ਸ੍ਰੀ ਗਡਕਰੀ ਵੱਲੋਂ ਦਿੱਲੀ ਦੀਆਂ ਸੜਕਾਂ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਜਾਰੀ ਕੀਤੇ ਗਏ 700 ਕਰੋੜ ਰੁਪਏ ਸਵਾਗਤਯੋਗ, ਪਰ ਅੰਮ੍ਰਿਤਸਰ ਸਾਹਿਬ ਨੂੰ ਵੀ ਇਹ ਰਕਮ ਜਾਰੀ ਕੀਤੀ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 22 ਦਸੰਬਰ ( ) “ਇੰਡੀਆਂ ਦੇ ਟਰਾਸਪੋਰਟ ਅਤੇ ਸੜਕਾਂ ਦੇ ਵਜ਼ੀਰ ਸ੍ਰੀ ਨਿਤਿਨ ਗਡਕਰੀ ਵੱਲੋ ਦਿੱਲੀ ਸਟੇਟ ਨੂੰ ਸੁੰਦਰ ਬਣਾਉਣ ਅਤੇ ਉਥੋ ਦੀਆਂ ਸੜਕਾਂ ਨੂੰ ਅੱਵਲ ਦਰਜੇ ਦੀਆਂ ਬਣਾਉਣ ਲਈ ਸੈਟਰਲ ਪੂਲ ਵਿਚੋਂ ਜੋ 700 ਕਰੋੜ ਰੁਪਏ ਦੀ ਵੱਡੀ ਰਕਮ ਜਾਰੀ ਕੀਤੀ ਗਈ ਹੈ, ਇਹ ਅੱਛਾ ਉੱਦਮ ਹੈ । ਜਿਸਦਾ ਅਸੀ ਸਵਾਗਤ ਕਰਦੇ ਹਾਂ । ਪਰ ਪੰਜਾਬ ਦੀ ਪਾਕਿਸਤਾਨ ਸਰਹੱਦ ਨਾਲ ਲੱਗਦੇ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਸਿੱਖ ਕੌਮ ਦਾ ਧਾਰਮਿਕ ਧੂਰਾ ਹੈ, ਜਿਥੇ ਰੋਜ਼ਾਨਾ ਹੀ ਸੰਸਾਰ ਦੇ ਬਾਹਰਲੇ ਮੁਲਕਾਂ ਅਤੇ ਇੰਡੀਆਂ ਦੇ ਦੂਸਰੇ ਸੂਬਿਆਂ ਤੋਂ ਲੱਖਾਂ ਦੀ ਗਿਣਤੀ ਵਿਚ ਰੋਜ਼ਾਨਾ ਹੀ ਸਰਧਾਲੂ ਅਤੇ ਯਾਤਰੂ ਦਰਸ਼ਨ ਕਰਨ ਆਉਦੇ ਹਨ, ਉਸ ਨੂੰ ਹਰ ਪੱਖੋ ਖੂਬਸੂਰਤ ਬਣਾਉਣ ਲਈ, ਉਥੋ ਦੀਆਂ ਸੜਕਾਂ, ਰੇਲਵੇ ਤੇ ਸੜਕੀ ਪੁੱਲਾਂ ਅਤੇ ਉਥੋ ਦੀ ਖੂਬਸੂਰਤੀ ਨੂੰ ਵਧਾਉਣ ਲਈ ਲੈਡ ਸਕੇਪਿੰਗ, ਸੜਕਾਂ ਦੇ ਆਲੇ-ਦੁਆਲੇ ਖੂਬਸੂਰਤ ਦਰੱਖਤਾਂ ਆਦਿ ਨੂੰ ਲਗਾਉਣ ਲਈ ਓਨੀ ਹੀ 700 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾਵੇ ਤਾਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਬਾਹਰੋ ਆਉਣ ਵਾਲੇ ਸਰਧਾਲੂਆਂ ਲਈ ਜਿਥੇ ਆਤਮਿਕ ਖੁਸ਼ੀ ਪ੍ਰਦਾਨ ਕਰਦਾ ਹੈ, ਉਥੇ ਹਰ ਇਨਸਾਨ ਦੇ ਮਨ ਨੂੰ ਦਿਲ ਖਿੱਚਵਾ ਅਕ੍ਰਸਿਤ ਬਣਾਉਣ ਦੇ ਮਿਸਨ ਦੀ ਪੂਰਤੀ ਹੋ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਨਿਤਿਨ ਗਡਕਰੀ ਟਰਾਸਪੋਰਟ ਤੇ ਸੜਕਾਂ ਦੇ ਵਜ਼ੀਰ ਵੱਲੋ ਦਿੱਲੀ ਸਟੇਟ ਨੂੰ ਖੂਬਸੂਰਤ ਬਣਾਉਣ ਲਈ ਸੈਟਰ ਵੱਲੋਂ ਜਾਰੀ ਕੀਤੇ ਗਏ 700 ਕਰੋੜ ਰੁਪਏ ਦਾ ਸਵਾਗਤ ਕਰਦੇ ਹੋਏ ਅਤੇ ਐਨੀ ਹੀ ਰਕਮ ਸ੍ਰੀ ਅੰਮ੍ਰਿਤਸਰ ਸਾਹਿਬ (ਪੰਜਾਬ) ਦੇ ਹਰ ਕੌਮ, ਧਰਮ, ਕਬੀਲੇ ਤੇ ਸੰਸਾਰ ਨਿਵਾਸੀਆ ਲਈ ਆਤਮਿਕ ਤੇ ਮਨ ਦੀ ਸੰਤੁਸਟੀ ਪ੍ਰਦਾਨ ਕਰਨ ਵਾਲੇ ਅੰਮ੍ਰਿਤਸਰ ਸ਼ਹਿਰ ਲਈ ਤੁਰੰਤ ਜਾਰੀ ਕਰਨ ਦੀ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਟਰ ਦੇ ਹੁਕਮਰਾਨ ਕਿਸੇ ਇਕ ਸੂਬੇ ਜਾਂ ਕਿਸੇ ਇਕ ਸ਼ਹਿਰ ਦੇ ਵਜ਼ੀਰ ਨਹੀ ਹੁੰਦੇ ਬਲਕਿ ਉਹ ਸਮੁੱਚੇ ਇੰਡੀਆ ਨਿਵਾਸੀਆ ਅਤੇ ਸਮੁੱਚੇ ਸੂਬਿਆਂ ਦੀ ਬਿਹਤਰੀ ਕਰਨ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਇਖਲਾਕੀ ਜਿੰਮੇਵਾਰੀ ਹੁੰਦੀ ਹੈ । ਇਸ ਲਈ ਸੈਟਰਲ ਪੂਲ ਵਿਚੋ ਸੂਬਿਆਂ ਲਈ ਜਾਰੀ ਹੋਣ ਵਾਲੀਆ ਸਹਿਯੋਗੀ ਰਕਮਾਂ ਕਦੀ ਵੀ ਪੱਖਪਾਤੀ ਨਹੀ ਹੁੰਦੀਆਂ, ਬਲਕਿ ਸਭਨਾਂ ਸੂਬਿਆਂ ਨੂੰ ਆ ਰਹੀ ਕਿਸੇ ਤਰ੍ਹਾਂ ਦੀ ਕਮੀ ਨੂੰ ਪੂਰਾ ਕਰਨ ਦੀ ਵੱਡੀ ਜਿੰਮੇਵਾਰੀ ਹੁੰਦੀ ਹੈ । ਇਸ ਲਈ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਧਾਨਿਕ ਨਿਯਮਾਂ ਅਨੁਸਾਰ ਅਤੇ ਵਿਧਾਨ ਦੀ ਧਾਰਾ 14 ਜੋ ਸਭਨਾਂ ਸੂਬਿਆਂ ਦੇ ਨਿਵਾਸੀਆ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸ ਅਨੁਸਾਰ ਅਸੀ ਜੋਰਦਾਰ ਮੰਗ ਕਰਦੇ ਹਾਂ ਕਿ ਅੰਮ੍ਰਿਤਸਰ ਸ਼ਹਿਰ ਨੂੰ ਵੀ ਖੂਬਸੂਰਤ ਤੇ ਦਿਲ ਖਿੱਚਵਾ ਬਣਾਉਣ ਲਈ ਸੈਟਰ ਸਰਕਾਰ ਜਾਂ ਸ੍ਰੀ ਨਿਤਿਨ ਗਡਕਰੀ 700 ਕਰੋੜ ਰੁਪਏ ਦੀ ਰਕਮ ਜਾਰੀ ਕਰਕੇ ਬਰਾਬਰਤਾ ਦੀ ਸੋਚ ਨੂੰ ਲਾਗੂ ਕਰਨ ਅਤੇ ਅੰਮ੍ਰਿਤਸਰ ਸ਼ਹਿਰ ਦੀ ਧਾਰਮਿਕ ਮਹੱਤਤਾ ਨੂੰ ਮੁੱਖ ਰੱਖਦੇ ਹੋਏ, ਉਥੇ ਆਉਣ-ਜਾਣ ਵਾਲੇ ਵੱਡੀ ਗਿਣਤੀ ਦੇ ਸਰਧਾਲੂਆਂ ਤੇ ਯਾਤਰੂਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਨ ਹਿੱਤ ਖੁੱਲ੍ਹਦਿਲੀ ਨਾਲ ਸੈਟਰਲ ਪੂਲ ਵਿਚੋ ਰਕਮ ਦੇਣ ਤਾਂ ਕਿ ਇਹ ਸ਼ਹਿਰ ਸਰਕਾਰ ਦੀ ਆਮਦਨ ਦਾ ਵੀ ਵੱਡਾ ਸ੍ਰੋਤ ਬਣ ਸਕੇ ਅਤੇ ਦੁਨੀਆਂ ਦੇ ਹਰ ਨਿਵਾਸੀ ਲਈ ਅਜਿਹਾ ਮੌਕਾ ਪ੍ਰਦਾਨ ਕਰੇ ਕਿ ਉਹ ਆਪਣੀ ਜਿੰਦਗੀ ਵਿਚ ਇਕ ਵਾਰ ਜ਼ਰੂਰ ਇਸ ਵੱਡੇ ਧਾਰਮਿਕ ਸਥਾਂਨ ਦੇ ਦਰਸ਼ਨ ਕਰਕੇ ਆਪਣੀ ਆਤਮਿਕ ਸੰਤੁਸਟੀ ਪ੍ਰਾਪਤ ਕਰ ਸਕੇ ।

Leave a Reply

Your email address will not be published. Required fields are marked *