ਬਹੁਗਿਣਤੀ ਹੁਕਮਰਾਨਾਂ ਨੇ ਘੱਟ ਗਿਣਤੀ ਕੌਮ ਨੂੰ ਨਾਲ ਲੈਕੇ ਚੱਲਣਾ ਹੁੰਦਾ ਹੈ, ਤਦ ਹੀ ਨਿਜਾਮੀ ਪ੍ਰਬੰਧ ਦੇ ਅੱਛੇ ਨਤੀਜੇ ਨਿਕਲ ਸਕਦੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 15 ਮਾਰਚ ( ) “ਕਿਸੇ ਵੀ ਮੁਲਕ ਦੀ ਰਾਜਭਾਗ ਕਰਨ ਵਾਲੀ ਬਹੁਗਿਣਤੀ ਹਕੂਮਤ ਪਾਰਟੀ ਨੇ ਜੇਕਰ ਲੰਮਾਂ ਸਮਾਂ ਆਪਣੇ ਨਿਵਾਸੀਆ ਨੂੰ ਅੱਛਾ ਇਨਸਾਫ ਤੇ ਜਮਹੂਰੀਅਤ ਪਸੰਦ ਰਾਜਭਾਗ ਦੇਣਾ ਹੁੰਦਾ ਹੈ ਤਾਂ ਸਭ ਤੋ ਪਹਿਲਾ ਫਰਜ ਅਜਿਹੀ ਬਹੁਗਿਣਤੀ ਹਕੂਮਤ ਪਾਰਟੀ ਦਾ ਇਹ ਹੁੰਦਾ ਹੈ ਕਿ ਉਹ ਆਪਣੇ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਨਿਜਾਮੀ ਪ੍ਰਬੰਧ ਵਿਚ ਨਾਲ ਲੈਕੇ ਵੀ ਚੱਲਣ ਅਤੇ ਉਨ੍ਹਾਂ ਨੂੰ ਦਰਪੇਸ ਆ ਰਹੇ ਹਕੂਮਤੀ ਤੇ ਪ੍ਰਬੰਧਕੀ ਮਸਲਿਆ ਦੀ ਸੰਜੀਦਗੀ ਨਾਲ ਪਹਿਲ ਦੇ ਆਧਾਰ ਤੇ ਹੱਲ ਕਰਨ । ਪਰ ਦੁੱਖ ਅਤੇ ਅਫਸੋਸ ਹੈ ਕਿ ਹਿੰਦੂਤਵ ਬਹੁਗਿਣਤੀ ਹੁਕਮਰਾਨ ਰਾਜਭਾਗ ਦੀ ਇਸ ਅੱਛੀ ਗੱਲ ਉਤੇ ਪਹਿਰਾ ਨਾ ਦੇ ਕੇ ਹਿੰਦੂਤਵ ਕੱਟੜਵਾਦੀ ਸੋਚ ਨੂੰ ਮੁੱਖ ਰੱਖਕੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਪ੍ਰਤੀ ਲਾਪ੍ਰਵਾਹੀ ਵਰਤਕੇ ਜਾਬਰ ਕਾਨੂੰਨਾਂ ਅਤੇ ਫੋਰਸਾਂ ਦੀ ਦੁਰਵਰਤੋ ਕਰਕੇ ਰਾਜ ਭਾਗ ਕਰ ਰਹੇ ਹਨ । ਜਿਸ ਨਾਲ ਕਦੀ ਵੀ ਸਮੁੱਚੇ ਮੁਲਕ ਵਿਚ ਜਮਹੂਰੀਅਤ ਅਤੇ ਅਮਨ ਚੈਨ ਸਥਾਈ ਤੌਰ ਤੇ ਕਾਇਮ ਨਹੀ ਰਹਿ ਸਕੇਗਾ । ਇਸ ਲਈ ਇਨ੍ਹਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਹਰ ਉੱਦਮ ਵਿਚ ਘੱਟ ਗਿਣਤੀ ਕੌਮਾਂ ਨੂੰ ਨਾਲ ਲੈਕੇ ਵੀ ਚੱਲਣ ਤੇ ਉਨ੍ਹਾਂ ਨੂੰ ਪੇਸ ਆ ਰਹੀਆ ਮੁਸਕਿਲਾਂ ਦਾ ਸਹੀ ਸਮੇ ਤੇ ਸਹੀ ਢੰਗ ਨਾਲ ਸੰਜੀਦਗੀ ਨਾਲ ਹੱਲ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਇੰਡੀਆ ਦੇ ਬਹੁਗਿਣਤੀ ਨਾਲ ਸੰਬੰਧਤ ਹੁਕਮਰਾਨਾਂ ਵੱਲੋ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਨਿਜਾਮੀ ਪ੍ਰਬੰਧ ਵਿਚ ਨਾਲ ਲੈਕੇ ਨਾ ਚੱਲਣ ਅਤੇ ਉਨ੍ਹਾਂ ਨੂੰ ਦਰਪੇਸ ਆ ਰਹੀਆ ਮੁਸਕਿਲਾਂ ਦਾ ਸਹੀ ਢੰਗ ਨਾਲ ਹੱਲ ਨਾ ਕਰਨ ਉਤੇ ਬਣੇ ਹਾਲਾਤਾਂ ਉਤੇ ਘੋਖਵੀਨਜਰ ਮਾਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਜੇਕਰ ਪੰਜਾਬ ਸੂਬੇ ਤੇ ਗੁਆਢੀ ਸੂਬੇ ਹਰਿਆਣੇ ਦੇ ਕਿਸਾਨ ਅਤੇ ਘੱਟ ਗਿਣਤੀ ਕੌਮਾਂ ਵਿਚ ਵੱਡੇ ਪੱਧਰ ਤੇ ਨਿਰਾਸਾ ਉਤਪੰਨ ਹੋ ਚੁੱਕੀ ਹੈ ਤਾਂ ਇਸਦੀ ਵਜਹ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਵੋਟਰਾਂ ਵੱਲੋ ਸੂਝਵਾਨਤਾ ਨਾਲ ਆਪਣੇ ਵੋਟ ਹੱਕ ਦੀ ਸਹੀ ਵਰਤੋ ਨਾ ਕਰਨਾ ਵੀ ਹੈ । ਜੋ ਅਕਸਰ ਹੀ ਪੰਜਾਬ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਜਮਾਤਾਂ ਬੀਜੇਪੀ, ਆਮ ਆਦਮੀ ਪਾਰਟੀ, ਕਾਂਗਰਸ ਨੂੰ ਬਿਨ੍ਹਾ ਸੋਚੇ ਸਮਝੇ ਵੋਟਾਂ ਪਾ ਦਿੰਦੇ ਹਨ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲਾ ਵਰਤਾਰਾ ਹੈ ਕਿ ਪੰਜਾਬ ਵਿਚ ਸਿੱਖ ਕੌਮ ਨਾਲ ਸੰਬੰਧਤ ਰਵਾਇਤੀ ਪਾਰਟੀ ਬਾਦਲ ਦਲੀਏ ਕਦੀ ਬੀਜੇਪੀ, ਕਦੀ ਕਾਂਗਰਸ, ਕਦੀ ਆਮ ਆਦਮੀ ਪਾਰਟੀ ਦੇ ਸੈਟਰ ਦੇ ਹੁਕਮਰਾਨਾਂ ਵੱਲ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਝੁਕਾ ਕਰ ਜਾਂਦੇ ਹਨ । ਜਿਸ ਨਾਲ ਘੱਟ ਗਿਣਤੀ ਕੌਮਾਂ ਅਤੇ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਮਸਲਿਆ ਨੂੰ ਹੱਲ ਕਰਵਾਉਣ ਵਿਚ ਆਪਣੇ ਪ੍ਰਭਾਵ ਦੀ ਵਰਤੋ ਕਰਨ ਵਿਚ ਅਸਫਲ ਹੋ ਜਾਂਦੇ ਹਨ । ਅਜਿਹੇ ਸਮੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਬੀਤੇ ਸਮੇ ਵਿਚ ਮੁਗਲਾਂ ਦੇ ਰਾਜ ਸਮੇ, ਅੰਗਰੇਜਾਂ ਦੇ ਰਾਜ ਸਮੇ ਅਤੇ ਹੁਣ ਬਹੁਗਿਣਤੀ ਹਿੰਦੂਤਵ ਰਾਜ ਸਮੇ ਘੱਟ ਗਿਣਤੀ ਕੌਮਾਂ ਉਤੇ ਜਬਰ ਤੇ ਬੇਇਨਸਾਫ਼ੀਆਂ ਹੁੰਦੀਆ ਰਹੀਆ ਹਨ । ਮੁਗਲ ਹਕੂਮਤ ਸਮੇ ਮੁਗਲ ਜੇਕਰ ਹਿੰਦੂਆਂ ਨੂੰ ਜ਼ਬਰੀ ਇਸਲਾਮ ਵਿਚ ਸਾਮਿਲ ਕਰਦੇ ਸਨ, ਤਾਂ ਹੁਣ ਵੀ ਬਹੁਗਿਣਤੀ ਹਿੰਦੂ ਰਾਜ ਭਾਗ ਵਿਚ ਘੱਟ ਗਿਣਤੀ ਸਿੱਖ ਕੌਮ ਉਤੇ ਉਸੇ ਤਰ੍ਹਾਂ ਜ਼ਬਰ ਹੋ ਰਿਹਾ ਹੈ । 