ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਡ ਡੇ ਮੀਲ (ਦੁਪਹਿਰ ਦਾ ਖਾਂਣਾ) ਮਿਸ਼ਨ ਵਿਚ ਸਰਕਾਰ ਨੂੰ ਅੰਡੇ ਦੀ ਖੁਰਾਕ ਸਾਮਿਲ ਕਰਨੀ ਅਤਿ ਜ਼ਰੂਰੀ : ਮਾਨ
ਚੰਡੀਗੜ੍ਹ, 15 ਅਗਸਤ ( ) “ਪੰਜਾਬ ਸਰਕਾਰ ਨੇ ਜੋ ਸਰਕਾਰੀ ਪ੍ਰਾਇਮਰੀ, ਐਲੀਮੈਟਰੀ ਅਤੇ ਦੂਜੇ ਸਕੂਲਾਂ ਵਿਚ ਬੱਚਿਆਂ ਨੂੰ ਜੋ ਮਿਡ ਡੇ ਮੀਲ (ਦੁਪਹਿਰ ਦਾ ਖਾਂਣਾ) ਪ੍ਰਦਾਨ ਕਰਨ ਦਾ ਮਿਸ਼ਨ ਸੁਰੂ ਕੀਤਾ ਹੋਇਆ ਹੈ, ਇਹ ਸਲਾਘਾਯੋਗ ਉਦਮ ਹੈ । ਕਿਉਂਕਿ ਅਜੋਕੇ ਬੱਚਿਆਂ ਉਤੇ ਪੜ੍ਹਾਈ ਦਾ ਬੋਝ ਹੋਣ ਕਾਰਨ ਅਤੇ ਮਾਪਿਆ ਵੱਲੋਂ ਆਪਣੇ ਕਾਰੋਬਾਰਾਂ ਤੇ ਨੌਕਰੀਆਂ ਵਿਚ ਮਸਰੂਫ ਹੋਣ ਕਾਰਨ ਅੱਜ ਆਪਣੇ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਰੱਖਣ ਦਾ ਫਰਜ ਵੀ ਸਰਕਾਰ ਦਾ ਬਣ ਜਾਂਦਾ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਦੇ ਦੁਪਹਿਰ ਦੇ ਖਾਂਣੇ ਵਿਚ ਅੰਡੇ ਦੀ ਖੁਰਾਕ ਨੂੰ ਸਾਮਿਲ ਕੀਤਾ ਜਾਵੇ । ਜਿਸ ਨਾਲ ਸਾਡੀ ਆਉਣ ਵਾਲੀ ਵਿਦਿਆਰਥੀਆਂ ਦੀ ਪਨੀਰੀ ਸਰੀਰਕ ਅਤੇ ਮਾਨਸਿਕ ਤੌਰ ਤੇ ਰਿਸਟ-ਪੁਸਟ ਰਹਿ ਸਕੇ ਅਤੇ ਇਹ ਸਾਡੇ ਬੱਚੇ ਹਰ ਖੇਤਰ ਵਿਚ ਅੱਗੇ ਵੱਧਕੇ ਸੇਵਾ ਕਰਨ ਦੇ ਸਮਰੱਥ ਹੋ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਮੌਜੂਦਾ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਸਕੂਲਾਂ ਦੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਂਣੇ ਵਿਚ ਅੰਡੇ ਦੀ ਖੁਰਾਕ ਸਾਮਿਲ ਕਰਨ ਦੀ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਅਤੇ ਸੁਝਾਅ ਦਿੱਤੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਮੈਂ ਬਤੌਰ ਐਮ.ਪੀ. ਮਲੇਰਕੋਟਲਾ ਦੇ ਇਕ ਹਸਪਤਾਲ ਵਿਚ ਨਿਰੀਖਣ ਕਰਨ ਗਿਆ ਤਾਂ ਮੈਂ ਮਰੀਜਾਂ ਦੀ ਖੁਰਾਕ ਵਿਚ ਅੰਡਾ ਸਾਮਿਲ ਕਰਨ ਦੀ ਗੁਜਾਰਿਸ ਕੀਤੀ ਸੀ ਤਾਂ ਸੰਬੰਧਤ ਅਧਿਕਾਰੀਆਂ ਤੇ ਡਾਕਟਰ ਸਾਹਿਬਾਨ ਨੇ ਕਿਹਾ ਕਿ ਅਸੀ ਤਾਂ ਆਪ ਜੀ ਦੇ ਅੱਛੇ ਸੁਝਾਅ ਨਾਲ ਹਰ ਪੱਖੋ ਸਹਿਮਤ ਹਾਂ । ਪਰ ਇਸ ਖੁਰਾਕ ਵਿਚ ਅੰਡੇ ਨੂੰ ਸਾਮਿਲ ਕਰਨ ਦਾ ਫੈਸਲਾ ਸਰਕਾਰੀ ਪੱਧਰ ਤੇ ਹੋਣਾ ਹੈ । ਇਸ ਲਈ ਅਜਿਹਾ ਸਰਕਾਰ ਨੂੰ ਕਿਹਾ ਜਾਵੇ ਮੈਂ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਹੀ ਪੰਜਾਬ ਸਰਕਾਰ ਨੂੰ ਇਹ ਗੁਜਾਰਿਸ ਤੇ ਅਪੀਲ ਕਰ ਰਿਹਾ ਹਾਂ ।
ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਹੁਕਮਰਾਨਾਂ ਨੇ ਘਰ-ਘਰ ਤਿਰੰਗੇ ਝੰਡੇ ਲਗਾਉਣ ਦਾ ਪ੍ਰਚਾਰ ਸੁਰੂ ਕੀਤਾ ਹੈ, ਪਰ ਇਸ ਤੋ ਪਹਿਲੇ ਜੋ ਗਰੀਬ ਅਤੇ ਮਜ਼ਦੂਰ ਵਰਗ ਦੀ ਅੱਜ ਘਰੇਲੂ ਹਾਲਤ ਬਦਤਰ ਬਣੀ ਹੋਈ ਹੈ ਕਿ ਉਨ੍ਹਾਂ ਦੀਆਂ ਬੀਬੀਆਂ ਸਵੇਰੇ ਉੱਠਦੇ ਹੀ ਪਰਨਾ ਮੋਢੇ ਤੇ ਰੱਖਕੇ ਡੰਗਰਾਂ ਲਈ ਚਾਰਾ, ਘਾਹ ਲੈਣ ਲਈ ਤੁਰ ਪੈਦੀਆ ਹਨ, ਫਿਰ ਉਸ ਉਪਰੰਤ ਘਰ ਦੇ ਚੁੱਲ੍ਹੇ ਲਈ ਬਾਲਣ ਇਕੱਠਾ ਕਰਨ ਲਈ ਨਿਕਲ ਜਾਂਦੀਆ ਹਨ, ਜਿਨ੍ਹਾਂ ਦੇ ਘਰ ਵਿਚ ਨਾ ਤਾਂ ਕੋਈ ਪਾਖਾਨਾ ਹੈ ਅਤੇ ਨਾ ਹੀ ਸਹੀ ਰੂਪ ਵਿਚ ਨਾਹਣ-ਧੋਣ ਲਈ ਗੁਸਲਖਾਨਾ ਹੈ । ਗਰਮੀ-ਸਰਦੀ ਦੇ ਦਿਨਾਂ ਵਿਚ ਉਨ੍ਹਾਂ ਦੇ ਡੰਗਰ-ਵੱਛੇ ਵੀ ਉਨ੍ਹਾਂ ਦੇ ਇਕ ਕਮਰੇ ਵਿਚ ਹੀ ਬੰਨ੍ਹਣੇ ਪੈਦੇ ਹਨ । ਇਥੋ ਤੱਕ ਧੀ-ਜਵਾਈ ਵੀ ਉਸੇ ਕਮਰੇ ਵਿਚ ਆਰਾਮ ਕਰਦੇ ਹਨ । ਜਿਥੇ ਐਨੇ ਵੱਡੇ ਪੱਧਰ ਦੀ ਗਰੀਬੀ ਅਤੇ ਜਹਾਲਤ ਹੋਵੇ, ਉਥੇ ਇਨ੍ਹਾਂ ਝੰਡਿਆ ਤੋ ਪਹਿਲੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਸਹੀ ਕਰਨਾ ਸਰਕਾਰ ਦੀ ਮੁੱਖ ਜਿ਼ੰਮੇਵਾਰੀ ਬਣਦੀ ਹੈ ਨਾ ਕਿ ਸਿਆਸੀ ਤੌਰ ਤੇ ਅਤੇ ਆਪਣੇ ਹਊਮੈ ਨੂੰ ਪੱਠੇ ਪਾਉਣ ਦੇ ਤੌਰ ਤੇ ਤਿਰੰਗੇ ਝੰਡਿਆ ਨੂੰ ਘਰ-ਘਰ ਪਹੁੰਚਾਉਣ ਦੇ ਪ੍ਰੋਗਰਾਮ ਉਲੀਕੇ ਜਾਣ । ਸਭ ਤੋ ਪਹਿਲੇ ਹਰ ਘਰ ਦੇ ਮੈਬਰ ਨੂੰ ਰੋਟੀ, ਰੋਜੀ, ਕੱਪੜਾ, ਮਕਾਨ, ਪੀਣ ਵਾਲਾ ਸਾਫ ਪਾਣੀ, ਸਿਹਤ ਤੇ ਵਿਦਿਅਕ ਮੁਫਤ ਸਹੂਲਤਾਂ ਦਾ ਸਰਕਾਰਾਂ ਵੱਲੋਂ ਪ੍ਰਬੰਧ ਹੋਣਾ ਚਾਹੀਦਾ ਹੈ । ਫਿਰ ਹੀ ਅਜਿਹੇ ਸਿਆਸੀ ਤੇ ਹਊਮੈ ਵਾਲੇ ਪ੍ਰੋਗਰਾਮਾਂ ਨੂੰ ਪੂਰਾ ਕੀਤਾ ਜਾਵੇ ।