ਚੌਧਰੀ ਸੰਤੋਖ ਸਿੰਘ ਉੱਚੀ-ਸੁੱਚੀ ਮਨੁੱਖਤਾ ਪੱਖੀ ਸੋਚ ਦੇ ਮਾਲਕ ਸਨ, ਅਜਿਹੀਆ ਸਖਸ਼ੀਅਤਾਂ ਦੀ ਹਰ ਸਮਾਜ ਨੂੰ ਸਖ਼ਤ ਲੋੜ : ਮਾਨ

ਜਲੰਧਰ, 14 ਜਨਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਭਾਵੇ ਬੀਜੇਪੀ-ਆਰ.ਐਸ.ਐਸ ਅਤੇ ਕਾਂਗਰਸ ਵਰਗੀਆਂ ਜ਼ਾਬਰ ਤੇ ਜਾਲਮ ਜਮਾਤਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ-ਰਿਸਤਾ ਨਹੀ । ਪਰ ਜਦੋ ਵੀ ਅਜਿਹੀਆ ਜਮਾਤਾਂ ਵਿਚ ਕਿਸੇ ਮਨੁੱਖਤਾ ਪੱਖੀ ਉਸਾਰੂ ਸੋਚ ਵਾਲੀ ਸਖਸ਼ੀਅਤ ਨਾਲ ਮੇਲ ਹੁੰਦਾ ਹੈ ਜਾਂ ਕਿਸੇ ਬਹਾਨੇ ਸਾਂਝ ਪੈਦੀ ਹੈ, ਤਾਂ ਉਹ ਆਤਮਾ ਸਦਾ ਲਈ ਸਾਡੇ ਮਨ-ਆਤਮਾ ਵਿਚ ਸਤਿਕਾਰਿਤ ਜਗ੍ਹਾ ਬਣਾ ਲੈਦੀ ਹੈ । ਚੌਧਰੀ ਸੰਤੋਖ ਸਿੰਘ ਜੋ ਬੀਤੇ ਦਿਨੀਂ ਰਾਹੁਲ ਮਾਰਚ ਵਿਚ ਸਮੂਲੀਅਤ ਕਰਦੇ ਹੋਏ ਅਚਾਨਕ ਉਸ ਅਕਾਲ ਪੁਰਖ ਨੂੰ ਪਿਆਰੇ ਹੋ ਗਏ ਹਨ ਅਤੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਉਹ ਬਹੁਤ ਹੀ ਮਨੁੱਖਤਾ ਪੱਖੀ ਉੱਚੀ ਸੋਚ ਦੇ ਮਾਲਕ ਸਨ ਅਤੇ ਉਨ੍ਹਾਂ ਦੇ ਮਨ-ਆਤਮਾ ਵਿਚ ਇਨਸਾਨੀਅਤ ਕਦਰਾਂ-ਕੀਮਤਾਂ ਉਚੇਚੇ ਤੌਰ ਤੇ ਪ੍ਰਪੱਕ ਸਨ । ਉਹ ਜ਼ਾਬਰ ਕਾਂਗਰਸ ਵਿਚ ਰਹਿੰਦੇ ਹੋਏ ਵੀ ਅਕਸਰ ਹੀ ਆਪਣੇ ਨੇਕ ਉੱਦਮਾਂ ਦੀ ਬਦੌਲਤ ਹਰ ਵਰਗ ਅਤੇ ਇਲਾਕੇ ਵਿਚ ਸਤਿਕਾਰੇ ਜਾਂਦੇ ਸਨ । ਇਸ ਲਈ ਉਨ੍ਹਾਂ ਦੇ ਚਲੇ ਜਾਣ ਅਤੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿਣ ਉਤੇ ਜਿਥੇ ਚੌਧਰੀ ਸਾਹਿਬ ਦੇ ਪਰਿਵਾਰਿਕ ਮੈਬਰ, ਸੰਬੰਧੀਆਂ ਅਤੇ ਇਲਾਕਾ ਨਿਵਾਸੀਆ ਨੂੰ ਵੱਡਾ ਸਦਮਾ ਪਹੁੰਚਿਆ ਹੈ, ਉਥੇ ਉਸ ਨੇਕ ਸਖਸ਼ੀਅਤ ਦੇ ਤੁਰ ਜਾਣ ਤੇ ਸਾਨੂੰ ਵੀ ਡੂੰਘਾਂ ਦੁੱਖ ਪਹੁੰਚਿਆ ਹੈ । ਅਸੀ ਇਸ ਦੁੱਖ ਦੀ ਘੜੀ ਵਿਚ ਚੌਧਰੀ ਪਰਿਵਾਰ, ਸੰਬੰਧੀਆਂ ਅਤੇ ਇਲਾਕਾ ਨਿਵਾਸੀਆ ਦੇ ਇਸ ਵੱਡੇ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਨੇਕ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਲਈ ਗੁਰੂ ਚਰਨਾਂ ਵਿਚ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੌਧਰੀ ਸੰਤੋਖ ਸਿੰਘ ਜੀ ਦੇ ਅਚਾਨਕ ਹੋਏ ਅਕਾਲ ਚਲਾਣੇ ਉਤੇ ਆਪਣੀਆ ਭਾਵਨਾਵਾ ਨੂੰ ਜਾਹਰ ਕਰਦੇ ਹੋਏ ਅਤੇ ਸੰਬੰਧਤ ਪਰਿਵਾਰ ਤੇ ਇਲਾਕਾ ਨਿਵਾਸੀਆ ਨਾਲ ਦੁੱਖ ਅਤੇ ਹਮਦਰਦੀ ਦੀ ਸਾਂਝ ਪਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣੇ ਹੀ ਜਦੋਂ ਪਾਰਲੀਮੈਂਟ ਦਾ ਸੈਸਨ ਚੱਲ ਰਿਹਾ ਸੀ, ਤਾਂ ਚੌਧਰੀ ਸੰਤੋਖ ਸਿੰਘ ਜੀ ਨੇ ਇਸ ਸੈਸਨ ਦੇ ਆਖਰੀ ਦਿਨ 23 ਦਸੰਬਰ ਨੂੰ ਜੋ ਪਾਰਲੀਮੈਟ ਵਿਚ ਬਹੁਤ ਹੀ ਅਰਥ ਭਰਪੂਰ ਥੋੜ੍ਹੇ ਸ਼ਬਦਾਂ ਵਿਚ ਪਾਰਲੀਮੈਟ ਮੈਬਰਾਂ ਨਾਲ ਵਿਚਾਰਾਂ ਦੀ ਸਾਂਝ ਕਰਦੇ ਹੋਏ ਤਕਰੀਰ ਕੀਤੀ, ਉਸ ਅਤਿ ਪ੍ਰਭਾਵਸਾਲੀ ਅਤੇ ਮਨੁੱਖਤਾ ਪੱਖੀ ਦ੍ਰਿੜ ਇਰਾਦੇ ਵਾਲੀ ਤਕਰੀਰ ਦਾ ਪ੍ਰਭਾਵ ਉਸੇ ਦਿਨ ਤੋ ਅੱਜ ਤੱਕ ਮੇਰੇ ਮਨ-ਆਤਮਾ ਵਿਚ ਉਕਰ ਗਿਆ ਹੈ । ਭਾਵੇਕਿ ਉਹ ਸਰੀਰਕ ਤੌਰ ਤੇ ਅੱਜ ਸਾਡੇ ਵਿਚ ਨਹੀ ਰਹੇ ਪਰ ਉਨ੍ਹਾਂ ਦੀ ਆਤਮਿਕ ਬਲ ਅਤੇ ਦ੍ਰਿੜਤਾ ਵਾਲੇ ਸਹੀ ਦਿਸ਼ਾ ਵਾਲੇ ਵਿਚਾਰਾਂ ਦੀ ਛਾਪ ਮੇਰੇ ਅਤੇ ਹੋਰ ਮੈਬਰਾਂ ਉਤੇ ਵੀ ਅਵੱਸ ਰਹੇਗੀ । ਅਜਿਹੀਆ ਆਤਮਾਵਾ ਤੇ ਸਖਸ਼ੀਅਤਾਂ ਦੀ ਹਰ ਮੁਲਕ, ਸੂਬੇ, ਸ਼ਹਿਰ, ਪਿੰਡ ਦੇ ਨਿਵਾਸੀਆ ਨੂੰ ਹਮੇਸ਼ਾਂ ਸਖਤ ਲੋੜ ਰਹਿੰਦੀ ਹੈ । ਉਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰਿ ਮੈਬਰਾਂ ਦੇ ਨਾਲ-ਨਾਲ ਇਲਾਕਾ ਨਿਵਾਸੀਆ ਨੂੰ ਜੋ ਸਮਾਜਿਕ ਅਤੇ ਸਿਆਸੀ ਪਿੜ ਵਿਚ ਵੱਡਾ ਘਾਟਾ ਪਿਆ ਹੈ, ਉਹ ਕਦੀ ਵੀ ਨਾ ਪੂਰਾ ਹੋਣ ਵਾਲਾ ਹੈ । ਅਸੀ ਇਕ ਵਾਰੀ ਫਿਰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ।

Leave a Reply

Your email address will not be published. Required fields are marked *