ਬਰਤਾਨੀਆ ਵਿਚ ਆਰ.ਐਸ.ਐਸ. ਦੇ ਪੈਰੋਕਾਰ ਰਿਸੀ ਸੁਨਾਕ ਦਾ ਵਜ਼ੀਰ-ਏ-ਆਜਮ ਦੇ ਅਹੁਦੇ ਲਈ ਅੱਗੇ ਆਉਣਾ ਗਹਿਰੀ ਚਿੰਤਾ ਦਾ ਵਿਸ਼ਾ : ਮਾਨ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ ( ) “ਬਰਤਾਨੀਆ ਦੇ ਮੁਲਕ ਵਿਚ ਜੋ ਹੁਣੇ ਹੀ ਆਰ.ਐਸ.ਐਸ. ਦੇ ਕੱਟੜਵਾਦੀ ਪੈਰੋਕਾਰ ਰਿਸੀ ਸੁਨਾਕ ਵੱਲੋ ਉਥੋ ਦੇ ਵਜ਼ੀਰ-ਏ-ਆਜਮ ਦੇ ਅਹੁਦੇ ਲਈ ਪਹਿਲੀ ਕਤਾਰ ਵਿਚ ਆਉਣ ਦਾ ਦੁੱਖਦਾਇਕ ਅਮਲ ਜਿਥੇ ਬਰਤਾਨੀਆ ਵਿਚ ਵੱਸਣ ਵਾਲੇ ਸਿੱਖਾਂ ਅਤੇ ਘੱਟ ਗਿਣਤੀਆ ਲਈ ਗਹਿਰੀ ਚਿੰਤਾ ਦਾ ਵਿਸ਼ਾ ਹੈ, ਉਥੇ ਇਹ ਅਮਲ ਇਹ ਵੀ ਪ੍ਰਤੱਖ ਕਰਦਾ ਹੈ ਕਿ ਜਿਵੇ ਕਸ਼ਮੀਰ ਤੇ ਇੰਡੀਆ ਵਿਚ ਹਿੰਦੂ ਰਾਸਟਰ ਵੱਲ ਹੁਕਮਰਾਨ ਤੇਜੀ ਨਾਲ ਵੱਧ ਰਿਹਾ ਹੈ, ਉਸੇ ਤਰ੍ਹਾਂ ਬਰਤਾਨੀਆ ਵਿਚ ਵੀ ਇਹ ਵਰਤਾਰਾ ਇਨਸਾਫ਼ ਪਸ਼ੰਦ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਵਾਲੇ ਇਨਸਾਨਾਂ ਲਈ ਖ਼ਤਰੇ ਦੀ ਘੰਟੀ ਹੈ ਜਿਸ ਤੋ ਉਥੇ ਬਰਤਾਨੀਆ ਵਿਚ ਵਿਚਰਣ ਵਾਲੇ ਸਿੱਖਾਂ ਅਤੇ ਸਿੱਖ ਆਗੂਆਂ ਨੂੰ ਕੋਈ ਅਜਿਹੀ ਰਣਨੀਤੀ ਬਣਾਉਣੀ ਪਵੇਗੀ ਜਿਸ ਨਾਲ ਉਥੇ ਆਰ.ਐਸ.ਐਸ. ਆਪਣੇ ਹਿੰਦੂਤਵ ਸੋਚ ਵਾਲੇ ਪ੍ਰੋਗਰਾਮ ਨੂੰ ਲਾਗੂ ਕਰਨ ਵਿਚ ਕਾਮਯਾਬ ਨਾ ਹੋ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰ.ਐਸ.ਐਸ. ਦੇ ਕੱਟੜਵਾਦੀ ਪੈਰੋਕਾਰ ਵੱਲੋ ਬਰਤਾਨੀਆ ਦੇ ਵਜ਼ੀਰ-ਏ-ਆਜਮ ਦੇ ਅਹੁਦੇ ਉਤੇ ਕਾਬਜ ਹੋ ਜਾਣ ਦੇ ਅਮਲਾਂ ਨੂੰ ਦੁੱਖਦਾਇਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਸ੍ਰੀ ਸੁਨਾਕ ਆਰ.ਐਸ.ਐਸ. ਦੀ ਸੋਚ ਦੇ ਹਾਮੀ ਹਨ । ਇਸ ਲਈ ਇੰਡੀਆ ਦੇ ਹੁਕਮਰਾਨ ਅਤੇ ਆਰ.ਐਸ.ਐਸ. ਜਮਾਤ ਨੇ ਉਸਨੂੰ ਇਸ ਨਿਸ਼ਾਨੇ ਤੇ ਪਹੁੰਚਾਉਣ ਲਈ ਬਹੁਤ ਵੱਡਾ ਖ਼ਰਚ ਕੀਤਾ ਹੈ । ਇਸੇ ਤਰ੍ਹਾਂ ਬੀਬੀ ਪ੍ਰੀਤੀ ਪਟੇਲ ਜੋ ਬਰਤਾਨੀਆ ਦੀ ਗ੍ਰਹਿ ਵਜ਼ੀਰ ਹੈ, ਉਸ ਵੱਲੋ ਬੀਤੇ ਸਮੇਂ ਵਿਚ ਅਮਰੀਕਾ ਦੇ ਦੌਰੇ ਸਮੇਂ ਸਿੱਖਾਂ ਵਿਰੁੱਧ ਨਫ਼ਰਤ ਭਰੀ ਬਿਆਨਬਾਜੀ ਕਰਕੇ ਅਮਰੀਕਨ ਸਿੱਖਾਂ ਨੂੰ ਅਮਰੀਕਾ ਹਕੂਮਤ ਵਿਚ ਬਦਨਾਮ ਕਰਨ ਦੀ ਅਸਫਲ ਕੋਸਿ਼ਸ਼ ਕੀਤੀ ਸੀ । ਅਜਿਹਾ ਆਰ.ਐਸ.ਐਸ. ਦੀ ਸੋਚ ਦੀ ਕੜੀ ਅਧੀਨ ਉਸ ਸਮੇ ਵੀ ਕੀਤਾ ਗਿਆ ਸੀ ਅਤੇ ਆਉਣ ਵਾਲੇ ਸਮੇ ਵਿਚ ਵੀ ਇਹ ਫਿਰਕੂ ਲੋਕ ਬਰਤਾਨੀਆ ਤੇ ਹੋਰ ਮੁਲਕਾਂ ਵਿਚ ਸਰਬੱਤ ਦਾ ਭਲਾ ਲੌੜਨ ਵਾਲੀ ਸਿੱਖ ਕੌਮ ਵਿਰੁੱਧ ਨਫਰਤ ਭਰਿਆ ਪ੍ਰਚਾਰ ਕਰ ਸਕਦੇ ਹਨ ਜਿਸ ਤੋ ਬਰਤਾਨੀਆ ਅਤੇ ਹੋਰ ਬਾਹਰਲੇ ਮੁਲਕਾਂ ਦੇ ਸਿੱਖਾਂ ਨੂੰ ਹਰ ਪੱਖੋ ਸੁਚੇਤ ਰਹਿਕੇ ਇਸਨੂੰ ਕਾਟ ਕਰਨ ਲਈ ਯੋਜਨਾਬੰਧ ਢੰਗ ਨਾਲ ਸਮੂਹਿਕ ਤੌਰ ਤੇ ਵਿਚਰਣਾ ਵੀ ਪਵੇਗਾ ਅਤੇ ਸਿੱਖ ਕੌਮ ਦੀ ਇਨਸਾਨੀਅਤ ਤੇ ਮਨੁੱਖਤਾ ਪੱਖੀ ਸੋਚ ਨੂੰ ਉਜਾਗਰ ਕਰਦੇ ਹੋਏ ਅਤੇ ਇਨ੍ਹਾਂ ਦੇ ਹਿੰਦੂਤਵ ਮਨੁੱਖਤਾ ਵਿਰੋਧੀ ਸੋਚ ਦਾ ਪਰਦਾਫਾਸ ਕਰਦੇ ਹੋਏ ਜਿ਼ੰਮੇਵਾਰੀਆ ਨਿਭਾਉਣੀਆ ਪੈਣਗੀਆ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬਰਤਾਨੀਆ ਤੇ ਹੋਰ ਯੂਰਪਿੰਨ ਮੁਲਕਾਂ ਦੇ ਸਿੱਖ ਇਸ ਵਿਸ਼ੇ ਤੇ ਸੰਜ਼ੀਦਗੀ ਨਾਲ ਸੁਚੇਤ ਰਹਿੰਦੇ ਹੋਏ ਸਿੱਖ ਕੌਮ ਵਿਰੁੱਧ ਹੋਣ ਵਾਲੇ ਪ੍ਰਚਾਰ ਨੂੰ ਬਾਦਲੀਲ ਢੰਗ ਨਾਲ ਜਿਥੇ ਜਿ਼ੰਮੇਵਾਰੀ ਨਿਭਾਉਣਗੇ, ਉਥੇ ਬਰਤਾਨੀਆ ਵਿਚ ਵੀ ‘ਹਿੰਦੂ ਰਾਸਟਰ’ ਦੇ ਅਮਲ ਨੂੰ ਹਰ ਕੀਮਤ ਤੇ ਰੋਕਣਗੇ । ਉਨ੍ਹਾਂ ਕਿਹਾ ਕਿ ਇਨ੍ਹਾਂ ਫਿਰਕੂਆਂ ਦੇ ਅਮਲਾਂ ਦੀ ਬਦੌਲਤ ਹੀ ਜੰਮੂ-ਕਸ਼ਮੀਰ ਸਟੇਟ ਪੂਰਨ ਰੂਪ ਵਿਚ ਹਿੰਦੂ ਰਾਸਟਰ ਬਣਾ ਦਿੱਤਾ ਹੈ । ਇਹੀ ਵਜਹ ਹੈ ਕਿ ਮੈਨੂੰ ਅਤੇ ਇਸ ਪਾਰਟੀ ਦੇ ਡੈਪੂਟੇਸਨ ਨੂੰ ਇਨ੍ਹਾਂ ਫਿਰਕੂਆ ਦੇ ਆਦੇਸ਼ਾਂ ਤੇ ਕਠੂਆ ਜਿ਼ਲ੍ਹਾ ਪ੍ਰਸ਼ਾਸਨ ਨੇ ਜੰਮੂ-ਕਸ਼ਮੀਰ ਵਿਚ ਮੇਰਾ ਦਾਖਲਾ ਨਹੀ ਹੋਣ ਦਿੱਤਾ । 

ਉਨ੍ਹਾਂ ਇਸ ਗੱਲ ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਗਹਿਰਾ ਅਫਸੋਸ ਪ੍ਰਗਟ ਕੀਤਾ ਕਿ ਬੀਬੀ ਲਿਜ ਟਰੱਸ ਇਸ ਅਹਿਮ ਅਹੁਦੇ ਦੀ ਦੌੜ ਵਿਚ ਆਰ.ਐਸ.ਐਸ. ਦੀਆਂ ਸਾਜਿਸਾਂ ਦੀ ਬਦੌਲਤ ਜਿੱਤ ਪ੍ਰਾਪਤ ਨਹੀ ਕਰ ਸਕੇ ਇਸਦਾ ਸਾਨੂੰ ਹਮੇਸ਼ਾਂ ਅਫਸੋਸ ਰਹੇਗਾ । ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਨਮਈ ਤੇ ਜਮਹੂਰੀਅਤ ਪ੍ਰਣਾਲੀ, ਢੰਗਾਂ ਦਾ ਹਾਮੀ ਹੈ ਅਤੇ ਮਨੁੱਖੀ ਅਧਿਕਾਰਾਂ ਲਈ ਹਮੇਸ਼ਾਂ ਸੰਜ਼ੀਦਾ ਰਿਹਾ ਹੈ । ਬੀਬੀ ਟਰੱਸ ਵੀ ਸਾਡੇ ਇਨ੍ਹਾਂ ਮਨੁੱਖਤਾ ਪੱਖੀ ਸੋਚਾਂ ਦੀ ਮਦਈ ਰਹੀ ਹੈ ਅਤੇ ਅਮਲ ਕਰਦੇ ਰਹੇ ਹਨ ।

Leave a Reply

Your email address will not be published. Required fields are marked *

You missed