ਆਵਾਰਾ ਫਿਰਦੀਆਂ ਗਾਵਾਂ ਨੂੰ ਸੁਰੱਖਿਅਤ ਗਊਸਲਾਵਾਂ ਵਿਚ ਰੱਖਣ ਦਾ ਅਤੇ ਹਰ ਗਊ ਲਈ ਘੱਟੋ-ਘੱਟ 200 ਰੁਪਏ ਦਾ ਚਾਰੇ ਦਾ ਪ੍ਰਬੰਧ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 17 ਅਗਸਤ ( ) “ਇੰਡੀਆਂ ਦੀ ਬਹੁਗਿਣਤੀ ਹਿੰਦੂ ਕੌਮ ਗਊ ਨੂੰ ‘ਮਾਤਾ’ ਦਾ ਦਰਜਾ ਦੇ ਕੇ ਵਿਚਰਦੀ ਆ ਰਹੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹਿੰਦੂਤਵ ਹੁਕਮਰਾਨ ਅਤੇ ਗਊਸਲਾਵਾਂ ਦੇ ਪ੍ਰਬੰਧਕ ਇਨ੍ਹਾਂ ਬੇਜੁਬਾਨ ਗਊਆਂ ਨੂੰ ਮੁਲਕ ਵਿਚ ਬਣੀਆ ਵੱਖ-ਵੱਖ ਗਊਸਲਾਵਾਂ ਵਿਚ ਦੇਖਭਾਲ ਕਰਨ, ਉਨ੍ਹਾਂ ਦੇ ਚਾਰੇ ਦਾ ਪ੍ਰਬੰਧ ਕਰਨ, ਸੜਕਾਂ ਉਤੇ ਫਿਰਨ ਵਾਲੀਆ ਇਨ੍ਹਾਂ ਗਊਆਂ ਦੀ ਬਦੌਲਤ ਬਹੁਤ ਭਾਰੀ ਜਾਨੀ-ਮਾਲੀ ਨੁਕਸਾਨ ਹੋਣ ਅਤੇ ਇਨ੍ਹਾਂ ਜਖ਼ਮੀ ਹੋਈਆਂ ਗਊਆਂ ਨੂੰ ਤੁਰੰਤ ਡੰਗਰ ਹਸਪਤਾਲਾਂ ਵਿਚ ਲਿਜਾਕੇ ਇਲਾਜ ਕਰਵਾਉਣ ਦਾ ਕੋਈ ਵੀ ਪ੍ਰਬੰਧ ਨਹੀ ਕੀਤਾ ਜਾ ਰਿਹਾ । ਜਿਸ ਨਾਲ ਮਾਤਾ ਕਹਾਉਣ ਵਾਲੀਆ ਗਊਆਂ ਨਿੱਤ ਦਿਹਾੜੇ ਚਾਰੇ ਤੋਂ ਭੁੱਖੀਆ ਰਹਿਕੇ ਸੜਕਾਂ ਤੇ ਅਵਾਰਾ ਘੁੰਮਦੀਆਂ ਹੋਈਆ ਵੱਡੇ ਐਕਸੀਡੈਟਾਂ ਦਾ ਕਾਰਨ ਵੀ ਬਣ ਰਹੀਆ ਹਨ ਅਤੇ ਖੁਦ ਵੀ ਵੱਡੀ ਗਿਣਤੀ ਵਿਚ ਜਖ਼ਮੀ ਹੋ ਰਹੀਆ ਹਨ । ਜਦੋਕਿ ਇੰਡੀਆ ਦੇ ਹੁਕਮਰਾਨ ਇਥੇ ਵਿਕਣ ਵਾਲੀ ਹਰ ਵਸਤੂ ਉਤੇ ਗਊ ਟੈਕਸ ਵੀ ਲਗਾਉਦੇ ਹਨ । ਫਿਰ ਵੀ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਅਤੇ ਚਾਰੇ ਲਈ ਪ੍ਰਬੰਧ ਨਾ ਕਰਨਾ ਹੁਕਮਰਾਨਾਂ ਅਤੇ ਹਿੰਦੂ ਧਰਮ ਵਿਚ ਗਊ ਨੂੰ ਮਾਤਾ ਮੰਨਣ ਵਾਲਿਆ ਲਈ ਬਹੁਤ ਹੀ ਅਫ਼ਸੋਸਨਾਕ ਗੈਰ ਜਿ਼ੰਮੇਵਰਾਨਾਂ ਦੁੱਖਦਾਇਕ ਅਮਲ ਹੋ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਿੱਤ ਦਿਹਾੜੇ ਸੜਕਾਂ ਉਤੇ ਫਿਰਨ ਵਾਲੀਆ ਬੇਜੁਬਾਨ ਗਊਆਂ ਨੂੰ ਸੁਰੱਖਿਅਤ ਰੱਖਣ ਲਈ ਗਊਸਲਾਵਾਂ ਦਾ ਉਚੇਚੇ ਤੌਰ ਤੇ ਪ੍ਰਬੰਧ ਨਾ ਕਰਨ ਅਤੇ ਉਨ੍ਹਾਂ ਲਈ ਚਾਰੇ ਦਾ ਹਕੂਮਤੀ ਪੱਧਰ ਤੇ ਬਣਦਾ ਪ੍ਰਬੰਧ ਨਾ ਕਰਨ ਦੀ ਕਾਰਵਾਈ ਨੂੰ ਗੈਰ ਜਿ਼ੰਮੇਵਰਾਨਾਂ ਕਰਾਰ ਦਿੰਦੇ ਹੋਏ ਅਤੇ ਹਕੂਮਤ ਨੂੰ ਹੀ ਰੋਜਾਨਾ ਹੋਣ ਵਾਲੇ ਸੜਕਾਂ ਉਤੇ ਐਕਸੀਡੈਟਾਂ ਦੀ ਵਜਹ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੈਂ ਜਦੋਂ 1999-2004 ਵਿਚ ਪਾਰਲੀਮੈਟ ਮੈਬਰ ਸੀ, ਉਸ ਸਮੇਂ ਪਾਰਲੀਮੈਂਟ ਵਿਚ ਗਊਆਂ ਦੀ ਅੱਛੇ ਢੰਗ ਨਾਲ ਸੰਭਾਲ ਕਰਨ ਅਤੇ ਉਨ੍ਹਾਂ ਦੇ ਰੋਜਾਨਾ ਖਾਂਣੇ ਦੇ ਚਾਰੇ ਲਈ ਪ੍ਰਬੰਧ ਕਰਨ ਲਈ ਉਚੇਚੇ ਤੌਰ ਤੇ ਸਮੁੱਚੇ ਹਾਊਂਸ ਨੂੰ ਜਾਣੂ ਕਰਵਾਉਦੇ ਹੋਏ ਇਹ ਪ੍ਰਬੰਧ ਪਹਿਲ ਦੇ ਆਧਾਰ ਤੇ ਕਰਨ ਦੀ ਬੇਨਤੀ ਕੀਤੀ ਸੀ । ਪਰ ਪਰਾਣਾਲਾ ਉਥੇ ਦਾ ਉਥੇ ਹੀ ਹੈ । ਉਨ੍ਹਾਂ ਕਿਹਾ ਕਿ ਜਦੋ ਇਹ ਗਊ ਮਾਤਾਵਾਂ ਦੁੱਧ ਦਿੰਦੀਆ ਹਨ, ਤਾਂ ਸਭ ਇਨ੍ਹਾਂ ਨੂੰ ਸਾਂਭਕੇ ਰੱਖਦੇ ਹਨ, ਪਰ ਜਦੋ ਦੁੱਧ ਦੇਣ ਤੋ ਜੁਆਬ ਦੇ ਦਿੰਦੀਆ ਹਨ, ਤਾਂ ਸੜਕਾਂ ਉਤੇ ਅਵਾਰਾ ਛੱਡਕੇ ਇਖਲਾਕੀ, ਇਨਸਾਨੀ ਅਤੇ ਸਮਾਜਿਕ ਤੌਰ ਤੇ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲਿਆ ਲਈ ਕੋਈ ਕਾਨੂੰਨੀ ਪ੍ਰਬੰਧ ਵੀ ਹੋਣਾ ਚਾਹੀਦਾ ਹੈ । ਤਾਂ ਕਿ ਕੋਈ ਵੀ ਆਪਣੇ ਡੰਗਰ-ਵੱਛੇ ਨੂੰ ਇਸ ਤਰ੍ਹਾਂ ਸੜਕਾਂ, ਗਲੀਆਂ, ਨਾਲੀਆ ਵਿਚ ਘੁੰਮਣ ਲਈ ਆਜਾਦ ਨਾ ਛੱਡ ਸਕੇ ਅਤੇ ਹੋਣ ਵਾਲੇ ਐਕਸੀਡੈਟਾਂ ਦੇ ਨੁਕਸਾਨ ਤੋ ਬਚਿਆ ਜਾ ਸਕੇ । ਉਨ੍ਹਾਂ ਕਿਹਾ ਕਿ ਜਦੋ ਮੈਂ ਸੰਗਰੂਰ ਤੋ ਪਾਰਲੀਮੈਂਟ ਮੈਬਰ ਜਿੱਤਿਆ ਸੀ ਤਾਂ ਮੈਂ ਇਨ੍ਹਾਂ ਗਊਆਂ ਅਤੇ ਡੰਗਰਾਂ ਦੇ ਜੀਵਨ ਦੀ ਰਾਖੀ ਲਈ ਉਚੇਚੇ ਤੌਰ ਤੇ ਸੰਗਰੂਰ ਲੋਕ ਸਭਾ ਹਲਕੇ ਵਿਚ ਪੈਦੀਆਂ ਗਊਸਲਾਵਾ ਨੂੰ ਉਚੇਚੇ ਤੌਰ ਤੇ ਆਪਣੇ ਐਮ.ਪੀ. ਦੇ ਕੋਟੇ ਵਿਚੋ ਫੰਡ ਜਾਰੀ ਕੀਤੇ ਸਨ । ਜੋ ਕਿ ਮੇਰਾ ਇਨਸਾਨੀ ਫਰਜ ਵੀ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਜਿਸ ਇੰਡੀਆਂ ਤੇ ਪੰਜਾਬ ਸਰਕਾਰ ਕੋਲ ਅਜਿਹੇ ਉਦਮਾਂ ਲਈ ਖੁੱਲ੍ਹੇ ਫੰਡ ਵੀ ਹੁੰਦੇ ਹਨ ਅਤੇ ਜਿਨ੍ਹਾਂ ਦਾ ਇਨ੍ਹਾਂ ਡੰਗਰ-ਵੱਛਿਆ ਨੂੰ ਸਾਂਭਣਾ ਨਿਜਾਮੀ ਫਰਜ ਵੀ ਹੈ, ਉਹ ਨਿਰੰਤਰ ਅਣਗਹਿਲੀ ਕਿਉਂ ਕਰਦੇ ਆ ਰਹੇ ਹਨ ਅਤੇ ਰੋਜਾਨਾ ਹੀ ਵੱਡੀ ਗਿਣਤੀ ਵਿਚ ਇਨਸਾਨੀ ਤੇ ਜਾਨਵਰਾਂ ਦੀਆਂ ਜਾਨਾਂ ਅਜਿਹੇ ਹੋਣ ਵਾਲੇ ਐਕਸੀਡੈਟਾਂ ਦੀ ਭੇਟ ਚੜ੍ਹ ਰਹੀਆ ਹਨ ।
