ਜੰਮੂ ਸਰਹੱਦ ਲਖਨਪੁਰ ਵਿਖੇ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਨੇ ਸਰਕਾਰੀ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 21 ਅਕਤੂਬਰ ( ) “ਮੌਜੂਦਾ ਸੈਂਟਰ ਦੀ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ. ਵੱਲੋ ਸਮੁੱਚੇ ਮੁਲਕ ਵਿਚ ਮੀਡੀਏ ਉਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਸ਼ਮੀਰ ਤੋ ਲੈਕੇ ਕੰਨਿਆਕੁਮਾਰੀ ਤੱਕ ਇੰਡੀਆ ਇਕ ਹੈ ਅਤੇ ਇਥੋ ਦੇ ਨਿਵਾਸੀਆ ਉਤੇ ਇਕੋ ਤਰ੍ਹਾਂ ਦੇ ਕਾਨੂੰਨ, ਨਿਯਮ ਲਾਗੂ ਹੁੰਦੇ ਹਨ । ਸਭਨਾਂ ਨੂੰ ਬਰਾਬਰਤਾ ਦਾ ਹੱਕ ਵੀ ਹੈ ਅਤੇ ਆਜਾਦੀ ਨਾਲ ਵਿਚਰਣ, ਵਿਚਾਰ ਪ੍ਰਗਟ ਕਰਨ ਅਤੇ ਅਮਨਮਈ ਢੰਗ ਨਾਲ ਰੋਸ਼ ਕਰਨ ਦੇ ਅਧਿਕਾਰ ਹਾਸਿਲ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਜੋ ਆਪਣੇ ਪਾਰਟੀ ਦੇ 25 ਮੈਬਰੀ ਅਹੁਦੇਦਾਰਾਂ ਦੇ ਡੈਪੂਟੇਸਨ ਨਾਲ ਪੰਜਾਬ ਤੋਂ ਕਸ਼ਮੀਰ ਲਈ 17 ਅਕਤੂਬਰ ਨੂੰ ਉਥੋ ਦੇ ਕਸ਼ਮੀਰੀ ਨਿਵਾਸੀਆ ਨਾਲ ਮੁਲਾਕਾਤ ਕਰਨ, ਕਸ਼ਮੀਰੀ ਆਗੂਆ ਨਾਲ ਗੱਲਬਾਤ ਕਰਨ ਅਤੇ ਆਪਣੀਆ ਇਨਸਾਨੀ ਸਾਂਝਾ ਤੇ ਵਿਚਾਰਾਂ ਦਾ ਤਬਾਦਲਾ ਕਰਨ ਹਿੱਤ ਦੌਰੇ ਤੇ ਗਏ ਸਨ । ਉਨ੍ਹਾਂ ਨੂੰ ਜੰਮੂ ਦੀ ਸਰਹੱਦ ਲਖਨਪੁਰ ਵਿਖੇ ਜੰਮੂ ਕਸ਼ਮੀਰ ਦੇ ਕਠੂਆ ਜਿ਼ਲ੍ਹੇ ਦੇ ਪ੍ਰਸ਼ਾਸਨ ਅਤੇ ਪੁਲਿਸ ਨੇ ਜੰਮੂ ਜੋ ਇੰਡੀਆ ਦਾ ਹੀ ਇਕ ਸਟੇਟ ਹੈ, ਉਸ ਵਿਚ ਦਾਖਲ ਹੋਣ ਤੋ ਜ਼ਬਰੀ ਇਸ ਕਰਕੇ ਰੋਕ ਦਿੱਤਾ ਗਿਆ ਕਿਉਂਕਿ ਅਜਿਹਾ ਸੈਟਰ ਦੀ ਮੋਦੀ ਹਕੂਮਤ ਦੇ ਜੁਬਾਨੀ ਹੁਕਮਾ ਨੂੰ ਪੂਰਨ ਕਰਨ ਅਤੇ ਸਾਡੇ ਵਿਧਾਨਿਕ ਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਨੂੰ ਕੁੱਚਲਣ ਦਾ ਅਤਿ ਦੁੱਖਦਾਇਕ ਵਰਤਾਰਾ ਹੋਇਆ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਇਸ ਮੁਲਕ ਦੀ ਫਿਰਕੂ ਮੋਦੀ ਹਕੂਮਤ ਨੂੰ ਜਨਤਕ ਤੌਰ ਤੇ ਪੁੱਛਣਾ ਚਾਹੇਗਾ ਕਿ ਇਸ ਇੰਡੀਆ ਵਿਚ ਬਹੁਗਿਣਤੀ ਲਈ ਕਾਨੂੰਨ ਤੇ ਵਿਧਾਨ ਹੋਰ ਹੈ ਅਤੇ ਸਿੱਖ ਕੌਮ ਵਰਗੀ ਸਰਬੱਤ ਦਾ ਭਲਾ ਚਾਹੁੰਣ ਵਾਲੀ ਕੌਮ ਲਈ ਇਥੇ ਵੱਖਰੇ ਜੁਬਾਨੀ ਕਾਨੂੰਨ ਅਤੇ ਨਿਯਮ ਲਾਗੂ ਕਰਕੇ ਵੱਡਾ ਜ਼ਬਰ ਤੇ ਅਨਿਆਏ ਨਹੀ ਕੀਤਾ ਜਾ ਰਿਹਾ?”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ 5 ਦਿਨਾਂ ਤੋ ਜੰਮੂ ਦੀ ਸਰਹੱਦ ਲਖਨਪੁਰ ਵਿਖੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਨੂੰ ਪ੍ਰਸ਼ਾਸਨ ਵੱਲੋ ਜ਼ਬਰੀ ਰੋਕੇ ਜਾਣ ਦੇ ਹਕੂਮਤੀ ਜ਼ਬਰ ਦਾ ਜੰਮੂ ਕਸਮੀਰ ਦੀਆਂ ਸੰਗਤਾਂ ਦੇ ਵੱਡੇ ਸਹਿਯੋਗ ਨਾਲ ਸਬਰ ਨਾਲ ਮੁਕਾਬਲਾ ਕਰਦੇ ਹੋਏ ਅਤੇ ਆਪਣੇ ਵਿਧਾਨਿਕ ਅਤੇ ਮਨੁੱਖੀ ਅਧਿਕਾਰਾ ਨਾਲ ਸੰਬੰਧਤ ਮੁੱਢਲੇ ਹੱਕਾਂ ਨੂੰ ਹੁਕਮਰਾਨਾਂ ਵੱਲੋ ਜ਼ਬਰੀ ਕੁੱਚਲਣ ਵਿਰੁੱਧ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਆਵਾਜ ਉਠਾਉਣ ਦੀ ਗੱਲ ਕਰਦੇ ਹੋਏ ਹਕੂਮਤੀ ਵਰਤਾਰੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਸਾਹਮਣੇ ਜਦੋ ਵੀ ਅਜਿਹਾ ਕੋਈ ਹਕੂਮਤੀ ਜ਼ਬਰ ਦਾ ਸਮਾਂ ਆਇਆ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਨੇ ਆਪਣੀਆ ਸਿੱਖੀ ਕੌਮੀ ਪੰ੍ਰਪਰਾਵਾ ਉਤੇ ਪਹਿਰਾ ਦਿੰਦੇ ਹੋਏ ਅਜਿਹੇ ਹਕੂਮਤੀ ਜ਼ਬਰ ਦਾ ਹਮੇਸ਼ਾਂ ਸਬਰ ਨਾਲ ਹੀ ਮੁਕਾਬਲਾ ਕੀਤਾ ਹੈ । ਅੱਜ ਵੀ ਲਖਨਪੁਰ ਵਿਖੇ ਜੰਮੂ-ਕਸ਼ਮੀਰ ਦੀਆਂ ਸਿੱਖ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਵਿਚ ਪਹੁੰਚੀ ਨੌਜ਼ਵਾਨੀ ਨੇ ਆਪਣੇ ਕੌਮੀ ਮਹਿਬੂਬ ਆਗੂ ਸ. ਸਿਮਰਨਜੀਤ ਸਿੰਘ ਮਾਨ ਦੀ ਹੌਸਲਾ ਅਫਜਾਈ ਕਰਦੇ ਹੋਏ ਉਥੇ ਜੋ ਹਾਜਰੀ ਭਰੀ ਹੈ, ਲੰਗਰ, ਰਸਦ ਅਤੇ ਹੋਰ ਲੌੜੀਦੀਆ ਵਸਤਾਂ ਦੀ ਸੇਵਾ ਕਰਕੇ ਕੌਮੀ ਰਵਾਇਤਾ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕੀਤਾ ਹੈ, ਉਸ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਭਾਵੇ ਬਾਬਰ-ਜਾਬਰ ਦੀ ਤਰ੍ਹਾਂ ਮੌਜੂਦਾ ਸੈਟਰ ਦੀ ਮੋਦੀ ਹਕੂਮਤ ਸ. ਸਿਮਰਨਜੀਤ ਸਿੰਘ ਮਾਨ ਵਰਗੀ ਦ੍ਰਿੜ ਸਖਸ਼ੀਅਤ ਨੂੰ ਆਪਣੇ ਹੀ ਮੁਲਕ ਦੇ ਇਕ ਹਿੱਸੇ ਵਿਚ ਜਾਣ ਤੋ ਗੈਰ ਵਿਧਾਨਿਕ ਢੰਗ ਰਾਹੀ ਜ਼ਬਰੀ ਰੋਕਣ ਵਾਲੀ ਮੰਦਭਾਵਨਾ ਵਿਚ ਕਾਮਯਾਬ ਹੋ ਗਈ ਹੈ, ਪਰ ਬੀਤੇ 5 ਦਿਨਾਂ ਦੇ ਲਖਨਪੁਰ ਵਿਖੇ ਚੱਲ ਰਹੇ ਸੰਘਰਸ਼ ਨੇ ਕੌਮਾਂਤਰੀ ਪੱਧਰ ਤੇ ਇਹ ਆਵਾਜ ਬੁਲੰਦ ਕਰ ਦਿੱਤੀ ਹੈ ਕਿ ਇੰਡੀਆ ਵਿਚ ਇਥੋ ਦੇ ਹੁਕਮਰਾਨ, ਸਿੱਖ ਕੌਮ ਅਤੇ ਸਿੱਖ ਲੀਡਰਸਿਪ ਨਾਲ ਦੂਜੇ ਦਰਜੇ ਦੇ ਸਹਿਰੀਆ ਦੀ ਤਰ੍ਹਾਂ ਜਾਲਮਨਾ ਤੇ ਵਿਤਕਰੇ ਭਰੇ ਅਮਲ ਕਰ ਰਹੇ ਹਨ । ਜਦੋਕਿ ਸਿੱਖ ਕੌਮ ਇਸ ਹਕੂਮਤੀ ਜ਼ਬਰ ਨੂੰ ਸਬਰ ਨਾਲ ਮਾਤ ਦੇਣ ਵੱਲ ਵੱਧ ਰਹੀ ਹੈ । ਇਸ 5 ਦਿਨਾਂ ਦੇ ਜਬਰ ਦੇ ਵਰਤਾਰੇ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਜਾਬਰ ਹੁਕਮਰਾਨ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਵੱਲੋ ਬਖਸਿ਼ਸ ਹੋਏ ਦ੍ਰਿੜ ਇਰਾਦੇ, ਜਮਹੂਰੀਅਤ ਅਤੇ ਇਖਲਾਕੀ ਕਦਰਾ-ਕੀਮਤਾ ਰਾਹੀ ਹਰ ਜ਼ਬਰ ਵਿਰੁੱਧ ਆਵਾਜ ਉਠਾਉਣ ਦੇ ਨਿਭਾਏ ਜਾ ਰਹੇ ਫਰਜਾਂ ਅਤੇ ਕੌਮ ਦੀ ਸਰਬੱਤ ਦੇ ਭਲੇ ਦੀ ਸੋਚ ਉਤੇ ਪਹਿਰਾ ਦਿੰਦੇ ਹੋਏ ਆਪਣੇ ਮਿਸਨ ਨੂੰ ਪੂਰਾ ਕਰਨ ਦੀ ਭਾਵਨਾ ਨੂੰ ਮੋਦੀ ਦੀ ਹਿੰਦੂ ਹਕੂਮਤ, ਉਨ੍ਹਾਂ ਦੀਆਂ ਫ਼ੌਜਾਂ, ਅਰਧ ਸੈਨਿਕ ਬਲ ਜਾਂ ਮੰਦਭਾਵਨਾ ਭਰੀਆ ਸਾਜਿਸਾਂ ਆਪਣੀ ਮੰਜਿਲ ਉਤੇ ਪਹੁੰਚਣ ਅਤੇ ਆਪਣੇ ਮਨੁੱਖਤਾ ਪੱਖੀ ਉਦਮਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀ ਪਾ ਸਕਣਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਆਪਣੇ ਕਸਮੀਰੀ ਭਰਾਵਾਂ ਅਤੇ ਉਥੋ ਦੇ ਨਿਵਾਸੀਆ ਦੇ ਹਰ ਦੁੱਖ-ਸੁੱਖ ਵਿਚ ਸਮੂਲੀਅਤ ਕਰਦੀ ਹੋਈ ਹਕੂਮਤੀ ਜ਼ਬਰ ਦਾ ਡੱਟਕੇ ਮੁਕਾਬਲਾ ਵੀ ਕਰਦੀ ਰਹੇਗੀ ਅਤੇ ਆਪਣੀ ਆਜਾਦੀ ਦੇ ਮਿਸਨ ਨੂੰ ਵੀ ਜਮਹੂਰੀਅਤ ਢੰਗਾਂ ਰਾਹੀ ਪ੍ਰਾਪਤ ਕਰਕੇ ਰਹੇਗੀ ।

Leave a Reply

Your email address will not be published. Required fields are marked *

You missed