ਪੰਜਾਬ ਦੀ ਅਟਾਰੀ ਅਤੇ ਹੋਰ ਸਰਹੱਦਾਂ ਉਤੇ ਫੜ੍ਹੀਆ ਜਾਣ ਵਾਲੀਆ ਵਸਤਾਂ ਗੋਆ ਨਹੀ, ਪੰਜਾਬ ਦੇ ਅਜਾਇਬਘਰ ਵਿਚ ਰੱਖੀਆ ਜਾਣ : ਮਾਨ

ਫ਼ਤਹਿਗੜ੍ਹ ਸਾਹਿਬ, 12 ਨਵੰਬਰ ( ) “ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਜਿਥੋ ਅਕਸਰ ਅਵਾਜਾਈ ਹੁੰਦੀ ਹੈ, ਇਸ ਅਵਾਜਾਈ ਦੇ ਯਾਤਰੂਆ ਤੋ ਬੀਤੇ ਲੰਮੇ ਸਮੇ ਤੋਂ ਫੜ੍ਹੀਆ ਜਾਣ ਵਾਲੀਆ ਦੁਰਲੱਭ ਯਾਦਗਰੀ ਵਸਤਾਂ ਜਿਵੇ ਪੁਰਾਤਨ ਸਿੱਕੇ, ਮਹਾਤਮਾ ਬੁੱਧ ਦੇ ਬੁੱਤ ਅਤੇ ਹੋਰ ਅਜਿਹੀਆ ਇਤਿਹਾਸਿਕ ਵਸਤਾਂ ਜੋ ਫੜ੍ਹੀਆ ਜਾਂਦੀਆ ਹਨ, ਉਨ੍ਹਾਂ ਨੂੰ ਕਸਟਮ ਵਿਭਾਗ ਦੇ ਅਧਿਕਾਰੀਆ ਵੱਲੋ ਜਾਂ ਪੁਰਾਤਿੱਤਵ ਖੋਜ ਵਿਭਾਗ ਇੰਡੀਆ ਵੱਲੋ ਗੋਆ ਦੇ ਨੈਸ਼ਨਲ ਮਿਊਜੀਅਮ ਵਿਚ ਭੇਜ ਦਿੱਤਾ ਜਾਂਦਾ ਹੈ । ਜਦੋਕਿ ਇਹ ਸਭ ਇਤਿਹਾਸਿਕ ਯਾਦਗਰੀ ਵਸਤਾਂ ਅੰਮ੍ਰਿਤਸਰ ਸਥਿਤ ਅਜਾਇਬਘਰ ਵਿਚ ਸੁਰੱਖਿਅਤ ਹੋਣੀਆ ਚਾਹੀਦੀਆ ਹਨ । ਇਸ ਵਿਸ਼ੇ ਤੇ ਪੁਰਾਤਿੱਤਵ ਵਿਭਾਗ ਇੰਡੀਆ ਅਤੇ ਕਸਟਮ ਵਿਭਾਗ ਦੇ ਅਧਿਕਾਰੀਆ ਨੂੰ ਪੰਜਾਬ ਤੋਂ ਫੜੀਆ ਵਸਤਾਂ ਕਦਾਚਿੱਤ ਦੂਸਰੇ ਸਟੇਟ ਗੋਆ ਵਿਚ ਨਹੀ ਭੇਜਣੀਆ ਚਾਹੀਦੀਆ । ਬਲਕਿ ਉਹ ਅੰਮ੍ਰਿਤਸਰ ਆਉਣ ਵਾਲੇ ਦੁਨੀਆ ਭਰ ਦੇ ਯਾਤਰੀਆ ਨੂੰ ਦਿਖਾਉਣ ਤੇ ਜਾਣਕਾਰੀ ਦੇਣ ਲਈ ਅੰਮ੍ਰਿਤਸਰ ਦੇ ਅਜਾਇਬਘਰ ਵਿਚ ਹੀ ਸੁਸੋਭਿਤ ਕਰਨੀਆ ਬਣਦੀਆ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਟਾਰੀ ਸਰਹੱਦ ਉਤੇ ਸਮੇ-ਸਮੇ ਉਤੇ ਫੜ੍ਹੀਆ ਜਾਣ ਵਾਲੀਆ ਪੁਰਾਤਨ ਇਤਿਹਾਸਿਕ ਯਾਦਗਰੀ ਵਸਤਾਂ ਜਿਵੇ ਸਿੱਕੇ, ਬੁੱਤ, ਮੂਰਤੀਆ ਜੋ ਕਿ 262 ਯਾਦਗਰੀ ਸਿੱਕੇ, 2018 ਸਤੰਬਰ ਵਿਚ ਫੜ੍ਹੇ ਗਏ 65 ਸਿੱਕੇ, ਮਹਾਰਾਜਾ ਰਣਜੀਤ ਸਿੰਘ ਯੂਨਾਨੀ ਅਜੈਲੀਸਸ, ਅਪੋਲੋਡੋਟਸ, ਅਕਬਰ ਜਹਾਂਗੀਰ ਹਿਮਾਯੂ ਅਤੇ ਅੰਗਰੇਜ਼ ਰਾਣੀ ਵਿਕਟੋਰੀਆ ਦੇ ਸਮੇ ਦੇ ਪੁਰਾਤਨ ਸਿੱਕਿਆ ਨੂੰ ਗੋਆ ਭੇਜਣ ਦੀ ਬਜਾਇ ਅੰਮ੍ਰਿਤਸਰ ਅਜਾਇਬਘਰ ਵਿਚ ਰੱਖਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਇਸ ਗੱਲ ਨੂੰ ਅਤਿ ਗੰਭੀਰਤਾ ਅਤੇ ਸਿੱਦਤ ਨਾਲ ਲੈਦੇ ਹੋਏ ਕਿਹਾ ਕਿ ਜੋ ਵੀ ਵਸਤਾਂ, ਯਾਦਗਰਾਂ, ਵਿਰਸੇ-ਵਿਰਾਸਤ, ਸੱਭਿਆਚਾਰ ਪੰਜਾਬ ਨਾਲ ਸੰਬੰਧਤ ਹੈ ਅਤੇ ਜੋ ਪੰਜਾਬ ਵਿਚ ਅਜਿਹੀਆ ਇਤਿਹਾਸਿਕ ਵਸਤਾਂ ਜਾਂ ਪੁਰਾਤਨ ਵਸਤਾਂ ਮਿਲ ਰਹੀਆ ਹਨ, ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦਾ ਪ੍ਰਬੰਧ ਪੰਜਾਬ ਨਾਲ ਸੰਬੰਧਤ ਅਜਾਇਬਘਰ ਵਿਚ ਹੀ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਸੂਬੇ ਵਿਚ ਭੇਜਕੇ ਪੰਜਾਬ ਸੂਬੇ ਤੇ ਪੰਜਾਬੀਆਂ ਨਾਲ ਹੁਕਮਰਾਨਾਂ ਨੂੰ ਅਜਿਹਾ ਵਿਤਕਰਾ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਹਕੂਮਤੀ ਪੱਧਰ ਉਤੇ ਪਹਿਲੋ ਹੀ ਅਜਿਹੀਆ ਕਾਰਵਾਈਆ ਤੇ ਸਾਜਿਸਾਂ ਹੋ ਰਹੀਆ ਹਨ ਜਿਸ ਨਾਲ ਪੰਜਾਬ ਦੇ ਸੱਭਿਆਚਾਰ, ਵਿਰਸੇ-ਵਿਰਾਸਤ, ਯਾਦਗਰਾਂ, ਇਤਿਹਾਸ ਆਦਿ ਨੂੰ ਨੁਕਸਾਨ ਪਹੁੰਚਾਉਣ ਦੇ ਅਮਲ ਹੋ ਰਹੇ ਹਨ । ਅਸੀ ਇਸ ਪ੍ਰੈਸ ਨੋਟ ਰਾਹੀ ਇੰਡੀਆ ਦੇ ਹੁਕਮਰਾਨਾਂ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਪੰਜਾਬ ਦੇ ਕਿਸੇ ਵੀ ਵਿਰਸੇ-ਵਿਰਾਸਤ ਜਾਂ ਇਤਿਹਾਸ ਨਾਲ ਖਿਲਵਾੜ ਨਾ ਕੀਤੀ ਜਾਵੇ ਅਤੇ ਨਾ ਹੀ ਇਸਨੂੰ ਸਾਜਸੀ ਢੰਗਾਂ ਰਾਹੀ ਨੁਕਸਾਨ ਪਹੁੰਚਾਇਆ ਜਾਵੇ । ਬਲਕਿ ਇਸ ਵਿਸ਼ੇ ਤੇ ਹਰ ਤਰ੍ਹਾਂ ਦੀ ਸੰਜ਼ੀਦਗੀ ਤੇ ਜਿ਼ੰਮੇਵਾਰੀ ਵਰਤਦੇ ਹੋਏ ਰਹਿੰਦੀ ਦੁਨੀਆ ਤੱਕ ਸੁਰੱਖਿਅਤ ਰੱਖਣ ਦੀ ਜਿ਼ੰਮੇਵਾਰੀ ਨਿਭਾਈ ਜਾਵੇ ।

Leave a Reply

Your email address will not be published. Required fields are marked *