1984 ਦੇ ਬਲਿਊ ਸਟਾਰ ਦੇ ਫੌ਼ਜੀ ਹਮਲੇ ਸਮੇ ਸਾਡੇ ਵਿਧਾਨਿਕ, ਧਾਰਮਿਕ, ਸਮਾਜਿਕ ਸਭ ਹੱਕ ਕੁੱਚਲ ਦਿੱਤੇ ਗਏ । ਸਾਡੇ ਤੋਸਾਖਾਨਾ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚ ਬੇਸਕੀਮਤੀ ਵਸਤਾਂ, ਦਸਤਾਵੇਜ ਸਾਨੂੰ ਅੱਜ ਤੱਕ ਵਾਪਸ ਨਹੀ ਕੀਤੇ ਗਏ । ਸਾਨੂੰ ਪੰਜਾਬ ਨੂੰ ਕੋਈ ਵੱਡੀ ਇੰਡਸਟਰੀ ਨਹੀ ਦਿੱਤੀ ਜਾ ਰਹੀ । ਸਾਡੀਆ ਉਤਪਾਦ ਕਿਸਾਨੀ ਵਸਤਾਂ ਤੇ ਹੋਰ ਛੋਟੇ ਵਪਾਰੀਆ ਵੱਲੋ ਤਿਆਰ ਕੀਤੀਆ ਗਈਆ ਮਸੀਨਾਂ ਆਦਿ ਨੂੰ ਅੱਛੀ ਕੀਮਤਾਂ ਤੇ ਵੇਚਣ ਲਈ ਸਾਡੀਆ ਸਰਹੱਦਾਂ ਇਹ ਕਹਿਕੇ ਨਹੀ ਖੋਲੀਆ ਜਾ ਰਹੀਆ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ । ਫਿਰ ਗੁਜਰਾਤ ਵੀ ਤਾਂ ਇਕ ਸਰਹੱਦੀ ਸੂਬਾ ਹੈ, ਫਿਰ ਉਥੇ ਤਾਂ ਵੱਡੇ ਰੂਪ ਵਿਚ ਵੱਡੀਆ ਇੰਡਸਟਰੀਆ ਵੀ ਦਿੱਤੀਆ ਗਈਆ ਹਨ ਅਤੇ ਹੁਣੇ ਹੀ ਫਰਾਂਸ ਦੇ ਜਹਾਜ ਬਣਾਉਣ ਦਾ ਵੱਡਾ ਪ੍ਰੌਜੈਕਟ ਵੀ ਉਥੇ ਲਗਾਇਆ ਜਾ ਰਿਹਾ ਹੈ । ਜਦੋਕਿ ਅਜਿਹੇ ਸੁਰੱਖਿਆ ਨਾਲ ਸੰਬੰਧਤ ਉਪਕਰਨ ਬਣਾਉਣ ਦੀ ਕਿਸੇ ਸਰਹੱਦੀ ਸੂਬੇ ਵਿਚ ਨਹੀ ਹੋ ਸਕਦੇ । ਜਦੋ ਗੁਜਰਾਤ ਨੂੰ ਮਾਲੀ, ਸਮਾਜਿਕ ਅਤੇ ਵਪਾਰਕ ਤੌਰ ਤੇ ਮਜਬੂਤ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਨਾਲ ਇਹ ਬੇਇਨਸਾਫ਼ੀ ਮੰਦਭਾਵਨਾ ਅਧੀਨ ਕਿਉਂ ਕੀਤੀ ਜਾ ਰਹੀ ਹੈ ? ਤਾਮਿਲਨਾਡੂ ਦੇ ਮੁੱਖ ਮੰਤਰੀ ਸ੍ਰੀ ਸਟਾਲਿਨ ਆਪਣੇ ਸੂਬੇ ਤੇ ਅਧਾਰਿਤ ਜਦੋ ਤਾਮਿਲ ਭਾਸਾ ਨੂੰ ਆਪਣੇ ਸੂਬੇ ਵਿਚ ਪ੍ਰਫੁੱਲਿਤ ਕਰ ਰਹੇ ਹਨ ਤਾਂ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਤੇ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਵਿਚ ਕਿਉਂ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ ?