ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਅੰਬ ਸਾਹਿਬ ਵਿਖੇ ਅੱਜ ਸੁਰੂ ਕੀਤੇ ਗਏ ਪੱਕੇ ਮੋਰਚੇ ਦੇ ਮਕਸਦ ਦਾ ਪੂਰਨ ਸਮਰੱਥਨ ਕਰਦੇ ਹਾਂ : ਮਾਨ

ਫ਼ਤਹਿਗੜ੍ਹ ਸਾਹਿਬ, 07 ਜਨਵਰੀ ( ) “ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਹੋਰ ਪੰਥਕ ਮੁੱਦਿਆ ਉਤੇ ਸੰਘਰਸ਼ ਕਰਨ ਲਈ ਬਣਾਈ ਗਈ ਕਮੇਟੀ ਵੱਲੋਂ ਜੋ ਸਮੁੱਚੀ ਸਿੱਖ ਕੌਮ ਅਤੇ ਸਿੱਖ ਜਥੇਬੰਦੀਆਂ ਦੇ ਬਿਨ੍ਹਾਂ ਤੇ ਪਹਿਲੋ ਹੀ ਪ੍ਰਵਾਨਗੀ ਲੈਦੇ ਹੋਏ ਅੱਜ ਜੋ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਪੱਕਾ ਮੋਰਚਾ ਸੁਰੂ ਕੀਤਾ ਗਿਆ ਹੈ, ਇਹ ਸਮੇਂ ਦੇ ਅਨੁਕੂਲ ਬੰਦੀ ਸਿੰਘਾਂ ਦੀ ਸੁਹਿਰਦਤਾ ਨਾਲ ਰਿਹਾਈ ਲਈ ਸਮੁੱਚੇ ਖ਼ਾਲਸਾ ਪੰਥ ਵੱਲੋਂ ਲਗਾਏ ਗਏ ਇਸ ਮੋਰਚੇ ਵਿਚ ਜਿਥੇ ਪੂਰੀ ਤਰ੍ਹਾਂ ਸਮੂਲੀਅਤ ਕਰ ਰਿਹਾ ਹੈ, ਉਥੇ ਅਸੀਂ ਇਸ ਮੋਰਚੇ ਦੇ ਕੌਮ ਪੱਖੀ ਮਕਸਦ ਦਾ ਪੂਰਨ ਸਮਰੱਥਨ ਕਰਦੇ ਹੋਏ ਇਸ ਮੋਰਚੇ ਦੀ ਕਾਮਯਾਬੀ ਲਈ ਹਰ ਤਰ੍ਹਾਂ ਸਹਿਯੋਗ ਕਰਦੇ ਰਹਾਂਗੇ । ਜਦੋ ਤੱਕ ਸੈਟਰ ਤੇ ਪੰਜਾਬ ਦੀਆਂ ਦੋਵੇ ਸਰਕਾਰਾਂ ਸਜਾਵਾਂ ਪੂਰੀਆ ਕਰ ਚੁੱਕੇ ਸਿੱਖ ਬੰਦੀ ਸਿੰਘਾਂ ਜਿਨ੍ਹਾਂ ਨੂੰ ਆਪਣੀਆ ਸਜਾਵਾਂ ਤੋ ਵੱਧ 5-5, 7-7 ਸਾਲ ਦਾ ਸਮਾਂ ਹੋ ਗਿਆ ਹੈ, ਉਨ੍ਹਾਂ ਨੂੰ ਦੋਵੇ ਸਰਕਾਰਾਂ ਕਾਨੂੰਨੀ ਅਤੇ ਇਖਲਾਕੀ ਬਿਨ੍ਹਾਂ ਤੇ ਰਿਹਾਅ ਨਹੀ ਕਰ ਦਿੰਦੀਆ, ਇਹ ਕੌਮੀ ਮੋਰਚਾ ਜਾਰੀ ਰੱਖਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਰੂ ਕੀਤੇ ਗਏ ਪੱਕੇ ਮੋਰਚੇ ਦੀ ਹਰ ਪੱਖੋ ਪੂਰਨ ਹਮਾਇਤ ਕਰਦੇ ਹੋਏ ਅਤੇ ਖ਼ਾਲਸਾ ਪੰਥ ਨਾਲ ਸੰਬੰਧਤ ਸਮੁੱਚੀਆ ਜਥੇਬੰਦੀਆਂ ਅਤੇ ਸਿੱਖ ਕੌਮ ਨੂੰ ਇਸ ਅਤਿ ਗੰਭੀਰ ਵਿਸੇ ਉਤੇ ਛੋਟੇ ਮੋਟੇ ਵਿਚਾਰਕ ਵਖਰੇਵਿਆ ਤੋ ਉਪਰ ਉੱਠਕੇ ਸਮੂਹਿਕ ਤੌਰ ਤੇ ਇਕ ਤਾਕਤ ਹੋ ਕੇ ਇਸ ਮਕਸਦ ਦੀ ਪ੍ਰਾਪਤੀ ਲਈ ਸੁਹਿਰਦਤਾ ਨਾਲ ਯੋਗਦਾਨ ਪਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੇ ਵੱਡੇ ਦੁੱਖ ਅਤੇ ਵਿਤਕਰੇ ਵਾਲੀ ਗੱਲ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਜੋ 28 ਸਾਲਾਂ ਤੋ ਬੰਦੀ ਹਨ, ਭਾਈ ਗੁਰਦੀਪ ਸਿੰਘ ਖੇੜਾ 32 ਸਾਲਾਂ ਤੋ, ਭਾਈ ਬਲਵੰਤ ਸਿੰਘ 27 ਸਾਲਾਂ ਤੋਂ, ਭਾਈ ਜਗਤਾਰ ਸਿੰਘ ਹਵਾਰਾ 27 ਸਾਲਾਂ ਤੋਂ, ਭਾਈ ਲਖਵਿੰਦਰ ਸਿੰਘ ਲੱਖਾ 27 ਸਾਲਾਂ ਤੋਂ, ਸ. ਸ਼ਮਸ਼ੇਰ ਸਿੰਘ 27 ਸਾਲਾਂ ਤੋਂ, ਪਰਮਜੀਤ ਸਿੰਘ ਭਿਓਰਾ 27 ਸਾਲਾਂ ਤੋਂ, ਜਗਤਾਰ ਸਿੰਘ ਤਾਰਾ 27 ਸਾਲਾਂ ਤੋਂ ਅਤੇ ਸ. ਗੁਰਮੀਤ ਸਿੰਘ 27 ਸਾਲਾਂ ਤੋਂ ਜੇਲ੍ਹ ਵਿਚ ਬੰਦੀ ਹਨ । ਜਿਨ੍ਹਾਂ ਉਤੇ ਇਕ ਤੋ ਬਾਅਦ ਇਕ ਝੂਠੇ ਕੇਸ ਪਾ ਕੇ ਉਨ੍ਹਾਂ ਨੂੰ ਰਿਹਾਅ ਕਰਨ ਤੋ ਆਨਾਕਾਨੀ ਕੀਤੀ ਜਾ ਰਹੀ ਹੈ । ਜੋ ਕੇਵਲ ਗੈਰ ਵਿਧਾਨਿਕ ਹੀ ਨਹੀ ਬਲਕਿ ਸਿੱਖ ਕੌਮ ਨਾਲ ਹੁਕਮਰਾਨਾਂ ਤੇ ਅਦਾਲਤਾਂ ਵੱਲੋ ਬਹੁਤ ਵੱਡੀ ਬੇਇਨਸਾਫ਼ੀ ਵੀ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜਦੋ ਇਥੋ ਦਾ ਵਿਧਾਨ, ਕਾਨੂੰਨ, ਅਦਾਲਤਾਂ, ਜੱਜ ਅਤੇ ਹੁਕਮਰਾਨ ਬੀਬੀ ਬਿਲਕਿਸ ਬਾਨੋ ਦੇ ਬਲਾਤਕਾਰੀ ਅਤੇ ਉਸਦੇ ਪਰਿਵਾਰਿਕ ਮੈਬਰਾਂ ਨੂੰ ਕਤਲ ਕਰਨ ਵਾਲੇ ਸੰਗੀਨ ਅਪਰਾਧੀਆ ਨੂੰ ਰਿਹਾਅ ਕਰ ਸਕਦੇ ਹਨ ਅਤੇ ਰਾਜੀਵ ਗਾਂਧੀ ਕਤਲ ਦੇ ਦੋਸ਼ੀਆ ਨੂੰ ਰਿਹਾਅ ਕੀਤਾ ਜਾ ਸਕਦਾ ਹੈ, ਫਿਰ ਸਾਡੇ ਬੰਦੀ ਸਿੰਘਾਂ ਜਿਨ੍ਹਾਂ ਨੇ ਆਪਣੀ ਕਾਨੂੰਨੀ ਸਜ਼ਾ ਨੂੰ ਪੂਰਨ ਕਰਿਆ ਨੂੰ 7 ਤੋ 9 ਸਾਲ ਤੱਕ ਵੱਧ ਸਜ਼ਾ ਭੁਗਤ ਲਈ ਹੈ, ਉਨ੍ਹਾਂ ਨੂੰ ਹੁਣ ਇਹ ਉਪਰੋਕਤ ਇੰਡੀਅਨ ਕਾਨੂੰਨ, ਜੱਜ, ਅਦਾਲਤਾਂ ਅਤੇ ਹੁਕਮਰਾਨ ਇਨਸਾਫ ਦੇ ਤਕਾਜੇ ਅਨੁਸਾਰ ਰਿਹਾਅ ਨਾ ਕਰਕੇ, ਜ਼ਬਰੀ ਬੰਦੀ ਰੱਖਕੇ ਇਥੋ ਦੇ ਵਿਧਾਨ, ਕਾਨੂੰਨ, ਇਖਲਾਕੀ ਕਦਰਾਂ-ਕੀਮਤਾਂ ਦਾ ਘਾਣ ਕਰਦੇ ਹੋਏ ਸਿੱਖ ਕੌਮ ਨਾਲ ਇਹ ਵਿਤਕਰਾ ਅਤੇ ਦੋਹਰੇ ਮਾਪਦੰਡ ਕਿਉ ਅਪਣਾਏ ਜਾ ਰਹੇ ਹਨ ਅਤੇ ਇਸੇ ਗੰਭੀਰ ਵਿਸੇ ਤੇ ਸਿੱਖ ਕੌਮ ਦੇ ਬਾਦਲੀਲ ਪੱਖ ਨੂੰ ਨਜਰ ਅੰਦਾਜ ਕਰਕੇ ਗੋਦੀ ਅਤੇ ਸਰਕਾਰੀ ਮੀਡੀਏ ਤੇ ਸਿੱਖ ਨੌਜਵਾਨੀ ਅਤੇ ਸਿੱਖ ਕੌਮ ਨੂੰ ਨਿਸਾਨਾਂ ਬਣਾਉਣ ਪਿੱਛੇ ਹੁਕਮਰਾਨਾਂ ਦੀ ਕੀ ਮੰਦਭਾਵਨਾ ਹੈ, ਉਸਨੂੰ ਮੁੱਖ ਰੱਖਦੇ ਹੋਏ ਹੀ ਅੱਜ ਸਮੁੱਚੀ ਕੌਮ ਤੇ ਸਮੁੱਚੀਆ ਕੌਮੀ ਜਥੇਬੰਦੀਆ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਆਪਣੇ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਦਾ ਬਿਗੁਲ ਵਜਾਇਆ ਹੈ । ਜੋ ਕਿ ਸਾਡਾ ਵਿਧਾਨਿਕ ਅਤੇ ਕੌਮੀ ਹੱਕ ਹੈ । ਜਦੋ ਤੱਕ ਹੁਕਮਰਾਨ ਤੇ ਅਦਾਲਤਾਂ ਸਾਨੂੰ ਇਨਸਾਫ ਨਹੀ ਦਿੰਦੀਆ ਅਤੇ ਸਾਡੇ ਨਾਲ ਕੀਤੇ ਜਾਣ ਵਾਲੇ ਵਿਤਕਰਿਆ ਤੋ ਤੋਬਾ ਕਰਕੇ ਸਮੁੱਚੇ ਬੰਦੀ ਸਿੰਘਾਂ ਦੀ ਫੌਰੀ ਰਿਹਾਈ ਨਹੀ ਕੀਤੀ ਜਾਂਦੀ, ਕੌਮੀ ਸੰਘਰਸ਼ ਨਿਰੰਤਰ ਜਾਰੀ ਰਹੇਗਾ ।