ਸ. ਮਾਨ ਨੇ ਇਹ ਵੀ ਵਰਣਨ ਕੀਤਾ ਕਿ ਇਨ੍ਹਾਂ ਗਊਆਂ-ਡੰਗਰ-ਵੱਛਿਆਂ ਨੂੰ ਲੰਪੀ ਵਾਇਰਸ ਤੇ ਹੋਰ ਬਿਮਾਰੀਆਂ ਕਾਰਨ ਜੋ ਵੱਡੀ ਗਿਣਤੀ ਵਿਚ ਗਊਆਂ-ਡੰਗਰ-ਵੱਛੇ ਮਰ ਰਹੇ ਹਨ, ਉਸ ਸੰਬੰਧੀ ਇੰਡੀਆਂ ਅਤੇ ਪੰਜਾਬ ਦੀ ਹਕੂਮਤ ਵੱਲੋ ਸਹੀ ਸਮੇ ਤੇ ਕੋਈ ਵੀ ਪ੍ਰਬੰਧ ਨਾ ਕਰਨਾ ਜਿਥੇ ਵੱਡੀ ਨਲਾਇਕੀ ਹੈ, ਉਥੇ ਦੁਧਾਰੂ ਪਸੂਆਂ ਦੇ ਮਾਲਕਾਂ ਦੇ ਵੱਡੀ ਗਿਣਤੀ ਵਿਚ ਡੰਗਰਾਂ ਦੇ ਮਰ ਜਾਣ ਕਾਰਨ ਹੋਏ ਮਾਲੀ ਨੁਕਸਾਨ ਦੀ ਪੂਰਤੀ ਲਈ ਨਾ ਤਾਂ ਇੰਡੀਆਂ ਦੇ ਹੁਕਮਰਾਨਾਂ ਕੋਲ ਅਤੇ ਨਾ ਹੀ ਪੰਜਾਬ ਸਰਕਾਰ ਕੋਲ ਕੋਈ ਯੋਜਨਾ ਹੈ ਨਾ ਹੀ ਲੋੜੀਦੀਆਂ ਦਵਾਈਆ ਅਤੇ ਡੰਗਰ ਡਾਕਟਰਾਂ ਦਾ ਪ੍ਰਬੰਧ ਹੈ । ਅਜਿਹੀਆ ਕਾਰਵਾਈਆ ਹੁਕਮਰਾਨਾਂ ਦੀਆਂ ਅਖ਼ਬਾਰਾਂ, ਮੀਡੀਏ ਵਿਚ ਕੀਤੇ ਜਾ ਰਹੇ ਖੋਖਲੇ ਦਾਅਵਿਆ ਦਾ ਜਿਥੇ ਜਨਾਜ਼ਾਂ ਕੱਢਦੀਆਂ ਹਨ, ਉਥੇ ਹਕੂਮਤੀ ਕਾਬਲੀਅਤ ਨਾ ਹੋਣ ਨੂੰ ਵੀ ਪ੍ਰਤੱਖ ਕਰਦੀਆਂ ਹਨ । ਸ. ਮਾਨ ਨੇ ਇੰਡੀਆਂ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਹਕੂਮਤ ਤੋਂ ਇਹ ਮੰਗ ਕੀਤੀ ਕਿ ਜਿਥੇ ਇਨ੍ਹਾਂ ਡੰਗਰ-ਵੱਛਿਆ ਦੇ ਸਾਂਭਣ ਲਈ ਪਹਿਲ ਦੇ ਆਧਾਰ ਤੇ ਉਚੇਚੇ ਪ੍ਰਬੰਧ ਕੀਤੇ ਜਾਣ, ਉਥੇ ਜਿਨ੍ਹਾਂ ਗਊਆਂ ਦੇ ਮਾਲਕਾਂ ਦੇ 100-100 ਜਾਂ ਉਸ ਤੋ ਵੱਧ ਪਸੂ ਮਰ ਚੁੱਕੇ ਹਨ, ਉਨ੍ਹਾਂ ਨੂੰ ਆਪਣੇ ਫਾਰਮਾਂ ਦੇ ਕਾਰੋਬਾਰਾਂ ਨੂੰ ਚੱਲਦਾ ਰੱਖਣ ਲਈ ਆਪਣੇ ਖਜਾਨੇ ਵਿਚੋਂ ਬਣਦੀ ਮਾਇਕ ਸਹਾਇਤਾ ਦਾ ਵੀ ਐਲਾਨ ਕੀਤਾ ਜਾਵੇ ਅਤੇ ਪ੍ਰਚੱਲਿਤ ਬਿਮਾਰੀਆਂ ਦੇ ਖਾਤਮੇ ਲਈ ਆਧੁਨਿਕ ਦਵਾਈਆ ਅਤੇ ਡੰਗਰ ਡਾਕਟਰਾਂ ਦੇ ਪ੍ਰਬੰਧ ਕੀਤੇ ਜਾਣ ।