱਕ ਬਾਕੀ ਨਹੀ ਰਿਹਾ । ਪਰ ਇਸ ਹੋਏ ਹੁਕਮਨਾਮੇ ਦੇ ਬਾਵਜੂਦ ਦੋਵੇ ਧੜਿਆ ਦੇ ਗੁਨਾਹਗਾਰ ਆਗੂ ਆਪੋ ਆਪਣੇ ਸਿਆਸੀ ਅਹੁਦਿਆ ਅਤੇ ਰਾਜਸੀ ਸ਼ਕਤੀ ਪ੍ਰਾਪਤ ਕਰਨ ਵਿਚ ਮਸਰੂਫ ਹਨ । ਇਨ੍ਹਾਂ ਹੋਏ ਹੁਕਮਨਾਮਿਆ ਉਪਰੰਤ ਸਤਿਕਾਰਯੋਗ ਸਿੰਘ ਸਾਹਿਬਾਨ ਦਾ ਇਹ ਕੌਮੀ ਫਰਜ ਬਣ ਜਾਂਦਾ ਸੀ ਕਿ ਦੋਵੇ ਦਾਗੀ ਤੇ ਬਾਗੀ ਹੋਏ ਧੜਿਆ ਦੇ ਆਗੂਆਂ ਦੀ ਸੋਚ ਨੂੰ ਪਣਪਨ ਲਈ ਢਿੱਲ ਦੇਣ ਦੀ ਬਜਾਇ ਦ੍ਰਿੜਤਾ ਤੇ ਦੂਰ ਅੰਦੇਸੀ ਨਾਲ ਅਜਿਹਾ ਅਮਲ ਹੋਵੇ ਜਿਸ ਨਾਲ ਸਮੁੱਚੇ ਵਿਚਰਦੇ ਰਾਜਸੀ ਧਾਰਮਿਕ ਧੜਿਆ ਦੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਦੀ ਅਗਵਾਈ ਹੇਠ ਸਮੂਹਿਕ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪੂਨਰਗੰਠਨ ਕਰਕੇ ਕੇਵਲ ਇਕ ਹੀ ਕੌਮੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੱਗੇ ਆਵੇ ਜੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕ ਹਕੂਕਾ ਦੀ ਪੂਰਤੀ ਲਈ ਅਗਲੀ ਰਣਨੀਤੀ ਘੜਦੇ ਹੋਏ ਅਮਲ ਕਰੇ ।
ਇਸ ਲਈ ਇਸ ਸੰਕਟ ਦੀ ਘੜੀ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਇਹ ਪਰਮ ਧਰਮ ਫਰਜ ਬਣ ਜਾਂਦਾ ਹੈ ਕਿ ਦੋਵੇ ਧੜਿਆ ਦੇ ਗੁਨਾਹਗਾਰ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਮ ਦੀ ਬਿਲਕੁਲ ਵੀ ਦੁਰਵਰਤੋ ਕਰਨ ਦੀ ਇਜਾਜਤ ਨਾ ਦੇਣ ਅਤੇ ਸਮੁੱਚੀ ਕੌਮ ਦੇ ਬਿਨ੍ਹਾਂ ਤੇ ਅਤੇ ਮੀਰੀ ਪੀਰੀ ਦੇ ਮਹਾਨ ਫਲਸਫੇ ਦੇ ਨਾਮ ਤੇ ਸਰਬਸਾਂਝਾ ਅਜਿਹਾ ਉਦਮ ਹੋਏ ਕਿ ਨਕਾਰਤਮਕ ਹੋ ਚੁੱਕੀ ਦੋਵੇ ਧੜਿਆ ਦੀ ਲੀਡਰਸਿਪ ਤੋ ਦਰਕਿਨਾਰ ਕਰਕੇ ਨਵੀ ਨਿਰੋਈ ਸਮੇ ਦੇ ਹਾਣ ਦੀ, ਕੌਮੀ ਭਾਵਨਾਵਾ ਨੂੰ ਪੂਰਨ ਕਰਨ ਦੀ ਸਮਰੱਥਾਂ-ਸ਼ਕਤੀ ਰੱਖਣ ਵਾਲੀ ਲੀਡਰਸਿਪ ਨੂੰ ਅੱਗੇ ਲਿਆਉਣ ਲਈ ਸਮੂਹਿਕ ਰੂਪ ਵਿਚ ਸੁਹਿਰਦ ਉਦਮ ਹੋਣ । ਜਿਸ ਨਾਲ ਸਵਾਰਥੀ ਸੋਚ ਅਧੀਨ ਕੰਮ ਕਰ ਰਹੇ ਵੱਖ-ਵੱਖ ਸਿਆਸੀ ਧੜਿਆ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਕਰਕੇ ਸ਼੍ਰੋਮਣੀ ਅਕਾਲੀ ਦਲ 1920 ਵਾਲੀ ਜਥੇਬੰਦੀ ਦਾ ਪੂਨਰਗੰਠਨ ਵੀ ਹੋ ਸਕੇ, ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤਿੰਨੇ ਸੰਸਥਾਵਾਂ ਦੇ ਹੋਦ ਵਿਚ ਲਿਆਉਣ ਦੇ ਸਮੇ ਮਹੱਤਵ ਨੂੰ ਮੁੱਖ ਰੱਖਕੇ, ਭਰਾਮਾਰੂ ਜੰਗ ਨੂੰ ਮੁਕੰਮਲ ਰੂਪ ਵਿਚ ਖਤਮ ਕਰਕੇ ਸਮੁੱਚੀ ਕੌਮ ‘ਬੇਗਮਪੁਰਾ ਸਹਰ ਕੋ ਨਾਉ’ ਦੇ ਵਾਕ ਅਨੁਸਾਰ ਆਪਣਾ ਖਾਲਸਾ ਰਾਜ ਕਾਇਮ ਕਰਦੇ ਹੋਏ ਮਨੁੱਖੀ ਕਦਰਾ ਕੀਮਤਾਂ ਅਤੇ ਸਰਬੱਤ ਦੇ ਭਲੇ ਦੇ ਮਿਸਨ ਵੱਲ ਮਜਬੂਤੀ ਨਾਲ ਵੱਧ ਸਕੇ । ਅਜਿਹੇ ਅਮਲ ਹੋਣ ਜਿਸ ਨਾਲ ਸਮੁੱਚੇ ਸੰਸਾਰ ਵਿਚ ਸਹੀ ਮਾਇਨਿਆ ਵਿਚ ਸਿੱਖੀ ਦਾ ਬੋਲਬਾਲਾ ਹੋ ਸਕੇ ।