ਸ. ਮਾਨ ਨੇ ਹਕੂਮਤੀ ਵਿਤਕਰਿਆ ਤੇ ਬੇਇਨਸਾਫ਼ੀਆ ਦੀ ਗੱਲ ਕਰਦੇ ਹੋਏ ਕਿਹਾ ਕਿ ਜਦੋ ਕਾਨੂੰਨ ਦੇ ਅਨੁਸਾਰ ਸਾਡੀਆ ਸੰਸਥਾਵਾਂ, ਪਾਰਲੀਮੈਟ, ਅਸੈਬਲੀਆਂ, ਮਿਊਸੀਪਲ ਕਾਰਪੋਰੇਸ਼ਨਾਂ, ਮਿਊਸੀਪਲ ਕੌਸਲਾਂ, ਪੰਚਾਇਤਾਂ, ਜਿ਼ਲ੍ਹਾ ਪ੍ਰੀਸ਼ਦਾਂ ਦੀ ਤਰ੍ਹਾਂ ਹਰ 5 ਸਾਲ ਬਾਅਦ ਚੋਣ ਹੋਣੀ ਹੁੰਦੀ ਹੈ, ਉਹ ਬੀਤੇ 12 ਸਾਲਾਂ ਤੋ ਨਹੀ ਕਰਵਾਈ ਜਾ ਰਹੀ । ਜਦੋਕਿ ਇਸ ਐਸ.ਜੀ.ਪੀ.ਸੀ. ਧਾਰਮਿਕ ਸੰਸਥਾਂ ਦਾ ਸੰਬੰਧ ਕਿਸੇ ਤਰ੍ਹਾਂ ਵੀ ਹੁਕਮਰਾਨਾਂ ਨਾਲ ਨਹੀ ਹੈ । ਇਹ ਤਾਂ ਕੇਵਲ ਤੇ ਕੇਵਲ ਗੁਰੂਘਰਾਂ ਦੇ ਪ੍ਰਬੰਧ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਹੋਦ ਵਿਚ ਆਈ ਸੀ । ਅਜਿਹਾ ਕਰਕੇ ਸਾਡੇ ਧਾਰਮਿਕ ਕੰਮਾਂ ਵਿਚ ਗੈਰ ਦਲੀਲ ਢੰਗ ਨਾਲ ਹਕੂਮਤੀ ਦਖਲ ਦਿੱਤਾ ਜਾ ਰਿਹਾ ਹੈ ਜੋ ਅਸਹਿ ਹੈ ਅਤੇ ਜਿਸ ਨਾਲ ਸਿੱਖ ਕੌਮ ਵਿਚ ਬੇਚੈਨੀ ਅਤੇ ਹੁਕਮਰਾਨਾਂ ਵਿਰੁੱਧ ਰੋਹ ਵੱਧ ਰਿਹਾ ਹੈ । ਇਸ ਲਈ ਹੁਕਮਰਾਨਾਂ, ਸਰਕਾਰ ਅਤੇ ਅਦਾਲਤਾਂ ਲਈ ਇਹ ਅੱਛਾ ਹੋਵੇਗਾ ਕਿ ਸਾਡੇ ਸਿੱਖ ਬੰਦੀ ਜੋ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਕਰਨ ਦੇ ਹੁਕਮ ਕੀਤੇ ਜਾਣ ਅਤੇ ਸਾਡੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੀ ਇੰਡੀਆ ਦਾ ਗ੍ਰਹਿ ਵਿਭਾਗ ਤੁਰੰਤ ਚੋਣਾਂ ਕਰਵਾਉਣ ਦਾ ਐਲਾਨ ਕਰੇ ।

Leave a Reply

Your email address will not be published. Required fields are marked *